ਬਿਹਾਰ ਦਾ ਸਿਆਸੀ ਘਟਨਾਕ੍ਰਮ-ਭਾਜਪਾ ਲਈ ਚੈਲਿੰਜ

ਬਿਹਾਰ ਦਾ ਸਿਆਸੀ ਘਟਨਾਕ੍ਰਮ-ਭਾਜਪਾ ਲਈ ਚੈਲਿੰਜ

 ਸਿਆਸੀ 

 

ਪਿਛਲੇ ਸਾਲ ਸਰਦੀਆਂ ਵਿਚ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਚ ਇਕ ਭਾਸ਼ਾ ਅਤੇ ਉਪਨਿਵੇਸ਼ਵਾਦ ਦੇ ਸੰਬੰਧਾਂ 'ਤੇ ਲੈਕਚਰ ਦੇਣ ਲਈ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਮੇਰਾ ਸਵਾਗਤ ਕਰਨ ਲਈ ਰਾਜਨੀਤੀ ਸ਼ਾਸਤਰ ਦੇ ਸੀਨੀਅਰ ਅਧਿਆਪਕ ਆਏ ਅਤੇ ਉਨ੍ਹਾਂ ਦੀ ਹੀ ਕਾਰ ਵਿਚ ਬੈਠ ਕੇ ਮੈਂ ਯੂਨੀਵਰਸਿਟੀ ਦੇ ਮਹਿਮਾਨ ਘਰ ਗਿਆ। ਮੈਂ ਦੇਖਿਆ ਕਿ ਨਾ ਤਾਂ ਪ੍ਰੋਫ਼ੈਸਰ ਸਾਹਿਬ ਨੇ ਕੋਰੋਨਾ ਰੋਕੂ ਨਕਾਬ (ਮਾਸਕ) ਲਗਾਇਆ ਸੀ ਅਤੇ ਨਾ ਕੋਈ ਆਸ-ਪਾਸ ਨਜ਼ਰ ਮਾਰਨ 'ਤੇ ਕੋਈ ਨਕਾਬ ਲਗਾਈ ਦਿਸ ਰਿਹਾ ਸੀ। ਮੈਂ ਦਿੱਲੀ ਤੋਂ ਗਿਆ ਸੀ, ਜਿੱਥੇ ਮਾਸਕ ਨਾ ਪਾਉਣ 'ਤੇ ਜੁਰਮਾਨਾ ਲਗਾਉਣ ਦਾ ਨਿਯਮ ਲਾਗੂ ਸੀ। ਮੈਂ ਪੁੱਛਿਆ ਕਿ ਇੱਥੇ ਕੋਈ ਮਾਸਕ ਕਿਉਂ ਨਹੀਂ ਪਾਉਂਦਾ? ਜਵਾਬ ਵਿਚ ਕੁਝ-ਕੁਝ ਵਿਅੰਗਮਈ ਲਹਿਜੇ ਵਿਚ ਮੁਸਕਰਾਉਂਦੇ ਹੋਏ ਮੇਰੇ ਮੇਜ਼ਬਾਨ ਨੇ ਕਿਹਾ ਕਿ ਮੋਦੀ ਜੋ ਕਹਿੰਦੇ ਹਨ, ਪੰਜਾਬ ਵਿਚ ਅਸੀਂ ਲੋਕ ਉਸ ਦਾ ਉਲਟਾ ਕਰਦੇ ਹਾਂ। ਉਸ ਸਮੇਂ ਇਸ ਗੱਲ ਦਾ ਪੂਰਾ ਮਹੱਤਵ ਸਮਝ ਵਿਚ ਨਹੀਂ ਆਇਆ ਸੀ, ਪਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਪਤਾ ਲੱਗਾ ਕਿ ਉਕਤ ਕਹੀ ਗਈ ਗੱਲ ਕਿੰਨੀ ਸਟੀਕ ਸੀ। ਆਪਣੇ ਇਸ ਤਜਰਬੇ ਨੂੰ ਮੈਂ ਇੱਥੇ ਇਸ ਲਈ ਰੱਖ ਰਿਹਾ ਹਾਂ ਤਾਂ ਕਿ ਇਹੀ ਗੱਲ ਥੋੜ੍ਹੀ ਬਹੁਤ ਬਿਹਾਰ ਬਾਰੇ ਵੀ ਕਹੀ ਜਾ ਸਕਦੀ ਹੈ। ਸਮਾਜਿਕ ਅਤੇ ਧਾਰਮਿਕ ਨਜ਼ਰੀਏ ਨਾਲ ਦੇਖੀਏ ਤਾਂ ਬਿਹਾਰ ਪੰਜਾਬ ਤੋਂ ਬਿਲਕੁੱਲ ਵੱਖਰਾ ਹੈ। ਉੱਥੇ ਹਿੰਦੂ ਬਹੁਮਤ 'ਚ ਹਨ ਅਤੇ ਮੁਸਲਮਾਨਾਂ ਦੀਆਂ ਵੋਟਾਂ ਲਈ ਕੀਤੀ ਜਾਣ ਵਾਲੀ ਧਰਮ-ਨਿਰਪੱਖ ਰਾਜਨੀਤੀ ਦੇ ਖ਼ਿਲਾਫ਼ ਉਨ੍ਹਾਂ ਵਿਚਾਲੇ ਪ੍ਰਤੀਕਿਰਿਆ ਵੀ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਗੱਠਜੋੜ ਰਾਜਨੀਤੀ ਜ਼ਰੀਏ ਉੱਥੇ ਪਿਛਲੇ ਡੇਢ ਦਹਾਕੇ ਤੋਂ ਦੋ ਸਾਲ ਛੱਡ ਕੇ ਸੱਤਾ 'ਚ ਵੀ ਰਹੀ ਹੈ (ਪੰਜਾਬ ਵਿਚ ਵੀ ਭਾਜਪਾ ਅਕਾਲੀਆਂ ਨਾਲ ਸੱਤਾ ਭੋਗਦੀ ਰਹੀ ਹੈ)। ਇਸ ਦੇ ਬਾਵਜੂਦ ਨਾ ਤਾਂ ਉਹ ਪੰਜਾਬ ਵਿਚ ਸ਼ਹਿਰੀ ਹਿੰਦੂਆਂ ਦੀ ਪਾਰਟੀ ਹੋਣ ਤੋਂ ਅੱਗੇ ਵਧ ਸਕੀ ਅਤੇ ਨਾ ਹੀ ਬਿਹਾਰ ਵਿਚ ਉਹ ਬ੍ਰਾਹਮਣ, ਰਾਜਪੂਤ, ਬਨੀਆ, ਭੂਮੀਹਾਰ ਅਤੇ ਕਾਇਸਥਾਂ ਤੋਂ ਅੱਗੇ ਨਿਕਲ ਸਕੀ। ਪੰਜਾਬ ਵਿਚ ਸਿੱਖਾਂ ਦਾ ਸਮਰਥਨ ਹਾਸਲ ਕਰਨ ਲਈ ਉਹ ਹਮੇਸ਼ਾ ਅਕਾਲੀਆਂ ਦੀ ਮੁਹਤਾਜ ਰਹੀ ਅਤੇ ਬਿਹਾਰ ਵਿਚ ਪਛੜੇ ਅਤੇ ਦਲਿਤਾਂ ਦੀਆਂ ਵੋਟਾਂ ਲਈ ਉਹ ਨਿਤੀਸ਼ ਕੁਮਾਰ ਦੀ ਮੁਹਤਾਜ ਬਣੀ ਰਹੀ। ਚਾਹੇ ਮੋਦੀ ਦਾ ਕਥਿਤ ਕ੍ਰਿਸ਼ਮਾ ਹੋਵੇ ਜਾਂ ਹਿੰਦੂਤਵ ਦੀ ਮੁਸਲਮਾਨ ਵਿਰੋਧੀ ਵਿਚਾਰਧਾਰਾ, ਬਿਹਾਰ ਅਤੇ ਪੰਜਾਬ 'ਚ ਭਾਜਪਾ ਸੁਤੰਤਰ ਤੌਰ 'ਤੇ ਦਬਦਬੇ ਵਾਲੀ ਪਾਰਟੀ ਬਣਨ 'ਚ ਲਗਾਤਾਰ ਨਾਕਾਮ ਰਹੀ ਹੈ। ਨਿਤੀਸ਼ ਕੁਮਾਰ ਵਲੋਂ ਭਾਜਪਾ ਛੱਡ ਕੇ ਰਾਸ਼ਟਰੀ ਜਨਤਾ ਦਲ ਦੇ ਨਾਲ ਮਿਲ ਕੇ ਸਰਕਾਰ ਬਣਾ ਲੈਣ ਦੀ ਘਟਨਾ ਇਸ ਲਈ ਬਿਹਾਰ ਵਿਚ 'ਰਾਜਨੀਤਕ ਗੇਮਚੇਂਜਰ' ਬਣ ਸਕਦੀ ਹੈ। ਵਿਧਾਨ ਸਭਾ ਵਿਚ ਤਾਂ ਸ਼ਰਤੀਆ, ਪਰ ਲੋਕ ਸਭਾ 'ਚ ਵੀ ਕਾਫ਼ੀ-ਕੁਝ ਬਦਲ ਸਕਦਾ ਹੈ।

ਭਾਜਪਾ ਦੇ ਸਮਰਥਕ ਦਲੀਲ ਦੇ ਰਹੇ ਹਨ ਕਿ ਮਹਾਂਗੱਠਜੋੜ ਦਾ ਸਮਾਜਿਕ ਗੱਠਜੋੜ ਭਾਵੇਂ ਹੀ ਦੇਖਣ ਵਿਚ ਤਾਕਤਵਰ ਲੱਗ ਰਿਹਾ ਹੋਵੇ, ਪਰ ਉਸ ਦਾ ਹਸ਼ਰ ਉਸੇ ਗੱਠਜੋੜ ਵਾਂਗ ਹੋਵੇਗਾ ਜਿਵੇਂ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਹੋ ਚੁੱਕਾ ਹੈ। ਇਹ ਤਰਕ ਸਹੀ ਨਹੀਂ ਹੈ। ਬਿਹਾਰ ਉੱਤਰ ਪ੍ਰਦੇਸ਼ ਦੀ ਕਾਪੀ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਉੱਤਰ ਪ੍ਰਦੇਸ਼ ਦੇ ਯਾਦਵਾਂ ਵਿਚ ਲਾਲੂ ਯਾਦਵ ਦੀ ਪੁੱਛ ਪ੍ਰਤੀਤ ਹੁੰਦੀ ਅਤੇ ਬਿਹਾਰ ਦੇ ਯਾਦਵਾਂ 'ਚ ਮੁਲਾਇਮ ਸਿੰਘ ਯਾਦਵ ਦੀ। ਰਾਮਵਿਲਾਸ ਪਾਸਵਾਨ ਉੱਤਰ ਪ੍ਰਦੇਸ਼ ਦੇ ਦਲਿਤਾਂ ਵਲੋਂ ਸਵੀਕਾਰ ਕਰ ਲਏ ਗਏ ਹੁੰਦੇ ਅਤੇ ਮਾਇਆਵਤੀ ਬਿਹਾਰ ਦੇ ਦਲਿਤਾਂ ਵਲੋਂ। ਅਸੀਂ ਜਾਣਦੇ ਹਾਂ ਕਿ ਅਜਿਹਾ ਨਹੀਂ ਹੋਇਆ। ਕੋਸ਼ਿਸ਼ਾਂ ਦੋਵਾਂ ਪਾਸਿਆਂ ਤੋਂ ਹੋਈਆਂ ਅਤੇ ਜੰਮ ਕੇ ਹੋਈਆਂ, ਪਰ ਬਿਹਾਰ ਅਤੇ ਉੱਤਰ ਪ੍ਰਦੇਸ਼ ਹਮੇਸ਼ਾ ਵੱਖੋ-ਵੱਖਰੇ ਸਾਬਤ ਹੋਏ। ਅਜਿਹਾ ਇਸ ਲਈ ਹੋਇਆ ਕਿ ਸਮਾਜਿਕ ਖਾਕੇ 'ਚ ਬਿਹਾਰ ਇਕ ਵੱਖਰਾ ਸੂਬਾ ਹੈ।

ਉੱਤਰ ਪ੍ਰਦੇਸ਼ ਵਿਚ ਦੂਜੇ ਦਰਜੇ ਦੀਆਂ ਅਤੇ ਉੱਚੀਆਂ ਜਾਤੀਆਂ ਦੀ ਸੰਖਿਆਤਮਕ ਹਾਜ਼ਰੀ ਚੋਣਾਵੀ ਨਜ਼ਰੀਏ ਨਾਲ ਬਹੁਤ ਸ਼ਕਤੀਸ਼ਾਲੀ ਹੈ। ਬ੍ਰਾਹਮਣ, ਠਾਕੁਰ, ਵੈਸ਼, ਭੂਮਿਹਾਰ, ਕਾਇਸਥ ਅਤੇ ਜਾਟ ਮਿਲ ਕੇ ਤਕਰੀਬਨ ਪੈਂਤੀ ਤੋਂ ਚਾਲੀ ਫ਼ੀਸਦੀ ਵੋਟਾਂ ਦਾ ਨਿਰਮਾਣ ਕਰਦੇ ਹਨ। ਵੱਖ-ਵੱਖ ਰਾਜਨੀਤਕ ਕਾਰਨਾਂ ਨਾਲ ਇਹ ਵੱਡਾ ਵੋਟ ਮੰਡਲ ਸੰਗਠਿਤ ਹੋ ਕੇ ਭਾਜਪਾ ਦੀ ਰਾਜਨੀਤੀ ਦਾ ਕੇਂਦਰ ਬਣ ਜਾਂਦਾ ਹੈ। ਇਸ 40 ਫ਼ੀਸਦੀ ਨੂੰ 45 ਜਾਂ 50 ਫ਼ੀਸਦੀ ਤੱਕ ਪਹੁੰਚਾਉਣ ਲਈ ਭਾਜਪਾ ਨੂੰ ਥੋੜ੍ਹੀਆਂ ਕੁ ਪੱਛੜੀਆਂ ਅਤੇ ਦਲਿਤ ਵੋਟਾਂ ਦੀ ਜ਼ਰੂਰਤ ਹੀ ਪੈਂਦੀ ਹੈ। ਪਰ ਬਿਹਾਰ 'ਚ ਅਜਿਹਾ ਨਹੀਂ ਹੈ। ਉੱਥੇ ਇਸ ਤਰ੍ਹਾਂ ਦਾ ਵੋਟਰ ਮੰਡਲ ਸਿਰਫ਼ ਪੰਦਰਾਂ ਫ਼ੀਸਦੀ ਦਾ ਹੀ ਹੈ। ਜੇਕਰ ਬਹੁਤ ਉਦਾਰਤਾ ਨਾਲ ਹਿਸਾਬ ਲਗਾਇਆ ਜਾਵੇ ਤਾਂ ਵੀ ਇਸ ਨੂੰ ਵੀਹ ਫ਼ੀਸਦੀ ਤੱਕ ਨਹੀਂ ਪਹੁੰਚਾਇਆ ਜਾ ਸਕਦਾ। ਠੋਸ ਰੂਪ ਨਾਲ ਕਹੀਏ ਤਾਂ 80 ਫ਼ੀਸਦੀ ਵੋਟ ਅਜਿਹੇ ਹਨ ਜੋ ਭਾਜਪਾ ਦੇ ਸੁਭਾਵਿਕ ਵੋਟਰ ਨਹੀਂ ਹਨ। ਉਨ੍ਹਾਂ 'ਚੋਂ ਵੀ ਕੁਝ ਭਾਜਪਾ ਨੂੰ ਮਿਲ ਸਕਦੇ ਹਨ, ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ। ਮੁਹਾਵਰੇ ਵਿਚ ਕਹੀਏ ਤਾਂ ਬਿਹਾਰ 'ਚ ਭਾਜਪਾ ਬ੍ਰਾਹਮਣ-ਬਨੀਆ ਜਾਂ ਬਾਬੂ ਸਾਹਿਬਾਂ ਦੀ ਪਾਰਟੀ ਹੀ ਹੈ। ਗ਼ਰੀਬ-ਗੁਰਬੇ ਦੀ ਨਹੀਂ। ਉਨ੍ਹਾਂ ਦੀ ਨੁਮਾਇੰਦਗੀ ਆਪਣੀਆਂ ਤਮਾਮ ਕਮੀਆਂ ਦੇ ਬਾਵਜੂਦ ਲਾਲੂ ਅਤੇ ਨਿਤੀਸ਼ ਹੀ ਕਰਦੇ ਹਨ।

ਅਜੇ ਕੱਲ੍ਹ ਹੀ ਇਕ ਟੀ.ਵੀ. ਚੈਨਲ ਵਲੋਂ ਰੱਖੀ ਬਹਿਸ ਦੌਰਾਨ ਸੁਸ਼ੀਲ ਮੋਦੀ ਦੇ ਨਾਲ ਚਰਚਾ ਹੋ ਰਹੀ ਸੀ। ਦਸ ਸਾਲ ਤੋਂ ਜ਼ਿਆਦਾ ਤੱਕ ਨਿਤੀਸ਼ ਦੇ ਨਾਲ ਉਪ ਮੁੱਖ ਮੰਤਰੀ ਰਹਿ ਚੁੱਕੇ ਸੁਸ਼ੀਲ ਮੋਦੀ ਨੇ ਦੋਸ਼ ਲਗਾਇਆ ਕਿ ਉਹ ਹਰ ਵਾਰ ਜਨਾਦੇਸ਼ ਦੇ ਨਾਲ ਗਦਾਰੀ ਕਰਦੇ ਹਨ। ਮੈਂ ਪਲਟ ਕੇ ਪੁੱਛਿਆ ਕਿ ਜਨਾਦੇਸ਼ ਦੇ ਨਾਲ ਗਦਾਰੀ ਕਰਨ ਵਾਲੇ ਇਸ ਨੇਤਾ ਨੂੰ ਤੁਸੀਂ ਲੋਕ ਵਾਰ-ਵਾਰ ਮੁੱਖ ਮੰਤਰੀ ਕਿਉਂ ਬਣਾਉਂਦੇ ਰਹੇ ਹੋ? ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਨਿਤੀਸ਼ ਨੂੰ ਸਿਰਫ਼ 45 ਸੀਟਾਂ ਹੀ ਮਿਲੀਆਂ ਸਨ। ਭਾਜਪਾ ਉਨ੍ਹਾਂ ਤੋਂ ਬਹੁਤ ਅੱਗੇ ਸੀ। ਨਿਤੀਸ਼ ਨੇ ਖ਼ੁਦ ਵੀ ਕਹਿ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਹਨ, ਪਰ ਨਰਿੰਦਰ ਮੋਦੀ ਨੇ ਖ਼ੁਦ ਫ਼ੋਨ ਕਰਕੇ ਉਨ੍ਹਾਂ ਨੂੰ ਅਪੀਲ ਕੀਤੀ ਅਤੇ ਉਦੋਂ ਉਨ੍ਹਾਂ ਨੇ ਸਹੁੰ ਚੁੱਕੀ। ਮੋਦੀ ਨੇ ਅਜਿਹਾ ਕਿਉਂ ਕੀਤਾ? ਕਿਉਂਕਿ ਪ੍ਰਧਾਨ ਮੰਤਰੀ ਨੂੰ ਪਤਾ ਸੀ ਕਿ ਲੋਕ ਸਭਾ ਚੋਣਾਂ 'ਚ ਅਤਿ ਪਛੜੇ ਅਤੇ ਦਲਿਤਾਂ-ਮਹਾਂਦਲਿਤਾਂ ਦੇ ਵੋਟਾਂ ਦੀ ਜ਼ਰੂਰਤ ਨਿਤੀਸ਼ ਤੋਂ ਬਿਨਾਂ ਪੂਰੀ ਨਹੀਂ ਹੋ ਸਕੇਗੀ। ਸੁਸ਼ੀਲ ਮੋਦੀ ਭਾਵੇਂ ਹੀ ਨਾ ਮੰਨਣ, ਪਰ ਨਰਿੰਦਰ ਮੋਦੀ ਨੂੰ ਪਤਾ ਸੀ ਕਿ ਭਾਜਪਾ ਦੀ ਬਿਹਾਰ ਦੇ ਵੋਟਰਾਂ 'ਚ ਅਸਲੀ ਹੈਸੀਅਤ ਕੀ ਹੈ। ਕਹਿਣਾ ਨਾ ਹੋਵੇਗਾ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਦੇ ਕੋਲ ਨਰਿੰਦਰ ਮੋਦੀ ਦੀ ਹਸਤੀ ਤਰੁੱਪ ਦੇ ਇੱਕੇ ਵਾਂਗ ਹੋਵੇਗੀ। ਹੋ ਸਕਦਾ ਹੈ ਕਿ ਅਤਿ ਪਛੜੇ ਅਤੇ ਦਲਿਤਾਂ ਦੇ ਕੁਝ ਵੋਟ ਉਨ੍ਹਾਂ ਦੇ ਪ੍ਰਭਾਵ 'ਚ ਭਾਜਪਾ ਦੇ ਕੋਲ ਚਲੇ ਜਾਣ। ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ। ਮੋਦੀ ਨੇ ਆਪਣੀਆਂ ਦੋਵਾਂ ਲੋਕ ਸਭਾ ਚੋਣਾਂ ਵਿਚ ਗੱਠਜੋੜ ਦੀ ਮਿਲੀਜੁਲੀ ਤਾਕਤ ਦਾ ਸਾਹਮਣਾ ਨਹੀਂ ਕੀਤਾ। 2014 'ਚ ਨਿਤੀਸ਼ ਅਤੇ ਲਾਲੂ ਵੰਡੇ ਹੋਏ ਸਨ ਅਤੇ 2019 'ਚ ਨਿਤੀਸ਼ ਭਾਜਪਾ ਦੇ ਨਾਲ ਸਨ। ਇਸ ਵਾਰ ਨਰਿੰਦਰ ਮੋਦੀ ਨੂੰ ਪਹਿਲੀ ਵਾਰ ਪਛੜੇ, ਅਤਿ ਪਛੜੇ, ਦਲਿਤਾਂ ਅਤੇ ਮਹਾਂਦਲਿਤਾਂ ਦੀ ਮਿਲੀ-ਜੁਲੀ ਤਾਕਤ ਦਾ ਮੁਕਾਬਲਾ ਕਰਨਾ ਪਵੇਗਾ। ਇਹ ਲੜਾਈ ਭਾਜਪਾ ਨੂੰ ਭਾਰੀ ਪੈ ਸਕਦੀ ਹੈ।

