ਕੌਮਵਾਦ ਦਾ ਸੰਕਲਪ ਤੇ ‘ਰਾਜ ਕਰੇਗਾ ਖਾਲਸਾ’ 

ਕੌਮਵਾਦ ਦਾ ਸੰਕਲਪ ਤੇ ‘ਰਾਜ ਕਰੇਗਾ ਖਾਲਸਾ’ 

ਸੀਨੀਅਰ ਪਤਰਕਾਰ ਸ. ਕਰਮਜੀਤ ਸਿੰਘ ਚੰਡੀਗੜ੍ਹ ਨੇ ਆਪਣੀ ਇਕ ਲੰਬੀ ਲਿਖਤ ਵਿਚ ਕੌਮਵਾਦ ਬਾਰੇ ਫਿਰ ਚਰਚਾ ਛੇੜੀ ਹੈ।

ਡੈਨਮਾਰਕ ਦੇ ਸ. ਜਸਬੀਰ ਸਿੰਘ ਦੀ ਕਿਤਾਬ ‘ਕੌਮਵਾਦ : ਸਿਧਾਂਤਕ ਜਾਣਪਛਾਣ’ ਦੇ ਹਵਾਲੇ ਨਾਲ ਉਹਨਾਂ ਨੇ ਲਿਖਿਆ ਹੈ ਕਿ ‘‘ਇਸ ਉਘੇ ਵਿਦਵਾਨ ਨੇ ਆਪਣੀ ਪੁਸਤਕ ਵਿਚ ਉਹਨਾਂ ਪ੍ਰਸਿਧ ਵਿਦਵਾਨਾਂ ਨਾਲ ਸਾਡੀ ਜਾਣ ਪਹਿਚਾਣ ਕਰਵਾਈ ਹੈ ਜਿਨ੍ਹਾਂ ਨੇ ਕੌਮਵਾਦ ਤੇ ਕੌਮ ਦੇ ਪਿੜ ਵਿਚ ਗੰਭੀਰ ਤੇ ਬਹੁਪਖੀ ਵਿਚਾਰ ਸਾਡੇ ਸਾਹਮਣੇ ਲਿਆਂਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦਵਾਨ ਨੇ ਪੰਜਾਬੀ ਵਿਚ ਸਾਨੂੰ ਇਕ ਅਜਿਹੇ ਵਿਸ਼ੇ ਦੀ ਅਹਮੀਅਤ ਬਾਰੇ ਲੰਮੀ ਨੀਂਦ ਤੋਂ ਜਗਾਇਆ ਹੈ, ਜਿਸ ਬਾਰੇ ਸਾਡੀ ਸਮਝ ਤੇ ਸਾਡਾ ਗਿਆਨ ਜਾਂ ਤਾਂ ਸਤਈ ਕਿਸਮ ਦਾ ਹੈ ਜਾਂ ਜਜ਼ਬਾਤੀ ਹੈ ਜਾਂ ਧੁੰਦਲਾ ਹੈ ਅਤੇ ਜਾਂ ਫਿਰ ਅਸੀਂ ਇਸ ਮਹਤਵਪੂਰਨ ਵਿਸ਼ੇ ਦੇ ਵਿਚਾਰਧਾਰਕ ਪਹਿਲੂ ਨੂੰ ਅਣਗੌਲਿਆਂ ਕਰ ਛਡਿਆ ਹੈ।’’

ਕੌਮਵਾਦ ਦੇ ਸੰਕਲਪ ਬਾਰੇ ਏਨੀ ਭਰਵੀਂ ਚਰਚਾ ਹੋ ਚੁਕੀ ਹੈ ਕਿ ਇਸ ਬਾਰੇ ਹੋਰ ਬਹਿਸ ਕਰਨੀ ਪਾਣੀ ਵਿਚ ਮਧਾਣੀ ਪਾਉਣ ਵਾਂਗ ਹੈ। ਪਰ ਕਿਉਂਕਿ ਸ. ਕਰਮਜੀਤ ਸਿੰਘ ਨੇ ਇਸ ਲਿਖਤ ਰਾਹੀਂ ਖਾਸ ਕਰ ਕੇ ਖਾਲਸਤਾਨੀ ਜਥੇਬੰਦੀਆਂ ਦਾ ਧਿਆਨ ਖਿਚਿਆ ਹੈ, ਇਸ ਲਈ ਇਸ ਲਿਖਤ ਬਾਰੇ ਟਿਪਣੀ ਕਰਨੀ ਜਰੂਰੀ ਬਣ ਗਈ ਹੈ। ਉਹਨਾਂ ਦੇ ਕਥਨ ਅਨੁਸਾਰ, ‘‘ਖਾਲਿਸਤਾਨ ਤੇ ਖਾਲਿਸਤਾਨੀ ਜਥੇਬੰਦੀਆਂ ਨਾਲ ਜੁੜੇ ਸਰਗਰਮ ਕਾਰਕੁਨਾਂ ਲਈ ਤਾਂ ਇਹ ਕਿਤਾਬ ਹੋਰ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਜਿਥੇ ਉਹਨਾਂ ਦੀ ਅੰਤਰਰਾਸ਼ਟਰੀ ਸਮਝ ਵਿਚ ਨਵੇਂ ਤਤ, ਨਵੇਂ ਤਥ ਅਤੇ ਨਵੀਂ ਜਾਣਕਾਰੀ ਸ਼ਾਮਿਲ ਹੋਏਗੀ, ਉਥੇ ਉਹ ਚਲੰਤ ਮਾਮਲਿਆਂ ਦੇ ਸੰਘਰਸ਼ ਦੀ ਅਹਿਮੀਅਤ ਨੂੰ ਇਸ ਅਣਗੌਲੇ ਅਤੇ ਬਹੁਤ ਹੀ ਮਹਤਵਪੂਰਨ ਵਿਸ਼ੇ ਨਾਲ ਜੋੜ ਕੇ ਜ਼ਿੰਦਗੀ ਦੇ ਮੈਦਾਨ ਵਿਚ ਅਗੇ ਵਧਣਗੇ ਤੇ ਸੰਘਰਸ਼ ਦੇ ਅਗਲੇ ਪੈਂਡਿਆਂ ਤੇ ਰਣਨੀਤੀਆਂ ਵਿਚ ਨਵੀਂ ਧੜਕਣ, ਨਵਾਂ ਜੋਸ਼ ਸ਼ਾਮਿਲ ਕਰਨਗੇ। ਇਸ ਨਾਲ ਉਹਨਾਂ ਦੀ ਰਾਜਨੀਤਕ ਦਿਸ਼ਾ ਤੇ ਤਰਜ਼ੇ-ਜ਼ਿੰਦਗੀ ਦਾ ਪਧਰ ਹੋਰਨਾਂ ਰਾਜਨੀਤਕ ਪਾਰਟੀਆਂ ਨਾਲੋਂ ਵਖਰਾ, ਨਿਵੇਕਲਾ ਤੇ ਉਚੀ ਪਧਰ ਦਾ ਵੀ ਹੋਵੇਗਾ। ਇਸ ਤੋਂ ਇਲਾਵਾ ਇਹਨਾਂ ਪਾਰਟੀਆਂ ਦੀ ਲੀਡਰਸ਼ਿਪ ਵਿਚ ਸਿਖ ਕੌਮ ਨਾਲ ਜੁੜੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਆਈ ਰਾਜਨੀਤਕ ਤੇ ਸਿਧਾਂਤਕ ਖੜੋਤ ਵਿਚ ਆਈਆਂ ਕਮੀਆਂ ਤੇ ਕਮਜ਼ੋਰੀਆਂ ਦਾ ਵੀ ਗਿਆਨ ਹੋਵੇਗਾ।’’

ਸ. ਕਰਮਜੀਤ ਸਿੰਘ ਜੀ ਕੌਮ ਬਾਰੇ ਸੁਆਲ ਕਰਦੇ ਫਿਰ ਆਪ ਹੀ ਪੁਛਦੇ ਹਨ, ‘‘ਕੀ ਕੌਮ ਜਾਂ ਕੌਮਵਾਦ ਕੋਈ ਬਹੁਤ ਹੀ ਡੂੰਘਾ ਤੇ ਅਨੋਖੀ ਕਿਸਮ ਦਾ ਜਜ਼ਬਾ ਹੈ? ਕੀ ਇਹ ਕੋਈ ਵਿਚਾਰਧਾਰਾ ਹੈ ਜਾਂ ਇਹ ਕੋਈ ਲਹਿਰ ਜਾਂ ਅੰਦੋਲਨ ਹੈ? ਜਾਂ ਇਹ ਕੋਈ ਇਨੀ ਵਡੀ ਸ਼ਕਤੀ ਹੈ ਜੋ ਧਰਮ ਤੋਂ ਵੀ ਉਪਰ ਸਥਾਨ ਲੈ ਚੁਕੀ ਹੈ? ਜਾਂ ਫਰਾਂਸੀਸੀ ਵਿਦਵਾਨ ਅਰਨਸਟ ਰੈਨਨ (1823-1892) ਮੁਤਾਬਕ ਕੀ ਕੌਮ ਇਕ ਰੂਹ ਹੈ, ਇਕ ਰੂਹਾਨੀ ਸਿਧਾਂਤ ਹੈ ਜਿਸ ਵਿਚ ਸਾਡੇ ਅਤੀਤ ਤੇ ਵਰਤਮਾਨ ਮਿਲਦੇ ਹਨ? ਜਾਂ ਜਾਹਨ ਆਰਮਸਟਰਾਂਗ ਅਨੁਸਾਰ ਤੀਬਰ ਜਜ਼ਬਿਆਂ ਦੀ ਸਾਂਝ ਵਿਚਲੇ ਤਾਣੇ ਪੇਟੇ ਵਾਂਗ ਓਤ ਪ੍ਰੋਤ ਕਿਸੇ ਗਰੁਪ ਨੂੰ ਹੀ ਅਸੀਂ ਕੌਮ ਕਹਿ ਸਕਦੇ ਹਾਂ? ਜਾਂ ਕੀ ਕੌਮਵਾਦ ਨੇ ਹੀ ਕੌਮ ਨੂੰ ਇਜਾਦ ਕੀਤਾ ਹੈ? ਕੀ ਇਹ ਕੋਈ ਘਟਨਾ ਹੈ? ਕੌਮ ਕਦੋਂ ਤੇ ਕਿਵੇਂ ਹੋਂਦ ਵਿਚ ਆਈ? ਕੀ ਇਹ ਵਖਰੇ ਵਖਰੇ ਰੂਪ ਵਿਚ ਹਰ ਦੌਰ ਵਿਚ ਮੌਜੂਦ ਸੀ?’’

