ਵਿਰਾਸਤੀ ਸਕਰੀਨਾਂ ‘ਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਲਾਜ਼ਮੀ ਕੀਤੇ ਜਾਣ ਦੀ ਨਹੀਂ ਸੀ ਕੋਈ ਸ਼ਰਤ

ਵਿਰਾਸਤੀ ਸਕਰੀਨਾਂ ‘ਤੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਲਾਜ਼ਮੀ ਕੀਤੇ ਜਾਣ ਦੀ ਨਹੀਂ ਸੀ ਕੋਈ ਸ਼ਰਤ
ਕੈਪਸ਼ਨ – ਵਿਰਾਸਤੀ ਮਾਰਗ ‘ਤੇ ਲੱਗੀ ਐਲਈਡੀ ਸਕਰੀਨ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਵਿਰਾਸਤੀ ਮਾਰਗ ‘ਤੇ ਲਾਈਆਂ ਵੱਡੀਆਂ ਸਕਰੀਨਾਂ ‘ਤੇ ਗੁਰਬਾਣੀ ਕੀਰਤਨ ਦਿਖਾਉਣ ਦੀ ਥਾਂ ਇਸ਼ਤਿਹਾਰਬਾਜ਼ੀ ਕੀਤੇ ਜਾਣ ‘ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਸਬੰਧੀ ਹੋਏ ਸਮਝੌਤੇ ਵਿੱਚ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਲਾਜ਼ਮੀ ਕੀਤੇ ਜਾਣ ਜਾਂ ਸਾਰਾ ਦਿਨ ਦਿਖਾਏ ਜਾਣ ਬਾਰੇ ਕੋਈ ਸ਼ਰਤ ਨਹੀਂ ਰੱਖੀ ਗਈ। ਇਨ੍ਹਾਂ ਸਕਰੀਨਾਂ ‘ਤੇ ਸ਼ਰਾਬ ਦੇ ਇਸ਼ਤਿਹਾਰ ਦਿਖਾਏ ਜਾਣ ਕਾਰਨ ਪੈਦਾ ਹੋਏ ਵਿਵਾਦ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਹਾਕਮ ਧਿਰ ਕਾਂਗਰਸ ਵਲੋਂ ਇੱਕ-ਦੂਜੇ ‘ਤੇ ਦੋਸ਼ ਲਾਏ ਜਾ ਰਹੇ ਹਨ।
ਇਨ੍ਹਾਂ ਐਲਈਡੀ ਸਕਰੀਨਾਂ ਸਬੰਧੀ ਅਕਾਲੀ-ਭਾਜਪਾ ਸਰਕਾਰ ਵੇਲੇ ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਇੱਕ ਨਿੱਜੀ ਭਾਈਵਾਲ ਵਿਚਾਲੇ ਸਮਝੌਤਾ ਹੋਇਆ ਸੀ, ਜਿਸ ਤਹਿਤ ਜੈਪੁਰ ਦੀ ਐਨਐਸ ਪਬਲੀਸਿਟੀ ਇੰਡੀਆ ਕੰਪਨੀ ਵਲੋਂ ਇਸ ਪ੍ਰਾਜੈਕਟ ‘ਤੇ ਦਸ ਕਰੋੜ ਰੁਪਏ ਖਰਚ ਕੀਤੇ ਗਏ ਅਤੇ ਵੱਡੀਆਂ ਸਕਰੀਨਾਂ ਲਾਈਆਂ ਗਈਆਂ। ਸਕਰੀਨਾਂ ਦਾ ਸਾਲਾਨਾ ਕਿਰਾਇਆ ਸਰਕਾਰ ਨੂੰ ਪੰਜ ਲੱਖ ਰੁਪਏ ਅਤੇ ਇਸ਼ਤਿਹਾਰਬਾਜ਼ੀ ਟੈਕਸ 46 ਲੱਖ ਰੁਪਏ ਪ੍ਰਤੀ ਸਾਲ ਦੇਣਾ ਤੈਅ ਹੋਇਆ ਸੀ। ਇਹ ਸਮਝੌਤਾ 15 ਸਾਲ ਲਈ ਕੀਤਾ ਗਿਆ ਹੈ, ਜਿਸ ਤਹਿਤ ਇਹ ਕੰਪਨੀ ਲਗਪਗ 90 ਮਿੰਟ ਸਰਕਾਰ ਦੀਆਂ ਮਸ਼ਹੂਰੀਆਂ ਵੀ ਦਿਖਾਵੇਗੀ।
ਅਕਾਲੀ ਭਾਜਪਾ ਸਰਕਾਰ ਵੇਲੇ ਜਦੋਂ ਇਹ ਸਕਰੀਨਾਂ ਲਾਈਆਂ ਗਈਆਂ ਸਨ ਤਾਂ ਗੁਰਬਾਣੀ ਕੀਰਤਨ ਦਿਖਾਉਣਾ ਸ਼ੁਰੂ ਕੀਤਾ ਗਿਆ। ਜਦਕਿ ਸਕਰੀਨਾਂ ਸਬੰਧੀ ਸਮਝੌਤੇ ਵਿੱਚ ਸਕਰੀਨਾਂ ‘ਤੇ ਦਿਖਾਈ ਜਾਣ ਵਾਲੀ ਸਮੱਗਰੀ ਬਾਰੇ ਕੁਝ ਵੀ ਤੈਅ ਨਹੀਂ ਹੈ। ਨਾਮ ਨਾ ਛਾਪਣ ਦੀ ਸ਼ਰਤ ‘ਤੇ ਇੱਕ ਉਚ ਅਧਿਕਾਰੀ ਨੇ ਖ਼ੁਲਾਸਾ ਕੀਤਾ ਕਿ ਸਮਝੌਤੇ ਵਿੱਚ ਦਿਖਾਈ ਜਾਣ ਵਾਲੀ ਸਮੱਗਰੀ ਸਬੰਧੀ ਕੋਈ ਵੀ ਸ਼ਰਤ ਦਰਜ ਨਹੀਂ ਕੀਤੀ ਗਈ। ਇਹੀ ਕਾਰਨ ਹੈ ਕਿ ਸੱਤਾ ਬਦਲਣ ਮਗਰੋਂ ਸਕਰੀਨਾਂ ਦੇ ਨਿੱਜੀ ਭਾਈਵਾਲ ਵਲੋਂ ਆਪਣੀ ਮਰਜ਼ੀ ਨਾਲ ਇਸ਼ਤਿਹਾਰਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਸ਼ਤਿਹਾਰਬਾਜ਼ੀ ਤੋਂ ਉਸ ਨੂੰ ਆਮਦਨ ਹੋਣੀ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਗੁਰਬਾਣੀ ਕੀਰਤਨ ਦੇ ਨਾਲ ਨਾਲ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਸਮੁੱਚੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਾਈ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂਂ ਮੰਗ ਕੀਤੀ ਕਿ ਸਕਰੀਨਾਂ ਸਬੰਧੀ ਸਮਝੌਤੇ ਨੂੰ ਰੱਦ ਕੀਤਾ ਜਾਵੇ ਤੇ ਨਵਾਂ ਸਮਝੌਤਾ ਕੀਤਾ ਜਾਵੇ, ਜਿਸ ਤਹਿਤ ਇਨ੍ਹਾਂ ਸਕਰੀਨਾਂ ‘ਤੇ ਸਿਰਫ਼ ਗੁਰਬਾਣੀ ਕੀਰਤਨ ਹੀ ਦਿਖਾਇਆ ਜਾਵੇ।