ਕਿੰਨੇ ਨੀਰਜ ਚੋਪੜੇ ਨਿਕਲਣਗੇ ਦੇਸ਼ ਵਿਚੋਂ?

ਕਿੰਨੇ ਨੀਰਜ ਚੋਪੜੇ ਨਿਕਲਣਗੇ ਦੇਸ਼ ਵਿਚੋਂ?

ਖੇਡ ਜਗਤ

ਮਨਦੀਪ ਸਿੰਘ ਸੁਨਾਮ

ਭਾਵੇਂ ਭਾਰਤ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੈ ਪਰ ਜੇਕਰ ਦੁਨੀਆ ਦੇ ਖੇਡ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਅਜੇ ਵੀ ਦੁਨੀਆ ਦੇ ਫਾਡੀ ਦੇਸ਼ਾਂ ਦੀ ਕਤਾਰ ਵਿਚ ਹੀ ਖੜ੍ਹੇ ਹਾਂ। ਚੀਨ ਭਾਵੇਂ ਦੁਨੀਆ ਦੀ ਸਰਬੋਤਮ ਅਬਾਦੀ ਲਈ ਬੈਠਾ ਹੈ ਪਰ ਉਹ ਇਸ ਅਬਾਦੀ ਦੀ ਖੇਡਾਂ ਦੇ ਖੇਤਰ ਵਿਚ ਭਰਪੂਰ ਲਾਮਬੰਦੀ ਕਰਨ ਵਿਚ ਸਫਲ ਹੋਇਆ ਹੈ ਤੇ ਉਸ ਦੇ ਨੌਜਵਾਨ ਮੁੰਡੇ-ਕੁੜੀਆਂ ਨੇ ਦੁਨੀਆ ਦੇ ਖੇਡ ਨਕਸ਼ੇ 'ਤੇ ਆਪਣੇ-ਆਪ ਨੂੰ ਸਾਬਤ ਕੀਤਾ ਹੈ, ਉਹ ਉਲੰਪਿਕ ਖੇਡਾਂ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿਚ ਹੀ ਚਲਦੇ ਆ ਰਹੇ ਹਨ। ਬੀਤੀਆਂ ਟੋਕੀਉ ਉਲੰਪਿਕ ਖੇਡਾਂ (2020) ਜੋ ਕਿ 2021 ਵਿਚ ਨੇਪਰੇ ਚੜ੍ਹੀਆਂ ਹਨ, ਵਿਚ ਭਾਰਤ ਨੇ ਭਾਵੇਂ ਅਜੇ ਤੱਕ ਦੇ ਸਰਵੋਤਮ 7 ਤਗਮੇ ਜਿੱਤੇ ਹਨ ਪਰ ਕੀ ਏਨੀ ਵੱਡੀ ਆਬਾਦੀ ਵਾਲੇ ਮੁਲਕ ਲਈ ਇਹ ਤਗਮੇ ਕਾਫੀ ਹਨ? ਇਨ੍ਹਾਂ ਖੇਡਾਂ ਵਿਚ ਇਕ ਇਤਿਹਾਸਕ ਘਟਨਾਕ੍ਰਮ ਜੋ ਘਟਿਆ ਉਹ ਸੀ ਨੀਰਜ ਚੋਪੜਾ ਦਾ ਇਤਿਹਾਸਕ ਸੋਨ ਤਗਮਾ ਜੋ ਕਿ ਕਿਸੇ ਵੀ ਭਾਰਤੀ ਖਿਡਾਰੀ ਵਲੋਂ ਅਥਲੈਟਿਕਸ ਦੇ ਕਿਸੇ ਵੀ ਈਵੈਂਟ ਵਿਚ ਜਿੱਤਿਆ ਗਿਆ ਪਹਿਲਾ ਤਗਮਾ ਹੈ। ਆਓ, ਇਸ ਤਗਮੇ ਤੋਂ ਬਾਅਦ ਭਾਰਤੀ ਖੇਡ ਖੇਤਰ ਵਿਚ ਕੀ ਪ੍ਰਭਾਵ ਪਏ ਹਨ ਜਾਂ ਪੈ ਸਕਦੇ ਹਨ ਬਾਰੇ ਵਿਚਾਰ ਚਰਚਾਵਾਂ ਕਰੀਏ ।

