ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵਲੋਂ ਸਵੈ ਇੱਛਾ ਨਾਲ ਇਕ ਲੱਖ ਰੁਪਏ ਤਨਖਾਹ ਹੀ ਲੈਣ ਦਾ ਫੈਸਲਾ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਵਲੋਂ ਸਵੈ ਇੱਛਾ ਨਾਲ ਇਕ ਲੱਖ ਰੁਪਏ ਤਨਖਾਹ ਹੀ ਲੈਣ ਦਾ ਫੈਸਲਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਸਵੈਇੱਛਾ ਨਾਲ ਆਪਣੀ ਤਨਖਾਹ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਵਿਚੋਂ ਦੋ ਲੱਖ ਰੁਪਏ ਗੁਰੂ ਘਰ ਲਈ ਛੱਡਦਿਆਂ ਇਕ ਲੱਖ ਰੁਪਏ ਪ੍ਰਤੀ ਮਹੀਨਾ ਲੈਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਇਸ ਵਰ੍ਹੇ ਦੇ ਜਨਵਰੀ ਮਹੀਨੇ ਤੋਂ ਲਾਗੂ ਹੋਵੇਗਾ।
ਸ਼੍ਰੋਮਣੀ ਕਮੇਟੀ ਵਲੋਂ ਸੰਸਥਾ ਦੇ ਪ੍ਰਬੰਧਾਂ ਨੂੰ ਹੋਰ ਵਧੇਰੇ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਵਿਸ਼ੇਸ਼ ਅਹੁਦਾ ਸਥਾਪਤ ਕੀਤਾ ਗਿਆ ਸੀ ਅਤੇ ਇਸ ਅਹੁਦੇ ਲਈ ਅਗਸਤ 2015 ਵਿਚ ਮੁੱਖ ਸਕੱਤਰ ਵਜੋਂ ਸ੍ਰੀ ਹਰਚਰਨ ਸਿੰਘ ਦੀ ਨਵੀਂ ਨਿਯੁਕਤੀ ਕੀਤੀ ਗਈ ਸੀ। ਉਨ੍ਹਾਂ ਨੂੰ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਪੈਕੇਜ ਤੈਅ ਕੀਤਾ ਗਿਆ ਸੀ। ਇੰਨੀ ਤਨਖਾਹ ਅਤੇ ਨਵੇਂ ਅਹੁਦੇ ਦੀ ਸਿਰਜਣਾ ਕਾਰਨ ਇਹ ਮਾਮਲਾ ਵਿਵਾਦ ਦਾ ਮੁੱਦਾ ਵੀ ਬਣਿਆ ਸੀ, ਜਿਸ ਨੂੰ ਕੁਝ ਸਿੱਖ ਜਥੇਬੰਦੀਆਂ ਵਲੋਂ ਅਦਾਲਤ ਵਿਚ ਵੀ ਚੁਣੌਤੀ ਦਿੱਤੀ ਗਈ ਸੀ। ਇਹ ਮਾਮਲਾ ਅਕਤੂਬਰ 2015 ਤੋਂ ਅਦਾਲਤ ਦੇ ਵਿਚਾਰ ਅਧੀਨ ਹੈ।
ਲਗਭਗ 71 ਸਾਲਾਂ ਦੇ ਮੁਖ ਸਕੱਤਰ ਹਰਚਰਨ ਸਿੰਘ ਨੇ ਆਪਣੀ ਕੁਲ ਤਨਖਾਹ ਵਿਚੋਂ 65 ਫੀਸਦੀ ਤਨਖਾਹ ਛੱਡ ਦਿੱਤੀ ਹੈ ਅਤੇ ਸਿਰਫ 35 ਫੀਸਦੀ ਲਗਭਗ ਇਕ ਲੱਖ ਰੁਪਏ ਸਵੈ ਇੱਛਾ ਨਾਲ ਤਨਖਾਹ ਲੈਣ ਦੀ ਇੱਛਾ ਪ੍ਰਗਟਾਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਬੀਤੇ ਦਿਨ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਮਾਮਲੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਸੀ।
ਇਸ ਸਬੰਧ ਵਿਚ ਗੱਲ ਕਰਦਿਆਂ ਸ੍ਰੀ ਹਰਚਰਨ ਸਿੰਘ ਨੇ ਦਸਿਆ ਕਿ ਉਹ ਸ਼੍ਰੋਮਣੀ ਕਮੇਟੀ ਵਿਚ ਬਤੌਰ ਮੁੱਖ ਸਕੱਤਰ ਵਜੋਂ ਕੰਮ ਕਰਨ ਲਈ ਸਿਰਫ ਸੇਵਾ ਦੇ ਮੰਤਵ ਨਾਲ ਆਏ ਹਨ। ਜਦੋਂਕਿ ਉਹ ਇਸ ਤੋਂ ਪਹਿਲਾਂ ਦਿੱਲੀ ਵਿਚ ਇਕ ਨਾਮੀ ਅਖ਼ਬਾਰੀ ਅਦਾਰੇ ਵਿਚ ਹੁਣ ਨਾਲੋਂ ਲਗਭਗ ਢਾਈ ਗੁਣਾਂ ਵੱਧ ਤਨਖਾਹ ਲੈ ਰਹੇ ਸਨ।