ਅੱਖੀ ਦੇਖਿਆ ਤੇ ਹੰਡਾਇਆ ਜੂਨ 1984 -(ਭਾਗ 6)

ਅੱਖੀ ਦੇਖਿਆ ਤੇ ਹੰਡਾਇਆ ਜੂਨ 1984 -(ਭਾਗ 6)

  6 ਜੂਨ 1984

5 ਅਤੇ 6 ਜੂਨ ਨੂੰ ਸਾਰੀ ਰਾਤ ਹੀ ਬਹੁਤ ਭਿਆਨਕ ਘਮਾਸਾਣ ਦਾ ਯੁੱਧ ਹੁੰਦਾ ਰਿਹਾ ਅਤੇ 6 ਜੂਨ ਨੂੰ ਅੰਮ੍ਰਿਤ-ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਰੋਜ਼ਾਨਾ ਦੀ ਮਾਣ-ਮਰਿਯਾਦਾ ਕੋਈ ਵੀ ਨਹੀਂ ਨਿਭ ਸਕੀ ਅਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਹੋ ਸਕਿਆ।

ਅਤਿ ਦੀ ਗਰਮੀ ਸੀ ਦੋ ਦਿਨਾਂ ਤੋ ਬਹੁਤੇ ਸਿੰਘਾਂ ਨੇ ਇਸ਼ਨਾਨ ਅਤੇ ਆਪਣੀ  ਸਰੀਰਕ ਕਿਰਿਆ ਵੀ ਨਹੀ ਸੀ ਕਰ ਸਕੇ ਅਤੇ ਭੁੱਖਣ ਭਾਣੇ ਹੀ ਫੌਜ ਦਾ ਪੂਰਾ ਮੁਕਾਬਲਾ ਕਰ ਰਹੇ ਸਨ। ਜਿਵੇਂ ਜਿਵੇਂ ਫੌਜ ਨੇ ਤੋਪਾਂ, ਟੈਂਕਾਂ ਦੇ ਗੋਲਿਆ ਨਾਲ ਸ੍ਰੀ ਅਕਾਲ ਤਖਤ ਸਾਹਿਬ ਵੱਲ ਵਧਣਾ ਸ਼ੁਰੂ ਕੀਤਾ, ਉਸੇ ਤਰਾਂ ਗੁਰੂ ਸਾਹਿਬ ਦੇ ਸਿੰਘ ਵੀ ਫੌਜੀਆਂ ਨੂੰ ਫੇਰ ਧੁਰ ਦੀ ਗੱਡੀ ਚਾੜਾਉਦੇੰ ਗਏ ਅਤੇ ਕਈ ਸਿੰਘ ਵੀ ਮੋਰਚਿਆਂ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਬਹੁਤੇ ਸਿੰਘ ਫੌਜ ਨਾਲ ਮੁਕਾਬਲਾ ਕਰਦੇ ਹੋਏ ਵੀ ਸੰਤਾਂ ਦੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਏ ਸਨ। 6 ਜੂਨ ਨੂੰ ਸਵੇਰੇ ਜਦੋਂ ਸੂਰਜ ਦੀ ਲੋਅ ਲੱਗਣੀ ਸ਼ੁਰੂ ਹੋਈ ਤਾਂ ਟੈਂਕ ਸਾਹਮਣੇ ਦਿਖਣੇ ਸ਼ੁਰੂ ਹੋ ਗਏ ਸਨ। ਅੰਮ੍ਰਿਤ ਵੇਲੇ ਦਮਦਮੀ ਟਕਸਾਲ ਦਾ ਵਿਦਿਆਰਥੀ ਪੰਜਾਂ ਪਿਆਰਿਆਂ ਵਿੱਚ ਸੇਵਾ ਕਰਨ ਵਾਲਾ ਭਾਈ ਰਣਜੀਤ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਸਤਰਾਂ ਵਾਲੀ ਪਾਲਕੀ ਦੇ ਬਾਹਰ ਵਾਲੀ ਸਾਇਡ ਤੇ ਫੌਜ ਨਾਲ ਬਹੁਤ ਹੀ ਦਲੇਰੀ ਨਾਲ ਜੂਝਦਾ ਹੋਇਆਂ ਸ਼ਹੀਦੀ ਪ੍ਰਾਪਤ ਕਰ ਗਿਆ। 

ਸਵੇਰੇ 6 ਕੁ ਵਜੇ ਦੇ ਕਰੀਬ ਸੰਤ ਕੁਝ ਸਿੰਘਾਂ ਨਾਲ ਭੋਰੇ ਵਿੱਚੋਂ ਸਰੀਰਕ ਕਿਰਿਆ ਕਰਨ ਵਾਸਤੇ ਬਹਾਰ ਆਏ, ਦਾਸ ਵੀ ਉਨ੍ਹਾ ਸਿੰਘਾਂ ਦੇ ਨਾਲ ਸੀ। ਮਹਾਂਪੁਰਖਾੰ ਨੇ ਦੋ ਦਿਨਾਂ ਤੋਂ ਕੁਝ ਵੀ ਨਹੀਂ ਸੀ ਛੱਕਿਆ, ਉਹ ਸਾਰੇ ਹਾਲਤ ਦੇਖ ਕੇ ਉਸ ਸਮੇਂ ਮਹਾਂਪੁਰਖਾਂ ਦੀ ਉਹ ਧਾਰਨਾ ਦਾਸ ਨੂੰ ਵਾਰ ਵਾਰ ਯਾਦ ਆ ਰਹੀ ਸੀ ਅਤੇ ਮਨ ਤੇ ਗਹਿਰਾ ਅਸਰ ਕਰ ਰਹੀ ਸੀ, ਜੋ ਸੰਤ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਪੜਾਇਆ ਕਰਦੇ ਸਨ (ਇਹ ਪੰਛੀ ਇਕੱਲਾ ਹੈ, ਇਹਦੇ ਮਗਰ ਸ਼ਿਕਾਰੀ ਬਹੁਤੇ)। 

ਉਸ ਸਮੇਂ ਆਪੁਣੇ ਪੰਥਕ ਲੀਡਰ ਅਖਵਾਉਣ ਵਾਲੇ ਲੋਕਾਂ ਦਾ ਵੀ ਪਤਾ ਲੱਗ ਗਇਆ ਜਿਨ੍ਹਾਂ ਨੇ ਸਿੱਖ ਸੰਗਤਾਂ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੰਥ ਲਈ ਸ਼ਹੀਦੀਆਂ ਪਾਉਣ ਲਈ ਮਰਜੀਵੜੇ ਬਣ ਕੇ ਸੌੰਹਾ ਚੁੱਕੀਆਂ ਸਨ। ਉਹ ਵੀ ਸਾਰੇ ਸਾਥ ਛੱਡ ਗਏ ਸਨ ਅਤੇ ਜਿਹੜੇ ਇਹ ਕਹਿੰਦੇ ਸਨ ਕਿ ਅਗਰ ਸ੍ਰੀ ਦਰਬਾਰ ਸਾਹਿਬ ਵਿਖੇ ਪੁਲੀਸ ਜਾ ਮਿਲਟਰੀ ਅੰਦਰ ਦਾਖਲ ਹੋਈ ਤਾਂ ਉਹ ਸਾਡੀਆ ਲਾਸ਼ਾਂ ਉੱਤੇ ਦੀ ਹੋਕੇ ਅੱਗੇ ਜਾਵੇਗੀ। ਜਦੋਂ ਫੌਜ ਸ੍ਰੀ ਦਰਬਾਰ ਸਾਹਿਬ ਵਿਖੇ ਅੰਦਰ ਆਈ ਤਾਂ ਉਹ ਪੰਥਕ ਲੀਡਰ ਅਖਵਾਉਣ ਵਾਲਿਆ ਦੀਆੰ ਲਾਸ਼ਾਂ ਤੋ ਨਹੀ, ਧਰਮੀ ਗੁਰਸਿੱਖਾਂ ਦੀਆਂ ਲਾਸ਼ਾਂ ਤੋ ਲੰਘ ਕੇ ਆਈ। ਪਰ ਇਹ ਸਾਰੇ ਲੀਡਰ ਉਲਟਾ ਹੱਥ ਖੜੇ ਕਰਕੇ ਧਰਮੀ ਸਿੰਘਾਂ ਦੀਆਂ ਅਤੇ ਸਿੱਖ ਸੰਗਤਾਂ ਦੀਆਂ ਲਾਸ਼ਾਂ ਉਤੋੰ ਦੀ ਲੰਘ ਕੇ ਸਰਕਾਰੀ ਫੌਜੀਆਂ ਦੀਆਂ ਗੱਡੀਆਂ ਵਿੱਚ ਬੈਠ ਕੇ ਅਹੁ ਗਏ ਤੇ ਅਹੁ ਗਏ। 

ਦੂਜੇ ਪਾਸੇ ਮਹਾਂਪੁਰਖ ਕਹਿਣੀ ਕਥਨੀ ਦੇ ਪੂਰੇ, ਸੂਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਹਾਰਲੇ ਪਾਸੇ ਬਣੇ ਹੋਏ ਬਾਥਰੂਮਾਂ ਵਿੱਚ ਆਪਣੀ ਸਰੀਰਕ ਕਿਰਿਆ ਕਰਕੇ ਫੇਰ ਪੰਜ ਇਸ਼ਨਾਨਾਂ ਕੀਤਾ ਅਤੇ ਭਾਈ ਗੁਰਮੁਖ ਸਿੰਘ ਗੜਬਈ ਜਦੋ ਸੰਤਾ ਦੇ ਹੱਥ ਸੁੱਚੇ ਕਰਵਾ ਰਿਹਾ ਸੀ ਤਾਂ ਸੰਤਾਂ ਨੇ ਹੱਥ ਸੁੱਚੇ ਕਰਦਿਆਂ ਸਿੰਘਾਂ ਨੂੰ ਪੁੱਛਿਆਂ ਖ਼ਬਰਾਂ ਸੁਣੋ ਕਰਫਿਊ ਕਿੰਨੇ ਵਜੇ ਤੱਕ ਹੈ।  ਕੋਲੇ ਖੜੇ ਸਿੰਘਾਂ ਨੇ ਵਿੱਚੋਂ ਹੀ ਕਿਹਾ ਕਿ ਬਾਬਾ ਜੀ ਕਰਫਿਊ 9 ਵਜੇ ਤੱਕ ਹੈ ਉਸ ਸਮੇਂ ਫੌਜ ਨਾਲ ਪਰਕਰਮਾ ਵਿੱਚ ਗਹਿ ਗਚਵੀੰ ਲੜਾਈ ਚਲ ਰਹੀ ਸੀ। ਜਿਸ ਪਾਸੇ ਤੋਂ ਵੀ ਸਿੰਘ ਗੋਲੀ ਚਲਾਉਂਦੇ ਸਨ, ਉੱਥੇ ਫੌਜ ਵੱਲੋਂ ਟੈਂਕਾਂ ਦੇ ਗੋਲਿਆਂ ਦੀ ਵਛਾੜ ਹੀ ਕੀਤੀ ਜਾਂਦੀ ਸੀ। 

