ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਅਪਣਾ ਕੇ ਆਜ਼ਾਦੀ ਤੇ ਪੰਜਾਬ ਸੂਬੇ ਦੇ ਹੱਕ ਲਈ ਕੰਮ ਕਰਾਂਗੇ : ਅੰਮ੍ਰਿਤਪਾਲ ਸਿੰਘ

ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਸੋਚ  ਅਪਣਾ ਕੇ   ਆਜ਼ਾਦੀ ਤੇ ਪੰਜਾਬ ਸੂਬੇ ਦੇ ਹੱਕ ਲਈ ਕੰਮ ਕਰਾਂਗੇ :  ਅੰਮ੍ਰਿਤਪਾਲ ਸਿੰਘ

ਸਿੰਘ ਦੀ ਰੋਡੇ ਪਿੰਡ ਵਿਚ ਦਸਤਾਰਬੰਦੀ ਬਾਅਦ ਕਿਹਾ ਕਿ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਅੰਮਿ੍ਤ ਸੰਚਾਰ ਮੁਹਿੰਮ ਚਲਾਈ ਜਾਵੇਗੀ ,ਅਕਾਲੀ ਦਲ ਪੰਥ ਨੂੰ ਵਾਪਸ ਮਿਲੇ'

ਅੰਮ੍ਰਿਤਸਰ ਟਾਈਮਜ਼

ਸਮਾਲਸਰ,-ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਸਥਾਨ ਪਿੰਡ ਰੋਡੇ (ਮੋਗਾ) ਵਿਖੇ ਜਿੱਥੇ ਵਾਰਸ ਪੰਜਾਬ ਦੇ ਜਥੇਬੰਦੀ ਦੀ ਸਾਲਾਨਾ ਵਰ੍ਹੇਗੰਢ ਮਨਾਈ ਗਈ, ਉੱਥੇ ਇਸ ਜਥੇਬੰਦੀ ਪ੍ਰਧਾਨ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਦਸਤਾਰਬੰਦੀ ਵੀ ਕੀਤੀ ਗਈ | ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਵਾਰਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਵਲੋਂ ਬਣਾਈ ਗਈ ਸੀ । ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਖ਼ਾਲਸਾ ਨੇ ਵੱਡੇ ਇਕੱਠ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਅਤੇ ਵਿਚਾਰਧਾਰਾ ਅਪਣਾ ਕੇ ਅਤੇ ਉਨ੍ਹਾਂ ਵਲੋਂ ਦਰਸਾਏ ਗਏ ਮਾਰਗ 'ਤੇ ਚੱਲਦਿਆਂ ਸਿੱਖ ਕੌਮ ਦੀ ਆਜ਼ਾਦੀ ਅਤੇ ਪੰਜਾਬ ਸੂਬੇ ਦੀ ਖ਼ੁਸ਼ਹਾਲੀ ਲਈ ਕੰਮ ਕਰਾਂਗੇ ।

ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਮੁਤਾਬਿਕ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਅ ਕੇ ਬਾਣੀ ਅਤੇ ਬਾਣੇ ਨਾਲ ਜੋੜਾਂਗੇ ।ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਸਾਰੇ ਪਿੰਡਾਂ ਵਿਚ ਅੰਮਿ੍ਤ ਸੰਚਾਰ ਮੁਹਿੰਮ ਚਲਾਵਾਂਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੇਸਾਧਾਰੀ ਬਣਾ ਕੇ, ਅੰਮਿ੍ਤ ਛਕਾ ਕੇ ਗੁਰੂ ਵਾਲੇ ਬਣਾਵਾਂਗੇ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਿੱਖ ਕੌਮ ਦੀ ਆਜ਼ਾਦੀ ਲਈ ਇੱਕਮੁੱਠ ਹੋ ਕੇ ਯਤਨ ਕਰਨੇ ਚਾਹੀਦੇ ਹਨ, ਇਹ ਯਤਨ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਪਣਾਈਏ ।ਉਨ੍ਹਾਂ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਦਸਤਾਰਬੰਦੀ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਸਿੱਖ ਕੌਮ ਤੇ ਸਿੱਖ ਨੌਜਵਾਨਾਂ ਦੀ ਅਗਵਾਈ ਕਰਨ, ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਉਨ੍ਹਾਂ ਦਾ ਡਟ ਕੇ ਸਾਥ ਦੇਵੇਗੀ ।ਇਸ ਮੌਕੇ ਸਾਬਕਾ ਜਥੇਦਾਰ  ਭਾਈ ਜਸਵੀਰ ਸਿੰਘ ਰੋਡੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਅਜੋਕੇ ਹਾਲਾਤ ਵਿਚ ਬਹੁਤ ਚੁਣੌਤੀਆਂ ਦਰਪੇਸ਼ ਹਨ, ਇਸ ਲਈ ਸਾਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ  ਸੰਤ  ਭਿੰਡਰਾਂ ਵਾਲਿਆਂ ਦੀ ਉੱਚੀ ਸੁੱਚੀ ਸੋਚ ਨੂੰ ਅਪਣਾ ਕੇ, ਉਨ੍ਹਾਂ ਨੂੰ ਆਦਰਸ਼ ਮੰਨ ਕੇ ਚੱਲਣਾ ਹੋਵੇਗਾ ਤਾਂ ਹੀ ਅਸੀਂ ਸਿੱਖ ਕੌਮ ਨੂੰ ਬੁਲੰਦੀਆਂ 'ਤੇ ਲਿਜਾ ਸਕਾਂਗੇ | ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਵੱਖ-ਵੱਖ ਨਿਹੰਗ ਜਥੇਬੰਦੀਆਂ, ਸੰਤ ਮਹਾਪੁਰਸ਼ਾਂ ਅਤੇ ਹੋਰ ਸਿੱਖ ਆਗੂਆਂ ਨੇ ਸਾਂਝੇ ਰੂਪ ਵਿਚ ਭਾਈ ਅੰਮਿ੍ਤਪਾਲ ਸਿੰਘ ਦੀ ਵਾਰਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਦੇ ਤੌਰ 'ਤੇ ਦਸਤਾਰਬੰਦੀ ਵੀ ਕੀਤੀ । ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਅਠਾਰਾਂ ਦੇ ਕਰੀਬ ਮਤੇ ਪਾਸ ਕੀਤੇ ਗਏ । ਇਸ ਮੌਕੇ ਭਾਈ ਜਗਤਾਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਅਮਨਪ੍ਰੀਤ ਸਿੰਘ ਖ਼ਾਲਸਾ ਰੋਡੇ, ਭਾਈ ਹਰਪ੍ਰੀਤ ਸਿੰਘ, ਭਾਈ ਕੁਲਵੰਤ ਸਿੰਘ ਰਾਊਕੇ, ਬਲਵਿੰਦਰ ਸਿੰਘ ਬਾਵਾ, ਜਸਵੰਤ ਸਿੰਘ ਦੁਬਈ, ਮਾਤਾ ਰਣਜੀਤ ਕੌਰ ਸਮਾਲਸਰ, ਭਾਈ ਗੁਰਜੰਟ ਸਿੰਘ ਸਮਾਲਸਰ,  ਜ਼ਿਲ੍ਹਾ ਮੋਗਾ ਦੇ ਆਸ-ਪਾਸ ਪਿੰਡਾਂ ਅਤੇ ਪੰਜਾਬ ਭਰ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਅਤੇ ਬੀਬੀਆਂ ਹਾਜ਼ਰ ਸਨ । ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਦਸਤਾਰਾਂ ਦਿੱਤੀਆਂ ਗਈਆਂ, ਉੱਥੇ ਹੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਰਾਜਿੰਦਰ ਕੌਰ ਅਤੇ ਸ਼ਹੀਦ ਭਾਈ ਜੁਗਰਾਜ ਸਿੰਘ ਸਮਾਲਸਰ ਦੀ ਮਾਤਾ ਰਣਜੀਤ ਕੌਰ ਸਮਾਲਸਰ ਵਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ .

ਕੀ ਕਹਿਣਾ ਹੈ ਅੰਮ੍ਰਿਤਪਾਲ ਸਿੰਘ ਦਾ

ਅੰਮ੍ਰਿਤਪਾਲ ਸਿੰਘ ਆਪਣੇ ਆਪ ਬਾਰੇ ਕਹਿੰਦੇ ਹਨ,''ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।ਉਸਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।''

ਅੰਮ੍ਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ।

ਉਥੇ ਹੀ ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਦੁਬਈ ਚਲੇ ਗਏ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ।ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਸਕੂਲ ਦੌਰਾਨ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਵਖ਼ਤ ਨਹੀਂ ਮਿਲਿਆ।ਉਹ ਕਹਿੰਦੇ ਹਨ, ''ਕੰਠ (ਗੁਰੂ ਗ੍ਰੰਥ ਸਾਹਿਬ) ਹੋਣਾ ਤਾਂ ਬਹੁਤ ਜਿਹੜੀਆਂ ਉੱਚੀਆਂ ਰੂਹਾਂ ਨੇ, ਉਨ੍ਹਾਂ ਨੂੰ ਹੁੰਦਾ ਹੈ। ਅਸੀਂ ਤਾਂ ਬਾਣੀ ਸ਼ੁੱਧ ਪੜ੍ਹ ਲਈਏ ਉਹੀ ਬਹੁਤ ਹੈ।ਗੁਰ ਇਤਿਹਾਸ, ਸਿੱਖ ਇਤਿਹਾਸ ਬਾਰੇ ਪੜ੍ਹਿਆ ਹੈ, ਉਹ ਵੀ ਸੀਮਤ ਪੜ੍ਹਿਆ ਹੈ ਪਰ ਜਿਹੜਾ ਪੜ੍ਹਿਆ, ਉਹ ਸਤਿਗੁਰੂ ਦੀ ਕਿਰਪਾ ਨਾਲ ਸਮਝ ਆ ਗਿਆ ਸੀ।'ਅੰਮ੍ਰਿਤਪਾਲ ਸਿੰਘ ਦਾ ਜਨਮ ਤੇ ਪਾਲਣ-ਪੋਸ਼ਣ ਅਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਸਾਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਪਰ ਕਦੇ ਡਿਗਰੀ ਨਹੀਂ ਮਿਲੀ।ਉਹ ਕਹਿੰਦੇ ਹਨ, ''ਪੰਜਾਬੀ ਬਹੁਤ ਜ਼ਿਆਦਾ ਡਾਇਸਪੋਰਾ ਵਿੱਚ ਹਨ। ਉਸ ਪ੍ਰਸੰਗ ਵਿੱਚ ਗੁਲਾਮੀ ਨੂੰ ਸਮਝਣ ਦਾ ਯਤਨ ਕੀਤਾ ਹੈ।''

