ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕਿਹਰ ਸਿੰਘ ਦੀ ਸ਼ਹਾਦਤ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਦਿੱਲੀ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਅਤੇ ਕਿਹਰ ਸਿੰਘ ਦੀ ਸ਼ਹਾਦਤ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਦਿੱਲੀ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਮੋਦੀ, ਗ੍ਰਹਿਮੰਤਰੀ, ਆਰ ਐਸ ਐਸ ਨੇਤਾਵਾਂ ਅਤੇ ਦਿੱਲੀ ਕਮੇਟੀ ਪ੍ਰਧਾਨ ਸਕੱਤਰ ਨੂੰ ਵੀ ਹਾਜ਼ਿਰੀ ਭਰਨੀ ਚਾਹੀਦੀ ਸੀ: ਮਾਨ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 31 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਵਿਚ ਸ੍ਰੀ ਅਕਾਲ ਤਖਤ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਤੇ ਫੌਜਾਂ ਚੜਾਉਣ ਵਾਲੀ ਸਮੇਂ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਓਸ ਦੇ ਕੀਤੇ ਕੂਕਰਮਾਂ ਦੀ ਸਜ਼ਾ ਦੇਣ ਵਾਲੇ ਪੰਥ ਦੇ ਮਰਜੀਵੜੇ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕਿਹਰ ਸਿੰਘ ਦੀ ਸ਼ਹਾਦਤ ਨੂੰ ਅਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਹਰ ਸਾਲ ਦੀ ਤਰ੍ਹਾਂ ਸੰਸਦ ਮੁਹਾਰੇ ਬਣੇ ਹੋਏ ਇਤਿਹਾਸਿਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ਼ਰਧਾ ਦੇ ਫੁੱਲ ਭੇਟ ਅਰਪਿਤ ਕੀਤੇ ਗਏ । ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ । ਪਾਰਟੀ ਦੇ ਵੱਖ ਵੱਖ ਬੁਲਾਰਿਆ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਉਪਰੰਤ ਸ਼ਹੀਦ ਮਰਜੀਵੜਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ । ਪਾਰਟੀ ਪ੍ਰਧਾਨ ਅਤੇ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਮੌਕੇ ਤੇ ਦੇਸ਼ ਦੇ ਪ੍ਰਧਾਨਮੰਤਰੀ, ਗ੍ਰਿਹਮੰਤਰੀ, ਆਰਐਸਐਸ ਦੇ ਨੇਤਾ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਸਕੱਤਰ ਅਤੇ ਹੋਰ ਮੈਂਬਰਾਂ ਨੂੰ ਇਸ ਸ਼ਹੀਦੀ ਸਮਾਗਮ ਵਿਚ ਹਾਜ਼ਿਰੀ ਭਰਨੀ ਚਾਹੀਦੀ ਸੀ ਕਿਉਂਕਿ ਅਜ ਤੁਸੀਂ ਉਨ੍ਹਾਂ ਵਲੋਂ ਦਿੱਤੀ ਸ਼ਹਾਦਤ ਕਰਕੇ ਕੁਰਸੀਆਂ ਤੇ ਵਿਰਾਜਮਾਨ ਹੋ । ਉਨ੍ਹਾਂ ਨੇ ਭਾਈ ਪਰਮਜੀਤ ਸਿੰਘ ਪੰਜਵਡ਼, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲਾਂ ਦਾ ਮਸਲਾ ਚੁੱਕਿਆ ਅਤੇ ਕਿਹਾ ਕਿ ਕਨੈਡਾ ਸਰਕਾਰ ਵਲੋਂ ਲਗਾਏ ਗਏ ਹਿੰਦ ਸਰਕਾਰ ਤੇ ਦੋਸ਼ਾਂ ਤੋਂ ਸਰਕਾਰ ਮੁਕਤ ਨਹੀਂ ਹੋ ਸਕਦੀ ਹੈ ਤੇ ਉਨ੍ਹਾਂ ਨੇ ਜੈਸ਼ੰਕਰ ਨੂੰ ਮਿਲੀ ਜ਼ੈਡ ਸਕਿਊਰਟੀ ਵਲ ਇਸ਼ਾਰਾ ਕਰਦਿਆਂ ਇਸ ਗੱਲ ਦਾ ਪ੍ਰਮਾਣ ਦਿੱਤਾ ਕਿ ਇਨ੍ਹਾਂ ਮਸਲਿਆਂ ਅੰਦਰ ਹਿੰਦ ਸਰਕਾਰ ਦਾ ਕਿੱਥੇ ਨਾ ਕਿੱਥੇ ਹੱਥ ਜਰੂਰ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਦੀਪ ਸਿੰਘ ਸਿੱਧੂ, ਮੂਸੇਵਾਲਾ ਅਤੇ ਹੋਰ ਹੋਏ ਕਤਲਾਂ ਦਾ ਮਸਲਾ ਵੀ ਚੁਕਿਆ ਸੀ । ਇਸ ਮੌਕੇ ਸ਼ਹੀਦ ਭਾਈ ਕਿਹਰ ਸਿੰਘ ਦੇ ਛੋਟੇ ਸਪੁੱਤਰ ਭਾਈ ਸਤਵੰਤ ਸਿੰਘ ਨੇ ਵੀ ਉਚੇਚੇ ਤੌਰ ਤੇ ਹਾਜਿਰੀ ਭਰੀ ਸੀ, ਉਨ੍ਹਾਂ ਨੇ ਸਿੰਘਾਂ ਵਲੋਂ ਕੀਤੇ ਗਏ ਅਦੁੱਤੀ ਕਾਰਨਾਮੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਸਨ ਜਿਸ ਉਪਰੰਤ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵਲੋਂ ਸਿਰੋਪਾਓ ਭੇਟ ਕਰ ਸਨਮਾਨਿਤ ਕੀਤਾ ਗਿਆ ਸੀ । ਪ੍ਰੋਗਰਾਮ ਵਿਚ ਹਾਜ਼ਿਰੀ ਭਰਣ ਵਾਲੀਆਂ ਸੰਗਤਾਂ ਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਦਿੱਲੀ ਸਟੇਟ ਦੇ ਪ੍ਰਧਾਨ ਸੰਸਾਰ ਸਿੰਘ ਨੇ ਤਹਿ ਦਿਲੋਂ ਧੰਨਵਾਦ ਕੀਤਾ । ਪ੍ਰੋਗਰਾਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਵਲੋਂ ਅਰਦਾਸ ਕੀਤੀ ਗਈ ਉਪਰੰਤ ਪਾਰਟੀ ਦੇ ਸੀਨੀਅਰ ਮੈਂਬਰ ਪ੍ਰੋ ਮੋਹਿੰਦਰ ਪਾਲ ਸਿੰਘ ਵਲੋਂ ਹੁਕਮਨਾਮਾ ਲੀਤਾ ਗਿਆ ਸੀ । ਇਸ ਪ੍ਰੋਗਰਾਮ ਵਿਚ ਭਾਈ ਗੁਰਸੇਵਕ ਸਿੰਘ ਜਵਾਹਰਕੇ, ਭਾਈ ਅੰਮ੍ਰਿਤਪਾਲ ਸਿੰਘ ਛੰਦੜਾ, ਭਾਈ ਕੁਲਦੀਪ ਸਿੰਘ ਭਾਗੋਵਾਲ, ਪ੍ਰੋ ਮਹਿੰਦਰ ਪਾਲ ਸਿੰਘ, ਭਾਈ ਹਰਪਾਲ ਸਿੰਘ ਬਲੇਰ, ਭਾਈ ਗੁਰਜੰਟ ਸਿੰਘ ਕੱਟੂ, ਭਾਈ ਜਸਬੀਰ ਸਿੰਘ, ਹਰਦੀਪ ਸਿੰਘ, ਦਿੱਲੀ ਸਟੇਟ ਦੇ ਪ੍ਰਧਾਨ ਸਰਦਾਰ ਸੰਸਾਰ ਸਿੰਘ ਅਤੇ ਨਿਹੰਗ ਬਾਬਾ ਮਾਨ ਸਿੰਘ ਸਣੇ ਬਹੁਤ ਸਾਰੇ ਲੀਡਰ ਹਾਜਿਰ ਹਨ ।