ਕੇਸਗੜ੍ਹ ਸਾਹਿਬ ਦੇ ਪਵਿੱਤਰ ਕੰਪਲੈਕਸ ਅਤੇ ਇਰਦ ਗਿਰਦ ਉਤਸ਼ਾਹ ਅਤੇ ਜੋਸ਼ ਦੇ ਅਲੌਕਿਕ ਰੰਗ

ਕੇਸਗੜ੍ਹ ਸਾਹਿਬ ਦੇ ਪਵਿੱਤਰ ਕੰਪਲੈਕਸ ਅਤੇ ਇਰਦ ਗਿਰਦ ਉਤਸ਼ਾਹ ਅਤੇ ਜੋਸ਼ ਦੇ ਅਲੌਕਿਕ ਰੰਗ

ਭਾਈ ਅੰਮ੍ਰਿਤਪਾਲ ਸਿੰਘ ਅਤੇ ਸੈਂਕੜੇ ਸਾਥੀ ਅਮ੍ਰਿਤਧਾਰੀ ਫੌਜ ਵਿੱਚ ਦਾਖਲ

• ਸੁਤੰਤਰ ਰਾਜਨੀਤੀ ਦਾ ਨਵਾਂ ਆਗਾਜ਼  

ਕੇਸਗੜ੍ਹ ਸਾਹਿਬ ਦੇ ਪਵਿੱਤਰ ਕੰਪਲੈਕਸ ਅਤੇ ਇਸਦੇ ਆਲੇ ਦੁਆਲੇ ਵਿਚ ਅੱਜ ਵੱਖਰੀ ਤਰ੍ਹਾਂ ਦਾ ਉਤਸ਼ਾਹ, ਨਿਵੇਕਲੇ ਰੰਗਾਂ ਦੀ ਰੌਣਕ ਅਤੇ ਅਲੌਕਿਕ ਜੋਸ਼ ਤੇ ਜਜ਼ਬਾ ਵੇਖਣ ਵਿੱਚ ਆਇਆ।ਵੈਸੇ ਹਰ ਐਤਵਾਰ ਨੂੰ ਛੁੱਟੀ ਕਾਰਨ ਸ਼ਰਧਾਲੂਆਂ,ਆਮ ਸੰਗਤਾਂ ਅਤੇ ਸੈਲਾਨੀ ਇਸ ਪਵਿੱਤਰ ਅਸਥਾਨ ਤੇ ਵੱਡੀ ਗਿਣਤੀ ਵਿੱਚ  ਨਤਮਸਤਕ ਹੁੰਦੇ ਹਨ,ਪਰ 25 ਸਤੰਬਰ ਦਾ ਐਤਵਾਰ ਕੋਈ ਹੋਰ ਸੰਦੇਸ਼ ਵੀ ਦੇ ਰਿਹਾ ਸੀ ਜੋ ਹੋਰਨਾਂ ਦਿਨਾਂ ਨਾਲੋਂ ਵੱਖਰਾ ਸੀ। ਇਹ ਵੱਖਰਾ ਕਿਸ ਤਰ੍ਹਾਂ ਦਾ ਹੈ,ਇਸੇ ਦੀ ਪੰਜਾਬ ਦੇ ਲੋਕਾਂ ਨੂੰ ਉਡੀਕ ਸੀ।

