ਕ੍ਰਿਕਟ ਵਿਸ਼ਵ ਕੱਪ: ਮੇਜ਼ਬਾਨ ਇੰਗਲੈਂਡ ਦੀ ਅਫਰੀਕਾ 'ਤੇ ਵੱਡੀ ਜਿੱਤ; ਅੱਜ ਪਾਕਿਸਤਾਨ ਦਾ ਮੁਕਾਬਲਾ ਵੈਸਟ ਇੰਡੀਜ਼ ਨਾਲ

ਕ੍ਰਿਕਟ ਵਿਸ਼ਵ ਕੱਪ: ਮੇਜ਼ਬਾਨ ਇੰਗਲੈਂਡ ਦੀ ਅਫਰੀਕਾ 'ਤੇ ਵੱਡੀ ਜਿੱਤ; ਅੱਜ ਪਾਕਿਸਤਾਨ ਦਾ ਮੁਕਾਬਲਾ ਵੈਸਟ ਇੰਡੀਜ਼ ਨਾਲ
ਇੰਗਲੈਂਡ ਦੇ ਖਿਡਾਰੀ ਖੁਸ਼ੀ ਮਨਾਉਂਦੇ ਹੋਏ

ਲੰਡਨ: ਕ੍ਰਿਕਟ ਦੇ ਵਿਸ਼ਵ ਕੱਪ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪਹਿਲਾ ਮੁਕਾਬਲਾ ਬੀਤੇ ਕੱਲ੍ਹ ਮੇਜਬਾਨ ਇੰਗਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਸੀਨੀਅਰ ਕ੍ਰਮ ਦੇ ਚਾਰ ਬੱਲੇਬਾਜ਼ਾਂ ਦੇ ਨੀਮ ਸੈਂਕੜਿਆਂ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 104 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਵਿਸ਼ਵ ਕੱਪ ਵਿੱਚ ਦੱਖਣੀ ਅਫਰੀਕਾ ਦੀ ਇਹ ਦੂਜੀ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੇ ਉਸ ਨੂੰ 2015 ਵਿਸ਼ਵ ਕੱਪ ਵਿੱਚ 130 ਦੌੜਾਂ ਨਾਲ ਹਰਾਇਆ ਸੀ। ਮੇਜ਼ਬਾਨ ਟੀਮ ਨੇ ਦੱਖਣੀ ਅਫਰੀਕਾ ਖ਼ਿਲਾਫ਼ ਅੱਠ ਵਿਕਟਾਂ ਗੁਆ ਕੇ 312 ਦੌੜਾਂ ਦਾ ਟੀਚਾ ਰੱਖਿਆ, ਪਰ ਮਹਿਮਾਨ ਟੀਮ 39.5 ਓਵਰਾਂ ਵਿੱਚ 207 ਦੌੜਾਂ ’ਤੇ ਢੇਰ ਹੋ ਗਈ। ਇੰਗਲੈਂਡ ਲਈ ਜੌਫਰਾ ਆਰਚਰ ਨੇ ਤਿੰਨ ਵਿਕਟਾਂ ਲਈਆਂ, ਜਦੋਂਕਿ ਲਿਆਨ ਪਲੰਕੇਟ ਤੇ ਬੈਨ ਸਟੌਕਸ ਨੂੰ ਦੋ-ਦੋ ਅਤੇ ਆਦਿਲ ਰਾਸ਼ਿਦ ਤੇ ਮੋਈਨ ਅਲੀ ਨੂੰ ਇੱਕ-ਇੱਕ ਵਿਕਟ ਮਿਲੀ।