ਸੰਤ ਦੁਬਾਰਾ ਫੇਰ ਸਿੰਘਾਂ ਨਾਲ ਥੱਲੇ ਭੋਰੇ ਵਿੱਚ ਚਲੇ ਗਏ, ਦਾਸ ਭੋਰੇ ਵਿਚੋੰ ਥੋੜੇ ਸਮੇਂ ਲਈ ਉੱਪਰ ਸਿੰਘਾਂ ਕੋਲੇ ਆਇਆ ਤਾਂ ਭਾਈ ਅਜਾਇਬ ਸਿੰਘ ਮਹਿਤੇ ਵਾਲੇ, ਭਾਈ ਹਰਵਿੰਦਰ ਸਿੰਘ ਸ਼ੈਤਾਨ ਮਨਾਵੇੰ ਵਾਲਾ, ਭਾਈ ਪ੍ਰੀਤਮ ਸਿੰਘ ਪ੍ਰੀਤਾ ਫੱਤੂਢੀੰਗੇ ਵਾਲਾ, ਭਾਈ ਲਾਭ ਸਿੰਘ, ਭਾਈ ਅਨੋਖ ਸਿੰਘ ਉਭੋਕੇ ਅਤੇ ਹੋਰ ਸਿੰਘ ਬਹੁਤ ਦਲੇਰੀ ਅਤੇ ਬਹਾਦਰੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਖ ਰਹੇ ਨੇੜੇ ਆਏ ਫੌਜੀਆਂ ਨੂੰ ਭਾਜੜਾਂ ਪਾ ਰਹੇ ਸਨ ਅਤੇ ਉੱਚੀ ਉੱਚੀ ਜੈਕਾਰੇ ਲਾਉਦੇ ਫੌਜੀਆਂ ਨੂੰ ਉੱਚੀ ਉੱਚੀ ਕਹਿ ਰਹੇ ਸਨ ਕਿ ਜ਼ਰਾ ਨੇੜੇ ਆਓ ਤੁਹਾਨੂੰ ਭਿੰਡਰਾਂ ਵਾਲਾ ਦਈਏ। ਲਾੜੀ ਮੌਤ ਨੂੰ ਪੂਰੇ ਮਖੌਲ ਕਰ ਰਹੇ ਸਨ ਤੇ ਕਿਸੇ ਵੀ ਸਿੰਘ ਤੇ ਮੌਤ ਦਾ ਕੋਈ ਵੀ ਅਸਰ ਨਹੀਂ ਸੀ ਦਿਖ ਰਹਿਆ ਬਲਕਿ ਸ਼ਹੀਦੀਆਂ ਪਾਉਣ ਦੇ ਲਈ ਬਹੁਤ ਚਾਅ ਚੜ੍ਹੇ ਹੋਏ ਸਨ। 

ਮੈਂ ਦੇਖ ਰਿਹਾ ਸੀ ਕਿ ਮਹਾਂਪੁਰਖਾਂ ਦੇ ਵੱਡੇ ਭਰਾ ਬਾਪੂ ਜੰਗੀਰ ਸਿੰਘ ਜੀ ਨੂੰ ਉਨ੍ਹਾਂ ਨੇ ਆਪਣੇ ਗਲ ਵਿੱਚ ਨਵਾਂ ਚੋਲਾ ਪਾਇਆ ਅਤੇ ਗਲ ਵਿੱਚ ਪਾਈ ਸ੍ਰੀ ਸਾਹਿਬ ਨੂੰ ਨਵਾਂ ਗਾਤਰਾ ਪਾ ਰਹੇ ਸਨ ਮੈਂ ਪੁੱਛਿਆਂ ਬਾਪੂ ਜੀ ਤੁਸੀਂ ਇਹ ਕੀ ਕਰਦੇ ਹੋ? ਮੈਨੂੰ ਬਾਪੂ ਨੇ ਕਿਹਾ ਮੁਖੀ ਤੈਨੂੰ ਨਹੀਂ ਪਤਾ ਥੋੜੇ ਸਮੇੰ ਨੂੰ ਸੰਤਾਂ ਨੇ ਬਰਾਤ ਲੈ ਕੇ ਲਾੜੀ ਮੌਤ ਦੀ ਘੋੜੀ ਚੜਨਾ ਹੈ? ਉਮਰ ਵਿੱਚ ਸੰਤ ਭਾਵੇੰ ਮੇਰੇ ਨਾਲ਼ੋਂ ਕਾਫ਼ੀ ਛੋਟੇ ਹਨ ਤੇ ਮੈ ਵੱਡਾ ਹਾਂ, ਪਰ ਭਰਾ ਹੋਣ ਕਰਕੇ ਸਰਵਾਲਾ ਤਾਂ ਸੰਤਾਂ ਦਾ ਮੈਂ ਹੀ ਬਣੂੰਗਾ। ਬਾਪੂ ਨੇ ਮੈਨੂੰ ਵੀ ਕਿਹਾ ਮੁਖੀ ਤੈ ਨਹੀਂ ਜਾਣਾ ਬਰਾਤੇ? ਮੈਂ ਕਿਹਾ ਮੈਂ ਵੀ ਜਾਣਾ ਹੈ, ਪਰ ਹਰ ਕਿਸੇ ਨੂੰ ਉੱਤਮ ਭਾਗਾਂ ਤੋਂ ਬਗੈਰ ਸ਼ਹਾਦਤ ਦੀ ਪ੍ਰਾਪਤੀ ਨਹੀ ਹੁੰਦੀ! ਉਹ ਬਾਪੂ ਦੇ ਬੋਲ ਉਸੇ ਤਰਾਂ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ ਅਤੇ ਗੁਰਬਾਣੀ ਦਾ ਉਹ ਪਾਵਨ ਸ਼ਬਦ ਅਟੱਲ ਹੈ (ਜੋਰੁ ਨ ਜੀਵਣਿ ਮਰਣਿ ਨਹ ਜੋਰੁ) ਭਾਵ ਜੀਵਨ ਅਤੇ ਮਰਣ ਵਿੱਚ ਸਾਡੀ ਕੋਈ ਵੀ ਕਿਸੇ ਦੀ ਸਮਰੱਥਾ ਕੰਮ ਨਹੀਂ ਕਰਦੀ। 