ਤੇ ਫਿਰ ਆਪ ਹੀ ਕਿਤਾਬ ਦੇ ਹਵਾਲੇ ਨਾਲ ਇਸ ਦਾ ਜੁਆਬ ਦੇਂਦੇ ਹਨ, ‘‘ਜਸਵੀਰ ਸਿੰਘ ਦੀ ਧਾਰਨਾ ਹੈ ਕਿ ਰਾਜ ਤੇ ਕੌਮ ਵਿਚ ਢੇਰ ਸਾਰਾ ਫਰਕ ਹੁੰਦਾ ਹੈ ਅਤੇ ਰਾਜ ਦਾ ਅਸਲ ਵਿਚ ਮੁਢ ਤੇ ਵਿਕਾਸ ਯੂਰਪ ਵਿਚ ਹੀ ਹੋਇਆ ਹੈ। ਲੇਖਕ ਇਸ ਵਿਕਾਸ ਨੂੰ ਦੋ ਹਿਸਿਆਂ ਵਿਚ ਵੰਡ ਕੇ ਪਹਿਲਾ ਹਿਸਾ 500 ਬੀਸੀ ਤੋਂ ਸ਼ੁਰੂ ਕਰਕੇ 1500 ਈਸਵੀ ਤਕ ਲੈ ਕੇ ਜਾਂਦਾ ਹੈ, ਜਦਕਿ ਦੂਜਾ ਹਿਸਾ 1600 ਈਸਵੀ ਤੋਂ ਸ਼ੁਰੂ ਹੋ ਕੇ 1900 ਈਸਵੀ ਤਕ ਜਾਂਦਾ ਹੈ। ...1900 ਈਸਵੀ ਤੋਂ ਪਹਿਲਾਂ ਇਤਿਹਾਸ ਦੇ ਹਰੇਕ ਪੜਾਅ ਵਿਚ ਬਹੁਤੇ ਰਾਜ ਨਾ ਤਾਂ ਕੌਮੀ ਸਨ ਤੇ ਨਾ ਹੀ ਧਾਰਮਿਕ ਇਕਰੂਪਤਾ ਉਤੇ ਆਧਾਰਿਤ ਸਨ ਬਲਕਿ ਬਹੁ ਕੌਮੀਰੂਪ ਦੇ ਸਨ। ਇਉ ਸਮਝੋ ਕਿ ਇਹ ਸਾਰਾ ਦੌਰ ਇਕ ਤਰ੍ਹਾਂ ਨਾਲ ਖੇਤੀ ਆਧਾਰਿਤ ਸਭਿਅਤਾ ਸੀ। ...ਪਰ 1648 ਈਸਵੀ ਵਿਚ ਯੂਰਪ ਨੇ ਇਕ ਨਵਾਂ ਮੋੜ ਕਟਿਆ ਤੇ ਮਗਰੋਂ ਬਾਕੀ ਸਾਰੇ ਖਿਤੇ ਵੀ ਹੌਲੀ ਹੌਲੀ ਇਸੇ ਮੋੜ ਵਲ ਢਲ ਗਏ ਜਾਂ ਢਾਲ ਦਿਤੇ ਗਏ। ... ਮੋਟੇ ਤੌਰ ਉਤੇ ਹੁਣ ਦੁਨੀਆਂ ’ਮੁਲਕਾਂ’ ਵਿਚ ਵੰਡੀ ਗਈ ਜਿਸ ਨੂੰ ਨੇਸ਼ਨ-ਸਟੇਟ ਜਾਂ ਕੌਮੀ ਰਾਜ ਕਿਹਾ ਜਾਣ ਲਗਾ। ਅੱਜ ਦੁਨੀਆ ਵਿਚ ਕਰੀਬ 193 ਨੇਸ਼ਨ ਸਟੇਟਾਂ ਹਨ।’’

ਲਿਖਤ ਅਨੁਸਾਰ ਫਰਾਂਸ ਦੇ ਇਨਕਲਾਬ (1789 ਈਸਵੀ) ਤੇ ਅਮਰੀਕਾ ਦੇ ਇਨਕਲਾਬ ਮਗਰੋਂ ਨੇਸ਼ਨ-ਸਟੇਟ ਦੀ ‘ਨੁਹਾਰ’ ਮੁਹਾਂਦਰਾ ਰੂਪ ਰੇਖਾ ਤੇ ਵਿਚਾਰ ਹੋਰ ਵੀ ਨਿਖਰ ਕੇ ਸਾਹਮਣੇ ਆਏ। ਜਰਮਨੀ ਦੇ ਸੂਬੇ ਵੈਸਟਫੇਲੀਆ ਵਿਚ ਹੋਈ ਇਕ ਸੰਧੀ ਨਾਲ ਪ੍ਰਭੂ ਸਤਾ ਦਾ ਸਿਧਾਂਤ ਹੋਂਦ ਵਿਚ ਆਇਆ। ਕੌਮਾਂਤਰੀ ਪ੍ਰਣਾਲੀ ਹੋਂਦ ਵਿਚ ਆਈ ਤੇ ਕੌਮਾਂਤਰੀ ਭਾਈਚਾਰੇ ਦਾ ਆਰੰਭ ਹੋਇਆ। ਕੌਮਾਂਤਰੀ ਕਾਨੂੰਨਾਂ ਨੇ ਜਨਮ ਧਾਰਿਆ ਤੇ ਨੇਸ਼ਨ-ਸਟੇਟ ਵਜੂਦ ਵਿਚ ਆਏ ਤੇ ਇਹਨਾਂ ਮੁਲਕਾਂ ਦੀਆਂ ਬਾਕਾਇਦਾ ਹਦਾਂ ਨਿਸ਼ਚਿਤ ਹੋਈਆਂ। ਰਾਜਨੀਤਕ ਮੁਹਾਵਰੇ ਮੁਤਾਬਕ ਅਸੀਂ ਹੁਣ ਭਾਰਤੀ ਨੇਸ਼ਨ-ਸਟੇਟ ਵਿਚ ਰਹਿ ਰਹੇ ਹਾਂ।

ਲਿਖਤ ਅਨੁਸਾਰ, ‘‘1648 ਈਸਵੀ ਵਿਚ ਯੂਰਪ ਨੇ ਇਕ ਨਵਾਂ ਮੋੜ ਕਟਿਆ ਤੇ ਮਗਰੋਂ ਬਾਕੀ ਸਾਰੇ ਖਿਤੇ ਵੀ ਹੌਲੀ ਹੌਲੀ ਇਸੇ ਮੋੜ ਵਲ ਢਲ ਗਏ ਜਾਂ ਢਾਲ ਦਿਤੇ ਗਏ।’’ 17ਵੀਂ ਸਦੀ ਦਾ ਅਧ ਇਕ ਅਜਿਹਾ ਅਹਿਮ ਮੋੜ ਹੈ ਜਦੋਂ ਯੂਰਪ ਰਾਹੀਂ ਸੰਸਾਰ ਉਤੇੇ ਨਵਾਂ ਆਰਥਿਕ, ਰਾਜਸੀ, ਸਮਾਜੀ ਤੇ ਸਭਿਆਚਾਰਕ ਪ੍ਰਬੰਧ ਮੜਿਆ ਗਿਆ, ਜਿਸ ਨੂੰ ਕਾਰਲ ਮਾਰਕਸ ਨੇ ਪੂੰਜੀਵਾਦ ਦਾ ਨਾਂ ਦਿਤਾ। ਯੂਰਪ ਦੇ ਰਜਵਾੜਿਆਂ, ਵਾਪਾਰੀਆਂ ਤੇ ਪੈਸੇ ਦੇ ਹਾਬੜੇ ਪੂੰਜੀਪਤੀਆਂ ਨੇ ਰਲ ਕੇ ਕੁਝ ਮਾਅਰਕੇਬਾਜ ਲੋਕਾਂ ਨੂੰ ਨਵੀਂਆਂ ਧਰਤੀਆਂ ਲਭਣ ਲਈੰ ਉਤਸ਼ਾਹਿਤ ਕੀਤਾ ਅਤੇ ਨਵੀਂਆਂ ਲਭੀਆ ਧਰਤੀਆਂ ਅਮਰੀਕਾ, ਕਨੇਡਾ, ਆਸਟਰੇਲੀਆ ਸਮੇਤ ਭਾਰਤ ਉਪਮਹਾਂਦੀਪ ਤੇ ਅਫਰੀਕੀ ਮੁਲਕਾਂ ਦੇ ਕੁਦਰਤੀ ਸੋਮਿਆਂ ਦੀ ਲੁਟ ਕਰਨ ਲਈ ਉਹਨਾਂ ਨੇ ਜਿਨੀ ਬੇਰਹਿਮੀ ਅਤੇ ਵਹਿਸ਼ਤ ਨਾਲ ਇਹਨਾਂ ਮੁਲਕਾਂ ਦੇ ਬਸ਼ਿਦਿਆਂ ਦਾ ਕਤਲੇਆਮ ਕੀਤਾ, ਉਹ ਮਨੁਖੀ ਇਤਿਹਾਸ ਦਾ ਇਕ ਕਾਲਾ ਪੰਨਾ ਹੈ। ਇਹਨਾਂ ਪੂੰਜੀਪਤੀਆਂ ਨੇ ਆਪਣੀ ਲੁਟ ਦੇ ਘੇਰੇ ਨੂੰ ਨਿਸਚਿਤ ਕਰਨ ਲਈ ਕੌਮੀ ਰਾਜ ਦਾ ਸੰਕਲਪ ਹੋਂਦ ਵਿਚ ਲਿਆਾਂਦਾ। 

