ਭਾਈਚਾਰਕ ਸਾਂਝਾਂ ਅਤੇ ਲੋਕ ਸੰਘਰਸ਼ਾਂ ਦਾ ਦੁਸ਼ਮਣ ਤਾਰਿਕ ਫਤਿਹ

ਭਾਈਚਾਰਕ ਸਾਂਝਾਂ ਅਤੇ ਲੋਕ ਸੰਘਰਸ਼ਾਂ ਦਾ ਦੁਸ਼ਮਣ ਤਾਰਿਕ ਫਤਿਹ

ਭਗਤ ਕਬੀਰ ਸਾਹਿਬ ਫ਼ੁਰਮਾਉਂਦੇ ਨੇ ਕਿ ਸਾਕਤ ਨਾਲੋਂ, ਸੂਰ ਚੰਗਾ ਹੈ, ਜੋ ਪਿੰਡ ਨੂੰ ਸਾਫ ਸੁਥਰਾ ਰਖਦਾ ਹੈ। ਜਦ ਸਾਕਤ ਮਰ ਜਾਂਦਾ ਹੈ, ਕੋਈ ਉਸ ਦਾ ਨਾਮ ਤਕ ਨਹੀਂ ਲੈਂਦਾ, ਕਿਉਂਕਿ ਉਹ ਆਪਣੇ ਗੰਦੇ ਸੁਭਾਅ ਕਾਰਨ ਸਦਾ ਗੰਦਗੀ ਹੀ ਫੈਲਾਉਂਦਾ ਹੈ।

ਇਹ ਬਚਨ ਕੈਨੇਡਾ ਦੇ ਸਾਕਤ ਨਿੰਦਕ ਤਾਰਿਕ 'ਤੇ ਪੂਰੀ ਤਰ੍ਹਾਂ ਢੁਕਦੇ ਹਨ। ਆਪਣੇ ਨਫਰਤ ਭਰੇ ਵਿਚਾਰਾਂ ਨਾਲ ਗੰਦਗੀ ਫੈਲਾਉਣ ਵਾਲਾ 'ਘੱਟ ਗਿਣਤੀਆਂ ਦਾ ਨਿੰਦਕ ਅਤੇ ਫਾਸ਼ੀਵਾਦੀ ਸਰਕਾਰੀ ਭੂਖਣਾ' ਤਾਰਿਕ ਫਤਿਹ ਸੰਸਾਰ ਤੋਂ ਤੁਰ ਗਿਆ ਹੈ, ਪਰ ਪਿੱਛੇ ਆਪਣੀ ਵਿਰਾਸਤ ਦੇ ਰੂਪ ਵਿੱਚ ਘੱਟ ਗਿਣਤੀਆਂ ਪ੍ਰਤੀ ਨਫਰਤ, ਆਪਣੀ ਕੌਮ ਤੇ ਭਾਈਚਾਰੇ ਪ੍ਰਤੀ ਮਾੜੀ ਸੋਚ ਅਤੇ ਸਰਕਾਰ ਦੇ ਧੱਕੇ ਨਾਲ ਪੀੜਤ ਲੋਕਾਂ ਬਾਰੇ ਬੇਈਮਾਨੀ ਭਰਿਆ ਗੰਦ ਛੱਡ ਗਿਆ ਹੈ।

     ਉਸ ਨੂੰ ਜੇਕਰ ਭਾਈਚਾਰਕ ਸਾਂਝਾਂ ਅਤੇ ਲੋਕ ਸੰਘਰਸ਼ਾਂ ਦਾ ਦੁਸ਼ਮਣ ਕਹਿ ਲਿਆ ਜਾਏ, ਤਾਂ ਗਲਤ ਨਹੀਂ ਹੋਵੇਗਾ। ਮੁਸਲਮਾਨਾਂ ਅਤੇ ਸਿੱਖਾਂ ਪ੍ਰਤੀ ਤਾਰਿਕ ਫਤਿਹ ਦੀ ਜ਼ਹਿਰੀਲੀ ਸੋਚ ਕਰਕੇ ਉਸ ਦਾ ਧੰਨਵਾਦ ਕਰਨ ਵਾਲੇ, ਸਰਕਾਰੀ ਟੁੱਕੜ ਬੋਚ, ਭਾਰਤੀ ਰਾਸ਼ਟਰਵਾਦੀ ਉੱਸ ਨੂੰ ਸ਼ਰਧਾਂਜਲੀ ਦੇ ਰਹੇ ਹਨ, ਪਰ ਇਹ ਸੱਚ ਹੈ ਕਿ ਅਜਿਹੇ ਸਾਕਤ ਦਾ ਸੱਚ ਜਿਉਂ ਜਿਉਂ ਦੁਨੀਆਂ ਸਾਹਮਣੇ ਆਏਗਾ, ਉਸ ਦਾ ਹਾਲ ਧੋਬੀ ਦੇ ਕੁੱਤੇ ਵਾਲਾ ਹੀ ਹੋਏਗਾ, ''ਨਾ ਘਰ ਦਾ ਨਾ ਘਾਟ ਦਾ'। ਆਪਣਿਆਂ ਨਾਲ ਗੱਦਾਰੀ ਕਰਨ ਵਾਲੇ ਹਰ ਸ਼ਖ਼ਸ ਦਾ ਇਹੀ ਹਾਲ ਹੁੰਦਾ ਹੈ ਤੇ ਹੋਵੇਗਾ ਵੀ। 