ਫੇਰ ਉਸ ਤੋਂ ਬਾਅਦ ਮੈਂ ਭਾਈ ਹਰਚਰਨ ਸਿੰਘ ਜੀ ਮੁਕਤਾ ਜੀ ਨੂੰ ਮਿਲਿਆਂ, ਉਨ੍ਹਾਂ ਨੇ ਆਪੁਣੇ ਸਿਰ ਉਤੇ ਲੋਹੇ ਦੀ ਇਕ ਬਾਲਟੀ ਪਾਕੇ ਦਿਖਾਈ ਮੈਂ ਬੇਨਤੀ ਕੀਤੀ ਮੁਕਤਾ ਜੀ ਤੁਸੀਂ ਇਹ ਲੋਹੇ ਦੀ ਬਾਲਟੀ ਕਿਉਂ ਪਾ ਲਈ ਹੈ? ਮੁਕਤਾ ਜੀ ਨੇ ਜੋ ਉਸ ਵੇਲੇ ਮੈਨੂੰ ਜੋ ਬਚਨ ਕਿਹਾ ਉਸ ਨੂੰ ਸੁਣ ਕੇ ਮੈਂ ਹੈਰਾਨ ਹੋਕੇ ਪੁਰਾਤਨ ਸਿੰਘਾਂ ਦੇ ਵਿਚਾਰ ਜੋ ਪੜਦਾ ਤੇ ਸੁਣਦਾ ਸੀ ਕਿ ਸਿੰਘ ਮੌਤ ਨੂੰ ਕਿਸ ਤਰਾ ਮਖੌਲ ਕਰਦੇ ਸੀ, ਅੱਜ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਅਤੇ ਕੰਨਾ ਨਾਲ ਸੁਣ ਰਿਹਾ ਸੀ। ਦਾਸ ਆਪ ਮੁਹਾਰੇ ਬੋਲ ਰਿਹਾ ਸੀ ਧੰਨ ਗੁਰੂ ਕਲਗ਼ੀਧਰ ਸੱਚੇ ਪਾਤਸ਼ਾਹ! ਤੁਹਾਡੀ ਸਿੱਖੀ ਅਤੇ ਧੰਨ ਤੁਹਾਡੇ ਇਹ ਮਰਜੀਵੜੇ ਸਿੱਖ! ਜੋ ਸਾਹਮਣੇ ਖੜੀ ਮੌਤ ਨੂੰ ਕਿਸ ਤਰਾਂ ਮਖੌਲ ਕਰਦੇ ਹਨ! ਮੁਕਤਾ ਜੀ ਕਹਿੰਦੇ ਆਪਾਂ ਨੇ ਅੱਜ ਸ਼ਹੀਦ ਹੋ ਜਾਣਾ ਹੈ, ਸ਼ਹੀਦੀ ਤੋਂ ਬਆਦ ਕਿਸੇ ਨੂੰ ਮੇਰੀ ਪਛਾਣ ਕਰਨ ਵਿੱਚ ਕੋਈ ਮੁਸ਼ਕਲ ਨਾਂ ਆਵੇ ਜਦੋਂ ਸਿਰ ਤੋਂ ਬਾਲਟੀ ਪਰੇ ਕਰਨਗੇ ਤਾਂ ਦੁਸ਼ਮਣਾਂ ਨੂੰ ਪਤਾ ਲੱਗੇਗਾ ਕਿ ਇਹ ਹੈ ਭਾਈ ਹਰਚਰਨ ਸਿੰਘ ਮੁਕਤਾ ਜੋ ਦੀਵਾਨ ਮੰਜੀ ਸਾਹਿਬ ਹਾਲ ਵਿਖੇ ਸਟੇਜ ਤੇ ਕਵਿਤਾ ਰਾਹੀਂ ਕਹਿੰਦਾ ਹੁੰਦਾ ਸੀ “ਸੁਣੋ ਵੀਰ ਜਵਾਨੋ ਗਭਰੂਓ ਸਿੱਖੀ ਤੋਂ ਜੁਆਨੀ ਵਾਰ ਦਿਉ ਅੱਜ ਪੰਥ ਬੜਾ ਕਰਜਈਐ ਸਿਰ ਦੇਕੇ ਕਰਜ਼ ਉਤਾਰ ਦਿਓ” ਦਾਸ ਦਾ ਉਸ ਵੇਲੇ ਮਨ ਕਰਦਾ ਸੀ ਕਿ ਮੁਕਤਾ ਜੀ ਦੇ ਚਰਨਾ ਨੂੰ ਛੋਹ ਲਵਾਂ। ਮੈਂ ਇਤਿਹਾਸ ਵਿੱਚ ਪੜਿਆ ਸੀ ਅਤੇ ਗੁਰੂ ਘਰ ਦੇ ਪ੍ਰਚਾਰਕਾਂ ਤੋਂ ਸੁਣਦਾ ਸੀ ਕਿ ਪੁਰਾਤਨ ਸਿੰਘਾਂ ਨੂੰ ਵੀ ਲਾੜੀ ਮੌਤ ਦਾ ਕੋਈ ਕਿਸੇ ਕਿਸਮ ਦਾ ਭੈ ਨਹੀ ਸੀ ਹੁੰਦਾ ਅਤੇ ਭੈ ਤੋਂ ਰਹਿਤ ਹੋਕੇ ਲਾੜੀ ਮੌਤ ਨਾਲ ਮਖੌਲ ਅਤੇ ਕਲੋਲ ਕਰਦੇ ਹੁੰਦੇ ਸਨ, ਮੈ ਅੱਜ ਉਹ ਸਭ ਕੁਝ ਆਪੁਣੀ ਅੱਖਾਂ ਅੱਗੇ ਹੁੰਦਾ ਦੇਖ ਰਿਹਾ ਸੀ। 

ਦਾਸ ਫੇਰ ਥੱਲੇ ਭੋਰੇ ਵਿੱਚ ਸੰਤਾੰ ਦੇ ਕੋਲ ਆ ਗਿਆ। ਉਸ ਵੇਲੇ ਸੰਤਾਂ ਕੋਲ ਸ੍ਰੀ ਅਕਾਲ ਤਖਤ ਸਾਹਿਬ ਤੇ ਤਕਰੀਬਨ 70 ਕੁ ਸਿੰਘ ਇਕਠੇ ਹੋ ਗਏ ਸਨ। ਜੋ ਸਿੰਘ ਨੇੜੇ ਦੇ ਮੋਰਚਿਆਂ ਵਿੱਚ ਸਨ, ਉਹ ਵੀ ਸਾਰੇ ਸੰਤਾਂ ਕੋਲ ਇਕੱਠੇ ਹੋ ਗਏ ਸਨ। 8.30 ਕੁ ਵਜੇ ਟੈਂਕਾਂ ਦਿਆਂ ਗੋਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਥੜਾ ਸਾਹਿਬ ਤੇ ਸੁਭਾਇਮਾਨ ਗੁਰੂ ਸਾਹਿਬ ਜੀ ਦੇ ਸ਼ਸਤਰਾਂ ਵਾਲੀ ਪਾਲਕੀ ਸਾਹਿਬ ਨੂੰ ਤੋਪ ਦਾ ਗੋਲਾ ਮਾਰਕੇ ਉਡਾ ਦਿੱਤਾ। ਭਾਈ ਗੁਰਮੁਖ ਸਿੰਘ ਗੜਬਈ ਨੇ ਥੱਲੇ ਆਕੇ ਸੰਤਾਂ ਨੂੰ ਕਿਹਾ ਕਿ ਬਾਬਾ ਜੀ ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਨਾਲ ਫੌਜ ਨੇ ਸ਼ਸਤਰਾਂ ਵਾਲੀ ਪਾਲਕੀ ਸਾਹਿਬ ਉਡਾ ਦਿੱਤੀ ਹੈ। ਐਨੀ ਗੱਲ ਜਦੋਂ ਸੰਤਾਂ ਨੇ ਸੁਣੀ ਤਾਂ ਇਕ ਦਮ ਬਹੁਤ ਹੀ ਬੀਰਰਸ ਵਿੱਚ ਆਕੇ ਕਹਿਣ ਲੱਗੇ ਚਲੋ ਸਿੰਘੋੰ ਦੁਸ਼ਮਣਾਂ ਨੂੰ ਬਾਹਰ ਨਿਕਲ ਕੇ ਭਾਜੜਾਂ ਪਾਈਏ ਅਤੇ ਰਣ ਤੱਤੇ ਵਿੱਚ ਜੂਝਕੇ ਸ਼ਹਾਦਤਾਂ ਦਈਏ। 