ਇਸ ਅਥਾਹ ਲੁਟ ਨਾਲ ਇਕ ਮਨੋਰੋਗੀ ਖਪਤਕਾਰੀ ਸਮਾਜ ਸਿਰਜ ਕੇ ਜਿਹੜਾ ਪੂੰਜੀਵਾਦੀ ਆਡੰਬਰ ਰਚਿਆ ਗਿਆ, ਉਹ ਹੁਣ ਕੁਦਰਤ ਅਤੇ ਮਨੁਖ ਦੇ ਕੁਦਰਤੀ ਸੁਭਾਅ ਨਾਲ ਹੀ ਸਿਧੇ ਟਕਰਾਅ ਵਿਚ ਆ ਗਿਆ ਹੈ। ਸੰਸਾਰੀਕਰਨ ਦੇ ਦੌਰ ਵਿਚ ਕੁਦਰਤੀ ਵਾਤਾਵਰਣ ਦੀ ਹੋ ਰਹੀ ਭਿਆਨਕ ਤਬਾਹੀ ਤੇ ਭਾਰੀ ਗਿਣਤੀ ਵਿਚ ਨੌਜਵਾਨਾਂ ਸਮੇਤ ਮਨੁਖਤਾ ਦੇ ਵਡੇ ਹਿਸੇ ਦਾ ਮਨੋਰੋਗੀ ਬਣ ਜਾਣਾ ਇਸੇ ਸਾਮਰਾਜੀ ਪਾਗਲਪਣ ਦਾ ਨਿਕਲਿਆ ਸਿਟਾ ਹੈ। ਇਸ ਸਾਮਰਾਜੀ ਪੂੰਜੀਵਾਦੀ ਆਧੁਨਿਕਤਾ ਨੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿਤੇ ਹਨ। ਇਸ ਨੇ ਪੈਸੇ ਦੀ ਹਾਬੜ ਅਤੇ ਬੇਲੋੜੀਆ ਵਸਤੂਆਂ ਦੀ ਭੁਖ ਪੈਦਾ ਕੀਤੀ ਹੈ। ਇਸੇ ਕਾਰਨ ਸਗਲ ਲੁਕਾਈ ਦਾ ਵਡਾ ਹਿਸਾ ਅੱਜ ਇਕਲਾਪੇ ਅਤੇ ਨਿਰਾਸ਼ਾ (ਡਿਪਰੈਸ਼ਨ) ਦਾ ਸ਼ਿਕਾਰ ਹੈ।  

ਏਂਗਲਜ ਨੇ ਲਿਖਿਆ ਹੈ, ‘‘ਮੰਡੀ ਨੇ ਮਨੁਖ ਸਮੇਤ ਹਰੇਕ ਚੀਜ ਨੂੰ ਵਿਕਾਊ ਜਿਨਸ ਵਿਚ ਬਦਲ ਦਿਤਾ ਹੈ। ਵਰਤਮਾਨ ਸਮੇਂ ਵਿਚ ਅਸੀਂ ਸਾਰੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਵੇਚਣ ਲਈ ਮਜ਼ਬੂਰ ਹੋ ਰਹੇ ਹਾਂ। ਸਾਨੂੰ ਸਾਰਿਆਂ ਨੂੰ ਹੋਰਨਾਂ ਮਨੁਖਾਂ ਦੀ ਜੀਵਨ-ਕਿਰਿਆ ਨੂੰ ਖਰੀਦਣ ਲਈ ਆਪਣੀ ਜੀਵਨ-ਕਿਰਿਆ ਨੂੰ ਵੇਚਣਾ ਪੈਂਦਾ ਹੈ। ਜੋ ਅਸੀਂ ਮੰਡੀ ਵਿਚ ਸੁਟਦੇ ਹਾਂ ਤੇ ਜੋ ਸਾਨੂੰ ਚਾਹੀਦਾ ਹੈ, ਉਸ ਨੂੰ ਪੈਸੇ ਵਿਚ ਬਦਲਣਾ ਸਾਡੀ ਮਜਬੂਰੀ ਬਣਾ ਦਿਤੀ ਗਈ ਹੈ। ਮੌਜੂਦਾ ਮੰਡੀ ਦੇ ਦੌਰ ਵਿਚ ਸਾਡਾ ਆਪਣਾ ਸਰੀਰ ਵੀ ਸਾਡਾ ਆਪਣਾ ਨਹੀਂ ਹੈ। ਇਸ ਨੂੰ ਅਸੀਂ ਸਿਰਫ਼ ਬਾਹਰੋਂ ਹੀ ਛੂਹੰਦੇ ਹਾਂ। ਇਸ ਦੀ ਅਸਲ ਸ਼ਕਤੀ (ਸਾਡੀ ਮਾਨਸਿਕਤਾ) ਜੋ ਸਾਡੇ ਜੀਵਨ ਦਾ ਅਸਲ ਨਿਰਮਾਣ ਕਰਦੀ ਹੈ, ਉਸ ਨੂੰ ਜਦੋਂ ਅਸੀਂ ਵੇਚਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਆਪ ਹੀ ਵੇਚ ਦੇਂਦੇ ਹਾਂ। ਪੈਸਾ ਗੁਲਾਮੀ ਦੀ ਨਿਸ਼ਾਨੀ ਹੈ। ਸਾਡੇ ਵਿਚੋਂ ਹਰੇਕ ਮਨੁਖ ਅਡ-ਅਡ ਪਧਰ ਉਤੇ ਜੀਉਂਦਾ ਹੈ ਤੇ ਸਿਰਫ ਆਪਣੇ ਨਿਜੀ ਬੈਂਕ ਖਾਤੇ ਲਈ ਕੰਮ ਕਰਦਾ ਹੈ। ਅਜੋਕੇ ਵਿਅਕਤੀ ਦੀ ਸਭ ਤੋਂ ਵਡੀ ਤਾਕਤ ਕੀ ਹੈ? ਪੈਸਾ! ਪੈਸੇ ਦੀਆਂ ਅੰਨ੍ਹੀਆਂ ਅਤੇ ਦੁਸ਼ਟ ਸ਼ਕਤੀਆਂ ਮਨੁਖਤਾ ਦੀ ਕਿਸਮਤ ਦਾ ਫੈਸਲਾ ਕਰਦੀਆਂ ਹਨ!’’ (ਮਾਇਆ ਧਾਰੀ ਅਤਿ ਅੰਨਾ ਬੋਲਾ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (ਪੰਨਾ 313)

ਇਹੀ ਦੁਸ਼ਟ ਸ਼ਕਤੀਆਂ ਅੱਜ ਮਨੁਖਤਾ ਨੂੰ ਤੀਜੀ ਸੰਸਾਰ ਜੰਗ ਦੇ ਦਹਾਨੇ ਉਤੇ ਲੈ ਆਈਆ ਹਨ।

ਸ. ਕਰਮਜੀਤ ਸਿੰਘ ਦੇ ਕਥਨ ਅਨੁਸਾਰ, ‘‘ਮਾਰਕਸਵਾਦ ਤੇ ਕੌਮਵਾਦ’ ਦੇ ਕਾਂਡ ਵਿਚ ਸਾਨੂੰ ਪਤਾ ਲਗਦਾ ਹੈ ਕਿ ਮਾਰਕਸਵਾਦ ਇਸ ਅਹਿਮ ਵਿਸ਼ੇ ਨਾਲ ਕਿਵੇਂ ਨਜਿਠਦਾ ਹੈ ਤੇ ਕਿਥੇ ਕਿਥੇ ਉਹ ਪੂਰੀ ਤਰ੍ਹਾਂ ਅਸਫਲ ਹੈ। ਪੁਸਤਕ ਦੇ 52 ਪੰਨੇ ਇਸੇ ਕਾਂਡ ਲਈ ਹੀ ਵਰਤੇ ਗਏ ਹਨ। ਲੇਖਕ ਮੁਤਾਬਕ ਲੈਨਿਨ, ਸਟਾਲਿਨ, ਬਰੈਜ਼ਨੇਵ, ਖੁਰਸ਼ਚੇਵ ਤੇ ਗੋਰਬਾਚੋਵ ਕੌਮੀ ਮਸਲਿਆਂ ਦੇ ਹਲ ਸਬੰਧੀ ਸਿਧਾਂਤਕ ਤੌਰ ਉਤੇ ਪਰੋਲਤਾਰੀ ਕੌਮਾਂਤਰੀਵਾਦ ਦੀ ਨੀਤੀ ਦੇ ਹੀ ਸਮਰਥਕ ਸਨ। ਪਰ ਅਮਲੀ ਤੌਰ ਉਤੇ ਇਹਨਾਂ ਵਲੋਂ ਕੌਮੀ ਵਖਰੇਵਿਆਂ ਨਾਲ ਨਜਿਠਣ ਦੇ ਪੈਂਤੜਿਆਂ ਵਿਚ ਫਰਕ ਸੀ। ਕੌਮ ਤੇ ਕੌਮਵਾਦ ਬਾਰੇ ਮਾਰਕਸਵਾਦੀ ਪਹੁੰਚ ਤੇ ਅਮਲ ਦਾ ਇਤਿਹਾਸ ਅਸਲ ਵਿਚ ਵਿਰੋਧਤਾਈਆਂ ਦਾ ਇਕ ਦਿਲਚਸਪ ਮੇਲਾ ਹੈ। ਮਾਰਕਸਵਾਦੀ ਦਰਅਸਲ ਕੌਮ ਦੀ ਵਿਸ਼ਾਲ ਤਾਕਤ ਤੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਸਕੇ। ਉਹ ਕੌਮ ਬਾਰੇ ਘੜੀ ਦੇ ਪੈਂਡੂਲਮ ਵਾਂਗ ਕਦੀ ਇਧਰ ਤੇ ਕਦੇ ਉਧਰ ਜਾਂਦੇ ਰਹੇ ਅਤੇ ਇਸ ਦਾ ਅਸਰ ਪੂਰਬੀ ਯੂਰਪ ਦੇ ਦੇਸ਼ਾਂ ਚੈਕੋਸਲਵਾਕੀਆ, ਯੂਗੋਸਲਾਵੀਆ, ਅਲਬਾਨੀਆ, ਰੁਮਾਨੀਆ, ਪੋਲੈਂਡ, ਬਲਗਾਰੀਆ ਤੇ ਹੰਗਰੀ ਆਦਿ ਮੁਲਕਾਂ ਉਤੇ ਵੀ ਪਿਆ। ਪੂਰਬੀ ਯੂਰਪ ਦੇ ਦੇਸਾਂ ਵਿਚ ਸਮਾਜਵਾਦੀ ਢਾਂਚੇ ਢਹਿਢੇਰੀ ਹੋ ਗਏ ਅਤੇ ਵਖ ਵਖ ਕੌਮੀਅਤਾਂ ਵਿਚਕਾਰ ਹੋਈਆਂ ਜੰਗਾਂ ਕਾਰਨ ਲਖਾਂ ਲੋਕ ਮਾਰੇ ਗਏ। ਪਰੋਲਤਾਰੀ ਕੌਮਾਂਤਰੀਵਾਦ ਦੀ ਤਾਨਾਸ਼ਾਹੀ ਨੂੰ ਕਿਵੇਂ ਅਮਲ ਵਿਚ ਲਿਆਉਣਾ ਹੈ, ਕਿਵੇਂ ਇਕ ’ਕੌਮਾਂਤਰੀ ਬੋਲੀ’ ਪੈਦਾ ਕਰਨੀ ਹੈ ਤੇ ਇਸ ਮੰਜ਼ਲ ਨੂੰ ਹਾਸਲ ਕਰਨ ਲਈ ਦਬੀਆਂ ਕੁਚਲੀਆਂ ਕੌਮਾਂ ਤੇ ਉਹਨਾਂ ਦੀਆਂ ਬੋਲੀਆਂ ਨੂੰ ਕਿਵੇਂ ਪੜਾਅਵਾਰ ਤੇ ਹੌਲੀ ਹੌਲੀ ਦੀ ਰਣਨੀਤੀ ਉਤੇ ਚਲ ਕੇ ਖਤਮ ਕਰਨਾ ਹੈ, ਇਸ ਬਾਰੇ ਪੰਨਾ 168 ਉਤੇ ਸਟਾਲਿਨ ਦਾ ਏਜੰਡਾ ਪੜਨ ਹੀ ਵਾਲਾ ਹੈ। ਜਸਵੀਰ ਸਿੰਘ ਦਸਦਾ ਹੈ ਕਿ ਆਖਰ ਨੂੰ ਇਹ ਏਜੰਡਾ ਬੁਰੀ ਤਰ੍ਹਾਂ ਅਸਫਲ ਹੋਇਆ ਤੇ ਖੁਦ ਸੋਵੀਅਤ ਯੂਨੀਅਨ ਹੀ 1991 ਵਿਚ ਢਹਿਢੇਰੀ ਹੋ ਗਿਆ।’’