 ਭਾਰਤੀ ਮੀਡੀਏ ਦੇ ਰਾਸ਼ਟਰਵਾਦੀ ਅਤੇ ਇੱਥੋਂ ਤੱਕ ਕਿ ਪੰਜਾਬੀ ਦੇ ਕੁਝ ਗੋਦੀ ਮੀਡੀਆਕਾਰ ਵੀ ਝੂਠੀ ਬਿਆਨਬਾਜ਼ੀ ਕਰਦਿਆਂ ਹੋਇਆਂ ਤਾਰਿਕ ਦੀਆਂ ਤਰੀਫ਼ਾਂ ਕਰ ਰਹੇ ਹਨ, ਜਦਕਿ ਸੱਚਾਈ ਇਸ ਤੋਂ ਬਿਲਕੁਲ ਉਲਟ ਹੈ। ਜਿਵੇਂ ਕੁੱਤੇ ਦੀ ਪੂਛ ਬਾਰਾਂ ਸਾਲ ਨਲਕੀ 'ਚ ਪਾਈ ਰੱਖੋ, ਸਿੱਧੀ ਨਹੀਂ ਹੁੰਦੀ, ਅਜਿਹਾ ਹੀ ਸੀ ਕੈਨੇਡਾ ਦਾ ਇੰਡੀਅਨ ਏਜੰਸੀਆਂ ਦਾ ਝੋਲੀ-ਚੁੱਕ ਤਾਰਕ ਫ਼ਤਿਹ। ਉਸ ਨੇ ਆਪਣੇ ਭਾਈਚਾਰੇ ਨਾਲ, ਭਾਵ ਮੁਸਲਮਾਨਾਂ ਨਾਲ ਗ਼ੱਦਾਰੀ ਕਰਨ ਸਮੇਤ, ਘੱਟ ਗਿਣਤੀਆਂ ਸਬੰਧੀ ਜ਼ਹਿਰ ਉਗਲਣ ਵਿੱਚ ਕੋਈ ਮੌਕਾ ਨਹੀਂ ਖੁੰਝਾਇਆ। ਸੋਸ਼ਲ ਮੀਡੀਆ 'ਤੇ ਤਾਰਿਕ ਦੀਆਂ ਅਜਿਹੀਆਂ ਅਨੇਕਾਂ ਵੀਡੀਓ ਹਨ, ਜਿਨਾਂ ਵਿੱਚ ਉਹ ਬਾਬਰੀ ਮਸਜਿਦ ਬਾਰੇ, ਮੁਸਲਿਮ ਨਾਵਾਂ ਵਾਲੇ ਸ਼ਹਿਰਾਂ ਦੇ ਨਾਮ ਬਦਲਣ ਬਾਰੇ, ਕਰੀਨਾ ਕਪੂਰ ਦੇ ਪੁੱਤਰ ਤੈਮੂਰ ਦੇ ਨਾਂ ਨੂੰ ਬੁਰਾ ਭਲਾ ਕਹਿਣ ਬਾਰੇ ਆਪਣੇ ਵਿਵਾਦਗ੍ਰਸਤ ਬਿਆਨ ਦਿੰਦਾ ਰਿਹਾ। 

