ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

ਭਾਰਤੀ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

ਹਿਊਸਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਸੂਬੇ ਟੈਕਸਸ ਵਿਚ ਸਾਲ 2004 ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ 34 ਸਾਲ ਦੇ ਇਕ ਵਿਅਕਤੀ ਦੀ ਮੌਤ ਦੀ ਸਜ਼ਾ ਉਪਰ ਤਾਮੀਲ ਕਰ ਦਿੱਤੀ ਗਈ ਹੈ; ਉਸ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਨੀਂਦ ਸੁਆ ਦਿੱਤਾ ਗਿਆ। ਵਰਨਣਯੋਗ ਹੈ ਕਿ ਪਟੇਲ ਦੇ ਪੁੱਤ ਨੇ ਰਹਿਮ ਦੀ ਪਟੀਸ਼ਨ ਦਾ ਸਮਰਥਨ ਕੀਤਾ ਸੀ। ਕ੍ਰਿਸਟੋਫਰ ਯੰਗ ਉਸ ਗਿਰੋਹ ਦਾ ਮੈਂਬਰ ਸੀ, ਜਿਸ ਦਾ ਟੈਕਸਸ ਨੇ ਸੇਂਟ ਐਂਟੋਨੀਓ ਵਿੱਚ 14 ਸਾਲ ਪਹਿਲਾਂ ਲੁੱਟ ਮਾਰ ਦੀ ਕੋਸ਼ਿਸ਼ ਕਰਦਿਆਂ ਹਸਮੁਖ ਉਰਫ਼ ਹਸ ਪਟੇਲ ਉਪਰ ਗੋਲੀ ਚਲਾਈ ਸੀ। ਮੀਡੀਆ ਮੁਤਾਬਕ ਗੋਲੀ ਲੱਗਣ ਕਾਰਨ ਪਟੇਲ ਦੀ ਮੌਤ ਹੋ ਗਈ ਸੀ। ਯੰਗ ਨੂੰ ਬੀਤੇ ਦਿਨ ਮੌਤ ਦੀ ਸਜ਼ਾ ਦਿੱਤੀ ਗਈ। ਕੁੱਝ ਦਿਨ ਪਹਿਲਾਂ ਉਸ ਦੀ ਰਹਿਮ ਦੀ ਪਟੀਸ਼ਨ ਟੈਕਸਸ ਬੋਰਡ ਆਫ ਪਾਰਡਨ ਐਂਡ ਪੈਰੋਲ ਨੇ ਰੱਦ ਕਰ ਦਿੱਤੀ ਸੀ। ਟੈਕਸਸ ਟ੍ਰਿਬਿਊਨ ਮੁਤਾਬਕ ਪਿਛਲੇ ਮਹੀਨੇ ਯੰਗ ਦੀ ਰਿਸ਼ਤੇਦਾਰ ਤੇ ਵਕੀਲਾਂ ਨੇ ਉਸ ਲਈ ਰਹਿਮ ਦੀ ਮੰਗ ਕੀਤੀ ਸੀ। ਇਸ ਲਈ ਇਕ ਮੁਹਿੰਮ ਵੀ ਵਿੱਢੀ ਗਈ ਸੀ। ਪਟੇਲ ਦੇ ਪੁੱਤ 36 ਸਾਲ ਦੇ ਮਿਤੇਸ਼ ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ ਸੀ।