ਇਥੇ ਧਿਆਨ ਵਿਚ ਰਖਣ ਵਾਲੀ ਗੱਲ ਇਹ ਹੈ ਕਿ ਮਾਰਕਸ ਨੇ ਖੁਦ ਕੌਮਵਾਦ ਬਾਰੇ ਕੋਈ ਸਿਧਾਂਤ ਪੇਸ਼ ਨਹੀਂ ਕੀਤਾ। ਉਹ ਸਾਰੀ ਉਮਰ ਕਮਿਊਨਿਸਟ ਇੰਟਰਨੈਸ਼ਨਲ ਜਥੇਬੰਦ ਕਰਦਾ ਰਿਹਾ ਤੇ ‘ਦੁਨੀਆਂ ਭਰ ਦੇ ਕਿਰਤੀਓਂ ਇਕ ਹੋ ਜਾਓ!’ ਦੇ ਨਾਹਰੇ ਲਾਉਂਦਾ ਰਿਹਾ। ਉਹ ਇਹ ਵੀ ਕਹਿੰਦਾ ਰਿਹਾ ਕਿ ਕੁਝ ਦੇਸਾਂ ਦੇ ਕਿਰਤੀ ਰਲ ਕੇ ਹੀ ਸਮਾਜਵਾਦੀ ਇਨਕਲਾਬ ਨੂੰ ਸਫਲ ਕਰ ਸਕਦੇ ਹਨ। ਇਹ ਲੈਨਿਨ ਤੇ ਸਟਾਲਿਨ ਸਨ ਜਿਨ੍ਹਾਂ ਨੇ ਕੌਮੀ ਸਿਧਾਂਤ ਨੂੰ ਬਾਕਾਇਦਾ ਕਲਮਬਧ ਕੀਤਾ ਅਤੇ ‘ਕੌਮਾਂ ਦੇ ਸਵੈਨਿਰਨੇ ਦੇ ਹਕ’ ਨੂੰ ਬੁਲੰਦ ਕਰਨ ਦਾ ਨਾਹਰਾ ਦੇ ਕੇ ‘ਨੇਸ਼ਨ ਸਟੇਟ’ ਦੇ ਸੰਕਲਪ ਨੂੰ ਸਥਾਈ ਰੂਪ ਵਿਚ ਪਕਾ ਕਰ ਦਿਤਾ। ਉਹਨਾਂ ਨੇ ਪਹਿਲੀ ਵਾਰ ਸਾਂਝੇ ਖਿਤੇ, ਸਾਂਝੀ ਬੋਲੀ, ਸਾਂਝੇ ਅਰਥਚਾਰੇ ਤੇ ਸਾਂਝੇ ਵਿਰਸੇ (ਸਭਿਆਚਾਰ) ਦੇ ਆਧਾਰ ਉਤੇ ਕੌਮ ਦੀ ਵਿਆਖਿਆ ਕੀਤੀ। ਪਰ ਕਿਉਂਕਿ ਲੈਨਿਨ ਨੇ ਮਾਰਕਸ ਦੀੇ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਨੂੰ ਅਣਗੌਲਿਆ ਕਰ ਕੇ ਕਮਿਊਨਿਜਮ ਨੂੰ ਨਾਸਤਿਕਤਾ ਨਾਲ ਲਰੜ ਦਿਤਾ, ਇਸ ਲਈ ਉਸ ਨੇ ਕੌਮ ਦੇ ਸਭ ਤੋਂ ਅਹਿਮ ਤਤ ਫਿਲਾਸਫੀ ਨੂੰ ਨਕਾਰ ਦਿਤਾ। ਅਤੇ ਫਿਲਾਸਫੀ ਤੋਂ ਬਿਨਾਂ ਲੁਕਾਈ ਦੇ ਮਨ ਨੂੰ ਕੌਮੀ ਘੇਰੇ ਵਿਚੋਂ ਬਾਹਰ ਕਢ ਕੇ ਇਕ ਵਡੇ ਸਰਬਵਿਆਪੀ ਬ੍ਰਹਮੰਡੀ ਭਾਈਚਾਰੇ ਨਾਲ ਨਹੀਂ ਸੀ ਜੋੜਿਆ ਜਾ ਸਕਦਾ।

ਮਾਰਕਸ ਨੇ ਲਿਖਿਆ ਹੈ, ‘‘ਜੇ ਗਲਤ ਸੰਕਲਪ ਇਕ ਵਾਰ ਸਾਡੀ ਬੌਧਿਕਤਾ ਨੂੰ ਜਿਤ ਲੈਣ, ਸਾਡੇ ਦਿ੍ਰਸ਼ਟੀਕੋਣ ਨੂੰ ਕਾਬੂ ਕਰ ਲੈਣ ਤੇ ਜਿਨ੍ਹਾਂ ਦਾ ਤਰਕ ਸਾਡੀ ਆਤਮਾ (ਚੇਤਨਾ) ਨੂੰ ਜਕੜ ਲਵੇ, ਅਜਿਹੇ ਦੈਂਤ ਹਨ ਜਿਨ੍ਹਾਂ ਸਾਹਮਣੇ ਸਿਰਫ ਹਥਿਆਰ ਸੁਟ ਕੇ ਹੀ ਮਨੁਖ ਆਪਣਾ ਖਹਿੜਾ ਛੁਡਾ ਸਕਦਾ ਹੈ।’’ (ਕਾਰਲ ਮਾਰਕਸ, ਸਾਮੂਹਿਕ ਲਿਖਤਾਂ, ਜਿਲਦ ਪਹਿਲੀ, ਸਫਾ 221)

