ਸੱਭਿਆਚਾਰਕ ਗਾਇਕੀ ਨੂੰ ਮੁੜ ਜੀਵਤ ਕਰਨ ਦੀ ਲੋੜ

ਸੱਭਿਆਚਾਰਕ ਗਾਇਕੀ ਨੂੰ ਮੁੜ ਜੀਵਤ ਕਰਨ ਦੀ ਲੋੜ

ਗੀਤ ਸੰਗੀਤ

ਕੋਈ ਵੀ ਗਾਇਕ ਓਨਾ ਚਿਰ ਉੱਚੀਆਂ ਬੁਲੰਦੀਆਂ ਹਾਸਲ ਨਹੀਂ ਕਰ ਸਕਦਾ, ਜਿੰਨਾ ਚਿਰ ਤੱਕ ਉਸ ਨੂੰ ਸੁਚੱਜੇ ਅਤੇ ਸੂਝਵਾਨ ਸਰੋਤਿਆਂ ਦਾ ਸਾਥ ਭਾਵ ਕਿ ਹੁੰਗਾਰਾ ਤੇ ਸਮਰਥਨ ਨਾ ਮਿਲੇ। ਦੂਜੇ ਪਾਸੇ ਇਕ ਗਾਇਕ ਜਦ ਇਕ ਜਾਂ ਵੱਧ ਗਿਣਤੀ 'ਵਿਚ ਲੱਚਰ ਗੀਤ ਗਾ ਕੇ ਹਿੱਟ ਹੁੰਦਾ ਹੈ ਤਾਂ ਉਸ ਪਿੱਛੇ ਵੀ ਸਰੋਤਿਆਂ ਦਾ ਬਹੁਤ ਵੱਡਾ ਯੋਗਦਾਨ  ਹੁੰਦਾ ਹੈ।