ਪਰ ਇਕ ਸ਼ਰਤ ਹੈ। ਨਿਤੀਸ਼-ਤੇਜਸਵੀ ਨੂੰ ਅਗਲੇ ਡੇਢ ਸਾਲ ਤੱਕ ਸਰਕਾਰ ਇਸੇ ਤਰ੍ਹਾਂ ਚਲਾਉਣੀ ਪਵੇਗੀ ਕਿ ਮਹਾਂਗੱਠਜੋੜ ਅਤਿ-ਦਲਿਤਾਂ ਵਿਚ ਬਦਨਾਮ ਨਾ ਹੋ ਸਕੇ। ਇਹ ਦੋਵੇਂ ਨੇਤਾ ਦਬਦਬੇ ਵਾਲੇ ਭਾਈਚਾਰਿਆਂ 'ਚੋਂ ਆਉਂਦੇ ਹਨ। ਨਿਤੀਸ਼ ਕੁਰਮੀ ਭਾਈਚਾਰੇ ਦੇ ਪੁੱਤਰ ਹਨ ਅਤੇ ਤੇਜਸਵੀ ਯਾਦਵ ਭਾਈਚਾਰੇ ਦੇ। ਦੋਵਾਂ ਦੇ ਕੋਲ ਜ਼ਮੀਨਾਂ ਹਨ, ਲਾਠੀ ਹੈ। ਜੇਕਰ ਇਨ੍ਹਾਂ ਨੇ ਖ਼ਾਸਕਰ ਯਾਦਵਾਂ ਨੇ ਸੰਜਮ ਨਾ ਰੱਖਿਆ ਤਾਂ ਲੋਕ ਸਭਾ 'ਚ ਉੱਚੀਆਂ ਜਾਤੀਆਂ ਖ਼ਿਲਾਫ਼ ਕਮਜ਼ੋਰ ਕਹੀਆਂ ਜਾਣ ਵਾਲੀਆਂ ਜਾਤੀਆਂ ਇਕਜੁੱਟ ਹੋ ਸਕਦੀਆਂ ਹਨ। ਇਸ ਸ਼ਰਤ ਨੂੰ ਪੂਰਾ ਕਰਨਾ ਸੌਖਾ ਨਹੀਂ ਹੈ। ਪਰ ਦੋਵਾਂ ਨੇਤਾਵਾਂ ਨੇ ਇਕ-ਦੂਜੇ ਦਾ ਸਾਥ ਛੱਡਣ ਦਾ ਖ਼ਮਿਆਜ਼ਾ ਭੁਗਤ ਲਿਆ ਹੈ। ਨਿਤੀਸ਼ ਜਾਣਦੇ ਹਨ ਕਿ ਮੋਦੀ ਦੀ ਭਾਜਪਾ ਅਟਲ-ਅਡਵਾਨੀ ਵਾਲੀ ਭਾਜਪਾ ਨਹੀਂ ਹੈ। ਤੇਜਸਵੀ ਜਾਣਦੇ ਹਨ ਕਿ ਜੇਕਰ ਇਸ ਵਾਰ ਸੱਤਾ ਉਨ੍ਹਾਂ ਦੇ ਹੱਥ 'ਚੋਂ ਗਈ ਤਾਂ ਭਾਜਪਾ ਉਨ੍ਹਾਂ ਦੇ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕਰਵਾ ਹੀ ਚੁੱਕੀ ਹੈ। ਪਿਤਾ ਪਹਿਲਾਂ ਤੋਂ ਹੀ ਜੇਲ੍ਹ 'ਚ ਹਨ ਅਤੇ ਜੇਕਰ ਤੇਜਸਵੀ ਨੂੰ ਵੀ ਸਲਾਖ਼ਾਂ ਪਿੱਛੇ ਜਾਣਾ ਪਿਆ ਤਾਂ ਉਨ੍ਹਾਂ ਦੀ ਪਾਰਟੀ ਪੂਰੀ ਤਰ੍ਹਾਂ ਨਾਲ ਬੇਸਹਾਰਾ ਹੋ ਜਾਵੇਗੀ। ਇਸ ਲਈ ਇਕ-ਦੂਜੇ ਦਾ ਸਾਥ ਛੱਡਣ ਤੋਂ ਪਹਿਲਾਂ ਇਹ ਦੋਵੇਂ ਨੇਤਾ ਸੈਂਕੜੇ ਵਾਰ ਸੋਚਣਗੇ।

 

ਅਭੈ ਕੁਮਾਰ ਦੂਬੇ