ਨਸ਼ਿਆਂ ਸਬੰਧੀ ਕੇਸ ‘ਚ ਸੁਖਪਾਲ ਖਹਿਰਾ ਨੂੰ ਹਾਈਕੋਰਟ ਨੂੰ ਮਿਲੀ ਆਰਜ਼ੀ ਰਾਹਤ

ਨਸ਼ਿਆਂ ਸਬੰਧੀ ਕੇਸ ‘ਚ ਸੁਖਪਾਲ ਖਹਿਰਾ ਨੂੰ ਹਾਈਕੋਰਟ ਨੂੰ ਮਿਲੀ ਆਰਜ਼ੀ ਰਾਹਤ

ਚੰਡੀਗੜ੍ਹ/ਬਿਊਰੋ ਨਿਊਜ਼:
ਨਸ਼ਿਆਂ ਸਬੰਧੀ ਕੇਸ ‘ਚ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਜਾਰੀ ਗ਼ੈਰ-ਜ਼ਮਾਨਤੀ ਵਾਰੰਟਾਂ ਦੀ ਕਾਰਵਾਈ ‘ਤੇ ਰੋਕ ਲਾਉਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਇਸ ਕੇਸ ਵਿੱਚ ਸ੍ਰੀ ਖਹਿਰਾ ਨੂੰ ਸਹਿ-ਮੁਲਜ਼ਮ ਵਜੋਂ ਮੁਕੱਦਮੇ ਦਾ ਸਾਹਮਣਾ ਕਰਨ ਲਈ ਸੰਮਨ ਜਾਰੀ ਕੀਤੇ ਜਾਣ ਦੇ ਤਕਰੀਬਨ ਹਫ਼ਤੇ ਬਾਅਦ ਜਸਟਿਸ ਏ ਬੀ ਚੌਧਰੀ ਨੇ ਇਹ ਹੁਕਮ ਜਾਰੀ ਕੀਤੇ ਹਨ। ਜਸਟਿਸ ਚੌਧਰੀ ਨੇ ਇਸ ਕੇਸ ‘ਚ ਅੰਤਿਮ ਬਹਿਸ ਲਈ 9 ਨਵੰਬਰ ‘ਤੇ ਸੁਣਵਾਈ ਪਾਈ ਹੈ।
ਇਸ ਨੂੰ ‘ਰਾਜਸੀ ਬਦਲਾਖੋਰੀ ਦੀ ਕਲਾਸਿਕ ਉਦਾਹਰਣ’ ਦੱਸਦਿਆਂ ਸ੍ਰੀ ਖਹਿਰਾ ਨੇ ਹਾਈ ਕੋਰਟ ‘ਚ ਪਹੁੰਚ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਅਤੇ ਜਨਤਾ ਦੇ ਵਿਚਾਰ ਪ੍ਰਭਾਵਿਤ ਕਰਨ ਖ਼ਾਤਰ ਉਸ ਨੂੰ ਇਸ ਕੇਸ ‘ਚ ਮੁਲਜ਼ਮ ਬਣਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਜਲਾਲਾਬਾਦ ਦੇ ਥਾਣਾ ਸਦਰ ਵਿੱਚ 5 ਮਾਰਚ, 2015 ਨੂੰ ਦਰਜ ਹੋਏ ਕੇਸ ‘ਚ ਸ੍ਰੀ ਖਹਿਰਾ ਨੂੰ ਸਹਿ-ਮੁਲਜ਼ਮ ਵੱਲੋਂ ਸੰਮਨ ਕੀਤੇ ਗਏ ਸਨ। ਆਪਣੇ ਆਪ ਨੂੰ ਦੋ ਵਾਰ ਦਾ ਵਿਧਾਇਕ, ਨਿੱਡਰ ਸਿਆਸਤਦਾਨ ਤੇ ਕਈ ਬੁਰਾਈਆਂ ਖ਼ਿਲਾਫ਼ ਲੜਨ ਵਾਲਾ ਕਾਰਕੁਨ ਦੱਸਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਡਰੱਗ ਤੇ ਖਣਨ ਮਾਫੀਆ ਤੋਂ ਇਲਾਵਾ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਸਾਫ-ਸੁਥਰੇ ਤੇ ਨਿੱਡਰ ਆਗੂ ਵਾਲੇ ਅਕਸ ਕਾਰਨ ਉਹ ਇਸ ਸਮੇਂ ਪੰਜਾਬ ‘ਚ ਵਿਰੋਧੀ ਧਿਰ ਦੇ ਨੇਤਾ ਹਨ। 