ਅਵਤਾਰ ਸਿੰਘ ਖੰਡਾ ਦਾ ਸੰਸਕਾਰ ਪਰਿਵਾਰ ਨੂੰ ਕਰਨ ਦਿੱਤਾ ਜਾਵੇ; ਸੰਗਤ ਅਰਦਾਸ ਕਰੇ: ਪੰਥ ਸੇਵਕ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਿਦੇਸ਼ਾਂ ਵਿਚ ਸਿੱਖਾਂ ਦੇ ਕਤਲਾਂ ਪਿੱਛੇ ਦਿੱਲੀ ਦਰਬਾਰ; ਇਸ ਵੇਲੇ ਇਕਜੁਟਤਾ ਜਰੂਰੀ: ਭਾਈ ਦਲਜੀਤ ਸਿੰਘ
ਚੰਡੀਗੜ੍ਹ: (31 ਜੁਲਾਈ): ਪੰਥ ਸੇਵਕ ਸਖਸ਼ੀਅਤਾਂ ਨੇ ਅੱਜ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਇੰਗਲੈਂਡ ਵਿਚ ਚਲਾਣਾ ਕਰ ਗਏ ਨੌਜਵਾਨ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਦਾ ਸੰਸਕਾਰ ਉਸਦੀ ਮਾਤਾ ਜੀ ਅਤੇ ਭੈਣ ਵੱਲੋਂ ਕੀਤੇ ਜਾਣ ਦੇ ਹਾਲਾਤ ਬਣਾਏ ਜਾਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਖਾੜਕੂ ਸੰਘਰਸ਼ ਦੇ ਸ਼ਹੀਦ ਕੁਲਵੰਤ ਸਿੰਘ ਖੁਖਰਾਣਾ ਦਾ ਸਪੁੱਤਰ ਸੀ ਅਤੇ ਬੀਤੇ ਦਿਨੀਂ ਇੰਗਲੈਂਡ ਦੇ ਇਕ ਹਸਪਤਾਲ ਵਿਚ ਭੇਦ ਭਰੇ ਹਾਲਾਤ ਵਿਚ ਚਲਾਣਾ ਕਰ ਗਿਆ।
ਅੱਜ ਜਾਰੀ ਬਿਆਨ ਵਿਚ ਪੰਥ ਸੇਵਕ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਇੰਗਲੈਂਡ ਦੀ ਸਰਕਾਰ ਵੱਲੋਂ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਬੀਬੀ ਚਰਨਜੀਤ ਕੌਰ ਨੂੰ ਆਪਣੇ ਪੁੱਤਰ ਦੇ ਅੰਤਿਮ ਸੰਸਕਾਰ ਲਈ ਇੰਗਲੈਂਡ ਜਾਣ ਵਾਸਤੇ ਵੀਜ਼ਾ ਦੇਣ ਤੋਂ ਮਨ੍ਹਾਂ ਕਰਨਾ ਮੰਦਭਾਗਾ ਹੈ। ਇਹ ਦਰਸਾਉਂਦਾ ਹੈ ਕਿ ਇਹਨਾ ਮੁਲਕਾਂ ਦੀਆਂ ਸਰਕਾਰਾਂ ਮਨੁੱਖੀ ਹੱਕਾਂ ਤੇ ਤਰਾਸਦੀ ਝੱਲ ਰਹੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਬਿਲਕੁਲ ਅੱਖੋਂ-ਪਰੋਖੇ ਕਰ ਰਹੀਆਂ ਹਨ। ਇਹ ਘਟਨਾਕ੍ਰਮ ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਅਤੇ ਯੁਨਾਇਟਡ ਨੇਸ਼ਨਜ਼ ਦੇ ਨਿਜ਼ਾਮ ਦੀ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਿਚ ਨਾਕਾਮੀ ਨੂੰ ਦਰਸਾਉਂਦਾ ਹੈ।
ਪੰਥ ਸੇਵਕ ਸਖਸ਼ੀਅਤਾਂ ਨੇ ਸੰਸਾਰ ਭਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਸਤਿਗੁਰੂ ਦੇ ਚਰਨਾਂ ਵਿਚ ਅਵਤਾਰ ਸਿੰਘ ਨਮਿਤ ਅਰਦਾਸ ਕਰਨ ਕਿ ਸੱਚੇ ਪਾਤਿਸ਼ਾਹ ਵਿੱਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਦੁਨਿਆਵੀ ਸਰਕਾਰਾਂ ਤੇ ਅਦਾਲਤਾਂ ਨੂੰ ਸਮੱਤ ਬਖਸ਼ੇ ਕਿ ਉਹ ਪਰਿਵਾਰ ਦੀ ਭਾਵਨਾ ਅਨੁਸਾਰ ਮ੍ਰਿਤਕ ਦੇਹ ਦਾ ਸੰਸਕਾਰ ਪਰਿਵਾਰ ਵੱਲੋਂ ਕਰਨ ਦੇ ਹਿਤ ਵਿਚ ਫੈਸਲਾ ਲੈਣ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਖੰਡਾ ਦੀ ਦੇਹ ਪੰਜਾਬ ਲਿਆਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਰਿਵਾਰ ਵੱਲੋਂ ਪਾਈ ਗਈ ਅਰਜ਼ੀ ਉੱਤੇ 4 ਅਗਸਤ ਨੂੰ ਸੁਣਵਾਈ ਹੋਣੀ ਹੈ।
ਵਿਦੇਸ਼ਾਂ ਵਿਚ ਅਜ਼ਾਦੀ ਪੱਖੀ ਸਿੱਖਾਂ ਦੇ ਕਤਲ ਦੀਆਂ ਵਾਰਦਾਤਾਂ ਬਾਰੇ ਜ਼ਿਕਰ ਕਰਦਿਆਂ ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ਬੀਤੇ ਸਮੇਂ ਤੋਂ ਸਪਸ਼ਟ ਨਜ਼ਰ ਆ ਰਿਹਾ ਸੀ ਸਰਕਾਰ ਸਿੱਖਾਂ ਦੇ ਅਜ਼ਾਦੀ ਪੱਖੀ ਹਿੱਸਿਆਂ ਨੂੰ ਨਿਖੇੜ ਕੇ ਸਿੱਧਾ ਨਿਸ਼ਾਨੇ ਉੱਤੇ ਲਵੇਗੀ। ਇਹ ਅਮਲ ਹੁਣ ਸ਼ੁਰੂ ਹੋ ਚੁੱਕਾ ਹੈ। ਵਿਦੇਸ਼ਾਂ ਵਿਚ ਸਿੱਖਾਂ ਨੂੰ ਦਿੱਲੀ ਦਰਬਾਰ ਵੱਲੋਂ ਇੰਝ ਨਿਸ਼ਾਨਾ ਬਣਾਉਣ ਉੱਤੇ ਵਿਦੇਸ਼ਾਂ ਵਿਚਲੇ ਸਿੱਖ ਭਾਈਚਾਰੇ ਨੂੰ ਇਕਜੁਟ ਹੋ ਕੇ ਇਸ ਵਰਤਾਰੇ ਲਈ ਇੰਡੀਆ ਦੀ ਹਕੂਮਤ ਨੂੰ ਦੋਸ਼ੀ ਸਿੱਧ ਕਰਨਾ ਚਾਹੀਦਾ ਸੀ ਪਰ ਸਾਡੀ ਅੰਦਰੂਨੀ ਕਤਾਰਬੰਦੀ ਖਿੰਡੀ ਹੋਣ ਕਾਰਨ ਅਜਿਹਾ ਵਾਪਰਦਾ ਨਜ਼ਰ ਨਹੀਂ ਆ ਰਿਹਾ। ਉਹਨਾ ਕਿਹਾ ਕਿ ਦਿੱਲੀ ਦਰਬਾਰ ਵਿਦੇਸ਼ਾਂ ਵਿਚ ਆਪ ਹੀ ਹਿੰਸਕ ਘਟਨਾਵਾਂ ਕਰਵਾ ਕੇ ਉਹਨਾ ਦਾ ਦੋਸ਼ ਸਿੱਖਾਂ ਸਿਰ ਮੜ੍ਹ ਕੇ ਉਹਨਾ ਨੂੰ ਓਥੇ ਦੇ ਸਮਾਜ ਤੋਂ ਨਿਖੇੜ ਕੇ ਅਜ਼ਾਦੀ ਪੱਖੀ ਸਿੱਖਾਂ ਨੂੰ ਸਿੱਧਾ ਨਿਸ਼ਾਨਾ ਬਣਾ ਰਿਹਾ ਹੈ। ਇਹ ਵੇਲਾ ਸਿੱਖਾਂ ਲਈ ਜ਼ਾਬਤਾ ਬਣਾਈ ਰੱਖਣ ਦਾ ਹੈ ਤੇ ਹਰ ਹਾਲ ਵਿਚ ਆਪਸੀ ਮਤਭੇਦ ਦੂਰ ਕਰਕੇ ਸਮੁੱਚੇ ਭਾਈਚਾਰੇ ਨੂੰ ਦਿੱਲੀ ਦਰਬਾਰ ਦੇ ਇਸ ਹਮਲੇ ਵਿਰੁਧ ਇਕਜੁਟ ਹੋਣਾ ਚਾਹੀਦਾ ਹੈ।
ਪੰਥ ਸੇਵਕਾਂ ਨੇ ਅਖੀਰ ਵਿਚ ਕਿਹਾ ਕਿ ਇਹ ਸਾਰੇ ਹਾਲਾਤ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਪੰਥਕ ਪੱਧਰ ਉੱਤੇ ਇਕ ਨਿਸ਼ਕਾਮ ਦੇ ਨਿਰਪੱਖ ਧੁਰਾ ਕਾਇਮ ਕਰਨ ਦੀ ਸਖਤ ਲੋੜ ਹੈ ਜੋ ਸਿੱਖਾਂ ਦੇ ਅੰਦਰੂਨੀ ਖਿੰਡਾਓ ਨੂੰ ਦੂਰ ਕਰਕੇ ਅੰਦਰੂਨੀ ਹਾਲਾਤ ਸੂਤਰਬੱਧ ਕਰੇ। ਉਹਨਾ ਕਿਹਾ ਕਿ ਆਦਰਸ਼ਕ ਤੌਰ ਉੱਤੇ ਇਹ ਭੂਮਿਕਾ ਅਕਾਲ ਤਖਤ ਸਾਹਿਬ ਦੀ ਬਣਦੀ ਹੈ ਪਰ ਇਸ ਵੇਲੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਦਿੱਲੀ ਦਰਬਾਰ ਦੇ ਪ੍ਰਭਾਵ ਅਧੀਨ ਹੈ। ਇਸ ਵਾਸਤੇ ਖਾਲਸਾ ਪੰਥ ਦੇ ਚੱਲਦੇ ਵਹੀਰ ਦੀ ਤਰਜ਼ ਉੱਤੇ ਇਕ ਨਿਰਪੱਖ ਅਤੇ ਨਿਸ਼ਕਾਮ ਅਕਾਲੀ ਜਥਾ ਉਸਾਰਨ ਦੇ ਯਤਨ ਹੋਣੇ ਚਾਹੀਦੇ ਹਨ ਜੋ ਮੌਜੂਦਾ ਸਮੇਂ ਸਿੱਖਾਂ ਵਿਚ ਆਪਸੀ ਇਤਫਾਕ ਤੇ ਏਕਤਾ ਕਾਇਮ ਕਰਨ ਲਈ ਸੂਤਰਧਾਰ ਦੀ ਭੂਮਿਕਾ ਨਿਭਾਵੇ।
Comments (0)