ਮੌਜੂਦਾ ਦੌਰ ਵਿਚ ਜਿਹੜੇ ਸਭ ਤੋਂ ਖਤਰਨਾਕ ਗਲਤ ਸੰਕਲਪ ਨੇ ਸਾਡੀ ਬੌਧਿਕਤਾ ਤੇ ਸਾਡੇ ਦ੍ਰਿਸ਼ਟੀਕੋਣ ਨੂੰ ਕਾਬੂ ਕੀਤਾ ਹੈ ਤੇ ਸਾਡੀ ਆਤਮਾ ਨੂੰ ਜਕੜਿਆ ਹੋਇਆ ਹੈ, ਉਹ ਹੈ ਪੂੰਜੀਵਾਦੀ ਵਿਚਾਰਧਾਰਾ ਦਾ ਫੈਲਾਇਆ ਕੌਮੀ ਰਾਜ ਦਾ ਸੰਕਲਪ। ਪਿਛਲੀਆ ਦੋ ਢਾਈ ਸਦੀਆਂ ਵਿਚ ਇਸ ਗਲਤ ਸੰਕਲਪ ਨੇ ਮਨੁਖਤਾ ਦਾ ਜਿਨਾ ਘਾਣ ਕੀਤਾ ਹੈ, ਏਨਾ ਘਾਣ ਕਿਸੇ ਵੀ ਹੋਰ ਸੰਕਲਪ ਨੇ ਨਹੀਂ ਕੀਤਾ। ਇਸ ਸਮੁਚੇ ਵਰਤਾਰੇ ਦੀ ਵਿਆਖਿਆ ਕਰਦਿਆਂ ਡਾ. ਗੁਰਭਗਤ ਸਿੰਘ ਨੇ ਲਿਖਿਆ ਹੈ, ‘‘ਇਕ ਵਧੀਆ ਗੱਲ ਇਹ ਵਾਪਰੀ ਹੈ ਕਿ ਹੁਣ ਅੰਤਰਰਾਸ਼ਟਰੀ ਸਭਿਆਚਾਰਕ ਚਿੰਤਨ ਵਿਚ ‘‘ਕੌਮ’’ ਸ਼ਬਦ ਤੇ  ਸੰਕਲਪ ਦਾ ਪਹਿਲਾਂ ਵਾਲਾ ਬੋਲਬਾਲਾ ਨਹੀਂ ਰਿਹਾ। ਅੱਜ ਅਸੀਂ ਇਹ ਸਮਝਦੇ ਹਾਂ ਕਿ ਹਰ ਵਿਲਖਣ ਖਿਤਾ ਜਾਂ ਧਰਤੀ ਦੇ ਲੋਕ ਇਕ ਸਭਿਆਚਾਰ ਹਨ ਕੇਵਲ ਕੌਮ ਨਹੀਂ। ਕੌਮ ਇਕ ਸੌੜਾ ਸੰਕਲਪ ਹੈ। ਇਸ ਵਿਚ ਇਕ ਵਿਚਾਰਧਾਰਾ ਦੀ ਪ੍ਰਧਾਨਤਾ ਹੁੰਦੀ ਹੈ। ਆਮ ਤੌਰ ਉਤੇ ਜਿਹੜਾ ਵਰਗ ਤਾਕਤ ਵਿਚ ਹੁੰਦਾ ਹੈ, ਆਪਣੇ ਰਾਜਨੀਤਕ ਤੇ ਆਰਥਿਕ ਬਲ ਨਾਲ ਦੂਜੇ ਵਰਗਾਂ ਨੂੰ ਉਹਨਾਂ ਦੇ ਦ੍ਰਿਸ਼ਟੀਕੋਣਾਂ ਤੇ ਵਿਚਾਰਧਾਰਾਵਾਂ ਸਮੇਤ ਦਬਾਅ ਲੈਂਦਾ ਹੈ ਤੇ ਆਪਣੀ ਵਿਚਾਰਧਾਰਾ ਸਥਾਪਿਤ ਕਰ ਲੈਂਦਾ ਹੈ। ਇਸ ਲਈ ਕੌਮ ਤੇ ਕੌਮਵਾਦ ਲਹੂ-ਲੁਹਾਣ ਕਰਨ ਵਾਲੀ ਤੇ ਅਧੀਨ ਕੀਤੀਆਂ ਕੌਮਾਂ-ਉਪਕੌਮਾਂ ਨੂੰ ਲੁਟਣ ਨਾਲ ਜੁੜੀ ਕਿਰਿਆ ਤੋਂ ਮੁਕਤ ਨਹੀਂ। ਸਭਿਆਚਾਰ ਵਿਸ਼ਾਲ ਸੰਕਲਪ ਹੈ। ਉਹਨਾਂ ਦੇ ਪਰਿਪੇਖ ਵੀ ਅੰਤਰ-ਕੌਮੀ ਹੋ ਸਕਦੇ ਹਨ। ਇਸ ਲਈ ਸਭਿਆਚਾਰ ਦਾ ਪਰਿਪੇਖ ਜਾਂ ਕਹੀ ਜਾਂਦੀ ਵਿਚਾਰਧਾਰਾ ਬਿਲਕੁਲ ਆਰਜ਼ੀ ਤੇ ਪਰਿਵਰਤਨਸ਼ੀਲ ਹੁੰਦੀ ਹੈ। ਇਸ ਦਾ ਆਪਣਾ ਗੌਰਵ ਹੁੰਦਾ ਹੈ ਤੇ ਨਿਗ੍ਹਾ ‘‘ਵਿਗਾਸ’’ ਵੱਲ ਹੁੰਦੀ ਹੈ।’’

 ...‘‘ਐਂਡਰਸਨ ਦੇ ‘ਕੌਮ’ ਬਾਰੇ ਸਿਧਾਂਤਕ ਕੰਮ ਪਿਛੋਂ ਹੁਣ ਇਸ ਗੱਲ ਬਾਰੇ ਅੰਤਰਰਾਸ਼ਟਰੀ ਸਹਿਮਤੀ ਹੈ ਕਿ ‘ਕੌਮ’ ਇਕ ਕਲਪਿਤ ਸੰਰਚਨਾ ਹੈ, ਅਸਲੀਅਤ ਨਹੀਂ। ਜਿਸ ਅਸਲੀਅਤ ਉਤੇ ਇਹ ਕਲਪਨਾ ਆਧਾਰਿਤ ਹੈ, ਉਸ ਨੂੰ ਕਿਸੇ ਹੋਰ ਰੂਪ ਜਾਂ ਪਰਿਭਾਸ਼ਾ ਵਿਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਵਾਲਟਰ ਬੈਂਜ਼ਾਮਨ ਜੋ ਕਿ ਯਹੂਦੀ ਸੀ ਤੇ ਹਿਟਲਰ ਦੇ ਜ਼ੁਲਮਾਂ ਦਾ ਸ਼ਿਕਾਰ ਸੀ, ਦੀਆਂ ਲਿਖਤਾਂ ਇਸ ਗਿਆਨ ਨਾਲ ਭਰਪੂਰ ਹਨ ਕਿ ਕੌਮ ਤੇ ਕੌਮੀ ਪ੍ਰਭੂਤਾ ਲਹੂ-ਲੂਹਾਣ ਕਰਨ ਵਾਲੀ ਜੰਗ ਨਾਲ ਜੁੜੇ ਹੋੲ ਸੰਕਲਪ ਹਨ। ਕੌਮ ਬਾਰੇ ਇਸ ਚਰਚਾ ਤੋਂ ਭਾਵ ਇਹ ਹੈ ਕਿ ਜੇ ਕੌਮ ਦੇ ਸੰਕਲਪ ਨਾਲ ਚਲੀਏ ਤਾਂ ਵਿਸ਼ਵ ਵਿਚ ਸ਼ਾਂਤੀ ਸੰਭਵ ਨਹੀਂ। ਕਿਉਂਕਿ ਕੌਮਾਂ ਆਪਸੀ ਮੁਕਾਬਲੇ ਵਿਚ ਇਕ-ਦੂਜੇ ਨੂੰ ਹੀਣ ਕਹਿੰਦੀਆਂ ਹਨ। ਹਰ ਕੌਮ ਆਪਣੇ ਵਿਕਾਸ ਲਈ ਤੇ ਦੂਜੇ ਦੇ ਸ੍ਰੋਤ ਹਥਿਆਉਣ ਲਈ ਕਿਰਿਆਸ਼ੀਲ ਹੋ ਜਾਂਦੀ ਹੈ। ਨਤੀਜਾ ਘਾਤਕ ਜੰਗਾਂ ਵਿਚ ਨਿਕਲਦਾ ਹੈ।’’ 

... ‘‘ਵਿਸ਼ਵ ਨੂੰ ਕੌਮ ਦੀ ਪਰਿਭਾਸ਼ਾ ਤੇ ਸੰਕਲਪ ਨਾਲ ਵੇਖਣਾ 16ਵੀਂ ਸਦੀ ਵਿਚ ਉਭਰੇ ਯੌਰਪੀ ਪੂੰਜੀਵਾਦ ਦੀ ਇਕ ਮਜਬੂਰੀ ਸੀ। ਪੂੰਜੀ ਦੇ ਵਿਕਾਸ ਲਈ ਲੋਕਾਂ ਨੂੰ ਇਕ ਕੌਮ ਤੇ ਕੌਮੀ ਵਿਚਾਰਧਾਰਾ ਦੁਆਲੇ ਸੰਗਠਿਤ ਕਰ ਕੇ ਪ੍ਰੇਰਣਾ ਕਾਫੀ ਸੌਖਾ ਸੀ। ਇਸ ਲਈ ਚੜ੍ਹਤ ਵਿਚ ਆਏ ਪੂੰਜੀਵਾਦ ਤੇ ਇਸ ਦੇ ਸਿਧਾਂਤਕਾਰਾਂ ਨੇ ਕੌਮ ਦੇ ਸੰਕਲਪ ਨੂੰ ਉਤਸ਼ਾਹਿਤ ਕੀਤਾ। ਇਸ ਨਾਲ ਪੂੰਜੀ ਤੇ ਪੂੰਜੀਵਾਦ ਦਾ ਵਿਕਾਸ ਤਾਂ ਜ਼ਰੂਰ ਹੋਇਆ ਪਰ ਨਾਲ ਹੀ ਯੌਰਪੀ ਕੌਮਾਂ ਇਕ-ਦੂਜੇ ਨਾਲ ਮੁਕਾਬਲੇ ਵਿਚ ਰੁਝ ਗਈਆਂ। ਇਸ ਦੇ ਨਕਾਰਾਤਮਕ ਨਤੀਜੇ ਵੀ ਨਿਕਲੇ। ਵਡਾ ਨਕਾਰਾਤਮਕ ਨਤੀਜਾ ਸੀ ਪਹਿਲੀ ਤੇ ਦੂਜੀ ਵਿਸ਼ਵ ਜੰਗ, ਜਿਸ ਦੀ ਲਪੇਟ ਵਿਚ ਏਸ਼ੀਆ, ਰੂਸ, ਚੀਨ ਆਦਿ ਸਭ ਆ ਗਏ। ਇਸ ਦਾ ਅਸਰ ਅਫਰੀਕਨ ਦੇਸ਼ਾਂ ਉਤੇ ਵੀ ਪਿਆ। ਯਹੂਦੀ ਸਮਸਿਆ ਵਡੇ ਰੂਪ ਵਿਚ ਖੜੀ ਹੋਈ। ਉਸ ਨੂੰ ਹਲ ਕਰਨ ਲਈ ਮਧ-ਪੂਰਬ ਤੇ ਇਸਲਾਮੀ ਦੇਸਾਂ ਨੂੰ ਵੀ ਬੇਚੈਨ ਕਰਨਾ ਪਿਆ।’’ 

ਯੂਕਰੇਨ ਵਿਚ ਰੂਸ-ਚੀਨ ਗਠਜੋੜ ਤੇ ਅਮਰੀਕਾ ਦੀ ਅਗਵਾਈ ਹੇਠਲੇ ਨਾਟੋ ਦੇਸਾਂ ਵਿਚਕਾਰ ਲੜੀ ਜਾ ਰਹੀ ਸਾਮਰਾਜੀ ਜੰਗ ਇਸੇ ਗਲਤ ਕੌਮੀ ਰਾਜ ਦੇ ਸੰਕਲਪ ਦਾ ਸਿਟਾ ਹੈ। ਹਿੰਦੀ-ਹਿੰਦੂ-ਹਿੰਦੋਸਤਾਨ ਦੇ ਇਸੇ ਗਲਤ ਰਾਸ਼ਟਰੀ ਸੰਕਲਪ ਨੇ ਪਿਛਲੇ ਇਕ ਦਹਾਕੇ ਤੋਂ ਸਾਡੇ ਇਸ ਉਪਮਹਾਂਦੀਪ ਵਿਚ ਵਡੀ ਪਧਰ ਉਤੇ ਗੜਬੜ ਚੌਥ ਫੈਲਾਈ ਹੋਈ ਹੈ। ਜੇ ਰੂਸ-ਯੂਕਰੇਨ ਦੇ ਕੌਮੀ ਸੰਕਲਪ ਦੇ ਪਿਛੋਕੜ ਵਿਚ ਲੈਨਿਨ-ਸਟਾਲਿਨ ਦੀਆਂ ਕੌਮੀ ਮਸਲੇ ਬਾਰੇ ਬਣੀਆ ਗਲਤ ਧਾਰਨਾਵਾਂ ਮੌਜੂਦ ਹਨ ਤਾਂ ਹਿੰਦੀ-ਹਿੰਦੂ-ਹਿੰਦੋਸਤਾਨ ਦੇ ਰਾਸ਼ਟਰਵਾਦ ਦੇ ਪਿਛੋਕੜ ਵਿਚ ਸ਼ਹੀਦ ਭਗਤ ਸਿੰਘ ਦੀਆਂ ਆਰੀਆ ਸਮਾਜੀ ਧਾਰਨਾਵਾਂ ਮੌਜੂਦ ਹਨ। 

