ਭਾਈ ਤਾਰੂ ਸਿੰਘ ਵਰਗੇ ਸ਼ਹੀਦ ਹੀ ਨੌਜਵਾਨਾਂ ਦੇ ਰੋਲ ਮਾਡਲ ਹੋਣ -ਜਥੇਦਾਰ

ਭਾਈ ਤਾਰੂ ਸਿੰਘ ਵਰਗੇ ਸ਼ਹੀਦ ਹੀ ਨੌਜਵਾਨਾਂ ਦੇ ਰੋਲ ਮਾਡਲ ਹੋਣ -ਜਥੇਦਾਰ

• ਕਿਹਾ, ਅੱਜ ਧਰਮ ਪਰਿਵਰਤਨ ਦਾ ਮੁੱਦਾ ਹਰ ਸਿੱਖ ਦੇ ਕੰਨਾਂ ਵਿਚ ਗੂੰਜ ਰਿਹੈ

* ਅਜੋਕੇ ਯੁਗ ਵਿਚ ਸੰਤ ਬਾਬਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਸਾਡੀ

ਕੌਮ ਦੇ ਅਸਲ ਹੀਰੋ 

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਆਖਰੀ ਦਮ ਤੱਕ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਨੌਜਵਾਨਾਂ ਦੇ ਨਾਂਅ ਸੰਦੇਸ਼ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖ ਇਤਿਹਾਸ ਸ਼ਹਾਦਤਾਂ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਤੇ ਇਹ ਸ਼ਹਾਦਤਾਂ ਤੇ ਕੁਰਬਾਨੀਆਂ ਸਿੱਖ ਇਤਿਹਾਸ ਨੂੰ ਗੌਰਵਮਈ ਬਣਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਅੱਜ ਜਦੋਂ ਆਲੇ-ਦੁਆਲੇ ਖਾਸ ਕਰ ਪੰਜਾਬ ਦੀ ਧਰਤੀ ਵੱਲ ਝਾਤ ਮਾਰਦੇ ਹਾਂ ਧਰਮ ਪਰਿਵਰਤਨ ਦਾ ਮੁੱਦਾ ਹਰ ਗਲੀ ਮੁਹੱਲੇ ਹਰ ਸਿੱਖ ਦੇ ਕੰਨਾਂ 'ਚ ਗੂੰਜ ਰਿਹਾ ਹੈ । ਥੋੜ੍ਹੇ-ਥੋੜ੍ਹੇ ਲਾਲਚਾਂ ਦੇ ਪਿੱਛੇ ਆਪਣਾ ਧਰਮ ਤਬਦੀਲ ਕਰਨ ਵਾਲੇ ਲੋਕ ਹਰ ਵੇਲੇ ਤਿਆਰ ਦਿਸਦੇ ਹਨ ਪਰ ਭਾਈ ਤਾਰੂ ਸਿੰਘ ਕੌਮ ਦੇ ਐਸੇ ਮਹਾਨ ਸੂਰਬੀਰ ਯੋਧੇ ਸਨ ਜਿਨ੍ਹਾਂ ਨੂੰ ਜਦੋਂ ਉਸ ਵਕਤ ਦੀ ਹਕੂਮਤ ਨੇ ਕਿਹਾ ਕਿ ਤੁਸੀਂ ਆਪਣਾ ਧਰਮ ਤਿਆਗ ਦਿਓ ਤਾਂ ਤੁਹਾਡੀ ਜਾਨ ਬਖ਼ਸ਼ੀ ਹੋ ਸਕਦੀ ਹੈ, ਪਰ ਭਾਈ ਤਾਰੂ ਸਿੰਘ ਨੇ ਵੱਡੇ-ਵੱਡੇ ਲਾਲਚਾਂ ਨੂੰ ਠੁਕਰਾ ਕੇ ਆਪਣੀ ਅਣਖ, ਗ਼ੈਰਤ, ਸਵੈਮਾਨ ਅਤੇ ਸਿੱਖ ਧਰਮ ਪ੍ਰਤੀ ਦਿ੍ੜ੍ਹਤਾ ਨੂੰ ਕਾਇਮ ਰੱਖਿਆ ਅਤੇ 1716 ਵਿਚ ਲਾਹੌਰ ਦੀ ਧਰਤੀ 'ਤੇ ਆਪਣੀ ਸ਼ਹਾਦਤ ਦਿੱਤੀ ।ਉਨ੍ਹਾਂ ਕਿਹਾ ਕਿ ਜੇਕਰ ਖ਼ਾਲਸਾ ਪੰਥ ਦੇ ਨੌਜਵਾਨਾਂ ਨੇ ਆਪਣੇ ਆਪ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਉੱਨਤੀ ਵੱਲ ਤੋਰਨਾ ਹੈ ਤਾਂ ਭਾਈ ਤਾਰੂ ਸਿੰਘ ਵਰਗੇ ਕੌਮ ਦੇ ਸ਼ਹੀਦ ਹੀ ਸਿੱਖ ਨੌਜਵਾਨਾਂ ਦੇ ਰੋਲ ਮਾਡਲ ਹੋਣੇ ਚਾਹੀਦੇ ਹਨ, ਪਰ ਬਦਕਿਸਮਤੀ ਹੈ ਕਿ ਸਾਡੇ ਨੌਜਵਾਨ ਆਪਣਾ ਰੋਲ ਮਾਡਲ ਫ਼ਿਲਮੀ ਐਕਟਰਾਂ ਨੂੰ ਮੰਨਦੇ ਹਨ, ਜਦੋਂਕਿ ਸਾਡੇ ਅਸਲ ਹੀਰੋ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਹਨ ਅਤੇ ਜੇ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਸੰਤ ਬਾਬਾ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਸਾਡੀ ਕੌਮ ਦੇ ਅਸਲ ਹੀਰੋ ਹਨ | ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ 'ਤੇ ਸਿੱਖ ਕੌਮ ਨੂੰ ਮਾਣ ਹੈ ।

ਕੋਣ ਸੀ ਭਾਈ ਤਾਰੂ ਸਿੰਘ 

ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ 1716 ਈਸਵੀ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ ਹੋਇਆ। ਸ਼ਹੀਦ ਭਾਈ ਤਾਰੂ ਸਿੰਘ ਜੀ ਇਕ ਮਿਹਨਤਕਸ਼ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਭਾਈ ਤਾਰੂ ਸਿੰਘ ਜੀ ਨੇ ਜੰਗਲਾਂ 'ਵਿਚ ਲੁਕ ਕੇ ਰਹਿੰਦੇ ਸਿੰਘਾਂ ਵਾਸਤੇ ਲੰਗਰਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਇਕ ਮੁਖ਼ਬਰ ਹਰਿ ਭਗਤ ਨਿਰੰਜਨੀਏ ਨੇ ਸਮੇਂ ਦੀ ਹਕੂਮਤ ਕੋਲ ਇਸ ਬਾਰੇ ਚੁਗਲੀ ਲਈ ਤਾਂ ਇਹ ਗੱਲ ਜ਼ਕਰੀਆ ਖ਼ਾਨ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਉਸ ਨੇ ਹੁਕਮ ਭੇਜ ਕੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿਖੇ ਤਲਬ ਕਰ ਲਿਆ।