ਉਨ੍ਹਾਂ ਦਾ ਕਹਿਣਾ ਹੈ,''ਇੱਕ ਤਾਂ ਸਾਡੀ ਨਸਲਕੁਸ਼ੀ ਹੋਈ ਹੈ ਅਤੇ ਫਿਰ ਉਸ ਨਸਲਕੁਸ਼ੀ ਦੀ ਚਰਚਾ ਨੂੰ ਵੀ ਟੈਬੂ ਬਣਾ ਦਿੱਤਾ ਜਾਵੇ। ਅਜਿਹੇ ਵਿੱਚ ਜਦੋਂ ਅਸੀਂ ਉਸਦੀ ਚਰਚਾ ਕਰਦੇ ਹਾਂ ਤਾਂ ਲੋਕਾਂ ਨੂੰ ਲਗਦਾ ਹੈ ਕਿ ਇਹ ਆਪ ਨਹੀਂ ਕਰ ਸਕਦਾ ਸਗੋਂ ਕੋਈ ਕਰਵਾ ਰਿਹਾ ਹੈ।''ਉਹ ਆਪਣੇ ਮੁਖਾਲਫ਼ਤ ਬਾਰੇ ਕਹਿੰਦੇ ਹਨ, ''ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੈ। ਜਿਹੜੇ ਲੋਕ ਕਹਿੰਦੇ ਸਨ ਕਿ ਦੀਪ ਸਿੱਧੂ ਦਾ ''ਪਾਜ ਉੱਘੜ ਜਾਵੇਗਾ, ਅੱਜ ਉਨ੍ਹਾਂ ਕੋਲ ਜਵਾਬ ਨਹੀਂ ਹੈ। ਇਨ੍ਹਾਂ ਲੋਕਾਂ ਨੇ ਇੱਕ ਪੈਟਰਨ ਬਣਾ ਰੱਖਿਆ ਹੈ ਕਿ ਜਿਹੜਾ ਬੰਦਾ ਮੌਕੇ ਉੱਤੇ ਹੈ, ਉਸ ਦਾ ਵਿਰੋਧ ਕਰੋ ਅਤੇ ਜਿਹੜਾ ਸ਼ਹੀਦ ਹੋ ਗਿਆ ਉਸ ਨੂੰ ਸਵੀਕਾਰ ਕਰ ਲਓ।''

ਅੰਮ੍ਰਿਤਪਾਲ ਸਿੰਘ ਦਾ ਇੱਕ ਸਿਰ ਮੰਗਣ ਦਾ ਬਿਆਨ ਚਰਚਾ ਵਿੱਚ ਆਇਆ ਸੀ। ਉਸ ਬਾਰੇ ਉਹ ਕਹਿੰਦੇ ਹਨ ਕਿ, ''ਸਿੱਖੀ ਤਾਂ ਪਹਿਲਾਂ ਸਿਰ ਮੰਗਦੀ ਹੈ। ਜਦੋਂ ਤੱਕ ਤੁਸੀਂ ਪੂਰਾ ਸਰੰਡਰ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਦੀ।'' ਅੰਮ੍ਰਿਤਪਾਲ ਸਿੰਘ ਕਹਿੰਦੇ ਹਨ ਕਿ ਪੁਰਾਣੀਆਂ ਜੱਥੇਬੰਦੀਆਂ ਨਵੇਂ ਬੰਦੇ ਖ਼ਾਸ ਕਰਕੇ ਅਜ਼ਾਦ ਖਿਆਲ ਨੂੰ ਥਾਂ ਨਹੀਂ ਦਿੰਦੇ 