ਏਨੀ ਵੱਡੀ ਜਨਸੰਖਿਆ ਵਿਚੋਂ ਪਹਿਲੀ ਵਾਰ ਇਕ 23 ਸਾਲ ਦੇ ਹਰਿਆਣਵੀ ਛੋਰੇ ਵਲੋਂ ਭਾਰਤੀ ਅਥਲੈਟਿਕਸ ਨੂੰ ਦੁਨੀਆ ਦੇ ਖੇਡ ਨਕਸ਼ੇ ਵਿਚ ਉਭਾਰ ਜ਼ਰੂਰ ਦਿੱਤਾ ਹੈ ਜਿਸ ਕਰਕੇ ਹੁਣ ਇਹ ਖਿਡਾਰੀ ਗਲੈਮਰਸ ਖੇਡ ਕ੍ਰਿਕਟ ਦੇ ਖਿਡਾਰੀਆਂ ਨੂੰ ਪ੍ਰਸਿੱਧੀ ਅਤੇ ਕਮਾਈ ਦੇ ਖੇਤਰ ਵਿਚ ਟੱਕਰ ਦੇ ਰਿਹਾ ਹੈ ਪਰ ਕੀ ਇਸ ਪ੍ਰਾਪਤੀ ਨਾਲ ਭਾਰਤ ਵਿਚ ਖੇਡ ਕ੍ਰਾਂਤੀ ਆ ਸਕਦੀ ਹੈ, ਇਹ ਵੱਡਾ ਸਵਾਲ ਖੜ੍ਹਾ ਹੁੰਦਾ ਹੈ? 23 ਸਾਲ ਦੇ ਇਸ ਛੈਲ ਛਬੀਲੇ ਗੱਭਰੂ ਦੇ ਭਾਲੇ ਨੇ ਜਿਸ ਤਰ੍ਹਾਂ ਉਲੰਪਿਕ ਖੇਡਾਂ ਦੇ ਸੋਨ ਤਗਮੇ 'ਤੇ ਨਿਸ਼ਾਨਾ ਲਾਇਆ, ਉਸ ਤੋਂ ਇਕ ਵਾਰ ਤਾਂ ਸਾਰਾ ਦੇਸ਼ ਹੀ ਝੂਮ ਉੱਠਿਆ ਸੀ ਤੇ ਹਰ ਪਾਸੇ ਬੱਚਾ-ਬੱਚਾ ਜੈਵਲਿਨ ਚੁੱਕੀ ਫਿਰਦਾ ਸੀ ਪਰ ਕੀ ਜ਼ਮੀਨੀ ਪੱਧਰ 'ਤੇ ਦੇਸ਼ ਵਿਚੋਂ ਯੋਗ ਬੱਚਿਆਂ ਨੂੰ ਚੁਣ ਕੇ ਦੇਸ਼ ਲਈ ਹੋਰ ਨੀਰਜ ਚੋਪੜੇ ਤਿਆਰ ਕੀਤੇ ਜਾ ਸਕਦੇ ਹਨ? ਕੀ ਜੈਵਲਿਨ ਤੋਂ ਬਿਨਾਂ ਅਥਲੈਟਿਕਸ ਦੇ ਹੋਰ ਈਵੈਂਟਾਂ ਵਿਚ ਦੁਨੀਆ ਦੀ ਦੂਸਰੀ ਵੱਡੀ ਆਬਾਦੀ ਦੇ ਮੁਲਕ ਵਿਚੋਂ ਹੋਰ ਖੇਡ ਸਿਤਾਰੇ ਤਿਆਰ ਕੀਤੇ ਜਾ ਸਕਦੇ ਹਨ ਜਾਂ ਨਹੀਂ? ਸਵਾਲ ਬਹੁਤ ਹਨ ਪਰ ਜਵਾਬ ਜ਼ਮੀਨੀ ਪੱਧਰ 'ਤੇ ਹੀ ਜਾਂ ਕੀ ਮਿਲਦੇ ਹਨ ਕਿਉਂਕਿ ਆਪਣੀ ਅਥਾਹ ਹੱਡ ਭੰਨਵੀਂ ਮਿਹਨਤ ਨਾਲ ਖੇਡਾਂ ਦੀ ਦੁਨੀਆ ਦੇ ਸਿਖਰ 'ਤੇ ਪਹੁੰਚਣ ਵਾਲਾ ਨੀਰਜ ਚੋਪੜਾ ਜਾਂ ਉਸ ਦੇ ਗੁਰੂ ਹੀ ਜਾਣ ਸਕਦੇ ਹਨ। ਉਸ ਨੇ ਇਸ ਪ੍ਰਾਪਤੀ ਲਈ ਕਿੰਨੀ ਕੁ ਘਾਲਣਾ ਘਾਲੀ ਹੈ? ਪਰ ਕੀ ਸਾਡੇ ਦੇਸ਼ ਦੇ ਛੋਟੇ-ਛੋਟੇ ਬੱਚੇ ਜੋ ਕਿ ਨਿੱਕੇ ਹੁੰਦੇ ਹੀ ਸਮਾਰਟ ਫੋਨਾਂ ਦੀ ਦੁਨੀਆ ਵਿਚ ਗੁੰਮ ਹੋ ਕੇ ਜਾਂ ਮੋਟਰਸਾਈਕਲਾਂ 'ਤੇ ਚੜ੍ਹ ਕੇ ਗੇੜੀਆਂ ਲਾਉਣ ਨੂੰ ਹੀ ਜ਼ਿੰਦਗੀ ਮੰਨੀ ਬੈਠੇ ਹਨ। ਉਹ ਖ਼ੂਨ-ਪਸੀਨਾ ਇਕ ਕਰਨ ਲਈ ਤਿਆਰ ਹਨ! ਸਵਾਲ ਦੇਸ਼ ਦੀ ਖੇਡ ਨੀਤੀ 'ਤੇ ਵੀ ਹੈ ਕਿ ਕਿਵੇਂ ਜ਼ਮੀਨੀ ਪੱਧਰ 'ਤੇ ਇਕ ਇਹੋ ਜਿਹੀ ਨੀਤੀ ਤਿਆਰ ਕੀਤੀ ਜਾਵੇ ਕਿ ਸਕੂਲੀ ਪੱਧਰ 'ਤੇ ਹੀ ਹੀਰਿਆਂ ਨੂੰ ਪਰਖ ਕੇ ਉਨ੍ਹਾਂ ਨੂੰ ਮਿਹਨਤ ਦੀ ਭੱਠੀ ਵਿਚ ਤਪਾਉਣ ਲਈ ਇਹੋ ਜਿਹਾ ਸਰੀਰਕ ਤੇ ਮਨੋਵਿਗਿਆਨਕ ਤੌਰ 'ਤੇ ਤਿਆਰ ਕੀਤਾ ਜਾਵੇ ਕਿ ਉਹ ਆਪਣੇ-ਆਪ ਨੂੰ ਖੇਡਾਂ ਦੇ ਉਸ ਮੁਕਾਮ 'ਤੇ ਖੜ੍ਹਾ ਦੇਖਣ ਦਾ ਸੁਪਨਾ ਸਜਾ ਲੈਣ ਕਿ ਉਨ੍ਹਾਂ ਨੂੰ ਉੱਠਦੇ-ਬੈਠਦੇ ਸਿਰਫ਼ ਦੁਨੀਆ ਦਾ ਸਿਖਰਲਾ ਮੁਕਾਮ ਹੀ ਯਾਦ ਰਹੇ। ਆਮ ਤੌਰ 'ਤੇ ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਉਦੋਂ ਤੱਕ ਖੇਡਾਂ ਵਿਚ ਮੱਲਾਂ ਮਾਰਨ ਦਾ ਚਾਅ ਰਹਿੰਦਾ ਹੈ। ਜਦੋਂ ਤੱਕ ਉਨ੍ਹਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਜਾਂਦਾ ਕਿਉਂਕਿ ਬਹੁਤਿਆਂ ਦਾ ਨਿਸ਼ਾਨਾ ਖੇਡਾਂ ਦੇ ਸਿਰ 'ਤੇ ਨੌਕਰੀ ਪਾਉਣਾ ਹੀ ਹੁੰਦਾ ਹੈ, ਲੋੜ ਹੈ ਇਸ ਸੋਚ ਨੂੰ ਵੀ ਵਿਕਸਿਤ ਕਰਨ ਦੀ। ਅੱਜ ਜਿਸ ਮੁਕਾਮ 'ਤੇ ਸਾਡਾ ਖੇਡ ਸਿਤਾਰਾ ਨੀਰਜ ਚੋਪੜਾ ਹੈ ਤੇ ਸ਼ੁਹਰਤ ਦੀ ਜਿਸ ਸਿਖਰ 'ਤੇ ਉਹ ਬੈਠਾ ਹੈ, ਉਸ ਤੋਂ ਵੱਧ ਦੁਨੀਆ ਵਿਚ ਕੁਝ ਵੀ ਨਹੀਂ ਪਰ ਅਜੇ ਵੀ ਦੇਸ਼ ਨੂੰ ਉਸ ਤੋਂ ਬਹੁਤ ਉਮੀਦਾਂ ਹਨ ਤੇ ਪਰਮਾਤਮਾ ਕਰੇ ਉਹ ਸਾਡੇ ਦੇਸ਼ ਲਈ ਅਗਲੀ ਉਲੰਪਿਕ ਵਿਚ ਵੀ ਸੋਨਾ ਜਿੱਤੇ। ਸੋ, ਜਾਂਦੇ-ਜਾਂਦੇ ਇਕ ਸਵਾਲ ਹੋਰ ਖੜ੍ਹਾ ਕਰਕੇ ਜਾਂਦਾ ਹਾਂ ਕਿ ਕਿਹੜੀ ਸੰਜੀਵਨੀ ਬੂਟੀ ਲਿਆਈਏ ਕਿ ਸਾਡੇ ਦੇਸ਼ ਦੇ ਨੌਜਵਾਨ ਨੀਰਜ ਚੋਪੜੇ ਦੇ ਪਦ ਚਿੰਨ੍ਹਾਂ 'ਤੇ ਚਲਦੇ ਹੋਏ ਮਿਹਨਤ ਦੀ ਭੱਠੀ ਵਿਚ ਤਪ ਕੇ ਦੇਸ਼ ਦੇ ਝੰਡੇ ਨੂੰ ਬੁਲੰਦ ਕਰ ਸਕਣ?