ਜਿਨ੍ਹਾਂ ਨੂੰ ਧੁਰ ਅੰਦਰ ਤਕ ਉਤਰ ਜਾਣ ਵਾਲੇ ਸ਼ਬਦਾਂ ਦੀ ਪਿਆਸ ਲੱਗੀ ਹੋਵੇ,ਉਹ ਹੀ ਇਹ ਮਹਿਸੂਸ ਕਰ ਸਕਦੇ ਹਨ ਕਿ ਜਿਨ੍ਹਾਂ 950 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ,ਉਨ੍ਹਾਂ ਦੇ ਚਿਹਰਿਆਂ ਤੇ ਕਿਹੋ ਜਿਹਾ ਖੇੜਾ ਅਤੇ ਰੌਣਕ ਸੀ ਅਤੇ ਉਨ੍ਹਾਂ ਅੰਦਰ ਭਵਿੱਖ ਦੇ ਨਕਸ਼ ਘੜਨ ਲਈ ਕਿਸ ਤਰ੍ਹਾਂ ਦੇ ਬੇਸ਼ਬਦ ਵਲਵਲੇ ਸਨ।ਇਹ ਖੇੜਾ ਕੁਝ ਇਸ ਤਰ੍ਹਾਂ ਦਾ ਸੀ ਜਿਵੇਂ ਤੁਸੀਂ ਭਰ ਜੋਬਨ ਵਿਚ ਖਿੜੀ ਕਪਾਹ ਦੇ ਕਿਸੇ ਖੇਤ ਵਿਚੋਂ ਲੰਘ ਰਹੇ ਹੋਵੋ। ਮੈਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ  ਰਘਬੀਰ ਸਿੰਘ ਨਾਲ ਫੋਨ ਉੱਤੇ ਸੰਪਰਕ ਕੀਤਾ ਤਾਂ ਜੋ ਇਸ ਵੱਖਰੇ ਖੇੜੇ ਦਾ ਭੇਤ ਜਾਣਿਆ ਜਾਵੇ,ਪਰ ਬਦਕਿਸਮਤੀ ਨਾਲ ਉਨ੍ਹਾਂ ਦਾ ਫੋਨ  ਸਵਿੱਚ ਆਫ ਕੀਤਾ ਹੋਇਆ ਸੀ ।ਪਤਾ ਨਹੀਂ ਕਿਉਂ ?ਆਖਿਰਕਾਰ ਇਹ ਅੰਮ੍ਰਿਤ ਛਕਣ ਵਾਲੇ ਕੌਣ ਸਨ?ਅਤੇ ਕਿਸ ਦੇ ਸੱਦੇ ਉੱਤੇ ਆਏ ?ਅਤੇ ਉਸ  ਸੱਦੇ ਵਿੱਚ ਕਿਹੜੀ ਵੱਡੀ ਗੱਲ ਸੀ ਕਿ ਉਦਾਸ ਪੰਜਾਬ ਦੇ ਨੌਜਵਾਨ ਵਹੀਰਾਂ ਘੱਤ ਕੇ ਆਨੰਦਪੁਰ ਦੀ ਧਰਤੀ ਵੱਲ ਹੋ ਤੁਰੇ ਅਤੇ ਦੋ ਦਿਨਾਂ ਤੋਂ ਲਗਾਤਾਰ ਵਰ੍ਹਦਾ ਮੀਂਹ ਤੇ ਸ਼ੂਕਦੀਆਂ ਹਵਾਵਾਂ ਵੀ ਉਨ੍ਹਾਂ ਦੇ ਹੌਸਲੇ ਨੂੰ,ਉਨ੍ਹਾਂ ਦੇ ਸਿਦਕ ਨੂੰ ਅਤੇ ਉਨ੍ਹਾਂ ਦੇ ਦ੍ਰਿੜ ਇਰਾਦਿਆਂ ਨੂੰ ਬੰਨ੍ਹ ਨਹੀਂ ਮਾਰ ਸਕੀਆਂ। 