ਸੰਤ ਇਹ ਬਚਨ ਕਰਕੇ ਭੋਰੇ ਚੋੰ ਉਪਰ ਆ ਗਏ, ਦਾਸ ਵੀ ਉਸ ਵੇਲੇ ਮਹਾਂਪੁਰਖਾਂ ਦੇ ਨਾਲ ਹੀ ਸਿੰਘਾਂ ਵਿੱਚ ਸੀ ਕੁਝ ਸਿੰਘ ਪਉੜੀਆਂ ਵਿੱਚ ਖੜੇ ਸਨ ਅਤੇ ਕੁਝ ਸਿੰਘ ਸੰਤਾਂ ਦੇ ਨਾਲ ਜਾਣ ਲਈ ਪਹਿਲਾਂ ਹੀ ਅੱਗੇ ਹੋਕੇ ਖੜੇ ਸਨ। ਸੰਤਾਂ ਨੇ ਉਤੇ  ਆਕੇ ਅਰਦਾਸ ਕਰਨ ਤੋਂ ਪਹਿਲਾਂ ਭਾਈ ਕਾਬਲ ਸਿੰਘ(ਨਿਰੰਤਰ ਸਿੰਘ) ਨੂੰ ਕਿਹਾ (ਦਾਸ ਇੱਥੇ ਇਹ ਦਸ ਦੇਵੇ ਭਾਈ ਕਾਬਲ ਸਿੰਘ, ਉਹ ਸਿੰਘ ਸੀ ਜਿਸ ਨੇ ਭਾਈ ਰਣਜੀਤ ਸਿੰਘ ਨਾਲ ਦਿੱਲੀ ਵਿਖੇ ਨਰਕਧਾਰੀਏ ਦੁਸ਼ਟ ਗੁਰਬਾਚਨੇ ਨੂੰ ਗੱਡੀ ਚੜਾਇਆ ਸੀ ਤੇ ਸੰਤਾਂ ਨੇ ਭਾਈ ਰਣਜੀਤ ਸਿੰਘ ਨੂੰ ਅਤੇ ਭਾਈ ਕਾਬਲ ਸਿੰਘ ਨੂੰ ਸੋਨੇ ਨਾਲ ਤੋਲਣ ਦਾ ਐਲਾਨ ਕੀਤਾ ਹੋਇਆ ਸੀ) “ਸੰਤ ਕਹਿਣ ਲੱਗੇ ਕਾਬਲ ਸਿੰਘ ਤੈਨੂੰ ਅਤੇ ਭਾਈ ਰਣਜੀਤ ਸਿੰਘ ਨੂੰ ਸੋਨੇ ਨਾਲ ਤੋਲਣਾ ਸੀ, ਸੰਤਾਂ ਨੇ ਇਹ ਵੀ ਦਸਿਆ ਕਿ ਸਿੱਖ ਸੰਗਤਾਂ ਨੇ 80, 90 ਕਿੱਲੋ ਦੇ ਕਰੀਬ ਸੋਨਾ ਇਕਠਾ ਕਰਕੇ ਦਿੱਤਾ ਹੋਇਆ ਸੀ ਜੋ 5 ਜੂਨ ਦੀ ਰਾਤ ਨੂੰ ਸਿੰਘਾਂ ਨੇ ਉਹ ਸਾਰਾ ਸੋਨਾ ਖੂਹ ਵਿੱਚ ਸੁੱਟ ਦਿੱਤਾ। ਇਹ ਸਾਰੀ ਗੱਲਬਾਤ ਦਾ ਭਾਈ ਕਾਬਲ ਸਿੰਘ ਜੀ ਨੂੰ ਚੰਗੀ ਤਰਾਂ ਪਤਾ ਸੀ। ਸੰਤਾਂ ਨੇ ਫੇਰ ਕਿਹਾ ਕਿ ਹੁਣ ਅੱਗੇ ਜਾਕੇ ਸੋਨਾ ਨਾ ਮੰਗ ਲਵੀੰ, ਭਾਈ ਕਾਬਲ ਸਿੰਘ ਜੀ ਨੇ ਬਹੁਤ ਨਿਮ੍ਰਤਾ ਨਾਲ ਕਿਹਾ ਸਤਿਬਚਨ ਬਾਬਾ ਜੀ! ਭਾਈ ਕਾਬਲ ਸਿੰਘ ਨੇ ਕਿਹਾ ਕਿ ਮੇਰੀ ਇਕ ਬੇਨਤੀ ਜ਼ਰੂਰ ਪ੍ਰਵਾਨ ਕਰਿਓ ਮੈਨੂੰ ਆਪੁਣੇ ਨਾਲ ਹੀ ਰੱਖਿਓ ਸੰਤ ਕਹਿੰਦੇ ਤੂੰ ਸਾਡੇ ਨਾਲ ਹੀ ਰਹੇੰਗਾ। 

ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਵੀ ਪੂਰੇ ਤਿਆਰ ਬਰ ਤਿਆਰ ਆਪਣੇ  ਹੱਥਾਂ ਵਿੱਚ ਥਾਮਸਨ ਗੰਨ ਲੈਕੇ ਸਿੰਘਾਂ ਸਮੇਤ ਸੰਤਾਂ ਦੇ ਨਾਲ ਅਰਦਾਸ ਵਿੱਚ ਸ਼ਾਮਲ ਸਨ। ਸੰਤਾਂ ਨੇ ਸਿਰਫ ਚੰਦ ਸ਼ਬਦਾਂ ਵਿੱਚ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਅਰਦਾਸ ਦੇ ਸ਼ਬਦ ਸਨ: 
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾ ਵਿੱਚ ਬੇਨਤੀ ਹੈ ਸਚੇ ਪਾਤਸ਼ਾਹ ਜੀ ਆਪ ਦੀ ਦੇ ਪਵਿੱਤਰ ਅਸਥਾਨਾਂ ਦੀ ਅਤੇ ਤਖਤ ਸਾਹਿਬਾਨ ਦੀ ਸਮੇਂ ਦੀ ਜਾਲਮ ਸਰਕਾਰ ਵੱਲੋਂ ਬਹੁਤ ਬੇਅਦਬੀ ਕੀਤੀ ਜਾ ਰਹੀ ਹੈ, ਸਾਨੂੰ ਇਨ੍ਹਾਂ ਨਾਲ ਆਖਰੀ ਸੁਆਸ ਤੱਕ ਜੂਝਣ ਦਾ ਅਤੇ ਸ਼ਹੀਦੀਆਂ ਪਾਉਣ ਦਾ ਬਲ ਬਖ਼ਸ਼ੋ ਜੀ ਅਤੇ ਤੁਹਾਡੇ ਚਰਨਾ ਵਿੱਚ ਇਹ ਵੀ ਬੇਨਤੀ ਕਰਦਾ ਹਾਂ, ਜਿਨਾਂ ਚਿਰ ਸਿੱਖ ਕੌਮ ਦਾ ਘਰ ਨਹੀਂ ਬਣਦਾ ਮੈਂ ਵਾਰ ਵਾਰ ਜਨਮ ਲਵਾਂ। 

ਸਿੰਘਾਂ ਨੇ ਬਹੁਤ ਉੱਚੀ ਉੱਚੀ ਜੈਕਾਰੇ ਛੱਡੇ, ਉਸ ਸਮੇਂ ਸੰਤਾਂ ਦੇ ਸੀਸ ਤੇ ਨੀਲੀ ਦਸਤਾਰ ਸਜਾਈ ਹੋਈ ਸੀ, ਚਿੱਟਾ ਚੋਲਾ ਪਾਇਆ ਹੋਇਆ ਸੀ, ਗਾਤਰੇ ਵਾਲੀ ਕ੍ਰਿਪਾਨ ਸੀ ਅਤੇ ਬਰਾਊਣ ਬੈਲਟ ਵਿੱਚ ਗੋਲੀਆਂ ਅਤੇ ਰਿਵਾਲਵਰ ਸੀ ਜੋ ਸੰਤਾਂ ਨੇ ਉਤੋ ਦੀ ਸ੍ਰੀ ਸਾਹਿਬ ਦੇ ਨਾਲ ਗਲ ਵਿੱਚ ਪਾਇਆ ਹੋਇਆ ਸੀ ਅਤੇ ਗਲ ਵਾਲੇ ਚਿੱਟੇ ਪਰਨੇ ਦਾ ਕਮਰਕੱਸਾ ਕਰਕੇ ਦੋ ਮੈਗਜ਼ੀਨ 32-32 ਗੋਲੀਆਂ ਦੇ ਭਰਕੇ ਟੰਗੇ ਹੋਏ ਸਨ ਅਤੇ ਹੱਥ ਵਿੱਚ ਲੋਡਡ ਥਾਮਸਨ ਗੰਨ ਸੀ, ਸੰਤਾਂ ਦੇ ਨਾਲ ਹੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਭਾਈ ਗੁਰਮੁਖ ਸਿੰਘ ਜੀ ਗੜਬਈ, ਭਾਈ ਕਾਬਲ ਸਿੰਘ ਜੀ, ਸੰਤਾਂ ਦਾ ਵੱਡਾ ਭਰਾ ਬਾਪੂ ਜੰਗੀਰ ਸਿੰਘ ਜੀ, ਭਾਈ ਹਰਵਿੰਦਰ ਸਿੰਘ ਸ਼ੈਤਾਨ ਮਨਾਵਾਂ, ਭਾਈ ਪ੍ਰੀਤਮ ਸਿੰਘ ਪ੍ਰੀਤਾ, ਭਾਈ ਅਜਾਇਬ ਸਿੰਘ ਜੀ ਮਹਿਤਾ ਜੋ ਸੰਤਾਂ ਦਾ ਡਰਾਇਵਰ ਸੀ, ਭਾਈ ਤਰਲੋਚਨ ਸਿੰਘ ਜੀ ਫ਼ੌਜੀ ਲੱਧੂਵਾਲ, ਭਾਈ ਦਾਰਾ ਸਿੰਘ ਜੀ ਸੰਤਾਂ ਦਾ ਡਰਾਇਵਰ, ਭਾਈ ਸੰਤੋਖ ਸਿੰਘ ਟੇਪਾਂਵਾਲਾ, ਭਾਈ ਰਾਮ ਸਿੰਘ ਬੋਲਾ ਛੋਟਾ ਗੜਵਈ ਅਤੇ ਹੋਰ ਵੀ ਕਈ ਸਿੰਘ ਸਨ।