ਭਾਈ ਤਾਰੂ ਸਿੰਘ ਜੀ ਨੂੰ ਧਰਮ ਦੀ ਇਸ ਸੇਵਾ ਬਦਲੇ ਅਸਹਿ ਤੇ ਅਕਹਿ ਤਸੀਹੇ ਸਹਿਣੇ ਪਏ। ਜ਼ਕਰੀਆ ਖ਼ਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਧਰਮ ਪਰਿਵਰਤਨ ਕਰ ਕੇ ਮੁਸਲਮਾਨ ਬਣ ਜਾਣ ਵਾਸਤੇ ਕਈ ਲਾਲਚ ਦਿੱਤੇ। ਭਾਈ ਤਾਰੂ ਸਿੰਘ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਨੂੰ ਛੱਡ ਕੇ ਦੀਨ ਕਬੂਲ ਕਰ ਲਵੇ ਤੇ ਇਸ ਦੇ ਬਦਲੇ ਉਸ ਨੂੰ ਦੁਨੀਆ ਭਰ ਦੀਆਂ ਖ਼ੁਸ਼ੀਆਂ ਤੇ ਸੁੱਖ-ਸਹੂਲਕਾਂ ਮਿਲਣਗੀਆਂ ਪਰ ਭਾਈ ਤਾਰੂ ਸਿੰਘ ਜੀ ਸਿੱਖੀ ਸਿਦਕ ਤੋਂ ਨਾ ਡੋਲੇ। ਉਨ੍ਹਾਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਬੇਮੁੱਖ ਹੋਣਾ ਕਬੂਲ ਨਹੀਂ ਕੀਤਾ। ਭਾਈ ਤਾਰੂ ਸਿੰਘ ਵੱਲੋਂ ਇਸ ਗੱਲ ਤੋਂ ਇਨਕਾਰ ਕਰਨ 'ਤੇ ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਹੁਕਮ ਦਿੱਤਾ ਕਿ ਇਸ ਦੇ ਕੇਸ ਕਤਲ ਕਰ ਦਿੱਤੇ ਜਾਣ। ਭਾਈ ਤਾਰੂ ਸਿੰਘ ਨੇ ਕਿਹਾ ਇਹ ਕੇਸ ਮੇਰੇ ਗੁਰੂ ਦੀ ਮੋਹਰ ਹਨ, ਇਨ੍ਹਾਂ ਨੂੰ ਕਤਲ ਨਾ ਕੀਤਾ ਜਾਵੇ। ਜ਼ਕਰੀਆ ਖ਼ਾਨ ਨੇ ਜੱਲਾਦ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਦੇ ਦਿੱਤਾ। ਜਿਸ ਸਮੇਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ, ਉਹ ਜਪੁਜੀ ਸਾਹਿਬ ਦਾ ਪਾਠ ਪੜ੍ਹ ਰਹੇ ਸਨ। ਰੱਬੀ ਭਾਣੇ 'ਵਿਚ ਰਹਿੰਦਿਆਂ ਉਨ੍ਹਾਂ ਮੂੰਹੋਂ 'ਸੀ' ਤਕ ਨਾ ਉਚਾਰੀ।

