ਚੀਫ਼ ਖਾਲਸਾ ਦੀਵਾਨ ਵਲੋਂ ਕਰਵਾਈ ਤਿੰਨ ਦਿਨਾ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਖਤਮ

ਚੀਫ਼ ਖਾਲਸਾ ਦੀਵਾਨ ਵਲੋਂ ਕਰਵਾਈ ਤਿੰਨ ਦਿਨਾ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਖਤਮ

ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ. ਕੇ. ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਪੁਰਾਤਨ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਵਲੋਂ ਇੱਥੇ ਕਰਵਾਈ ਤਿੰਨ ਦਿਨਾ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸਮਾਪਤ ਹੋ ਗਈ ।ਇਸ ਦੌਰਾਨ ਦੀਵਾਨ ਵਲੋਂ ਬਟਾਲਾ ਵਿਖੇ ਇਕ ਹੋਰ ਨਵਾਂ ਸਕੂਲ ਖੋਲ੍ਹਣ, ਭਾਈ ਵੀਰ ਸਿੰਘ ਦੇ ਨਾਂਅ 'ਤੇ ਅਤਿ-ਆਧੁਨਿਕ ਲਾਇਬ੍ਰੇਰੀ ਬਣਾਉਣ ਅਤੇ ਉਨ੍ਹਾਂ ਦੇ ਜੀਵਨ ਅਤੇ ਕਾਰਜਾਂ 'ਤੇ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸਨਮਾਨ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ ।ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਕਰਵਾਈ ਕਾਨਫਰੰਸ ਦੇ ਆਖ਼ਰੀ ਦਿਨ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂ. ਕੇ. ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਹੋਰ ਕਈ ਪ੍ਰਮੁੱਖ ਸਿਖ ਸ਼ਖ਼ਸੀਅਤਾਂ ਨੇੇ ਹਾਜ਼ਰੀ ਭਰੀ । ਚੀਫ਼ ਖਾਲਸਾ ਦੀਵਾਨਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਪੰਜਾਬ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪਦਮਸ੍ਰੀ ਭਾਈ ਵੀਰ ਸਿੰਘ ਅਤੇ ਦੀਵਾਨ ਦੇ ਸਮੂਹ ਮੋਢੀਆਂ ਵਲੋਂ ਸਿੱਖ ਕੌਮ ਦੇ ਭਵਿੱਖ ਨੂੰ ਸੰਵਾਰਨ ਤੇ ਸ਼ਿੰਗਾਰਨ ਲਈ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਤੇ ਉਨ੍ਹਾਂ ਦੇ ਸੱਚੇ-ਸੁੱਚੇ ਮਨੋਰਥਾਂ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ । ਵਿਦਿਅਕ ਕਾਨਫੰਰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ ਸੇਠੀ ਅਤੇ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐੱਸ.ਐੱਸ. ਛੀਨਾ ਵਲੋਂ ਐਜੂਕੇਸ਼ਨਲ ਕਮੇਟੀ ਦੀ ਰਿਪੋਰਟ ਪੜ੍ਹੀ ਗਈ ।ਕਾਨਫਰੰਸ ਦੌਰਾਨ ਬਾਬਾ ਮਹਿੰਦਰ ਸਿੰਘ ਯੂ.ਕੇ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਦਮਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਪਦਮਸ੍ਰੀ ਡਾ: ਇੰਦਰਜੀਤ ਕੌਰ ਪਿੰਗਲਵਾੜਾ ਸੰਸਥਾ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸ: ਤਰਲੋਚਨ ਸਿੰਘ ਦਿੱਲੀ, ਸਮਾਜ ਸੇਵੀ ਡਾ: ਐੱਸ. ਪੀ. ਸਿੰਘ ਉੁਬਰਾਏ, ਸੀਨੀਅਰ ਐਡਵੋਕੇਟ ਐੱਚ.ਐੱਸ.ਫੂਲਕਾ, ਭੁਪਿੰਦਰ ਸਿੰਘ ਹਾਲੈਂਡ, ਡਾ: ਜਸਬੀਰ ਸਿੰੰਘ ਸਾਬਰ, ਭਾਈ ਜਸਵੰਤ ਸਿੰਘ ਹਜ਼ੂਰੀ ਰਾਗੀ, ਡਾ: ਜਸਬੀਰ ਕੌਰ ਪੰਜਾਬੀ ਯੂਨੀਰਵਰਸਿਟੀ ਪਟਿਆਲਾ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ ਸਾਹਿਬ, ਡਾ: ਗੁਰਮੀਤ ਸਿੰਘ ਤੇ ਸੁਖਦੇਵ ਸਿੰਘ ਭੂਰਾ ਕੋਹਨਾ ਸਮੇਤ ਆਦਿ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਮੌਕੇ ਅਗਲੀ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਨ ਦਾ ਐਲਾਨ ਕੀਤਾ ਗਿਆ ।