ਇਕ ਦਮ ਸੰਤਾਂ ਦੇ ਨਾਲ ਪ੍ਰਾਕਰਮਾਂ ਵਿੱਚ ਬਾਹਰ ਨਿਕਲ ਕੇ ਸਿੰਘਾਂ ਨੇ ਬਹੁਤ ਉੱਚੀ ਉੱਚੀ ਪੂਰੇ ਜੋਸ਼ ਨਾਲ ਬੋਲੇ ਸੋ ਨਿਹਾਲ ਦੇ ਜੈ ਕਾਰੇ ਲਾਉਂਦੇ ਹੋਏ ਗਏ। ਸੰਤ ਸਿੱਧੇ ਹੀ ਦੋ ਨਿਸ਼ਾਨ ਸਾਹਿਬਾਂ ਕੋਲੇ ਪਹੁੰਚ ਗਏ। ਉਸੇ ਵੇਲੇ ਟੈੰਕਾਂ ਨੇ ਜਿਹੜੇ ਦਰਵਾਜੇ ਰਾਹੀ ਅਸੀਂ ਸਾਰੇ ਸਿੰਘ ਪਰਕਰਮਾ ਵੱਲ ਨੂੰ ਨਿਕਲ ਰਹੇ ਸੀ ਉਸ ਦਰਵਾਜ਼ੇ ਉਤੇ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ ਕੁਝ ਸਿੰਘ ਤਾਂ ਉਨ੍ਹਾਂ ਗੋਲਿਆਂ ਨਾਲ ਉੱਥੇ ਹੀ ਸ਼ਹੀਦ ਹੋ ਗਏ, ਮੇਰੇ ਨਾਲ ਭਾਈ ਗੁਰਮੁਖ ਸਿੰਘ ਸੰਤਾਂ ਦਾ ਡਰਾਇਵਰ, ਭਾਈ ਲਾਭ ਸਿੰਘ, ਭਾਈ ਅਨੋਖ ਸਿੰਘ ਉਭੋਕੇ, ਭਾਈ ਬਲਵਿੰਦਰ ਸਿੰਘ ਖੋਜਕੀਪੁਰ, ਭਾਈ ਗੁਰਜੀਤ ਸਿੰਘ ਹਰੀ ਹਰਿ ਝੋਕ ਅਤੇ ਕੁਝ ਹੋਰ ਸਿੰਘ ਖੜੇ ਸਨ ਜੋ ਇਕ ਦਮ ਪਉੜੀਆਂ ਵਿੱਚ ਹੀ ਰੁਕ ਗਏ। ਦਾਸ ਅਤੇ ਭਾਈ ਗੁਰਮੁਖ ਸਿੰਘ (ਸੰਤਾਂ ਦਾ ਡਰਾਇਵਰ) ਉਥੇ ਹੀ ਥਲੇ ਲੇਟ ਗਏ ਅਤੇ ਇਹ ਸਾਰਾ ਭਾਣਾ ਬਹੁਤ ਹੀ ਤੇਜ਼ੀ ਨਾਲ ਅਤੇ ਥੋੜੇ ਸਮੇਂ ਵਿੱਚ ਹੀ ਵਰਤ ਗਇਆ ਜਦੋਂ ਅਸੀਂ ਸੰਤਾਂ ਨੂੰ ਦੇਖਿਆ ਤਾਂ ਸੰਤ ਦੋ ਨਿਸ਼ਾਨ ਸਾਹਿਬਾ ਤੋ ਥੋੜਾ ਜਾ ਅੱਗੇ ਸੀ ਸੰਤ ਫੌਜੀਆਂ ਨਾਲ ਪੂਰਾ ਮੁਕਾਬਲਾ ਕਰ ਰਹੇ ਸਨ, ਬਿਲਕੁਲ ਸੰਤਾਂ ਦੇ ਸਾਹਮਣੇ ਟੈੰਕ ਗੋਲਾਵਾਰੀ ਕਰਦਾ ਹੋਇਆ ਮਸੀਨ ਗੰਨ ਨਾਲ ਗੋਲੀਆਂ ਦੇ ਬਰਸਟ ਮਾਰ ਰਿਹਾ ਸੀ। ਉਸ ਸਮੇ ਸੰਤਾਂ ਦੇ ਗੋਲੀਆਂ ਦਾ ਬ੍ਰਸਟ ਫੌਜੀਆਂ ਨੇ ਮਾਰਿਆ ਅਤੇ ਸੰਤ ਜੈਕਾਰੇ ਛੱਡਦੇ ਹੋਏ ਹਿੰਦੋਸਤਾਨ ਦੀ ਜਾਲਮ ਸਰਕਾਰ ਦੇ ਫੌਜੀਆਂ ਨਾਲ ਜੂਝਦੇ ਹੋਇਆਂ ਸ਼ਹੀਦ ਹੋ ਗਏ ਅਤੇ ਸੰਤਾਂ ਨੇ ਆਪਣੇ ਕਹੇ ਹੋਏ ਬਚਨਾਂ ਤੇ ਪੂਰਾ ਪਹਿਰਾ ਦਿੰਦਿਆਂ ਹੋਇਆਂ 6 ਜੂਨ ਨੂੰ ਸਵੇਰੇ 8.30 ਅਤੇ 9 ਵਜੇ ਦੇ ਵਿੱਚ ਵਿੱਚ ਇਹ ਸਾਰਾ ਸ਼ਹੀਦੀਆਂ ਪਾਉਣ ਵਾਲਾ ਭਾਣਾ ਵਰਤਾਇਆ ਹੈ, ਜਿਸ ਨੂੰ ਮੇਰੇ ਸਮੇਤ ਕਈ ਸਿੰਘਾਂ ਨੇ ਆਪਣੇ ਅੱਖੀ ਦੇਖਿਆ ਸੀ। 