 ਜੇਕਰ ਕਿਸੇ ਦੇਸ਼ ਵਿਚ ਕਲਾ ਨੂੰ ਪਰਖਣ ਵਾਲੇ ਉੱਦਮੀਂ ਤੇ ਪ੍ਰਤੱਖ ਸੋਚ ਰੱਖਣ ਵਾਲੇ ਸਰੋਤੇ ਨਹੀਂ ਹੋਣਗੇ ਤਾਂ ਇਹ ਗੱਲ ਪੱਕੀ ਤਰ੍ਹਾਂ ਪੱਲੇ ਹੀ ਬੰਨ੍ਹ ਲਵੋ ਕਿ ਗਾਇਕਾਂ ਦਾ ਭਵਿੱਖ ਕਦੇ ਵੀ ਉਚੇਰਾ ਨਹੀਂ ਹੋ ਸਕਦਾ। ਸੂਚਨਾ ਅਤੇ ਤਕਨਾਲੋਜੀ ਦੇ ਵਿਕਾਸ ਨੇ ਸਮੁੱਚੇ ਵਾਤਾਵਰਨ ਨੂੰ ਏਨਾ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਅੱਜ ਵਿਰਾਸਤੀ ਗਾਇਕੀ ਸਾਡੇ ਤੋਂ ਕੋਹਾਂ ਦੂਰ ਚਲੀ ਗਈ ਹੈ ਅਤੇ ਮਨ ਨੂੰ ਸ਼ਾਂਤੀ ਅਤੇ ਰੂਹ ਨੂੰ ਸਕੂਨ ਪ੍ਰਦਾਨ ਕਰਨ ਵਾਲਾ ਸ਼ਾਸਤਰੀ ਸੰਗੀਤ ਪਤਾ ਨਹੀਂ ਕਿੱਥੇ ਗੁਆਚ ਗਿਆ ਹੈ ਸਾਡੇ ਮਹਾਂਪੁਰਖਾਂ ਦੀ ਸੂਫ਼ੀ ਗਾਇਕੀ ਨੂੰ ਅੱਜ ਦੇ ਅਨੇਕਾਂ ਅਸਲ ਸੰਗੀਤ ਤੋਂ ਅਨਜਾਣ ਜਾਂ ਬੇਮੁੱਖ ਅਖੌਤੀਆਂ ਨੇ ਪੌਪ ਗਾਇਕੀ ਵਿਚ ਤਬਦੀਲ ਕਰ ਛੱਡਿਆ ਹੈ। ਮਿੱਠੇ ਸੁਰ ਚੀਕਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਇਹੋ ਜਿਹੀ ਬਦਲ ਰਹੀ ਗਾਇਕੀ ਨੂੰ ਸੂਝਵਾਨ ਸਰੋਤੇ ਹੀ ਨੱਥ ਪਾ ਸਕਦੇ ਹਨ। ਸਰੋਤੇ ਹੀ ਸਹੀ ਅਤੇ ਗ਼ਲਤ ਗਾਇਕੀ ਵਿਚ ਪਰਖ ਕਰਕੇ ਵਿਰਾਸਤੀ ਅਤੇ ਸੱਭਿਆਚਾਰਕ ਪੱਖ ਵਾਲੀ ਗਾਇਕੀ ਨੂੰ ਮੁੜ ਸੁਰਜੀਤ ਕਰ ਸਕਦੇ ਹਨ। ਉਹੀ ਸਹੀ ਪਹਿਰਾਵਾ, ਠੇਠ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਗਾਇਕਾਂ ਨੂੰ ਪਹਿਲ ਦੇ ਆਧਾਰ 'ਤੇ ਲੋਕਾਂ ਸਾਹਮਣੇ ਲਿਆ ਸਕਦੇ ਹਨ। ਅਜੋਕੀ ਗਾਇਕੀ ਜਿਹੜੇ ਰਾਹ ਤੁਰ ਪਈ ਹੈ, ਉਸ ਦਾ ਸਮਾਂ ਥੋੜ੍ਹਚਿਰਾ ਹੀ ਹੈ। ਆਸ-ਉਮੀਦ ਕਰੀਏ ਅਤੇ ਜਿੰਨੀ ਵੱਧ ਤੋਂ ਵੱਧ ਚਾਰਾਜੋਈ ਹੋ ਸਕਦੀ ਹੈ ਉਹ ਅਸੀਂ ਸਾਰੇ ਸੁਚੇਤ ਤੇ ਦਲੇਰ ਹੋ ਕੇ ਕਰੀਏ। ਸੂਝਵਾਨ ਸਰੋਤੇ ਹੀ ਇਸ ਅਸੱਭਿਅਕ ਗਾਇਕੀ ਨੂੰ ਨੱਥ ਪਾ ਸਕਦੇ ਹਨ, ਕਿਉਂਕਿ ਅਜਿਹੇ ਗੀਤ ਸੁਣਨ ਵਾਲੇ ਸਰੋਤੇ ਹੀ ਹੁੰਦੇ ਹਨ ਜੋ ਗਾਇਕ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੰਦੇ ਹਨ। ਜੇ ਅਸੀਂ ਅਜਿਹੇ ਗੀਤ ਤੇ ਅਸ਼ਲੀਲ ਫ਼ਿਲਮਾਂਕਣ ਵਾਲੀਆਂ ਵੀਡੀਓ ਪਸੰਦ ਹੀ ਨਾ ਕਰੀਏ ਤਾਂ ਸੁਭਾਵਿਕ ਹੈ ਕਿ ਗਾਇਕ ਵੀ ਅੱਗੇ ਤੋਂ ਅਜਿਹੇ ਗੀਤ ਬਾਜ਼ਾਰ ਵਿਚ ਪੇਸ਼ ਨਹੀਂ ਕਰੇਗਾ। ਲੱਚਰ ਗੀਤ ਉਦੋਂ ਬੰਦ ਹੋਣਗੇ ਜਦੋਂ ਸਰੋਤਾ ਵਰਗ ਅਜਿਹੇ ਕਲਾਕਾਰਾਂ ਦੇ ਗਾਏ ਗੀਤਾਂ ਨੂੰ ਸੁਣਨਾ ਬੰਦ ਕਰੇਗਾ ਤੇ ਇਨ੍ਹਾਂ ਗੀਤਾਂ ਨੂੰ ਪ੍ਰਸਾਰਨ ਕਰਨ ਵਾਲੇ ਚੈਨਲਾਂ 'ਤੇ ਰੋਕ ਲੱਗੇਗੀ। ਜਦੋਂ ਕੋਈ ਕਲਾਕਾਰ ਦਾ ਗੀਤ ਹੀ ਨਹੀਂ ਸੁਣੇਗਾ ਤਾਂ ਕਲਾਕਾਰ ਆਪੇ ਚੰਗਾ ਗਾਉਣ ਦੀ ਕੋਸ਼ਿਸ਼ ਕਰੇਗਾ। ਜੇ ਕੋਈ ਦੁਕਾਨ 'ਚੋਂ ਸੌਦਾ ਲੈਣ ਵਾਲਾ ਹੀ ਨਾ ਆਇਆ ਤਾਂ ਦੁਕਾਨਦਾਰ ਨੇ ਤਾਂ ਆਪੇ ਹੀ ਆਪਣੀ ਦੁਕਾਨ ਬੰਦ ਕਰਨੀ ਹੈ।