ਜਦੋਂ ਜੱਲਾਦ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਰੰਬੀ ਨਾਲ ਲਾਹ ਰਿਹਾ ਸੀ ਤਾਂ ਜ਼ਕਰੀਆ ਖ਼ਾਨ ਨੇ ਕਿਹਾ, 'ਹੁਣ ਤੇਰਾ ਗੁਰੂ ਕਿੱਥੇ ਹੈ?' ਭਾਈ ਤਾਰੂ ਸਿੰਘ ਨੇ ਕਿਹਾ, 'ਜ਼ਕਰੀਆ! ਹੰਕਾਰ ਨਾ ਕਰ, ਤੈਨੂੰ ਦੁਨੀਆ ਤੋਂ ਮੇਰੀ ਜੁੱਤੀ ਅੱਗੇ ਲਾ ਕੇ ਲੈ ਕੇ ਜਾਵੇਗੀ।' ਖੋਪਰੀ ਉਤਾਰਨ ਤੋਂ ਬਾਅਦ ਭਾਈ ਤਾਰੂ ਜੀ ਨੂੰ ਸ਼ਹਿਰ ਤੋਂ ਬਾਹਰ ਇਕ ਰਸਤੇ ਵਿਚ ਕਾਵਾਂ ਤੇ ਗਿਰਝਾਂ ਦੇ ਖਾਣ ਲਈ ਸੁੱਟ ਦਿੱਤਾ ਗਿਆ। ਦੂਜੇ ਪਾਸੇ ਜ਼ਕਰੀਆ ਖ਼ਾਨ ਦਾ ਪਿਸ਼ਾਬ ਬੰਦ ਹੋ ਗਿਆ। ਇਕ ਰਾਹਗੀਰ ਨੇ ਜਦੋਂ ਭਾਈ ਤਾਰੂ ਸਿੰਘਜੀ ਨੂੰ ਡਿੱਗੇ ਪਏ ਵੇਖਿਆ ਤਾਂ ਉਸ ਨੇ ਕਿਹਾ ਕਿ ਜ਼ਕਰੀਆ ਖ਼ਾਨ ਬੇਗੁਨਾਹਾਂ 'ਤੇ ਬੇਇੰਤਹਾ ਜ਼ੁਲਮ ਕਰਦਾ ਸੀ, ਉਸ ਨੂੰ ਰੱਬ ਨੇ ਇਹ ਸਜ਼ਾ ਦਿੱਤੀ ਹੈ ਕਿ ਉਸ ਦਾ ਪਿਸ਼ਾਬ ਬੰਦ ਹੋ ਗਿਆ ਹੈ। ਰਾਹਗੀਰ ਦੀ ਗੱਲ ਸੁਣ ਕੇ ਭਾਈ ਤਾਰੂ ਸਿੰਘ ਨੇ ਕਿਹਾ ਕਿ 'ਮੇਰੀ ਜੁੱਤੀ ਲੈ ਜਾਓ, ਉਸ ਦੇ ਸਿਰ ਵਿਚ ਮਾਰੋ, ਪਿਸ਼ਾਬ ਖੁੱਲ੍ਹ ਜਾਵੇਗਾ।' ਰਾਹਗੀਰ ਨੇ ਇਹ ਗੱਲ ਹੋਰਨਾਂ ਲੋਕਾਂ ਨੂੰ ਦੱਸੀ ਤੇ ਇਹ ਗੱਲ ਜ਼ਕਰੀਆ ਖ਼ਾਨ ਕੋਲ ਵੀ ਪਹੁੰਚ ਗਈ।

ਬਿਮਾਰੀ ਨਾਲ ਤੜਪ ਰਹੇ ਜ਼ਕਰੀਆ ਖ਼ਾਨ ਨੇ ਇਸ ਤਰ੍ਹਾਂ ਕਰਨਾ ਵੀ ਕਬੂਲ ਲਿਆ। ਜਦੋਂ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲਿਆ ਕੇ ਜ਼ਕਰੀਆ ਖ਼ਾਨ ਦੇ ਸਿਰ ਵਿਚ ਮਾਰੀ ਗਈ ਤਾਂ ਉਸ ਦਾ ਪਿਸ਼ਾਬ ਚਾਲੂ ਹੋ ਗਿਆ ਅਤੇ ਇਸ ਤਰ੍ਹਾਂ ਜੁੱਤੀਆਂ ਮਾਰ-ਮਾਰ ਕੇ ਜ਼ਕਰੀਆ ਖ਼ਾਨ ਨੂੰ ਪਿਸ਼ਾਬ ਆਉਂਦਾ ਰਿਹਾ। ਬਿਮਾਰੀ ਨਾਲ 22 ਦਿਨ ਤੜਪਣ ਤੋਂ ਬਾਅਦ 1 ਜੁਲਾਈ 1745 ਨੂੰ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ। ਭਾਈ ਤਾਰੂ ਸਿੰਘ ਜੀ ਵੀ ਖੋਪਰੀ ਲਾਹੇ ਜਾਣ ਤੋਂ ਬਾਅਦ 22 ਦਿਨ ਬਾਅਦ 1 ਜੁਲਾਈ 1745 ਈਸਵੀ ਨੂੰ ਸ਼ਹਾਦਤ ਪ੍ਰਾਪਤ ਕਰ ਗਏ।