       ਕੈਨੇਡਾ ਦੇ ਸਿੱਖਾਂ ਬਾਰੇ ਟਿੱਪਣੀਆਂ ਕਰਦਿਆਂ ਹੋਇਆਂ ਡੀ ਪੀ ਆਗੂ ਜਗਮੀਤ ਸਿੰਘ ਤੋਂ ਲੈ ਕੇ ਹਰਜੀਤ ਸਿੰਘ ਸੱਜਣ ਤੱਕ ਨੂੰ ਨਿੰਦਦਾ ਰਿਹਾ। ਇਥੋਂ ਤਕ ਕਿ 1984 ਦੀ ਸਿੱਖ ਨਸਲਕੁਸ਼ੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਦਾ ਰਿਹਾ, ਪਰ ਉਸਨੂੰ ਸਰਕਾਰੀ ਝੋਲੀ-ਚੁੱਕ ਲੋਕਾਂ ਤੋਂ ਬਗੈਰ ਹੋਰ ਕਿਸੇ ਨੇ ਵੀ ਗੰਭੀਰਤਾ ਨਾਲ ਨਾ ਲਿਆ। ਚਰਚਾ 'ਚ ਰਹਿਣ ਖਾਤਰ ਵਿਵਾਦ ਭਰੀਆਂ ਗੱਲਾਂ ਕਰਨ ਵਾਲੇ 'ਤਾਰਕ ਫਤਿਹ ਨੂੰ ਜੇਕਰ ਕੈਨੇਡਾ ਦਾ ਮਨਿੰਦਰਜੀਤ ਬਿੱਟਾ' ਕਿਹਾ ਜਾਵੇ, ਤਾਂ ਇਹ ਗਲਤ ਨਹੀਂ ਹੋਵੇਗਾ। 

     ਕਿਸਾਨ ਸੰਘਰਸ਼ ਵਿੱਚ ਜੂਝ ਰਹੇ ਦਿੱਲੀ ਬੈਠੇ ਪੰਜਾਬੀਆਂ ਅਤੇ ਹੋਰਨਾ ਸ਼ਹਿਰੀਆਂ ਬਾਰੇ ਤਾਰਕ ਫਤਿਹ ਨੇ ਬਕਵਾਸ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਸੀ ਕਿ ਕਿਸਾਨ ਸੰਘਰਸ਼ ਖਾਲਿਸਤਾਨੀ ਅਤੇ ਅਰਬਨ ਨਕਸਲਾਈਟਾਂ ਦਾ ਇਕ ਗੱਠਜੋੜ ਹੈ। ਅਜੋਕੇ ਸਮੇਂ ਦੁਨੀਆਂ ਵਿੱਚ ਸਭ ਤੋਂ ਵੱਧ ਚਰਚਿਤ ਰਹੇ ਕਿਸਾਨ ਸੰਘਰਸ਼ ਬਾਰੇ ਤਾਰਕ ਫਤਿਹ ਸਿਰੇ ਦਾ ਬਕਵਾਸ ਕਰਦਾ ਉਹ ਲਿਖਦਾ ਰਿਹਾ ਕਿ ''ਸ਼ਾਹੀਨ ਬਾਗ ਦੇ ਕੰਬਲ, ਟੈਂਟ, ਬਾਵਰਚੀ ਸਭ ਕਿਸਾਨ ਮੋਰਚੇ'' ਵਿੱਚ ਪਹੁੰਚ ਚੁੱਕੇ ਹਨ। ਏਜੰਸੀਆਂ ਦਾ ਟੁੱਕੜਬੋਚ ਹੋਣ ਦਾ ਫਰਜ਼ ਅਦਾ ਕਰਦਾ ਹੋਇਆ ਉਹ ਆਖਦਾ ਸੀ ਕਿ ਗ੍ਰਹਿ ਮੰਤਰਾਲੇ ਨੂੰ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਇਕੱਠਿਆਂ ਚੱਲ ਰਹੇ ਸੰਘਰਸ਼ ਬਾਰੇ ਜ਼ਹਿਰ ਉਗਲਦਾ ਤਾਰਕ ਫ਼ਤਿਹ 'ਮਨੋਜ ਜੋਸ਼ੀ' ਵਰਗੇ ਫਾਸ਼ੀਵਾਦੀਆਂ ਦੀਆਂ ਟਿੱਪਣੀਆਂ ਸਾਂਝੀਆਂ ਕਰਦਾ ਲਿਖਦਾ ਸੀ ਕਿ "ਕਾਂਗਰਸ ਦੀ ਵਿਡੰਬਨਾ ਦੇਖੋ ਕਿ ਇੰਦਰਾ ਠੋਕਦੀ" ਕਹਿਣ ਵਾਲਿਆਂ ਦਾ ਵੀ ਸਮਰਥਨ ਕਰਨਾ ਪੈ ਰਿਹਾ ਹੈ"। ਟੋਰਾਂਟੋ ਰਹਿੰਦਾ ਇਹ ਦੁਮਛੱਲਾ ਸੰਘਰਸ਼ ਕਰ ਰਹੇ ਲੋਕਾਂ ਬਾਰੇ ਜ਼ਹਿਰ ਉਗਲਦਾ ਰਿਹਾ ਹੈ। 