ਅਜੋਕੀ ਗਾਇਕੀ ਵਿਚ ਗਾਇਕਾਂ ਨੇ ਨਾਇਕ ਦੁੱਲਾ ਭੱਟੀ, ਮਿਰਜ਼ਾ, ਜੈਮਲ ਫੱਤਾ ਆਦਿ ਦੀ ਪਹਿਚਾਣ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ। ਨੰਗੀਆਂ ਕਿਰਪਾਨਾਂ, ਬੰਦੂਕਾਂ, ਪਿਸਤੌਲਾਂ ਤੇ ਹਥਿਆਰਾਂ ਦੀ ਵਰਤੋਂ ਨੇ ਨੌਜਵਾਨ ਪੀੜ੍ਹੀ ਨੂੰ ਹਿੰਸਾਤਮਕ ਬਣਾ ਕੇ ਰੱਖ ਦੇਣ ਵਿਚ ਕਿਧਰੇ ਵੀ ਕੋਈ ਕਸਰ ਨਹੀਂ ਛੱਡੀ। ਵਿਸ਼ਵੀਕਰਨ ਦੇ ਇਸ ਨਵੇਂ ਸਮਾਜ ਵਿਚ ਢੋਲੇ, ਮਾਹੀਆ, ਵਾਰਾਂ ਅਤੇ ਕਲੀਆਂ ਗਾਉਣ ਵਾਲੇ ਤਾਂ ਅੱਜ ਇਉਂ ਜਾਪਣ ਲੱਗਾ ਹੈ ਜੀਕਣ ਆਪਣੀ ਧਰਤੀ 'ਤੇ ਅਲੋਪ ਹੀ ਹੋ ਗਏ ਹਨ, ਜਿਸ ਨੂੰ ਇਕ ਸੁਚੱਜਾ ਸਰੋਤਾ ਹੀ ਮੁੜ ਸਾਹਮਣੇ ਲਿਆ ਸਕਦਾ ਹੈ। ਨਹੀਂ ਤਾਂ, ਉਹ ਦਿਨ ਦੂਰ ਨਹੀਂ, ਜਿਸ ਦਿਨ ਗਾਇਕੀ ਦੇ ਖੇਤਰ ਵਿਚ ਸਾਡਾ ਸੱਭਿਆਚਾਰ ਗੁਆਚ ਜਾਵੇਗਾ। ਧੜਾ-ਧੜ ਵੱਜ ਰਹੇ ਅਸੱਭਿਅਕ ਗੀਤਾਂ ਨੂੰ ਅੱਜ ਦੀ ਨਵੀਂ ਪੀੜ੍ਹੀ ਹੀ ਇਸ ਤੋਂ ਮੂੰਹ ਫੇਰ ਕੇ ਰੋਕ ਸਕਦੀ ਹੈ।