31 ਅਕਤੂਬਰ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੁਕਮ ਅਦਾਲਤ ਵੱਲੋਂ ਇਸ ਕੇਸ ਦੇ ਮੁੱਖ ਮੁਲਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਬਾਅਦ ਜਾਰੀ ਕੀਤੇ ਗਏ ਹਨ। ਸਬੰਧਤ ਹੁਕਮਾਂ ਵਿੱਚੋਂ ਵੀ ਤੱਥ ਸਪੱਸ਼ਟ ਝਲਕਦੇ ਹਨ, ਜਿਸ ‘ਚ ਹੇਠਲੀ ਅਦਾਲਤ ਨੇ ਦੇਖਿਆ ਕਿ ਇਕ ਨੂੰ ਛੱਡ ਕੇ ਜਿਹੜੇ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ, ਉਹ ਦੋਸ਼ੀ ਠਹਿਰਾਏ ਜਾ ਚੁੱਕੇ ਹਨ।

ਖਹਿਰਾ ਦੇ ਮਾਮਲੇ ਤੋਂ ਬਲਜਿੰਦਰ ਕੌਰ ਤੇ ਰੂਬੀ ਮਿਹਣੋ ਮਿਹਣੀ
ਚੰਡੀਗੜ੍ਹ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ (ਆਪ) ਆਗੂ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਕੇਸ ‘ਚ ਹਾਈ ਕੋਰਟ ‘ਚੋਂ ਕੁੱਝ ਰਾਹਤ ਮਿਲੀ ਹੈ ਪਰ ਪਾਰਟੀ ‘ਚ ਇਸ ਮਸਲੇ ‘ਤੇ ਕਲੇਸ਼ ਜਾਰੀ ਹੈ। ਇਸ ਮੁੱਦੇ ‘ਤੇ ਸੋਮਵਾਰ ਨੂੰ ‘ਆਪ’ ਦੀਆਂ ਦੋ ਵਿਧਾਇਕ ਬੀਬੀਆਂ ਦਰਮਿਆਨ ਟਕਰਾਅ ਹੋ ਗਿਆ। ਦੱਸਣਯੋਗ ਹੈ ਕਿ ਸ੍ਰੀ ਖਹਿਰਾ ਦੇ ਮਾਮਲੇ ‘ਚ ਹਾਈਕਮਾਂਡ ਪੂਰੀ ਤਰ੍ਹਾਂ ਖ਼ਾਮੋਸ਼ ਹੈ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇਸ ਮਸਲੇ ‘ਤੇ ਕਾਨੂੰਨੀ ਸਲਾਹ ਲੈਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਹੈ। ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕਾ ਰੁਪਿੰਦਰ ਕੌਰ ਰੂਬੀ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਵਿਧਾਇਕਾ ਰੂਬੀ ਨੇ ਕਿਹਾ ਕਿ ਜੇ ਇਸ ਮੌਕੇ ਸ੍ਰੀ ਖਹਿਰਾ ਦਾ ਅਸਤੀਫਾ ਲੈਣਾ ਬਣਦਾ ਹੈ ਤਾਂ ਫਿਰ ਪ੍ਰੋ.ਬਲਜਿੰਦਰ ਕੌਰ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਉਪਰ ਵੀ ਦੋ ਵੋਟਾਂ ਬਣਾਉਣ ਦੇ ਦੋਸ਼ ਲੱਗੇ ਹਨ। ਪ੍ਰੋ. ਬਲਜਿੰਦਰ ਕੌਰ ਨੇ ਸ੍ਰੀ ਖਹਿਰਾ ਦਾ ਅਸਤੀਫਾ ਮੰਗ ਕੇ ਅਜਿਹਾ ਪ੍ਰਭਾਵ ਦਿੱਤਾ ਹੈ ਜਿਵੇਂ ਉਹ ਅਕਾਲੀ ਦਲ ਜਾਂ ਕਾਂਗਰਸ ਦੇ ਹੱਕ ‘ਚ ਬੋਲ ਰਹੇ ਹੋਣ। ਰੂਬੀ ਨੇ ਕਿਹਾ ਕਿ ਪ੍ਰੋ. ਬਲਜਿੰਦਰ ਕੌਰ ਵਿਰੋਧੀ ਧਿਰ ਦੀ ਆਗੂ ਬਣਨਾ ਚਾਹੁੰਦੀ ਹੈ ਪਰ ਮੁਸੀਬਤ ਦੀ ਘੜੀ ‘ਚ ਉਨ੍ਹਾਂ ਨੂੰ ਸ੍ਰੀ ਖਹਿਰਾ ਨਾਲ ਖੜ੍ਹਨਾ ਚਾਹੀਦਾ ਹੈ।