ਅਕਾਲੀ ਦਲ ਬਾਰੇ ਉਹ ਕਹਿੰਦੇ ਹਨ ਕਿ ਅਕਾਲੀ ਦਲ ਪੰਥ ਦਾ ਹੈ ਨਾ! ਕਿਸੇ ਇੱਕ ਪਰਿਵਾਰ ਦਾ ਤਾਂ ਨਹੀਂ? ਸਪੁਰਦ ਕਰ ਦੇਣ ਤਾਂ ਅਸੀਂ ਮੰਨ ਲਵਾਂਗੇ ਕਿ ਵਾਕਈ ਉਨ੍ਹਾਂ ਨੇ ਆਪਣੇ ਕੀਤੇ ਉੱਤੇ ਪਛਤਾਵਾ ਕੀਤਾ ਹੈ।''ਬਾਦਲ ਦਲ ਦੀ ਲੀਡਰਸ਼ਿਪ ਬਾਰੇ ਕਹਿੰਦੇ ਹਨ,''ਜਿਹੜੇ ਬੰਦਿਆਂ ਦਾ ਕੌਮ ਵਿੱਚ ਵੱਕਾਰ ਗੁਆਚ ਜਾਵੇ, ਉਨ੍ਹਾਂ ਨੂੰ ਫਿਰ ਸੇਵਾ ਦੇ ਰਾਹ ਉੱਪਰ ਚੱਲਣਾ ਚਾਹੀਦਾ ਹੈ। ਘੱਟੋ-ਘੱਟ ਗੁਨਾਹ ਦੀ ਮੁਆਫ਼ੀ ਤਾਂ ਮੰਗ ਲੈਣੀ ਚਾਹੀਦੀ ਹੈ।ਮੁਆਫ਼ੀ ਮਹਾਰਾਜ ਨੇ ਦੇਣੀ ਹੈ। ਪਰ ਜੇ ਉਹ ਸੋਚਣ ਕਿ ਦੁਨੀਆਂ ਸ਼ਾਇਦ ਮੂਰਖ ਹੈ ਅਤੇ ਪੰਥ ਨੂੰ ਕੁਝ ਪਤਾ ਹੀ ਨਹੀਂ, ਇਸ ਗੱਲ ਤੋਂ ਸਾਨੂੰ ਇਤਰਾਜ਼ ਹੈ।''

ਉਹ ਕਹਿੰਦੇ ਹਨ,''ਭਾਵੇਂ ਕਿੰਨੀਆਂ ਵੀ ਜੱਥੇਬੰਦੀਆਂ ਹੋ ਜਾਣ ਪਰ ਪੰਥਕ ਏਕਤਾ ਖੁਦਮੁਖਤਿਆਰੀ ਦੇ ਮੁੱਦੇ ਉੱਪਰ ਹੀ ਹੋ ਸਕਦੀ ਹੈ। ਜਦੋਂ ਮਕਸਦ ਵੱਡਾ ਹੋ ਜਾਵੇ ਤਾਂ ਬੰਦੇ ਛੋਟੇ ਹੋ ਜਾਂਦੇ ਹਨ। ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਏਕਤਾ ਕਰਨੀ ਪੈਂਦੀ ਹੈ। ਇਹ ਵੀ ਮਜਬੂਰੀ ਵਿੱਚ ਹੀ ਹੁੰਦੀ ਹੈ।'ਮੀਡੀਆ ਨਾਲ ਗੱਲਬਾਤ ਦੌਰਾਨ ਅੰਮ੍ਰਿਤਪਾਲ ਨੇ ਕਿਹਾ,''ਸਿੱਖ ਪ੍ਰਭੂਸੱਤਾ ਸੰਭਵ ਹੈ। ਅਸੀਂ ਇਸਦੀ ਹਮਾਇਤ ਕਰਦੇ ਹਾਂ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ।''ਇਸ ਵਿੱਚ ਸਭ ਤੋਂ ਵੱਡੀ ਅੜਚਨ ਤਾਂ ਸਿੱਖ ਹੋਮਲੈਂਡ ਜਾਂ ਰਾਜ ਦੇ ਖਿਲਾਫ਼ ਖੜ੍ਹਾ ਕੀਤਾ ਗਿਆ ਟੈਬੂ ਹੈ। ਇੱਕ ਝੂਠਾ ਸੰਵਾਦ ਖੜ੍ਹਾ ਕੀਤਾ ਗਿਆ ਕਿ ਸਿੱਖ ਆਪਣੇ-ਆਪ ਬਚੇ ਨਹੀਂ ਰਹਿ ਸਕਣਗੇ ਜਾਂ ਆਪਣਾ ਰਾਜ ਨਹੀਂ ਚਲਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਸਾਡਾ ਸੰਗਠਨ ਹਰੇਕ ਪਿੰਡ ਤੱਕ ਪਹੁੰਚ ਬਣਾਏਗਾ।''