ਜੇਸਨ ਰਾਏ (53 ਗੇਂਦਾਂ ’ਤੇ 56 ਦੌੜਾਂ) ਅਤੇ ਜੋਏ ਰੂਟ (59 ਗੇਂਦਾਂ ’ਤੇ 53 ਦੌੜਾਂ) ਨੇ ਦੂਜੀ ਵਿਕਟ ਲਈ 106 ਦੌੜਾਂ ਬਣਾ ਕੇ ਇੰਗਲੈਂਡ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਾਰਿਆ। ਇਨ੍ਹਾਂ ਦੋਵਾਂ ਦੇ ਆਊਟ ਹੋਣ ਮਗਰੋਂ ਇਯੋਨ ਮੌਰਗਨ (60 ਗੇਂਦਾਂ ’ਤੇ 57 ਦੌੜਾਂ) ਅਤੇ ‘ਮੈਨ ਆਫ ਦਿ ਮੈਚ’ ਬਣੇ ਬੈਨ ਸਟੌਕਸ (79 ਗੇਂਦਾਂ ’ਤੇ 89 ਦੌੜਾਂ) ਨੇ ਚੌਥੀ ਵਿਕਟ ਲਈ 106 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤਰ੍ਹਾਂ ਚਾਰ ਨੀਮ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਅੱਠ ਵਿਕਟਾਂ ’ਤੇ 311 ਦੌੜਾਂ ਬਣਾਈਆਂ। 


ਇੰਗਲੈਂਡ ਦਾ ਕਪਤਾਲ ਮੋਰਗਨ ਖੇਡਦਾ ਹੋਇਆ

ਵਿਸ਼ਵ ਕੱਪ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੇ 50 ਤੋਂ ਵੱਧ ਦਾ ਸਕੋਰ ਬਣਾਇਆ ਹੋਵੇ। ਓਵਲ ਦੀ ਪਿੱਚ ’ਤੇ ਉਮੀਦ ਮੁਤਾਬਕ ਉਛਾਲ ਨਾ ਹੋਣ ਕਾਰਨ ਬੱਲੇਬਾਜ਼ਾਂ ਲਈ ਸ਼ਾਟ ਖੇਡਣਾ ਸੌਖਾ ਨਹੀਂ ਸੀ। ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੇ ਇੰਗਲੈਂਡ ਨੂੰ ਵਿੱਚ-ਵਿੱਚ ਝਟਕੇ ਵੀ ਦਿੱਤੇ ਅਤੇ ਆਖ਼ਰੀ 14 ਓਵਰਾਂ ਵਿੱਚ 98 ਦੌੜਾਂ ਦਿੱਤੀਆਂ। ਇਸ ਦੌਰਾਨ ਸਿਰਫ਼ ਛੇ ਚੌਕੇ ਲੱਗੇ। ਲੁੰਗੀ ਐਨਗਿਡੀ (66 ਦੌੜਾਂ ਦੇ ਕੇ ਤਿੰਨ ਵਿਕਟਾਂ), ਇਮਰਾਨ ਤਾਹਿਰ (61 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕੈਗਿਸੋ ਰਬਾਡਾ (66 ਦੌੜਾਂ ਦੇ ਕੇ ਦੋ ਵਿਕਟਾਂ) ਦੱਖਣੀ ਅਫਰੀਕਾ ਦੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ। ਦੱਖਣੀ ਅਫਰੀਕਾ ਨੇ ਟਾਸ ਜਿੱਤਿਆ ਅਤੇ ਲੈੱਗ ਸਪਿੰਨਰ ਤਾਹਿਰ ਨੂੰ ਵਿਸ਼ਵ ਕੱਪ 2019 ਦੀ ਪਹਿਲੀ ਗੇਂਦ ਕਰਨ ਦਾ ਮੌਕਾ ਮਿਲਿਆ। ਉਸ ਨੇ ਆਪਣੀ ਦੂਜੀ ਗੇਂਦ ’ਤੇ ਹੀ ਖ਼ਤਰਨਾਕ ਬੱਲੇਬਾਜ਼ ਜੌਹਨੀ ਬੇਅਰਸਟੋ ਨੂੰ ਆਊਟ ਕਰ ਦਿੱਤਾ। ਤਾਹਿਰ ਦੀ ਗੇਂਦ ਉਸ ਦੇ ਬੱਲੇ ਦੇ ਕਿਨਾਰੇ ਨਾਲ ਲੱਗ ਕੇ ਵਿਕਟਕੀਪਰ ਕਵਿੰਟਨ ਡੀ ਕਾਕ ਦੇ ਹੱਥਾਂ ਵਿੱਚ ਚਲੀ ਗਈ। ਇਸ ਤੋਂ ਬਾਅਦ ਰਾਏ ਅਤੇ ਰੂਟ ਨੇ ਬਿਨਾਂ ਕਿਸੇ ਦਬਾਅ ਦੇ ਬੱਲੇਬਾਜ਼ੀ ਕੀਤੀ। ਡੇਲ ਸਟੇਨ ਦੀ ਗ਼ੈਰ-ਮੌਜੂਦਗੀ ਵਿੱਚ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਨੇ ਸੱਤਵੇਂ ਓਵਰ ਵਿੱਚ ਗੇਂਦਬਾਜ਼ੀ ਸੰਭਾਲੀ। ਉਸ ਦੇ ਓਵਰ ਵਿੱਚ ਜੇਸਨ ਰਾਏ ਨੇ ਇੱਕ ਰੋਜ਼ਾ ਵਿੱਚ ਆਪਣਾ 15ਵਾਂ ਨੀਮ ਸੈਂਕੜਾ ਪੂਰਾ ਕੀਤਾ। 

