ਲੰਬੀ ਵਾਟਰ ਵਰਕਸ ਦਾ ਕੁਨੈਕਸ਼ਨ ਹੋਇਆ ਕੱਟ
ਲੰਬੀ/ਬਿਊਰੋ ਨਿਊਜ਼ :
ਪਾਵਰਕੌਮ ਨੇ ਅੱਜ 6.50 ਲੱਖ ਰੁਪਏ ਦੇ ਬਿੱਲ ਬਕਾਇਆ ਹੋਣ ਕਰਕੇ ਵਾਟਰ ਵਰਕਸ ਲੰਬੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਲੰਬੀ ਸਬ ਡਿਵੀਜ਼ਨ ਨੇ ਪਿੰਡ ਮਹਿਣਾ ਵੱਲ 37.39 ਲੱਖ ਤੇ ਆਧਨੀਆਂ ਵੱਲ 8.17, ਸਹਿਣਾਖੇੜਾ ਵੱਲ 7.10 ਲੱਖ ਰੁਪਏ ਦੇ ਬਕਾਇਆ ਨਾ ਭਰੇ ਜਾਣ ਕਰਕੇ ਕੁਨੈਕਸ਼ਨ ਕੱਟ ਦਿੱਤੇ।
ਇਸੇ ਪਾਵਰਕੌਮ ਦੀ ਸਰਹੱਦੀ ਸਬ ਡਿਵੀਜ਼ਨ ਡੱਬਵਾਲੀ (ਮੰਡੀ ਕਿੱਲਿਆਂਵਾਲੀ) ਵੀ ਡਿਫਾਲਟਰਾਂ ਖ਼ਿਲਾਫ਼ ਸਖ਼ਤ ਹੋ ਗਈ। ਇਸ ਸਬ ਡਿਵੀਜ਼ਨ ਦੇ 17 ਡਿਫਾਲਟਰ ਵਾਟਰ ਵਰਕਸਾਂ ਵਿੱਚੋਂ 4 ਵੱਡੇ ਡਿਫਾਲਟਰਾਂ ‘ਤੇ ਪਲਾਸ ਚਲਾਉਂਦਿਆਂ ਬਿਜਲੀ ਗੁੱਲ ਕਰ ਦਿੱਤੀ ਗਈ ਹੈ। ਸਬ ਡਿਵੀਜ਼ਨ ਦੇ 17 ਵਾਟਰ ਵਰਕਸਾਂ ਸਿਰ 2.91 ਲੱਖ ਰੁਪਏ ਬਕਾਇਆ ਹਨ। ਲੰਬੀ ਹਲਕੇ ਦੇ ਸਭ ਤੋਂ ਵੱਡੇ ਕਸਬੇ ਮੰਡੀ ਕਿੱਲਿਆਂਵਾਲੀ ਦੇ ਵਾਟਰ ਵਰਕਸ ‘ਤੇ 56.24 ਲੱਖ ਰੁਪਏ ਦਾ ਬਿੱਲ ਬਕਾਇਆ ਹੈ। ਵੜਿੰਗਖੇੜਾ ਵੱਲ 36.13 ਲੱਖ ਰੁਪਏ, ਲੁਹਾਰਾ ‘ਤੇ 12.43 ਲੱਖ ਰੁਪਏ ਤੇ ਭੁੱਲਰਵਾਲਾ ‘ਤੇ 10.46 ਲੱਖ ਰੁਪਏ ਬਿੱਲ ਬਕਾਇਆ ਹਨ। ਸਬ ਡਿਵੀਜ਼ਨ ਡੱਬਵਾਲੀ ਨੇ ਮਿੱਡੂਖੇੜਾ ਵਿੱਚ ਛੱਪੜ ਨਿਕਾਸੀ (ਡਰੇਨੇਜ਼ ਵਿਭਾਗ) ਵੱਲ 1.35 ਲੱਖ ਰੁਪਏ, ਡਿਸਪੋਜ਼ਲ (ਪੰਚਾਇਤ) ਵੱਲ 1.45 ਲੱਖ ਰੁਪਏ ਬਕਾਇਆ ਹੋਣ ਕਰਕੇ ਕੁਨੈਕਸ਼ਨ ਕੱਟ ਦਿੱਤੇ। ਸਬ ਡਿਵੀਜ਼ਨ ਡੱਬਵਾਲੀ ਨੇ ਬਠਿੰਡਾ ਦਿਹਾਤੀ ਦੇ ਪਿੰਡ ਰੁਲਦੂ ਸਿੰਘ ਵਾਲਾ ਵਿਚ ਮੋਘਿਆਂ ਦੇ 5.84 ਲੱਖ ਰੁਪਏ ਬਕਾਏ ਕਾਰਨ ਦੋ ਕੁਨੈਕਸ਼ਨ ਅਤੇ ਫੱਲੜ ਵਿਚ ਮੋਘਿਆਂ ਦੇ 4.24 ਲੱਖ ਰੁਪਏ ਬਕਾਇਆ ਹੋਣ ਕਾਰਨ ਕੁਨੈਕਸ਼ਨ ਕੱਟ ਦਿੱਤੇ ਗਏ। ਫੱਤਾਕੇਰਾ ਵਿਚ ਸੇਮ ਨਾਲਿਆਂ ਦੇ ਡਰੇਨੇਜ ਵਿਭਾਗ ਦੇ 4 ਕੁਨੈਕਸ਼ਨਾਂ ‘ਤੇ 5.35 ਲੱਖ ਬਕਾਇਆ ਹੋਣ ਕਰਕੇ ਪਲਾਸ ਚਲਾ ਦਿੱਤਾ ਗਿਆ। ਸਬ ਡਿਵੀਜ਼ਨ ਲੰਬੀ ਦੇ ਐਸ.ਡੀ.ਓ ਰਣਜੀਤ ਸਿੰਘ ਨੇ ਦੱਸਿਆ ਕਿ ਮਹਿਣਾ, ਆਧਨੀਆਂ, ਸਹਿਣਾਖੇੜਾ ਦੇ ਵਾਟਰ ਵਰਕਸਾਂ ਦੇ ਇਲਾਵਾ ਚੰਨੂ 7.50 ਲੱਖ ਰੁਪਏ ਦੇ ਚੰਨੂ ਵਿਖੇ ਡਰੇਨੇਜ ਦੇ 5 ਕੁਨੈਕਸ਼ਨ ਕੱਟੇ ਗਏ ਹਨ। ਸਬ ਡਿਵੀਜ਼ਨ ਡੱਬਵਾਲੀ ਦੇ ਐਸਡੀਓ ਬਾਲਾਰਾਮ ਨੇ ਮੰਡੀ ਕਿੱਲਿਆਂਵਾਲੀ, ਲੁਹਾਰਾ, ਵੜਿੰਗਖੇੜਾ ਤੇ ਭੁੱਲਰਵਾਲਾ ਦੇ ਵਾਟਰ ਵਰਕਸਾਂ ਦੇ ਕੁਨੈਕਸ਼ਨ ਕੱਟਣ ਦੀ ਪੁਸ਼ਟੀ ਕੀਤੀ ਹੈ।
ਭੀਟੀਵਾਲਾ ਦਾ ਕੁਨੈਕਸ਼ਨ ਨਾਜਾਇਜ਼ ਜੋੜਿਆ
ਪਿੰਡ ਭੀਟੀਵਾਲਾ ਦੇ ਵਾਟਰ ਵਰਕਸ ਦਾ ਕੱਟਿਆ ਕੁਨੈਕਸ਼ਨ ਨਾਜਾਇਜ਼ ਤੌਰ ‘ਤੇ ਮੁੜ ਜੋੜ ਲਿਆ ਗਿਆ। ਵਿਭਾਗ ਅਨੁਸਾਰ ਲਗਭਗ 33 ਲੱਖ ਰੁਪਏ ਦਾ ਬਿੱਲ ਅਜੇ ਤੱਕ ਨਹੀਂ ਭਰਿਆ ਗਿਆ। ਪਤਾ ਲੱਗਿਆ ਹੈ ਕਿ ਪਿੰਡ ਦੇ ਘਰਾਂ ਵਿੱਚ ਵਾਟਰ ਵਰਕਸ ਦਾ ਪਾਣੀ ਸਪਲਾਈ ਹੋਇਆ ਸੀ। ਲੰਬੀ ਸਬ ਡਿਵੀਜ਼ਨ ਦੇ ਐਸਡੀਓ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਇੰਜ ਹੋਇਆ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Comments (0)