ਉਹ ਸੀ ਦੀਪ ਸਿੱਧੂ ਦਾ ਵਾਰਸ ਭਾਈ ਅੰਮ੍ਰਿਤਪਾਲ ਸਿੰਘ ਅਤੇ "ਵਾਰਿਸ ਪੰਜਾਬ ਦੇ" ਜਥੇਬੰਦੀ ਦੇ ਮੁੱਖ ਸੇਵਾਦਾਰ।ਉਸ ਦੇ ਇਕ ਸੰਦੇਸ਼ ਨੇ ਨੌਜਵਾਨਾਂ ਦੀਆਂ ਧਾਰਮਿਕ ਤੇ ਰਾਜਨੀਤਕ ਜ਼ਮੀਰਾਂ ਨੂੰ ਜਗਾ ਦਿੱਤਾ ਕਿ ਅੱਜ ਫਿਰ ਦਸਮੇਸ਼ ਪਿਤਾ ਸੀਸ ਮੰਗਦੇ ਨੇ,ਆਓ ਆਨੰਦਪੁਰ ਦੀ ਧਰਤੀ ਵੱਲ ਮੂੰਹ ਕਰੀਏ ਅਤੇ ਅੰਮ੍ਰਿਤ ਛਕ ਕੇ ਪੰਜਾਬ ਦੀ ਤਕਦੀਰ ਨੂੰ ਬਦਲ ਦਈਏ,ਇਤਿਹਾਸ ਦੇ ਸੱਚੇ ਵਾਰਸ ਬਣੀਏ ਅਤੇ ਆਜ਼ਾਦੀ ਦੇ ਅਹਿਸਾਸ ਦਾ ਦੀਪ ਹਰ ਘਰ ਵਿੱਚ ਜਗਾ ਦਈਏ।ਇਹੋ ਜਿਹਾ ਸੰਦੇਸ਼ ਪਹਿਲਾਂ ਕਿਸੇ ਨੇ ਘੱਟੋ ਘੱਟ ਇਸ ਅੰਦਾਜ਼ ਵਿੱਚ,ਇਸ ਸੰਜੀਦਗੀ ਅਤੇ ਈਮਾਨਦਾਰੀ ਨਾਲ ਨਹੀਂ ਸੀ ਦਿੱਤਾ। 

ਅੰਮ੍ਰਿਤਪਾਲ ਸਿੰਘ ਦੇ ਬੇਬਾਕ ਬਿਆਨਾਂ ,ਉਸਦੀਆਂ ਨਿਰਵੈਰ ਟਿੱਪਣੀਆਂ ਅਤੇ ਨਿਰਭਉ ਅੰਦਾਜ਼ ਨੇ ਇਕ ਝਟਕੇ ਵਿਚ ਪੰਜਾਬ ਦੇ ਰਾਜਨੀਤਕ ਪਾਣੀਆਂ ਵਿਚ ਇਕ ਭੂਚਾਲ ਲੈ ਆਂਦਾ ਹੈ ਅਤੇ ਸੱਚ ਤਾਂ ਇਹ ਹੈ ਕਿ ਭਾਵੇਂ ਕੋਈ ਮੰਨੇ,ਭਾਵੇਂ ਨਾ ਮੰਨੇ ਕਿ "ਦਿਸ ਰਹੇ ਰਾਜਨੀਤਕ ਖਿਡਾਰੀਆਂ" ਨੂੰ ਉਸ ਨੇ ਬੇਅਸਰ ਕਰ ਦਿੱਤਾ ਹੈ । ਉਸ ਦੀ ਇਸ ਅਚਨਚੇਤ ਚੜ੍ਹਤ ਨੂੰ ਵੇਖਦਿਆਂ ਉਹ ਅਚਾਨਕ ਬੌਂਦਲੇ ਹੋਏ ਲੱਗਦੇ ਹਨ ।ਉਨ੍ਹਾਂ ਦੀ ਖ਼ਾਮੋਸ਼ੀ ਵਿੱਚ ਉਨ੍ਹਾਂ ਦੀ ਅਯੋਗਤਾ ਤੇ ਬੇਬਸੀ ਦੇਖੀ ਜਾ ਸਕਦੀ ਹੈ।

ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਵਿਚ ਇਕ ਲੋਅ ਹੈ,ਇਕ ਚਾਨਣ ਹੈ। ਉਸ ਨੇ ਪੰਜਾਬ ਦੇ ਦਰਦ ਨੂੰ ਇੱਕ ਸੁਚੱਜੀ ਤਰਤੀਬ ਦਿੱਤੀ ਹੈ ,ਉਸ ਨੇ ਵਿਰਾਸਤ ਨੂੰ ਯਾਦਾਂ ਵਿੱਚ ਵਸਾ ਦਿੱਤਾ ਹੈ।

ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਉਸ ਦੇ ਇਕ ਸੱਦੇ 'ਤੇ ਅਤੇ ਉਹ ਵੀ ਥੋੜ੍ਹੇ ਹੀ ਦਿਨਾਂ ਦੇ ਨੋਟਿਸ 'ਅਤੇ ਸੀਮਤ ਸਾਧਨਾਂ 'ਤੇ ਏਨੀ ਵੱਡੀ ਗਿਣਤੀ ਵਿਚ ਆਨੰਦਪੁਰ ਸਾਹਿਬ ਨੌਜਵਾਨ ਇਕੱਠੇ ਹੋ ਗਏ ਹੋਣ।ਸ਼ਾਇਦ ਹੀ ਕਿਸੇ ਵੱਡੀ ਤੋਂ ਵੱਡੀ ਸਿੱਖਾਂ ਦੀ ਰਾਜਨੀਤਕ ਪਾਰਟੀ ਦੇ ਸੱਦੇ ਤੇ ਏਨੀ ਵੱਡੀ ਗਿਣਤੀ ਵਿੱਚ ਕਦੇ ਲੋਕ ਅੰਮ੍ਰਿਤ ਛਕਣ ਲਈ ਤਿਆਰ ਹੋਏ ਹੋਣ ਅਤੇ ਉਹ ਵੀ ਸੁਚੇਤ ਜਜ਼ਬਿਆਂ ਅਤੇ ਰੂਹਾਨੀ ਜੋਸ਼ ਅਤੇ ਹੋਸ਼ ਨਾਲ। ਇਹ ਇਕ ਚਮਤਕਾਰ ਤੋਂ ਘੱਟ ਨਹੀਂ।

 

 ਜਿਨ੍ਹਾਂ ਵਿਅਕਤੀਆਂ ਨੇ ਅੱਜ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ,ਉਨ੍ਹਾਂ ਬਾਰੇ ਸਿੱਖ ਇਤਿਹਾਸ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅੰਮ੍ਰਿਤਧਾਰੀਆਂ ਦਾ ਇਤਿਹਾਸ ਵਿਚ ਵਖਰਾ ਰੋਲ ਹੋਵੇਗਾ।ਇਸ ਵੱਖਰੇ ਰੋਲ ਬਾਰੇ ਇਸ਼ਾਰੇ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਅਤੇ ਟਿੱਪਣੀਆਂ ਤੋਂ ਵੀ ਮਿਲਦੇ ਹਨ ਜੋ ਉਨ੍ਹਾਂ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਦਿੱਤੇ ਹਨ।