ਦੂਜੇ ਪਾਸੇ ਬਲਜਿੰਦਰ ਕੌਰ ਨੇ ਕਿਹਾ ਕਿ ਰੂਬੀ ਨੇ ਬੜਾ ਬਚਗਾਨਾ ਬਿਆਨ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਤਾਂ ਆਪਣੇ ਬਿਆਨ ‘ਚ ਕੇਵਲ ਡਰੱਗ ਦੇ ਮੁੱਦੇ ‘ਤੇ ਪਾਰਟੀ ਦੀ ਵਿਚਾਰਧਾਰਾ ਦਾ ਜ਼ਿਕਰ ਕੀਤਾ ਸੀ। ਉਸ ਦੀ ਸ੍ਰੀ ਖਹਿਰਾ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਅਤੇ ਉਨ੍ਹਾਂ (ਬਲਜਿੰਦਰ) ਦੀ ਵਿਰੋਧੀ ਧਿਰ ਦੀ ਆਗੂ ਬਣਨ ਦੀ ਕੋਈ ਇੱਛਾ ਨਹੀਂ ਹੈ।
ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਪਾਰਟੀ ਦੇ ਕਈ ਆਗੂ ਆਪਣੀ ਲਾਲਸਾ ਲਈ ਸ੍ਰੀ ਖਹਿਰਾ ਦਾ ਅਸਤੀਫਾ ਮੰਗ ਰਹੇ ਹਨ, ਜੋ ਠੀਕ ਨਹੀਂ ਹੈ। ਸ੍ਰੀ ਖਹਿਰਾ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੇ ਹਨ ਤੇ ਪਾਰਟੀ ਵਿੱਚੋਂ ਉੱਠ ਰਹੀਆਂ ਵਿਰੋਧੀ ਸੁਰਾਂ ਖ਼ਤਰਨਾਕ ਹਨ, ਜਿਸ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ।  ਪੰਜਾਬ ਵਿੱਚ ਦਿੱਲੀ ਦੀ ਲੀਡਰਸ਼ਿਪ ਨੇੜਲੀ ਟੀਮ ਪੂਰੀ ਸਰਗਰਮ ਹੈ। ਦਰਅਸਲ ਪੰਜਾਬ ਵਿਧਾਨ ਸਭਾ ਚੋਣਾਂ ਹਾਰਨ ਬਾਅਦ ਸ੍ਰੀ ਖਹਿਰਾ ਨੇ ਹਾਈ-ਕਮਾਂਡ ਖ਼ਿਲਾਫ਼ ਭੜਾਸ ਕੱਢੀ ਸੀ ਅਤੇ ਕਈ ਕੇਂਦਰੀ ਆਗੂਆਂ ‘ਤੇ ਉਂਗਲ ਉਠਾਈ ਸੀ। ਇਸ ਕਾਰਨ ਦਿੱਲੀ ਦਰਬਾਰ ਨੇੜੇ ਮੰਨੀ ਜਾਂਦੀ ਪੰਜਾਬ ਦੀ ਲੀਡਰਸ਼ਿਪ ਹੁਣ ਸ੍ਰੀ ਖਹਿਰਾ ਦਾ ਅਸਤੀਫਾ ਮੰਗਣ ਲੱਗੀ ਹੈ। ਸ੍ਰੀ ਖਹਿਰਾ ਨੇ ਹਾਈ ਕੋਰਟ ‘ਚ ਸੁਣਵਾਈ ਬਾਅਦ ਸੰਕੇਤ ਦਿੱਤਾ ਕਿ ਉਨ੍ਹਾਂ ਖ਼ਿਲਾਫ਼ ਘੜੀ ਗਈ ਇਸ ਸਾਜ਼ਿਸ਼ ‘ਚ ਉਨ੍ਹਾਂ ਦੀ ਪਾਰਟੀ ਦੇ ਕੁੱਝ ਲੋਕ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ‘ਆਪ’ ਹਾਈਕਮਾਂਡ ਅਤੇ ਪੰਜਾਬ ਲੀਡਰਸ਼ਿਪ 9 ਨਵੰਬਰ ਨੂੰ ਹਾਈ ਕੋਰਟ ਵਿੱਚ ਇਸ ਕੇਸ ‘ਤੇ ਹੋਣ ਵਾਲੀ ਸੁਣਵਾਈ ਦੀ ਉਡੀਕ ਕਰ ਰਹੀ ਹੈ।