ਸਿਡਨੀ ਲਾਇਨਜ਼ ਦੀਆ ਦੋਵੇਂ ਟੀਮਾਂ ਆਪਣੇ ਵਰਗਾਂ ਵਿੱਚ ਉਪ ਜੇਤੂ ਰਹੀਆਂ

ਸਿਡਨੀ ਲਾਇਨਜ਼ ਦੀਆ ਦੋਵੇਂ ਟੀਮਾਂ ਆਪਣੇ ਵਰਗਾਂ ਵਿੱਚ ਉਪ ਜੇਤੂ ਰਹੀਆਂ

ਪੰਜਾਬੀਆਂ ਦੇ ਹਾਕੀ ਕਲੱਬ ਦੀ ਪਲੇਠੇ ਵਰ੍ਹੇ ਵਿਚ  ਸ਼ੁਰੂਆਤ ਸ਼ਾਨਦਾਰ ਰਹੀ 

ਅੰਮ੍ਰਿਤਸਰ ਟਾਈਮਜ਼

ਸਿਡਨੀ ( ਸਰਵਰਿੰਦਰ ਸਿੰਘ ਰੂਮੀ ) :ਸਿਡਨੀ ਓਲੰਪਿਕ ਪਾਰਕ ਵਿੱਚ ਬੀਤੇ ਸਨਿੱਚਰਵਾਰ  ਖਤਮ ਹੋਈ ਸਿਡਨੀ ਹਾਕੀ ਲੀਗ ਵਿੱਚ ਪੰਜਾਬੀਆਂ ਦੇ ਹਾਕੀ ਕਲੱਬ ਸਿਡਨੀ ਲਾਇਨਜ਼ ਦੀਆਂ ਦੋਵੇਂ ਟੀਮਾਂ ਆਪਣੇ ਵਰਗਾਂ ਵਿੱਚ ਉਪ ਜੇਤੂ ਰਹੀਆਂ। ਪੰਜਾਬੀ ਸ਼ੇਰਾਂ ਦੀਆਂ ਦੋਵੇਂ ਟੀਮਾਂ ਭਾਵੇ ਕਿ ਆਪੋ ਆਪਣੇ ਵਰਗਾਂ ਵਿੱਚ 2-1 ਦੇ ਫਰਕ ਨਾਲ ਹਾਰ ਗਈਆਂ ਪਰ ਪਲੇਠੇ ਵਰ੍ਹੇ ਵਿੱਚ ਫਾਈਨਲ ਤੱਕ ਪਹੁੰਚਣਾ ਕਿਸੇ ਵੀ ਤਰ੍ਹਾਂ ਜਿੱਤ ਨਾਲੋਂ ਘੱਟ ਨਹੀਂ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਾਇਨਜ਼ ਕੋਲ ਅਜੇ ਆਪਣਾ ਖੇਡ ਮੈਦਾਨ ਵੀ ਨਹੀਂ ਹੈ ਅਤੇ ਸਥਾਪਿਤ ਮੈਦਾਨ ਵਿੱਚ ਖੇਡ ਅਭਿਆਸ ਲਈ ਅਗਾਂਹੂ ਪ੍ਰਬੰਧ ਕਰਨਾ ਪੈਦਾ ਹੈ। ਭਾਵੇ ਕਿ ਸਨਿੱਚਰਵਾਰ  ਦੀ ਬਾਅਦ ਦੁਪਹਿਰ ਮੀਂਹ ਤੇ ਕਿਣਮਿਣ ਕਾਰਨ ਕਾਫ਼ੀ ਠੰਡ ਸੀ ਪਰ ਫਿਰ ਵੀ ਖਿਡਾਰੀਆਂ ਦਾ ਜੋਸ਼ ਵੇਖਣ ਵਾਲਾ ਸੀ। ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ  ਦੇ ਪਰਿਵਾਰ ਤੇ ਹਮਾਇਤੀ ਵੀ ਪਹੁੰਚੇ ਹੋਏ ਸਨ। ਡਿਵੀਜਨ 3 ਦੀ ਟੀਮ ਨੇ ਕੁੱਲ ਅਠਾਰਾਂ ਮੈਚ ਖੇਡੇ ਅਤੇ15 ਵਿੱਚੋਂ ਜਿੱਤ ਹਾਸਲ ਕੀਤੀ ਤੇ ਇਕ ਮੈਚ ਬਰਾਬਰ ਰਿਹਾ ਤੇ ਦੋ ਵਿੱਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੇ ਪੂਲ ਵਿੱਚ ਮੋਹਰੀ ਰਹੀ ਇਸ ਟੀਮ ਨੇ ਕੁੱਲ 72 ਗੋਲ ਦਾਗ਼ੇ ਜਿਨ੍ਹਾਂ ਵਿਚ 15 ਗੋਲ ਮਨਮੋਹਣ ਸਿੰਘ ਦੇ ਨਾਮ ਰਹੇ। ਟੀਮ ਦੀ ਰੱਖਿਆ ਪੰਕਤੀ ਵਿੱਚ ਜਗਜੀਤ ਸਿੰਘ ਨਾਮਧਾਰੀ, ਨਵਤੇਜ ਸਿੰਘ , ਚਰਨਕੰਵਲ ਸਿੰਘ, ਦਲਜੀਤ ਸਿੰਘ ਗਿੱਲ ਤੇ ਕਪਤਾਨ ਗੋਲ਼-ਕੀਪਰ ਪ੍ਰਿਤਪਾਲ ਸਿੰਘ ਸਿੰਬਾ ਨੇ ਆਹਲਾ ਖੇਡ ਦਾ ਮੁਜ਼ਾਹਰਾ ਕੀਤਾ ਤੇ  ਫਾਰਵਡਾਂ ਵਿੱਚੋਂ ਨੌਜਵਾਨ ਪਰਵਿੰਦਰ ਸਿੰਘ ਤੇ ਕੰਵਲਜੀਤ ਸਿੰਘ ਉੱਭਰੇ, ਫਾਈਨਲ ਮੈਚ ਵਿੱਚ ਫਸਵੀਂ  ਟੱਕਰ ਤੋਂ ਬਾਦ ਟੀਮ 2-1 ਦੇ ਫਰਕ ਨਾਲ ਨਿਊ ਸਾਊਥ ਵੇਲਜ਼ ਦੀ ਟੀਮ ਤੋਂ ਹਾਰ ਕੇ ਉਪ ਜੇਤੂ ਰਹੀ। 