ਉਸੇ ਸਮੇ ਹੀ ਰਾਗੀ ਭਾਈ ਗੁਰਸ਼ਰਨ ਸਿੰਘ ਜੀ ਅਤੇ ਭਾਈ ਠਾਕੁਰ ਸਿੰਘ ਜੀ ਮੇਰੇ ਨਾਲੋ ਵਖਰੇ ਹੋਕੇ ਕਿਸੇ ਪਾਸੇ ਹੋਰ ਚਲੇ ਗਏ ਸਨ। ਪਿਛੇ ਅਸੀੰ 35-40 ਕੁ ਸਿੰਘ ਰਹਿਗੇ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਉਪਰ ਕਿਉਕਿ ਪਰਕਰਮਾ ਵਿੱਚ ਜਾਣ ਲਈ ਸਾਰੇ ਰਸਤੇ ਮਲਬੇ ਨਾਲ ਬੰਦ ਹੋ ਚੁੱਕੇ ਸਨ ਅਤੇ ਟੈੰਕਾਂ ਤੋਪਾਂ ਨਾਲ ਪਰਕਰਮਾ ਵਿਤ ਬਹੁਤ ਭਾਰੀ ਗੋਲਾਬਾਰੀ ਕੀਤੀ ਜਾ ਰਹੀ ਸੀ। ਭਾਈ ਲਾਭ ਸਿੰਘ, ਭਾਈ ਅਨੋਖ ਸਿੰਘ ਉਭੋਕੇ, ਭਾਈ ਬਲਵਿੰਦਰ ਸਿੰਘ ਖੋਜਕੀਪੁਰ, ਭਾਈ ਗੁਰਮੁਖ ਸਿੰਘ ਸੰਤਾਂ ਦਾ ਡਰਾਇਵਰ, ਭਾਈ ਗੁਰਜੀਤ ਸਿੰਘ ਨੇ ਸਾਰੇ ਸਿੰਘਾਂ ਨਾਲ ਗੁਰਮਤਾ ਕੀਤਾ ਅਤੇ ਕਿਹਾ ਕਿ ਕਾਠੀਆੰ ਵਾਲੇ ਬਜ਼ਾਰ ਵਿੱਚ ਦੀ ਸਾਰੇ ਸਿੰਘ ਬੱਚਿਆ ਬੀਬੀਆਂ ਬਜ਼ੁਰਗਾਂ ਨੂੰ ਨਾਲ ਲੈਕੇ ਬਹਾਰ ਨਿਕਲੋ ਜਦੋ ਅਸੀ ਉਸ ਪਾਸੇ ਆਏ ਤਾਂ ਮਿਲਟਰੀ ਨੇ ਸਾਨੂੰ ਸਾਰਿਆ ਨੂੰ ਗ੍ਰਿਫਤਾਰ ਕਰਕੇ ਬਹੁਤ ਜ਼ੁਲਮੀ ਢੰਗ ਨਾਲ ਮਾਰਿਆਂ ਅਤੇ ਭਾਈ ਸੁਰਜੀਤ ਸਿੰਘ ਬੰਬਈ ਵਾਲੇ ਭੁਝੰਗੀ ਨੂੰ ਫੌਜੀਆੰ ਨੇ ਗੋਲੀ ਮਾਰਕੇ ਸਾਡੇ ਸਾਹਮਣੇ ਹੀ ਸ਼ਹੀਦ ਕਰ ਦਿੱਤਾ। ਫੌਜੀ ਸਾਨੂੰ ਵੀ ਸਾਰਿਆ ਨੂੰ ਗੋਲੀਆ ਮਾਰਨ ਲਗੇ ਸਨ, ਪਰ ਮੌਕੇ ਤੇ ਕਿਸੇ ਵੱਡੇ ਅਫਸਰ ਨੇ ਆਕੇ ਫੌਜੀਆਂ ਨੂੰ ਰੋਕਿਆ। ਫੇਰ ਸਾਨੂੰ ਸਾਰਿਆਂ ਨੂੰ ਕੋਤਵਾਲੀ ਵਿੱਚ ਭੇਜ ਦਿੱਤਾ, ਉਸ ਵੇਲੇ ਹਲਾਤ ਇਨੇ ਭਿਆਨਕ ਸਨ ਮੈਨੂੰ ਨਹੀਂ ਸੀ ਪਤਾ ਮੇਰੀ ਸਿੰਘਣੀ ਅਤੇ ਭੁਝੰਗੀ ਜਿਉਦੇ ਹਨ ਜਾ ਨਹੀਂ ਅਤੇ ਮੇਰੇ ਵਾਰੇ ਮੇਰੀ ਸਿੰਘਣੀ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਜਿਉਂਦਾ ਹਾਂ ਕਿ ਨਹੀਂ! ਸਾਨੂੰ ਇਕ ਦੂਜੇ ਨੂੰ ਤਕਰੀਬਨ 8 ਮਹੀਨਿਆਂ ਤੋਂ ਬਾਦ ਹੀ ਇਕ ਦੂਜੇ ਦਾ ਪਤਾ ਲਗਾ ਸੀ, ਅੱਗੇ ਜਿਸ ਤਰਾਂ ਸਾਡੇ ਨਾਲ ਸਮੇਂ ਦੀ ਜਾਲਮ ਸਰਕਾਰ ਨੇ ਪੰਜ ਸਾਲ ਜ਼ੁਲਮ ਅਤੇ ਦੁਰਵਿਹਾਰ ਕੀਤਾ ਉਸ ਨੂੰ ਫੇਰ ਸਾਂਝਾ ਕਰਨ ਦਾ ਯਤਨ ਕਰਾਂਗਾ ਜੀ। 

ਆਓ ਸਾਰੇ ਰਲ ਕੇ ਉਨ੍ਹਾੰ ਮਹਾਨ ਸ਼ਹੀਦਾਂ ਸਿੰਘਾਂ ਦੇ ਚਰਨਾਂ ਤੇ ਕੋਟਿ ਕੋਟਿ ਪ੍ਰਣਾਮ ਕਰਦੇ ਹੋਏ ਪ੍ਰਣ ਕਰੀਏ ਉਨ੍ਹਾਂ ਸ਼ਹੀਦਾਂ ਦੇ ਹੀ ਮਾਰਗ ਤੇ ਚੱਲਦੇ ਹੋਏ ਉਨ੍ਹਾੰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਚਨਬੱਧ ਹੋਈਏ ਜੀ। ਦਾਸ ਦੀਆਂ ਭੁਲਾਂ ਗਲਤੀਆਂ ਨਾ ਚਿਤਾਰਨੀਆਂ ਖਿਮਾਂ ਕਰ ਦੇਣਾ ਜੀ। 
ਸਾਰਿਆ ਨੂੰ ਦਾਸ ਵਲੋ-
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀਕੀ ਫਤਿਹ ਜੀ
                  

ਸਮਾਪਤ

ਬਾਬਾ ਮੁਖਤਿਆਰ ਸਿੰਘ

ਮੁਖੀ USA (ਵਿਦਿਆਰਥੀ ਦਮਦਮੀ ਟਕਸਾਲ)