'ਜਿੱਥੇ ਕਠੋਰ ਸਾਧਨਾਂ ਨਾਲ ਹੀ ਇਕ ਚੰਗਾ ਗਾਇਕ ਬਣਿਆ ਜਾ ਸਕਦਾ ਹੈ, ਉੱਥੇ ਏਨਾ ਚੰਗਾ ਸਰੋਤਾ ਬਣਨਾ ਵੀ ਕੋਈ ਸੌਖਾ ਕੰਮ ਨਹੀਂ।' ਇਕ ਵਧੀਆ ਤੇ ਨੇਕ ਸੁਭਾਅ ਦਾ ਸਰੋਤਾ ਹੀ ਅਲੌਕਿਕ ਅਨੰਦ ਦਾ ਅਧਿਕਾਰੀ ਹੁੰਦਾ ਹੈ। ਇਕ ਚੰਗਾ ਸਰੋਤਾ ਹੀ ਬੁੱਧੀ ਤੱਤ, ਰਾਗ ਤੱਤ, ਕਲਾ ਤੱਤ, ਸਮਾਜਿਕ ਅਤੇ ਅਧਿਆਤਮਕ ਤੱਤ ਇਨ੍ਹਾਂ ਸਾਰੇ ਗੁਣਾਂ ਨੂੰ ਸਾਹਮਣੇ ਰੱਖ ਕੇ ਸੱਭਿਆਚਾਰਕ ਗਾਇਕੀ ਨੂੰ ਮੁੜ ਜੀਵਤ ਕਰ ਸਕਦਾ ਹੈ। ਇਸ ਘੋਰ ਦੁਖਦਾਇਕ ਸਥਿਤੀ 'ਚ ਵੀ ਥੋੜ੍ਹੀ ਕੁ ਤਸੱਲੀਦਾਇਕ ਗੱਲ ਇਹ ਹੈ ਕਿ ਕੁਝ ਹੱਦ ਤੱਕ ਡੀ.ਡੀ. ਪੰਜਾਬੀ ਚੈਨਲ ਤੇ ਕਈ ਸੱਭਿਆਚਾਰਕ ਸੰਸਥਾਵਾਂ ਅਜਿਹੀਆਂ ਹਨ ਜਿਨ੍ਹਾਂ ਨੇ ਵਿਸ਼ਵੀਕਰਨ ਦੇ ਇਸ ਦੌਰ ਵਿਚ ਅੱਜ ਵੀ ਆਪਣੇ ਲੋਕ-ਵਿਰਸੇ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਜੇਕਰ ਅਸੀਂ ਆਪ ਚੰਗਾ ਸੁਣਾਂਗੇ, ਸੁਚੱਜੇ ਸਰੋਤੇ ਬਣਾਂਗੇ, ਸੱਭਿਆਚਾਰਕ ਗਾਇਕੀ ਦਾ ਪੱਖ ਪੂਰਾਂਗੇ ਤੇ ਆਪਣੀ ਵਿਰਾਸਤ ਨਾਲ ਜੁੜੇ ਹੋਏ ਗਾਇਕਾਂ ਅਤੇ ਗੀਤਕਾਰਾਂ ਨੂੰ ਹੀ ਪ੍ਰਵਾਨ ਕਰਾਂਗੇ ਤਾਂ ਹੀ ਸਾਡਾ ਅਮੀਰ ਤੇ ਮਾਣ ਕਰਨਯੋਗ ਸੱਭਿਆਚਾਰ ਕਾਇਮ ਰਹਿ ਸਕਦਾ ਹੈ। ਲੱਚਰ ਗਾਇਕੀ ਨੂੰ ਬੰਦ ਕਰਵਾਉਣ ਲਈ ਪਹਿਲਾਂ ਸਾਨੂੰ ਆਪ ਸਾਫ਼ ਹੋਣਾ ਪਵੇਗਾ।

ਯੂ-ਟਿਊਬ 'ਤੇ ਜੋ ਲੱਚਰ ਗੀਤ ਹਿੱਟ ਹੁੰਦੇ ਹਨ, ਉਸ ਵਿਚ ਸਾਡਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਲੋੜ ਹੈ ਯੂ-ਟਿਊਬ 'ਤੇ ਉਹ ਚੰਗੇ ਗੀਤ ਸੁਣੇ ਜਾਣ, ਜਿਨ੍ਹਾਂ ਦੇ 'ਵਿਯੂਜ਼' ਭਾਵੇਂ ਬਹੁਤ ਘੱਟ ਹੁੰਦੇ ਹਨ।

 

ਸ਼ਮਸ਼ੇਰ ਸਿੰਘ ਸੋਹੀ