 ਸ. ਕਰਮਜੀਤ ਸਿੰਘ ਦੇ ਕਥਨ ਅਨੁਸਾਰ, ‘‘ਲੇਖਕ ਇਸ ਸਬੰਧ ਵਿਚ ਪ੍ਰਸਿਧ ਰਾਜਨੀਤਕ ਵਿਦਵਾਨ ਐਰਿਕ ਹਾਬਸਬਾਮ ਦਾ ਹਵਾਲਾ ਦੇ ਕੇ ਉਸ ਦੇ ਵਿਸ਼ਲੇਸ਼ਣ ਨੂੰ ਮਹਤਵਪੂਰਨ ਵਿਸ਼ਲੇਸ਼ਣ ਕਰਾਰ ਦਿੰਦਾ ਹੈ।’’

ਐਰਿਕ ਹਾਬਸਬਾਮ 20ਵੀਂ ਸਦੀ ਦਾ ਸਭ ਤੋਂ ਵਡਾ ਇਤਿਹਾਸਕਾਰ ਹੈ। ਉਸ ਨੇ ਪੂਰੀ ਇਕ ਸਦੀ ਦੇ ਇਤਿਹਾਸ ਨੂੰ ਕਲਮਬਧ ਕੀਤਾ ਹੈ। ਐਰਿਕ ਹਾਬਸਬਾਮ ਉਹਨਾਂ ਕੁਝ ਕੁ ਵਡੇ ਵਿਦਵਾਨਾਂ ਵਿਚ ਸ਼ਾਮਿਲ ਸੀ, ਜਿਨ੍ਹਾਂ ਨੇ ਸੋਵੀਅਤ ਯੂਨੀਅਨ ਸਰਕਾਰ ਦੀ ਮਦਦ ਨਾਲ ਮਾਰਕਸ ਏਂਗਲਜ ਦੀਆਂ ਸਾਰੀਆਂ ਲਿਖਤਾਂ ਨੂੰ ਅੰਗਰੇਜੀ ਵਿਚ ਅਨੁਵਾਦ ਕਰ ਕੇ ੳਹਨਾਂ ਦੀਆਂ ਸਾਮੂਹਿਕ ਲਿਖਤਾਂ ਦੇ ਰੂਪ ਵਿਚ ਛਪਵਾਇਆ। ਸੀਨੀਅਰ ਪਤਰਕਾਰ ਪ੍ਰੇਮ ਸ਼ੰਕਰ ਝਾਅ ਨੇ ਉਸ ਨਾਲ ਇਕ ਲੰਬੀ ਗਲਬਾਤ ਕੀਤੀ ਸੀ, ਜਿਸ ਦੇ ਪੰਜਾਬੀ ਰੂਪ ਨੂੰ ਮੈਂ ਮਾਸਿਕ ‘ਦੇਸ ਪੰਜਾਬ’ ਵਿਚ ਛਾਪਿਆ ਸੀ। 20ਵੀਂ ਸਦੀ ਬਾਰੇ ਲਿਖੀਆ ਉਸ ਦੀਆਂ ਤਿੰਨੇ ਕਿਤਾਬਾਂ ਮੈਂ ਪੜੀਆਂ ਹਨ।

ਐਰਿਕ ਹਾਬਸਬਾਮ ਨੇ 20ਵੀਂ ਸਦੀ ਨੂੰ ਮਨੁਖੀ ਇਤਿਹਾਸ ਦੀ ਸਭ ਤੋਂ ਵਧੇਰੇ ਵਹਿਸ਼ੀ ਖੂਨੀ ਸਦੀ ਕਿਹਾ ਹੈ। ਉਸ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਆਟੋਮੈਨ ਐਂਪਾਇਰ ਵਿਚ ਸਾਰੇ ਧਰਮਾਂ ਦੇ ਲੋਕ ਰਲ-ਮਿਲ ਕੇ ਰਹਿੰਦੇ ਸਨ। ਪਰ ਕੌਮੀ ਰਾਜਾਂ ਦੀ ਆਮਦ ਨੇ ਮਨੁਖੀ ਸਮਾਜਾਂ ਵਿਚ ਪਰਲੋਂ ਲੈ ਆਂਦੀ। 20 ਵੀਂ ਸਦੀ ਵਿਚ ਆਰਮੀਨੀਅਨ ਲੋਕਾਂ ਦੀ ਹੋਈ ਨਸਲਕੁਸ਼ੀ ਇਸੇ ਵਰਤਾਰੇ ਦਾ ਅੰਗ ਸੀ। ਜਿਵੇਂ ਕਿ ਮਹਾਤਮਾ ਗਾਂਧੀ ਨੇ ‘ਸਵਰਾਜ’ ਵਿਚ ਲਿਖਿਆ ਹੈ, ‘‘ਹਿੰਦੂ ਲੋਕ ਮੁਸਲਮਾਨ ਬਾਦਸ਼ਾਹਾਂ ਦੇ ਅਧੀਨ ਤੇ ਮੁਸਲਮਾਨ ਹਿੰਦੂ ਰਾਜਿਆਂ ਦੇ ਅਧੀਨ ਰਹਿੰਦੇ ਆਏ ਹਨ। ਦੋਵਾਂ ਨੂੰ ਬਾਅਦ ਵਿਚ ਸਮਝ ਆ ਗਿਆ ਕਿ ਝਗੜਣ ਦਾ ਕੋਈ ਫਾਇਦਾ ਨਹੀਂ। ਲੜਨ ਨਾਲ ਕੋਈ ਆਪਣਾ ਧਰਮ ਨਹੀਂ ਛਡੇਗਾ ਤੇ ਕੋਈ ਆਪਣੀ ਜਿਦ ਵੀ ਨਹੀਂ ਛਡੇਗਾ। ਇਸ ਲਈ ਦੋਵਾਂ ਨੇ ਮਿਲ ਕੇ ਰਹਿਣ ਦਾ ਫੈਸਲਾ ਕਰ ਲਿਆ। ਝਗੜੇ ਤਾਂ ਫਿਰ ਤੋਂ ਅੰਗਰੇਜਾਂ ਨੇ ਸ਼ੁਰੂ ਕਰਵਾਏ।’’ (ਹਿੰਦ ਸਵਰਾਜ, ਸਫਾ 179) ਪਰ ਹਿੰਦੂ ਰਾਸ਼ਟਰ ਦਾ ਨਾਅਰਾ ਲਗਦਿਆ ਹੀ ਹਿੰਦੋਸਤਾਨ ਵਿਚ ਹਰੇਕ ਘਟ ਗਿਣਤੀ ਦੀ ਸ਼ਾਮਤ ਆ ਗਈ।

ਸ. ਕਰਮਜੀਤ ਸਿੰਘ ਨੇ ਲਿਖਿਆ ਹੈ, ‘‘ਰਾਸ਼ਟਰਵਾਦ ਤੇ ਫਾਸ਼ੀਵਾਦ ਦਰਮਿਆਨ ਫਰਕ ਹੁੰਦਾ ਹੈ। ਰਾਸ਼ਟਰਵਾਦ ਦੇ ਨਿਸ਼ਾਨੇ ਜੇ ਮਨੁਖਤਾਵਾਦੀ ਫਿਲਾਸਫੀ ਤੋਂ ਥਿੜਕ ਜਾਣ ਤਾਂ ਫਿਰ ਉਹ ਫਾਸ਼ੀਵਾਦ ਦਾ ਰੂਪ ਅਖਤਿਆਰ ਕਰ ਲੈਂਦੇ ਹਨ।’’

ਕਾਰਲ ਮਾਰਕਸ ਨੇ ਮਨੁਖਤਾਵਾਦ ਦੀ ਮੌਲਿਕ ਵਿਆਖਿਆ ਕਰਦਿਆਂ ਲਿਖਿਆ ਹੈ, ‘‘ਕਮਿਊਨਿਜ਼ਮ ਪੂਰਨ ਵਿਕਸਿਤ ਕੁਦਰਤਵਾਦ ਵਜੋਂ ਮਨੁਖਤਾਵਾਦ ਹੈ ਅਤੇ ਪੂਰਨ ਵਿਕਸਿਤ ਮਨੁਖਤਾਵਾਦ ਵਜੋਂ ਕੁਦਰਤਵਾਦ ਹੈ। ਮਨੁਖ ਤੇ ਕੁਦਰਤ ਵਿਚਲੇ ਅਤੇ ਮਨੁਖ ਤੇ ਮਨੁਖ ਵਿਚਲੇ ਟਕਰਾਅ ਦਾ ਇਹੀ ਖਰਾ ਹੱਲ ਹੈ। ਹੋਂਦ ਤੇ ਤਤ ਵਿਚਲੇ, ਬਾਹਰਮੁਖੀ ਅਮਲ ਤੇ ਅੰਤਰਮੁਖੀ ਸੋਚ ਵਿਚਲੇ, ਆਜ਼ਾਦੀ ਤੇ ਲੋੜਾਂ ਵਿਚਲੇ, ਨਿਜ ਤੇ ਸਮੂਹ ਵਿਚਲੇ ਵਿਰੋਧ ਦਾ ਹਕੀਕੀ ਹੱਲ। ਹੁਣ ਤਕ ਦੇ ਮਨੁਖੀ ਇਤਿਹਾਸ ਦੀ ਸਮੁਚੀ ਚਾਲ ਜਿਵੇਂ ਕਮਿਊਨਿਜ਼ਮ ਦੀ ਅਨੁਭਵੀ ਹੋਂਦ ਦੀ ਜੰਮਣ ਕਿਰਿਆ ਹੈ। ਕਮਿਊਨਿਜ਼ਮ ਦੀ ਪਕੜ ਵਿਚ ਆਉਣ ਤੇ ਅਨੁਭਵ ਕੀਤੀ ਜਾ ਸਕਣ ਵਾਲੀ ਕਿਰਿਆ ਭਾਵ ਕਮਿਊਨਿਜ਼ਮ ਦੀ ਚੇਤੰਨ ਸੋਚ।’’