ਡਿਵੀਜ਼ਨ 6 ਲਈ ਖੇਡ ਰਹੀ ਸਿਡਨੀ ਲਾਇਨਜ਼ ਦੀ ਟੀਮ ਦਾ ਫ਼ਾਈਨਲ ਮੁਕਾਬਲਾ ਸੈਂਟ ਜਾਰਜ਼ ਨਾਲ ਹੋਇਆ। ਇਹ ਟੀਮ ਵੀ ਆਪਣੇ ਪੂਲ ਵਿੱਚੋਂ 18 ਮੈਚਾਂ ਵਿੱਚੋਂ 13 ਮੈਚ ਜਿੱਤ ਕੇ ਤੇ 4 ਮੈਚਾਂ ਵਿੱਚ ਬਰਾਬਰ ਰਹਿਣ ਤੋਂ ਬਾਅਦ ਫ਼ਾਈਨਲ ਵਿੱਚ ਪਹੁੰਚੀ ਸੀ। ਇਸ ਟੀਮ ਨੇ ਆਪਣੇ ਮੁਕਾਬਲਿਆਂ ਵਿੱਚ ਕੁੱਲ 63 ਗੋਲ ਦਾਗ਼ੇ ਜਿਨ੍ਹਾਂ ਵਿੱਚੋਂ 24 ਗੋਲ ਰਘਬੀਰ ਸਿੰਘ ਬੱਲ ਤੇ ਉਨ੍ਹਾਂ ਦੇ ਭਤੀਜਿਆਂ ਦੇ ਨਾਮ ਰਹੇ  । 


ਫ਼ਾਈਨਲ ਤੋਂ ਬਾਅਦ ਗੱਲ-ਬਾਤ ਕਰਦਿਆਂ ਕਲੱਬ ਦੇ ਆਗੂਆਂ ਰਘਬੀਰ ਸਿੰਘ ਬੱਲ, ਇਕਬਾਲ ਸਿੰਘ ਭਾਊ ਤੇ ਨਵਤੇਜ ਸਿੰਘ ਬਸਰਾ ਨੇ ਕਿਹਾ ਕਿ ਪਲੇਠੇ ਵਰ੍ਹੇ ਵਿੱਚ ਦੋਵੇਂ ਟੀਮਾਂ ਦਾ ਫ਼ਾਈਨਲ ਵਿੱਚ ਪਹੁੰਚਣਾ ਕਲੱਬ ਦੀ ਸੁਨਹਿਰੀ  ਪ੍ਰਾਪਤੀ ਹੈ। ਉਨ੍ਹਾਂ ਦੀ ਦਿਲੀ ਚਾਹਤ ਹੈ ਭਾਈਚਾਰੇ ਦੀ ਨੁਮਾਇੰਦਗੀ  2032 ਵਿੱਚ ਹੋਣ ਵਾਲੀ ਬ੍ਰਿਸਬੇਨ ਓਲੰਪਿਕ ਵਿੱਚ ਆਸਟਰੇਲੀਆ ਦੀ ਟੀਮ ਵਿੱਚ ਨਜ਼ਰ ਆਵੇ ॥