ਮੈਰੀਲੈਂਡ ਗਵਰਨਰ ਹਾਊਸ ’ਚ 8 ਸਾਲ ਬਾਅਦ ਮਨਾਈ ਗਈ ਵਿਸਾਖੀ

ਮੈਰੀਲੈਂਡ ਗਵਰਨਰ ਹਾਊਸ ’ਚ 8 ਸਾਲ ਬਾਅਦ ਮਨਾਈ ਗਈ ਵਿਸਾਖੀ

*ਗਵਰਨਰ ਵੈੱਸਮੋਰ ਅਤੇ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਸਿੱਖ ਭਾਈਚਾਰੇ ਨੂੰ ਦਿੱਤੀਆਂ ਵਧਾਈਆਂ

*ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਗਵਰਨਰ ਕਮਿਸ਼ਨ ਨੇ ਸਮਾਗਮ ਦਾ ਕੀਤਾ ਅਯੋਜਨ

 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੈਰੀਲੈਂਡ, 2 ਜੂਨ (ਰਾਜ ਗੋਗਨਾ ) -ਮੈਰੀਲੈਂਡ ਵਸਦੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਦੀ ਖਬਰ ਹੈ ਕਿ ਮੈਰੀਲੈਂਡ ਗਵਰਨਰ ਹਾਊਸ ਵਿਚ 8 ਸਾਲ ਬਾਅਦ ਵਿਸਾਖੀ ਮਨਾਈ ਗਈ। ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਗਵਰਨਰ ਕਮਿਸ਼ਨ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਕੀਤਾ ਗਿਆ। ਸਮਾਗਮ ’ਚ ਸਿੱਖਸ ਆਫ ਅਮੈਰਿਕਾ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ, ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ, ਇੰਦਰਜੀਤ ਸਿੰਘ ਗੁਜਰਾਲ, ਗੁਰਵਿੰਦਰ ਸਿੰਘ ਸੇਠੀ, ਮਨਿੰਦਰ ਸਿੰਘ ਸੇਠੀ, ਜਸਵਿੰਦਰ ਸਿੰਘ ਜੌਨੀ, ਹਰਬੀਰ ਬਤਰਾ, ਪ੍ਰਭਜੋਤ ਬਤਰਾ, ਦਲਵੀਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ। ਉਹਨਾਂ ਤੋਂ ਇਲਾਵਾ ਚਰਨਜੀਤ ਸਿੰਘ ਸਰਪੰਚ ਚੇਅਰਮੈਨ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ, ਰਤਨ ਸਿੰਘ, ਹਰੀਰਾਜ ਸਿੰਘ, ਪ੍ਰੀਤ ਠੱਕਰ ਅਤੇ ਡਾ. ਸੁਧੀਰ ਸਕਸੇਰੀਆ ਅਤੇ ਡੀ.ਐੱਮ. ਵੀ. (ਡੀ.ਸੀ, ਮੈਰੀਲੈਂਡ, ਵਰਜ਼ੀਨੀਆਂ) ਦੀਆਂ ਉੱਘੀਆਂ ਸਖਸ਼ੀਅਤਾਂ ਵੀ ਪੁੱਜੀਆਂ। ਸਮਾਗਮ ਦੀ ਖਾਸੀਅਤ ਸੀ ਕਿ ਇਸ ਵਿਚ ਹਰ ਭਾਈਚਾਰੇ ਭਾਵ ਸਿੱਖ, ਹਿੰਦੂ, ਮੁਸਲਿਮ ਕਿ੍ਰਸ਼ਚਨ ਦੇ ਨੁਮਾਇੰਦੇ ਸ਼ਾਮਿਲ ਹੋਏ। ਸਮਾਗਮ ਦਾ ਆਰੰਭ ਭਾਈ ਸਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ‘ਦੇਹਿ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥’ ਦੇ ਗਾਇਨ ਨਾਲ ਹੋਈ। ਉਪਰੰਤ ਭਾਸ਼ਣ ਦਿੰਦਿਆਂ ਗਵਰਨਰ ਗਵਰਨਰ ਵੈੱਸਮੋਰ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਤਰੱਕੀ ਵਿਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸਿੱਖਾਂ ਦਾ ਇਤਿਹਾਸ ਬਹੁਤ ਹੀ ਅਮੀਰ ਹੈ ਅਤੇ ਸਭ ਤੋਂ ਦਿਲ ਟੁੰਬਵੀਂ ਗੱਲ ਇਹ ਹੈ ਕਿ ਇਸ ਦਾ ਸਿਧਾਂਤ ਸਰਬੱਤ ਦਾ ਭਲਾ ਮੰਗਣ ਵਾਲਾ ਹੈ। ਉਨਾਂ ਆਪਣੇ ਭਾਸ਼ਣ ਵਿਚ ਪੰਜ ਪਿਆਰਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਸਮਾਗਮ ਵਿਚ ਪਹੁੰਚੇ ਸਮੂਹ ਮਹਿਮਾਨਾਂ ਖਾਸਕਰ ਸਿੱਖ ਭਾਈਚਾਰੇ ਨੂੰ ਜੀ ਆਇਆਂ ਆਖਦਿਆਂ 1940 ’ਚ ਕਾਂਗਰਸਮੈਨ ਬਣੇ ਪਹਿਲੇ ਏਸ਼ੀਅਨ ਦਲੀਪ ਸਿੰਘ ਸੋਂਧ ਦੀ ਸੰਖੇਪ ਜੀਵਨੀ ਸਾਂਝੀ ਕੀਤੀ। ਨੁਮਾਇੰਦਿਆਂ ਦੇ ਭਾਸ਼ਣ ਉਪਰੰਤ ਗਵਰਨਰ ਵੈੱਸ ਮੋਰ, ਫਸਟ ਲੇਡੀ ਅਤੇ ਲੈਫਟੀਨੈਂਟ ਗਵਰਨਰ ਵੈੱਸ ਮੋਰ ਨੂੰ ਸਿੱਖਸ ਆਫ ਅਮੈਰਿਕਾ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਅੰਤ ਵਿਚ ਆਏ ਹੋਏ ਮਹਿਮਾਨਾਂ ਨੂੰ ਡਿਨਰ ਦਿੱਤਾ ਗਿਆ।