ਅਮਰੀਕਾ ਵਿਚ ਪੁਲਿਸ ਨੇ ਸਿੱਖ ਪੁਲਿਸ ਅਫ਼ਸਰ ਨੂੰ ਦਾੜ੍ਹੀ ਰੱਖਣ ਤੋਂ ਰੋਕਿਆ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੰਦਭਾਗਾ ਦੱਸਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਿਊਯਾਰਕ - ਅਮਰੀਕਾ ਵਿੱਚ ਇੱਕ ਸਿੱਖ ਪੁਲਿਸ ਮੁਲਾਜ਼ਮ ਨਾਲ ਵਿਤਕਰਾ ਹੋਣ ਦੇ ਇਲਜ਼ਾਮ ਲੱਗੇ ਹਨ। ਨਿਊਯਾਰਕ ਪੁਲਿਸ ਦੇ ਅਧਿਕਾਰੀਆਂ ਨੇ ਆਪਣੇ ਇੱਕ ਸਿੱਖ ਜਵਾਨ ਚਰਨਜੋਤ ਸਿੰਘ ਟਿਵਾਣਾ ਨੂੰ ਦਾੜ੍ਹੀ ਵਧਾਉਣ ਤੋਂ ਰੋਕ ਦਿੱਤਾ ਹੈ। ਚਰਨਜੋਤ ਸਿੰਘ ਨੇ ਮਾਰਚ 2022 'ਚ ਆਪਣੇ ਵਿਆਹ ਲਈ ਸਿਰਫ਼ ਡੇਢ ਇੰਚ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ ਪਰ ਅਧਿਕਾਰੀਆਂ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਚਰਨਜੋਤ ਸਿੰਘ ਟਿਵਾਣਾ ਨਿਊਯਾਰਕ ਦੇ ਜੇਮਸਟਾਊਨ ਵਿੱਚ ਰਹਿੰਦਾ ਹੈ।
ਨਿਊਯਾਰਕ ਪੁਲਿਸ ਦੇ ਇਸ ਫੈਸਲੇ ਤੋਂ ਬਾਅਦ ਸਥਾਨਕ ਸਿੱਖ ਸੰਗਤ 'ਚ ਅਧਿਕਾਰੀਆਂ ਖ਼ਿਲਾਫ਼ ਕਾਫ਼ੀ ਰੋਹ ਪਾਇਆ ਜਾ ਰਿਹਾ ਹੈ। ਹਾਲਾਂਕਿ ਦੇਖਿਆ ਜਾਵੇ ਤਾਂ ਨਿਊਯਾਰਕ ਦੀ ਸੂਬਾ ਸਰਕਾਰ ਸਾਲ 2019 ਦੌਰਾਨ ਹੀ ਸਿੱਖ ਜਵਾਨਾਂ ਦੇ ਹੱਕ ਵਿਚ ਕਾਨੂੰਨ ਬਣਾ ਕੇ ਲਾਗੂ ਕਰ ਚੁੱਕੀ ਹੈ। ਚਰਨਜੋਤ ਟਿਵਾਣਾ ਨੂੰ ਅਧਿਕਾਰੀਆਂ ਨੇ ਇਹ ਦਲੀਲ ਦੇ ਕੇ ਇਨਕਾਰ ਕੀਤਾ ਸੀ ਕਿ ਜੇ ਉਸ ਨੇ ਦਾੜ੍ਹੀ ਵਧਾਈ, ਤਾਂ ਉਹ ਗੈਸ ਮਾਸਕ ਨਹੀਂ ਲਾ ਸਕੇਗਾ ਤੇ ਇੰਝ ਉਹ ਕਿਸੇ ਖ਼ਤਰੇ ਵਿਚ ਫਸ ਸਕਦਾ ਹੈ।
ਨਿਊਯਾਰਕ ਸਟੇਟ ਟਰੱਪਰਜ਼ ਪੁਲਿਸ ਬਿਨੈਵੋਲੈਂਟ ਐਸੋਸੀਏਸ਼ਨ ਦੇ ਪ੍ਰਧਾਨ ਚਾਰਲੀ ਮਰਫ਼ੀ ਨੇ ਦੱਸਿਆ ਕਿ ਟਿਵਾਣਾ ਨੇ ਅਧਿਕਾਰੀਆਂ ਤੋਂ ਰਸਮੀ ਤੌਰ 'ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਮੰਗੀ ਸੀ। ਉਸ ਨੇ ਅਧਿਕਾਰੀਆਂ ਦੇ ਇਨਕਾਰ ਨੂੰ ਆਪਣੇ ਨਾਲ ਧੱਕੇਸ਼ਾਹੀ ਸਮਝ ਲਿਆ।” ਉਨ੍ਹਾਂ ਦਾਅਵਾ ਕੀਤਾ ਕਿ ਨਿਊਯਾਰਕ ਪੁਲਿਸ ਦੇ ਅਧਿਕਾਰੀ ਕਦੇ ਵੀ ਆਪਣੇ ਜਵਾਨਾਂ ਤੇ ਹੋਰ ਮੁਲਾਜ਼ਮਾਂ ਨਾਲ ਧਰਮ ਦੇ ਆਧਾਰ 'ਤੇ ਕੋਈ ਧੱਕੇਸ਼ਾਹੀ ਜਾਂ ਵਧੀਕੀ ਨਹੀਂ ਕਰਦੇ।
ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਕਿਹਾ ਕਿ ਨਿਊਯਾਰਕ ਪੁਲਿਸ ਦੀ ਇਹ ਮੰਦਭਾਗੀ ਨੀਤੀ ਹੈ ਕਿ ਪੁਲਿਸ ਵਿਚ ਡਿਊਟੀ ਕਰ ਰਹੇ ਸਿੱਖ ਮੁਲਾਜ਼ਮਾਂ ਨੂੰ ਗੈਸ ਮਾਸਕ ਦੀ ਵਰਤੋਂ ਕਰਨ ਦੇ ਸਬੰਧ ਵਿੱਚ ਸੁਰੱਖਿਆ ਮੁੱਦਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਨੂੰ ਦਾੜ੍ਹੀ ਸ਼ੇਵ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਜੋ ਕਿ ਅਜਿਹੀ ਡਿਊਟੀ ਦੌਰਾਨ ਦਾੜ੍ਹੀ ਬਿਨਾਂ ਕੱਟੇ ਹੋਏ ਆਸਾਨੀ ਨਾਲ ਕਰ ਸਕਦੇ ਹਨ।
Comments (0)