 ਅਰਥਾਤ ਕਮਿਊਨਿਜਮ, ਪੂਰਨ ਵਿਕਸਿਤ ਕੁਦਰਤਵਾਦ ਤੇ ਪੂਰਨ ਵਿਕਸਿਤ ਮਨੁਖਤਾਵਾਦ ਸਮਅਰਥੀ ਸ਼ਬਦ ਹਨ ਭਾਵ ਇਕੋ ਹੀ ਸੰਕਲਪ ਦੇ ਤਿੰਨ ਪਖ ਹਨ। ਜਦੋਂ ਮਨੁਖ ਆਪਣੇ ਆਪ ਨੂੰ ਕੁਦਰਤ ਤੇ ਸਗਲ ਮਨੁਖਤਾ ਨਾਲ ਇਕਮਿਕ ਕਰ ਲਏ ਤਾਂ ਉਹ ਕਮਿਊਨਿਜਮ ਦੀ ਚੇਤੰਨ ਅਵਸਥਾ ਵਿਚ ਪਹੁੰਚਣ ਦਾ ਅਨੁਭਵ ਕਰ ਸਕਦਾ ਹੈ। ਇਸ ਅਨੁਭਵੀ ਅਵਸਥਾ ਵਿਚ ਪਹੁੰਚ ਕੇ ਮਨੁਖ ਦਾ ਕੁਦਰਤ ਅਤੇ ਬਾਕੀ ਦੇ ਮਨੁਖਾ (ਸਗਲ ਮਨੁਖਤਾ) ਨਾਲ ਟਕਰਾਅ ਖਤਮ ਹੋ ਜਾਂਦਾ ਹੈ। ਭਾਵ ਬੰਦੇ ਨੂੰ ਕੁਦਰਤ ਨਾਲ ਆਪਣੇ ਅਨੁਭਵੀ ਰਿਸ਼ਤੇ ਦੀ ਸਮਝ ਆ ਜਾਂਦੀ ਹੈ ਅਤੇ ਆਪਣੇ ਨਿਜੀ ਹਿਤਾਂ ਨੂੰ ਸਗਲ ਮਨੁਖਤਾ ਦੇ ਹਿਤਾਂ ਦੇ ਅਧੀਨ ਰਖਣ ਦੀ ਸੋਝੀ ਪੈਦਾ ਹੋ ਜਾਂਦੀ ਹੈ। ਇਸ ਸੋਝੀ ਨਾਲ ਬੰਦੇ ਦੀ ਸਰੀਰੀ ਹੋਂਦ ਤੇ ਉਸਦੇ ਤਤ (ਮਨ) ਵਿਚਕਾਰ ਫਰਕ ਮਿਟ ਜਾਂਦਾ ਹੈ। ਬਾਹਰਮੁਖੀ ਸਮਾਜੀ ਹਕੀਕਤ ਅਤੇ ਉਸ ਦੀ ਅੰਤਰਮੁਖੀ ਸੋਚ ਵਿਚਕਾਰ ਸਾਂਝ ਬਣ ਜਾਂਦੀ ਹੈ ਅਤੇ ਆਪਣੀਆ ਸੀਮਤ ਕੁਦਰਤੀ ਲੋੜਾਂ ਦੀ ਸੁਚੇਤ ਪਛਾਣ ਹੋਣ ਨਾਲ ਉਸ ਨੂੰ ਆਪਣੀ ਆਜਾਦੀ (ਮੁਕਤੀ) ਦਾ ਭੇਦ ਪਤਾ ਲਗਦਾ ਹੈ। ਮਨੁਖੀ ਆਜਾਦੀ ਦੇ ਇਸ ਗਿਆਨ ਨਾਲ ਨਿਜ ਅਤੇ ਸਮੂਹ ਵਿਚਲਾ ਟਕਰਾਅ ਉਂਝ ਹੀ ਖਤਮ ਹੋ ਜਾਂਦਾ ਹੈ। ਇਹੀ ਕਮਿਊਨਿਜਮ ਦੀ ਚੇਤੰਨ ਸੋਚ ਹੈ। ਇਸ ਅਵਸਥਾ ਤੋਂ ਬਾਅਦ ਹੀ ਮਨੁਖ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦਾ ਪੈਰੋਕਾਰ ਬਣਦਾ ਹੈ। ਚੇਤਨਾ ਹੋਰ ਕੁਝ ਨਹੀਂ ਸਗੋਂ ਚੇਤੰਨ ਮਨੁਖੀ ਹੋਂਦ ਹੈ। (ਮਾਰਕਸ)ਕੌਮਵਾਦ ਬਾਰੇ ਸੰਖੇਪ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਸਾਰ ਇਤਿਹਾਸ ਦੇ ਇਕ ਖਾਸ ਮੋੜ ਉਤੇ ਯੂਰਪੀਨ ਬੁਧੀਜੀਵੀਆਂ ਤੇ ਉਨ੍ਹਾਂ ਦੀਆਂ ਰਾਜਸੀ ਪ੍ਰੰਪਰਾਵਾਂ ਨੇ ਇਕ ਭਾਰੂ ਭਾਸ਼ਾ ਆਧਾਰਿਤ ਕੌਮੀ ਰਾਜ ਦਾ ਮਨਘੜਤ ਸੰਕਲਪ ਸਾਹਮਣੇ ਲਿਆਂਦਾ। ਇਸ ਸੰਕਲਪ ਦੇ ਗੁਣਾਂ ਔਗੁਣਾਂ ਨੂੰ ਲਾਂਭੇ ਛਡਦੇ ਹੋਏ ਉਸ ਦੌਰ ਵਿਚ ਚੜ੍ਹਤ ਵਿਚ ਆ ਰਹੇ ਪੂੰਜੀਵਾਦ ਨੇ ਇਸ ਸੰਕਲਪ ਨੂੰ ਹਥਿਆ ਲਿਆ। ਪੂੰਜੀਵਾਦ ਨੇ ਆਪਣੇ ਆਪ ਨੂੰ ਕੌਮੀ ਪਧਰ ਉਤੇ ਜਥੇਬੰਦ ਕਰਨ ਲਈ ਇਸ ਸੰਕਲਪ ਦਾ ਖੂਬ ਪ੍ਰਚਾਰ ਕੀਤਾ। ਪੂੰਜੀਵਾਦ ਨੇ ਪੈਰਿਸ ਕਮਿਊਨ ਦੇ ‘ਆਜਾਦੀ, ਬਰਾਬਰੀ ਤੇ ਭਾਈਚਾਰੇ ਦੇ ਨਾਹਰੇ ਨੂੰ ਵੀ ਹਥਿਆ ਲਿਆ ਤੇ ਇਸ ਨੂੰ ਕੌਮੀ ‘ਜਮਹੂਰੀ ਰਾਜ’ ਦੇ ਸੁਧਾਰਵਾਦ (ਲਿਬਰਲਵਾਦ) ਨਾਲ ਨਰੜ ਦਿਤਾ। ਉਦੋਂ ਪੂੰਜੀਵਾਦ ਜਗੀਰਦਾਰੀ ਤੇ ਰਜਵਾੜਾਸ਼ਾਹੀ ਦੇ ਮੁਕਾਬਲੇ ਅਗਾਂਹਵਧੂ ਸੀ, ਇਸ ਲਈ ਬਹੁਗਿਣਤੀ ਲੋਕਾਂ ਦਾ ਇਸ ਵਿਚ ਭਰੋਸਾ ਬਝਦਾ ਗਿਆ। ਉਦੋਂ ਕੋਈ ਪੂੰਜੀਵਾਦੀ ਚਿੰਤਕ ਇਹ ਅੰਦਾਜਾ ਨਾ ਲਾ ਸਕਿਆ ਕਿ ਭਵਿਖ ਵਿਚ ਇਸ ਤੰਗਨਜਰ ਕੋਮਵਾਦ ਨੇ ਕਰੋੜਾਂ ਲੋਕਾਂ ਦੀ ਜਾਨ ਲੈਣੀ ਹੈ। 

ਬੇਸ਼ਕ ਉਸ ਦੌਰ ਦੇ ਦੋ ਮਹਾਨ ਇਨਕਲਾਬੀ ਚਿਤੰਕਾਂ ਮਾਰਕਸ ਤੇ ਏਂਗਲਜ ਨੇ ਇਸ ਤੰਗਨਜਰ ਕੌਮਵਾਦ ਦੇ ਮਨੁਖਘਾਤੀ ਤਤ ਨੂੰ ਪਛਾਣ ਲਿਆ ਤੇ ਉਹਨਾਂ ਨੇ ਪੂੰਜੀਵਾਦੀ ਕੌਮਵਾਦ ਦਾ ਡਟਵਾਂ ਵਿਰੋਧ ਕਰਦੇ ਹੋਏ ‘ਕਿਰਤੀ ਜਮਾਤ ਦੇ ਕੌਮਾਂਤਰੀਵਾਦ’ ਦਾ ਸਰਬਸੰਸਾਰੀ ਸੰਕਲਪ ਸਾਹਮਣੇ ਲਿਆਂਦਾ, ਜਿਸਦਾ ਸਿਧਾਂਤਕ ਆਧਾਰ ਉਹਨਾਂ ਦੋਹਾਂ ਵਲੋਂ ਵਿਕਸਿਤ ਕੀਤੀ ਗਈ ਭੌਤਿਕਵਾਦੀ ਫਿਲਾਸਫੀ ਦੀ ਸਰਬਵਿਆਪਿਕਤਾ ਸੀ। ਉਹਨਾਂ ਨੇ ਨਵਾਂ ਨਾਹਰਾ ਦਿਤਾ, ‘‘ਦੁਨੀਆਂ ਭਰ ਦੇ ਕਿਰਤੀਓਂ! ਉਚੇ ਦਰਜੇ ਦੇ ਸਦਾਚਾਰ ਤੇ ਇਨਸਾਫ ਪ੍ਰਾਪਤੀ ਲਈ ਸਾਦੇ ਨੇਮ ਘੜਣ ਵਾਸਤੇ ਤੇ ਨਿਜੀ ਮਨੁਖੀ ਰਿਸ਼ਤਿਆਂ ਤੇ ਆਪਸੀ ਕੌਮੀ ਰਿਸ਼ਤਿਆਂ ਵਿਚਕਾਰ ਏਕਤਾ ਦੇ ਉਚੇ ਪੈਮਾਨੇ ਸਥਾਪਤ ਕਰਨ ਲਈ ਪੂੰਜੀਵਾਦ ਵਿਰੁਧ ਯੁਧ ਦਾ ਐਲਾਨ ਕਰੋ!’’ (ਡਾਕੂਮੈਂਟਸ ਆਫ ਦਾ ਵਰਕਿੰਗ ਮੈਨਜ ਐਸੋਸਿਏਸ਼ਨ)

