ਘਰੋਂ ਹੀ ਸਿਆਸੀ ਮੁਹਿੰਮ ਚਲਾਉਣਗੇ ਲੱਗੇ ਬਾਦਲ
ਕੈਪਸ਼ਨ-ਪਿੰਡ ਬਾਦਲ ਵਿੱਚ ਆਪਣੀ ਰਿਹਾਇਸ਼ ‘ਤੇ ਦਲਿਤਾਂ ਨਾਲ ਮੀਟਿੰਗ ਕਰਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।
ਲੰਬੀ/ਬਿਊਰੋ ਨਿਊਜ਼ :
ਲੰਬੀ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਜਰਨੈਲ ਸਿੰਘ ਵਿਚਾਲੇ ‘ਘਿਰੇ’ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਘਰੋਂ ਹੀ ਸਿਆਸੀ ਰਾਹਾਂ ਸੌਖੀਆਂ ਕਰਨ ਵਿਚ ਜੁਟੇ ਹਨ। ਵੱਡੇ ਬਾਦਲ ਨੇ ਪਿੰਡ ਬਾਦਲ ਵਿਚਲੀ ਰਿਹਾਇਸ਼ ‘ਤੇ ਡੇਰਾ ਲਾਇਆ ਹੋਇਆ ਹੈ। ਜਿੱਥੋਂ ਉਹ ਲੰਬੀ ਹਲਕੇ ਦੇ ਸਮੁੱਚੇ ਸਿਆਸੀ ਘਟਨਾਕ੍ਰਮ ‘ਤੇ ਤਿੱਖੀ ਨਜ਼ਰ ਰੱਖ ਕੇ ਸਿਆਸੀ ਜੁਗਤਾਂ ਲੜਾ ਰਹੇ ਹਨ। ਸ੍ਰੀ ਬਾਦਲ ਤਿੰਨ ਕੁ ਦਿਨ ਪਹਿਲਾਂ ਹੀ ਚੋਣ ਪ੍ਰਚਾਰ ਦਾ ਇੱਕ ਗੇੜ ਖ਼ਤਮ ਕਰ ਕੇ ਹਟੇ ਹਨ। ਉਦੋਂ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਚੋਣਾਂ ਤੱਕ ਉਨ੍ਹਾਂ ਨੂੰ ਲੰਬੀ ਹਲਕੇ ਲਈ ਵਿਹਲ ਨਹੀਂ ਹੋਵੇਗੀ।
ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੀ 28 ਜਨਵਰੀ ਅਤੇ ਚੋਣ ਪ੍ਰਚਾਰ ਦੇ ਅਖੀਰਲੇ ਦਿਨ 2 ਫਰਵਰੀ ਨੂੰ ਲੰਬੀ ਹਲਕੇ ਦੇ ਵੋਟਰਾਂ ਦਰਮਿਆਨ ਪੁੱਜ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅੱਜ ਤੱਕ ਕਦੇ ਵਿਧਾਨ ਸਭਾ ਚੋਣ ਨਹੀਂ ਹਾਰੇ। ਇਸ ਵਾਰ ਤਿਕੋਣੇ ਮੁਕਾਬਲੇ ਵਿੱਚ ਆਪਣੀ ਸੀਟ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਲਗਾਤਾਰ ਧਿਆਨ ਦੇਣਾ ਪੈ ਰਿਹਾ ਹੈ।
ਸ੍ਰੀ ਬਾਦਲ ਨੇ ਆਪਣੀ ਰਿਹਾਇਸ਼ ‘ਤੇ ਹਲਕੇ ਦੇ ਕਰੀਬ ਦੋ ਸੌ ਦਲਿਤ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ। ਪਿਛਲੀ ਵਾਰ ਤਿੰਨ ਬਾਦਲ ਭਰਾਵਾਂ ਦੀ ਸਿਆਸੀ ਜੰਗ ਉਹ ਸੌਖਿਆਂ ਹੀ ਜਿੱਤ ਗਏ ਸਨ, ਪਰ ਇਸ ਵਾਰ ਅਕਾਲੀ ਜਥੇਦਾਰਾਂ ਦੀ ‘ਮਾੜੀ’ ਕਾਰਗੁਜ਼ਾਰੀ ਨੇ ਸ੍ਰੀ ਬਾਦਲ ਲਈ ਚੋਣ ਪ੍ਰਚਾਰ ਵੀ ਔਖਾ ਕਰ ਦਿੱਤਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਘਰੋਂ ਹੀ ਚੋਣ ਮੁਹਿੰਮ ਚਲਾਉਣ ਲਈ ਮਜਬੂਰ ਹੋ ਗਏ ਹਨ। ਹਲਕੇ ਵਿੱਚ ਕਾਂਗਰਸ ਅਤੇ ‘ਆਪ’ ਦੀਆਂ ਚੋਣ ਮੁਹਿੰਮਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੀ ਅਗਵਾਈ ਵਿੱਚ ਲਗਭਗ 40 ਪਿੰਡਾਂ ਦੇ 1200 ਟਕਸਾਲੀ ਅਕਾਲੀ ਪਰਿਵਾਰ ਕਾਂਗਰਸ ਨਾਲ ਜੁੜ ਚੁੱਕੇ ਹਨ ਤੇ ਸ੍ਰੀ ਬਾਦਲ ਕਿਨਾਰਾ ਕਰ ਰਹੇ ਟਕਸਾਲੀ ਪਰਿਵਾਰਾਂ ਨੂੰ ਮਨਾਉਣ ਵਿਚ ਜੁਟ ਗਏ ਹਨ। ਅਕਾਲੀ ਆਗੂ ਰੁੱਸਿਆਂ ਨਾਲ ਰਾਬਤਾ ਕਰ ਕੇ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲਬਾਤ ਤੱਕ ਕਰਵਾ ਰਹੇ ਹਨ। ਕਾਂਗਰਸ ਦਾ ਪੱਲਾ ਫੜ ਚੁੱਕੇ ਕਈ ਟਕਸਾਲੀ ਪਰਿਵਾਰ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲਬਾਤ ਕਰਨੋਂ ਵੀ ਨਾਂਹ ਕਰ ਚੁੱਕੇ ਹਨ। ਕਾਂਗਰਸ ਦਾ ਪੱਲਾ ਫੜ ਚੁੱਕੇ ਟਕਸਾਲੀ ਅਕਾਲੀ ਪਰਿਵਾਰ ਦੇ ਸਾਬਕਾ ਪੰਚ ਇਕਬਾਲ ਸਿੰਘ (ਪਿੰਡ ਆਧਨੀਆਂ) ਵੀ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਤੋਂ ਨਾਂਹ ਕਰ ਚੁੱਕੇ ਹਨ।
ਦਲਿਤਾਂ ਨਾਲ ਮੀਟਿੰਗ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਜਾਰੀ ਰੱਖਣ ਲਈ ਅਕਾਲੀ ਦਲ ਦੀ ਜਿੱਤ ਵਾਸਤੇ ਡਟਣ ਦਾ ਸੱਦਾ ਦਿੱਤਾ।
Comments (0)