ਅੱਜ ਪਾਕਿਸਤਾਨ ਅਤੇ ਵੈਸਟ ਇੰਡੀਜ਼ ਹੋਣਗੇ ਆਹਮੋ ਸਾਹਮਣੇ
ਪਾਕਿਸਤਾਨ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਜਦੋਂ ਸ਼ੁੱਕਰਵਾਰ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਉਤਰੇਗਾ ਤਾਂ ਉਹ ਇੰਗਲੈਂਡ ਵਿੱਚ ਦੋ ਸਾਲ ਪਹਿਲਾਂ ਜਿੱਤੀ ਚੈਂਪੀਅਨਜ਼ ਟਰਾਫ਼ੀ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕਰੇਗਾ। ਪਾਕਿਸਤਾਨ ਨੇ ਪਿਛਲੇ ਦਸ ਇੱਕ ਰੋਜ਼ਾ ਕੌਮਾਂਤਰੀ ਮੈਚ ਲਗਾਤਾਰ ਗੁਆਏ ਹਨ, ਜਿਸ ਵਿੱਚ ਆਸਟਰੇਲੀਆ ਖ਼ਿਲਾਫ਼ 0-5 ਨਾਲ ਹੂੰਝਾ ਫੇਰ ਅਤੇ ਇੰਗਲੈਂਡ ਖ਼ਿਲਾਫ਼ 0-4 ਦੀ ਹਾਰ ਵੀ ਸ਼ਾਮਲ ਹੈ। ਟੀਮ ਨੂੰ ਇਸ ਤੋਂ ਇਲਾਵਾ ਅਭਿਆਸ ਮੈਚ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਵੀ ਤਿੰਨ ਵਿਕਟਾਂ ਨਾਲ ਹਾਰ ਝੱਲਣੀ ਪਈ ਹੈ।

ਕਪਤਾਨ ਸਰਫ਼ਰਾਜ਼ ਅਹਿਮਦ ਨੇ ਹਾਲਾਂਕਿ ਕਿਹਾ ਕਿ ਉਸ ਦੀ ਟੀਮ 2017 ਦੇ ਪ੍ਰਦਰਸ਼ਨ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਉਦੋਂ ਵੀ ਉਸ ਦੀ ਹਾਲਤ ਅਜਿਹੀ ਹੀ ਸੀ। ਉਦੋਂ ਟੂਰਨਾਮੈਂਟ ਤੋਂ ਪਹਿਲਾਂ ਉਸ ਨੂੰ ਆਸਟਰੇਲੀਆ ਨੇ 4-1 ਨਾਲ ਹਰਾਇਆ ਸੀ, ਜਦਕਿ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਉਸ ਨੂੰ 124 ਦੌੜਾਂ ਨਾਲ ਦਰੜਿਆ ਸੀ। ਪਾਕਿਸਤਾਨ ਨੇ ਇਸ ਮਗਰੋਂ ਦੱਖਣੀ ਅਫਰੀਕਾ, ਸ੍ਰੀਲੰਕਾ ਅਤੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ, ਜਿੱਥੇ ਉਸ ਨੇ ਭਾਰਤ ਨੂੰ 180 ਦੌੜਾਂ ਮਧੋਲਿਆ। 