 ਹੁਣ ਤੱਕ ਅੰਮ੍ਰਿਤ ਛਕਣ ਦੀ ਪਵਿੱਤਰ ਰਸਮ ਵਿਚ "ਪੀਰੀ" ਸੰਕਲਪ ਦੀ ਤਾਂ ਯਾਦ ਕਰਾਈ ਜਾਂਦੀ ਹੈ  ਪਰ "ਮੀਰੀ ਦੇ ਸੰਕਲਪ ਦੀ ਦ੍ਰਿੜ੍ਹਤਾ ਨਹੀਂ ਕਰਵਾਈ ਜਾਂਦੀ ,ਜਦਕਿ ਮੀਰੀ ਤੇ ਪੀਰੀ ਦੇ ਮਿਲਾਪ ਨਾਲ ਹੀ ਸਿੱਖ ਕੌਮ ਆਪਣੀ ਆਜ਼ਾਦ ਰਾਜਨੀਤੀ ਦੇ ਵਿਹੜੇ ਵਿੱਚ ਦਾਖ਼ਲ ਹੋ ਸਕਦੀ ਹੈ। ਇਹ ਆਜ਼ਾਦ ਰਾਜਨੀਤੀ ਕੀ ਹੋ ਸਕਦੀ ਹੈ ,ਇਸ ਦੀ ਰੂਪ ਰੇਖਾ,ਲੱਛਣ ਅਤੇ ਨਿਸ਼ਾਨੀਆਂ ਛੇਤੀ ਹੀ "ਵਾਰਿਸ ਪੰਜਾਬ ਦੇ" ਜਥੇਬੰਦੀ ਦੇ ਪ੍ਰੋਗਰਾਮ ਵਿੱਚ ਪੇਸ਼ ਹੋਣਗੀਆਂ ।ਇਸ ਰਾਜਨੀਤੀ ਵਿਚ ਅੰਮ੍ਰਿਤਧਾਰੀ ਸਿੰਘ ਭਾਰਤੀ ਰਾਜਨੀਤੀ ਦੇ ਅਧੀਨ ਹੋ ਕੇ ਜਾਂ ਭਾਰਤੀ ਰਾਜਨੀਤੀ ਦੇ ਅਨੁਸਾਰੀ ਹੋ ਕੇ ਆਪਣੀਆਂ ਨੀਤੀਆਂ ਨਹੀਂ ਬਣਾਉਣਗੇ ,ਸਗੋਂ ਆਪਣੀ ਵੱਖਰੀ ਰਣਨੀਤੀ ਘੜਨਗੇ ਜੋ ਆਜ਼ਾਦੀ ਦੀ ਮੰਜ਼ਿਲ ਵੱਲ ਆਪਣਾ ਰੁਖ਼ ਅਖ਼ਤਿਆਰ ਕਰੇਗੀ।ਇਹ ਰਾਜਨੀਤੀ ਜਥੇਬੰਦੀ ਦੇ ਸੰਘਰਸ਼ ਵਿਚ ਸਪੱਸ਼ਟ ਨਜ਼ਰ ਆਏਗੀ ।ਹੋ ਸਕਦੈ 29ਸਤੰਬਰ ਨੂੰ  ਦਸਤਾਰਬੰਦੀ ਦੇ ਸਮਾਗਮ ਵਿੱਚ ਅੰਮ੍ਰਿਤਪਾਲ ਸਿੰਘ ਕੁਝ ਇਹੋ ਜਿਹੇ ਐਲਾਨ ਕਰਨਗੇ ਜਿਸ ਨਾਲ ਇਸ ਜਥੇਬੰਦੀ ਦੀ ਜੱਦੋ ਜਹਿਦ ਦੇ ਢੰਗ ਤਰੀਕੇ ,ਇਸ ਦੇ ਉਦੇਸ਼ ਅਤੇ ਇਸ ਦੀਆਂ ਜ਼ਿੰਮੇਵਾਰੀਆਂ ਸਪੱਸ਼ਟ ਰੂਪ ਵਿੱਚ ਸਾਹਮਣੇ ਆਉਣਗੀਆਂ ।ਇਹ ਵੀ ਹੋ ਸਕਦਾ ਕਿ ਇਹ ਜਥੇਬੰਦੀ ਪੰਜਾਬ ਦੇ ਪਿੰਡਾਂ ਵਿਚ ਵੱਡੇ ਜਥੇ ਦੇ ਰੂਪ ਵਿਚ ਮਾਰਚ ਕਰੇਗੀ ਅਤੇ ਨੌਜਵਾਨਾਂ ਨੂੰ ਆਪਣੀ ਜਥੇਬੰਦੀ ਵਿੱਚ ਸ਼ਾਮਲ ਕਰਨ ਦੀ ਮੁਹਿੰਮ ਚਲਾਏਗੀ।

ਕਰਮਜੀਤ ਸਿੰਘ ਚੰਡੀਗੜ੍ਹ

ਸੀਨੀਅਰ ਪਤਰਕਾਰ