ਅਕਤੂਬਰ 1917 ਦੇ ਰੂਸੀ ਇਨਕਲਾਬ ਦੇ ਆਗੂ ਲੈਨਿਨ ਜੇ ਕਾਰਲ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਤੋਂ ਰੌਸ਼ਨੀ ਲੈ ਕੇ ‘ਸੋਵੀਅਤ ਯੂਨੀਅਨ’ ਦੀ ਸਮਾਜਵਾਦੀ ਨਵਉਸਾਰੀ ਦਾ ਕਾਰਜ ਆਰੰਭ ਕਰਦੇ ਤਾਂ ਅੱਜ ਦੁਨੀਆਂ ਭਰ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ। ਨਾ ਦੂਜੀ ਸਾਮਰਾਜੀ ਸੰਸਾਰ ਜੰਗ ਲਗਣੀ ਸੀ ਤੇ ਨਾ ਅਮਰੀਕੀ ਸਾਮਰਾਜ ਦੀ ਕੋਈ ਹੋਂਦ ਹੋਣੀ ਸੀ ਤੇ ਨਾ ਹੀ ਦੁਨੀਆਂ ਭਰ ਦੇ ਕਰੋੜਾਂ ਅਰਬਾਂ ਲੋਕ ਸਾਮਰਾਜੀ ਚਾਲਾਂ ਦੀ ਭੇਟ ਚੜ੍ਹਨੇ ਸਨ। ਨਾ ਹੀ ਅੱਜ ਯੂਕਰੇਨ ਉਤੇ ਰੂਸੀ ਹਮਲਾ ਹੋਣਾ ਸੀ। 

ਪੂਤਿਨ ਦੇ ਕਥਨ ਅਨੁਸਾਰ ਰੂਸੀ ਲੋਕ ਲੈਨਿਨ ਦੀਆਂ ਕੀਤੀਆਂ ਗਲਤੀਆਂ ਦਾ ਖਮਿਆਜਾ ਭੁਗਤ ਰਹੇ ਹਨ। ਲੈਨਿਨ ਨੇ ਭੌਤਿਕਵਾਦੀ ਫਿਲਾਸਫੀ ਨੂੰ ਅਣਗੌਲਿਆ ਕਰ ਕੇ ਤੇ ਕਮਿਊਨਿਜਮ ਨੂੰ ਧਰਮ ਵਿਰੋਧੀ ਨਾਸਤਿਕਤਾ ਨਾਲ ਨਰੜ ਕੇ ਸਮਾਜਵਾਦੀ ਨਵਉਸਾਰੀ ਦਾ ਸਾਰਾ ਕਾਰਜ ਹੀ ਕੁਰਾਹੇ ਪਾ ਦਿਤਾ। ਉਹ ਜਬਾਨੀ-ਕਲਾਮੀ ਕੌਮਾਂਤਰੀਵਾਦ ਦੇ ਨਾਹਰੇ ਜਰੂਰ ਲਾਉਂਦੇ ਰਹੇ ਪਰ ਉਹਨਾਂ ਨੇ ਫਿਲਾਸਫੀ ਵਿਹੂਣੇ ਕੌਮਵਾਦ ਦੇ ਸਿਧਾਂਤ ਦੀ ਪੁਸ਼ਟੀ ਕਰ ਕੇ ਦੁਨੀਆ ਭਰ ਦੇ ਦਬੇ ਕੁਚਲੇ ਲੋਕਾਂ ਨੂੰ ਸਮਾਜਵਾਦ ਤੋਂ ਦੂਰ ਧਕ ਦਿਤਾ। ਚੀਨੀ ਲੋਕ ਵੀ ਅੱਜ ਲੈਨਿਨ ਦੀ ਇਸੇ ਗਲਤੀ ਦਾ ਖਮਿਆਜਾ ਭੁਗਤ ਰਹੇ ਹਨ। ਭਾਰਤ ਦੇ ਸਿਖ, ਮੁਸਲਮਾਨ ਤੇ ਹੋਰ ਧਾਰਮਿਕ ਘਟ ਗਿਣਤੀਆਂ ਵੀ ਇਸੇ ਤੰਗਨਜਰ ਭਾਸ਼ਾਈ ਰਾਸ਼ਟਰਵਾਦ ਦਾ ਸ਼ਿਕਾਰ ਹਨ। ਫਲਸਤੀਨ ਸਮੇਤ ਦੁਨੀਆਂ ਭਰ ਵਿਚ ਕਿੰਨੇ ਹੀ ਭਾਈਚਾਰੇ ਹਨ, ਜਿਹੜੇ ਇਸ ਤੰਗਨਜਰ ਕੌਮਵਾਦ ਦਾ ਮਾਨਸਿਕ ਸੰਤਾਪ ਹੰਢਾ ਰਹੇ ਹਨ।

ਮਨੁਖੀ ਸਭਿਅਤਾ ਐਨ ਆਪਣੇੇ ਮੁਢ ਤੋਂ ਹੀ ‘ਗਰੀਬ-ਮਜਲੂਮ ਦੀ ਰਖਿਆ! ਜਰਵਾਣੇ ਦੀ ਭਖਿਆ!’ ਦੇ ਅਸੂਲ ਨੂੰ ਕੇਂਦਰ ਵਿਚ ਰਖ ਕੇ ਵਿਕਸਿਤ ਹੁੰਦੀ ਆ ਰਹੀ ਹੈ। ਸਿਖੀ ਦਾ ਇਹ ਮੁਢਲਾ ਅਸੂਲ ਹੈ। ਇਹ ਹਰੇਕ ਸਿਖ ਦਾ ਧਰਮ ਹੈ। ਦਇਆ ਤੇ ਸੰਤੋਖ ਇਸ ਧਰਮ ਦੇ ਦੋ ਮੁਢਲੇ ਜਜਬੇ ਹਨ। ਇਹੀ ਧਰਮ ਸਾਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋਆਂ ਤੇ ਮਲਿਕ ਭਾਗੋਆਂ ਵਿਚਕਾਰ ਨਿਖੇੜਾ ਕਰ ਕੇ ਸਮਝਾਇਆ ਸੀ। ਮਸਲਾ ਭਾਈ ਲਾਲੋ ਤੇ ਮਲਿਕ ਭਾਗੋ ਦੀ ਰੋਟੀ ਦਾ ਨਹੀਂ ਸੀ। ਮਸਲਾ ਹਥੀਂ ਕਿਰਤ ਕਰ ਕੇ ਖਾਧੀ ਕੋਧਰੇ ਦੀ ਰੋਟੀ ਤੇ ਪਰਾਈ ਕਿਰਤ ਨਾਲ ਇਕਠੀ ਕੀਤੀ ਮਾਇਆ ਨਾਲ ਬਣੇ ਮਾਲ੍ਹ ਪੂੜਿਆਂ ਵਿਚ ਨਿਖੇੜਾ ਕਰਨ ਦਾ ਸੀ। ਕਿਰਤ ਦੀ ਰੋਟੀ ਸਰੀਰ ਦਾ ਰੱਜ ਬਣਦੀ ਹੈ ਜਦੋਂ ਕਿ ਪਰਾਈ ਕਿਰਤ ਦੇ ਮਾਲ੍ਹ ਪੂੜੇ ਸਰੀਰ ਵਿਚ ਵਿਕਾਰ ਪੈਦਾ ਕਰਦੇ ਹਨ। ਸਿਖ ਇਨਕਲਾਬ ਦੇ ਇਸੇ ਜਜਬੇ ਨੇ ਮੁਗਲ ਰਾਜ ਦੇ ਪੈਰ ਉਖਾੜੇ ਤੇ ਇਸੇ ਜਜਬੇ ਨੇ ਅੰਗਰੇਜ ਸਾਮਰਾਜ ਨਾਲ ਟਕਰ ਲਈ। ਪਿਛਲੇ ਪੰਜ ਸੌ ਸਾਲ ਤੋਂ ਇਹੀ ਜਜਬਾ ਸਿਖਾਂ ਨੂੰ ਲਗਾਤਾਰ ਲੜ੍ਹਨ ਲਈ ਪਰੇਰਦਾ ਆ ਰਿਹਾ ਹੈ। ਪਰ ਬਦਕਿਸਮਤੀ ਨਾਲ ਸਿਖ ਸਰੂਪ ਵਿਚਲੇ ਮਲਿਕ ਭਾਗੋ ਹਰ ਕਦਮ ਉਤੇ ਭਾਈ ਲਾਲੋਆਂ ਨੂੰ ਧੋਖਾ ਦੇ ਜਾਂਦੇ ਹਨ ਤੇ ਹੁਣ ਵੀ ਇਹੀ ਕੁਝ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਿਖੀ ਦਾ ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ। ਮਸਲਾ ‘ਰਾਜ ਕਰੇਗਾ ਖਾਲਸਾ’ ਨੂੰ ਅੱਜ ਦੇ ਆਲਮੀ ਰਾਜਸੀ ਪ੍ਰਸੰਗ ਵਿਚ ਸਪਸ਼ਟ ਕਰਨ ਦਾ ਹੈ।

ਬਹਿਸ ਲਈ

ਗੁਰਬਚਨ ਸਿੰਘ ਦੇਸ ਪੰਜਾਬ