ਪਾਕਿਸਤਾਨ ਦੀ ਟੀਮ ਮੁਕਾਬਲੇ ਦੀ ਤਿਆਰੀ ਕਰਦੀ ਹੋਈ

ਸਰਫ਼ਰਾਜ਼ ਨੂੰ ਸਪਾਟ ਫਿਕਸਿੰਗ ਪਾਬੰਦੀ ਕਾਰਨ ਦੋ ਵਿਸ਼ਵ ਕੱਪ (ਸਾਲ 2011 ਅਤੇ 2015) ਤੋਂ ਬਾਹਰ ਰਹਿਣ ਮਗਰੋਂ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਤੋਂ ਕਾਫ਼ੀ ਉਮੀਦਾਂ ਹਨ। ਉਸ ਨੂੰ ਆਸ ਹੈ ਕਿ ਆਮਿਰ ਧੜੱਲੇਦਾਰ ਬੱਲੇਬਾਜ਼ ਕ੍ਰਿਸ ਗੇਲ ਅਤੇ ਬਿਹਤਰੀਨ ਲੈਅ ਵਿੱਚ ਚੱਲ ਰਹੇ ਸ਼ਾਈ ਹੋਪ ਦੀ ਮੌਜੂਦਗੀ ਵਾਲੇ ਵੈਸਟ ਇੰਡੀਜ਼ ਦੇ ਸੀਨੀਅਰ ਕ੍ਰਮ ਨੂੰ ਤੋੜਨ ਵਿੱਚ ਸਫਲ ਰਹੇਗਾ। ਆਮਿਰ ਦੀ ਲੈਅ ਪਾਕਿਸਤਾਨ ਲਈ ਅਹਿਮ ਹੋਵੇਗੀ ਕਿਉਂਕਿ ਚੈਂਪੀਅਨਜ਼ ਟਰਾਫ਼ੀ ਫਾਈਨਲ ਵਿੱਚ ਉਸ ਨੇ ਭਾਰਤ ਖ਼ਿਲਾਫ਼ ਤਿੰਨ ਵਿਕਟਾਂ ਲੈ ਕੇ ਆਪਣੀ ਟੀਮ ਨੂੰ ਖ਼ਿਤਾਬ ਦਿਵਾਇਆ ਸੀ, ਜਦੋਂਕਿ ਇਸ ਮਗਰੋਂ 15 ਮੈਚਾਂ ਵਿੱਚ ਉਸ ਨੇ ਸਿਰਫ਼ ਪੰਜ ਵਿਕਟਾਂ ਹੀ ਲਈਆਂ ਹਨ। ਦਸ ਵਿਸ਼ਵ ਕੱਪ ਮੈਚਾਂ ਵਿੱਚ ਪਾਕਿਸਤਾਨ ਨੇ ਵੈਸਟ ਇੰਡੀਜ਼ ਖ਼ਿਲਾਫ਼ ਸਿਰਫ਼ ਤਿੰਨ ਮੈਚਾਂ ਵਿੱਚ ਹੀ ਜਿੱਤ ਦਰਜ ਕੀਤੀ ਹੈ। 

ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੇ ਵੈਸਟ ਇੰਡੀਜ਼ ਨੇ ਸਾਲ 2015 ’ਚ ਪਾਕਿਸਤਾਨ ਨੂੰ ਕ੍ਰਾਈਸਟਚਰਚ ਵਿੱਚ ਵੀ 150 ਦੌੜਾਂ ਨਾਲ ਹਰਾਇਆ ਸੀ। ਰੱਸਲ ਨੇ ਉਦੋਂ ਚਾਰ ਛੱਕਿਆਂ ਦੀ ਮਦਦ ਨਾਲ 13 ਗੇਂਦਾਂ ਵਿੱਚ 42 ਦੌੜਾਂ ਬਣਾਉਣ ਮਗਰੋਂ ਤਿੰਨ ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