    ਕੈਨੇਡਾ ਦੀਆਂ ਰਾਜਨੀਤਕ ਪਾਰਟੀਆਂ ਦੀ ਬਦਲ-ਬਦਲ ਕੇ ਝੋਲੀ ਚੁੱਕਣ ਵਾਲਾ ਤਾਰਕ ਅਤੇ ਕਦੇ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਮੈਂਬਰ ਰਿਹਾ, ਕਦੇ ਲਿਬਰਲ ਪੱਖੀ ਹੋ ਨਿਬੜਿਆ ਅਤੇ ਕੰਜ਼ਰਵਟਿਵ ਸਟੀਫਨ ਹਾਰਪਰ ਦਾ ਭਗਤ। ਇਸੇ ਤਰਾਂ ਹੀ ਕਦੇ ਮੋਦੀ ਦੇ ਗੁਣ ਗਾਉਂਦਾ ਰਿਹਾ, ਕਦੇ ਟਰੰਪ ਦੇ ਤੇ ਕਦੇ ਹੋਰ ਸੱਜੇ ਪੱਖੀ ਲੀਡਰਾਂ ਦੇ। ਸਮੂਹ ਚੇਤੰਨ ਮਨੁੱਖੀ-ਅਧਿਕਾਰ ਹਮਾਇਤੀ ਅਤੇ ਅਗਾਂਹ ਵਧੂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਕਿਸਾਨ ਵਿਰੋਧੀ, ਦਲਿਤ ਵਿਰੋਧੀ, ਸਿੱਖ ਵਿਰੋਧੀ, ਮੁਸਲਿਮ ਵਿਰੋਧੀ ਅਤੇ ਕੁੱਲ ਮਿਲਾ ਕੇ ਲੋਕ ਵਿਰੋਧੀ ਸਰਕਾਰੀ ਟੁੱਕੜਬੋਚ ਤਾਰਕ ਦੇ ਝੂਠ ਦੇ ਪੁਲੰਦੇ ਨੂੰ ਨੰਗਾ ਕਰਦਿਆਂ, ਉਸ ਦੇ ਜੀਵਨ ਭਰ ਦੇ ਕੁਕਰਮਾਂ ਬਾਰੇ ਦੁਨੀਆਂ ਨੂੰ ਦੱਸਿਆ ਜਾਏ। 

    ਚਾਹੇ ਗੋਦੀ ਮੀਡੀਆ ਅਤੇ ਘੱਟਗਿਣਤੀਆਂ ਦੇ ਵਿਰੋਧੀ ਮਨੂਵਾਦੀ ਅਤੇ ਫਾਸ਼ੀਵਾਦੀ ਲੋਕ, ਤਾਰਕ ਫਤਹਿ ਨੂੰ ਸ਼ਰਧਾਂਜਲੀ ਦੇ ਰਹੇ ਹਨ, ਜਦਕਿ ਹੱਕ ਸੱਚ ਤੇ ਇਨਸਾਫ ਲਈ ਲੜਨ ਵਾਲੇ ਸੰਘਰਸ਼ਸ਼ੀਲ ਲੋਕ 'ਸਰਕਾਰੀ ਭੂਖਣੇ' ਤਾਰਕ ਫਤਹਿ ਨੂੰ ਲੱਖ ਲਾਹਣਤਾਂ ਪਾਉਂਦੇ ਹੋਏ, ਭਗਤ ਕਬੀਰ ਜੀ ਦਾ ਇਹ ਸਲੋਕ ਗਾ ਰਹੇ ਹਨ...

"ਕਬੀਰ ਸਾਕਤ ਤੇ ਸੂਕਰ ਭਲਾ

 ਰਾਖੈ ਆਛਾ ਗਾਉ।।

ਉਹੁ ਸਾਕਤੁ ਬਪੁਰਾ ਮਰਿ ਗਇਆ

ਕੋਇ ਨ ਲੈਹੈ ਨਾਉ।।"

 

ਡਾ. ਗੁਰਵਿੰਦਰ ਸਿੰਘ