ਨੌਜਵਾਨਾਂ ਨੂੰ ਡਰੱਗ ਦੀ ‘ਮਨਕੂਰਤ ਗੁਲਾਮੀ’ ਤੋਂ ਕੋਣ ਬਚਾਏ

ਨੌਜਵਾਨਾਂ ਨੂੰ ਡਰੱਗ ਦੀ ‘ਮਨਕੂਰਤ ਗੁਲਾਮੀ’ ਤੋਂ ਕੋਣ ਬਚਾਏ

ਚੰਗੇਜ਼ ਆਇਤਮਾਤੋਵ ਦੀ 1980ਵਿਆਂ ਵਿੱਚ ਲਿਖੀ ਕਹਾਣੀ ‘ਮਨਕੂਰਤ ਗੁਲਾਮ’ ਕਿਸੇ ਹੋਰ ਸੰਦਰਭ ਵਿੱਚ ਲਿਖੀ ਗਈ ਸੀ।

ਸ਼ਾਇਦ ਕੱਟੜਵਾਦ ਵਿਰੁੱਧ। ਅਜਿਹੇ ਗੁਲਾਮ ਬਣਾਉਣ ਦੀ ਪੁਰਾਤਨ ਵਿਧੀ ਦੀ ਵਿਆਖਿਆ ਤੁਰਕੀ, ਅਲਤਾਈ ਅਤੇ ਕਿਰਗਿਜ਼ ਲੋਕ ਕਥਾਵਾਂ ਵਿੱਚ ਮਿਲਦੀ ਹੈ। ਜਿਸ ਗੁਲਾਮ ਨੂੰ ਮਨਕੂਰਤ ਬਣਾਉਣਾ ਹੁੰਦਾ ਉਸ ਦਾ ਸਿਰ ਮੁੰਨ ਦਿੱਤਾ ਜਾਂਦਾ ਸੀ। ਤਾਜ਼ਾ ਊਠ ਦੀ ਖੱਲ ਉਸ ਦੇ ਸਿਰ ਦੁਆਲੇ ਲਪੇਟ ਕੇ ਉਸ ਦੇ ਹੱਥ ਅਤੇ ਸਿਰ ਇਸ ਤਰ੍ਹਾਂ ਬੰਨ੍ਹ ਦਿੱਤੇ ਜਾਂਦੇ ਸਨ ਕਿ ਉਹ ਆਪਣੇ ਸਿਰ ਨੂੰ ਹੱਥ ਵੀ ਨਾ ਲਾ ਸਕੇ ਅਤੇ ਨਾ ਹੀ ਆਪਣਾ ਸਿਰ ਕਿਸੇ ਚੀਜ਼ ਨਾਲ ਟਕਰਾਉਣ ਯੋਗ ਰਹੇ। ਫਿਰ ਉਸ ਨੂੰ ਤੇਜ਼ ਧੁੱਪ ਹੇਠਾਂ ਬਿਨਾ ਰੋਟੀ ਪਾਣੀ ਕਈ ਦਿਨ ਰੱਖਿਆ ਜਾਂਦਾ। ਊਠ ਦੀ ਚਮੜੀ ਸੁੱਕਣ ਨਾਲ ਕੱਸਦੀ ਚਲੀ ਜਾਂਦੀ ਅਤੇ ਅਜਿਹੇ ਤੇਜ਼ ਦਰਦ ਦਾ ਕਾਰਨ ਬਣਦੀ ਜਿਸਦਾ ਵਰਣਨ ਵੀ ਨਹੀਂ ਕੀਤਾ ਜਾ ਸਕਦਾ। ਅਨੇਕਾਂ ਵਿਅਕਤੀ ਮਰ ਜਾਂਦੇ ਅਤੇ ਜੋ ਕੋਈ ਬਚਦਾ, ਉਹ ਆਪਣੀ ਸੋਚਣ ਸਕਤੀ ਗੁਆ ਬੈਠਦਾ। ਅਜਿਹਾ ਵਿਅਕਤੀ ਬਿਨਾ ਕੋਈ ਸਵਾਲ ਕੀਤੇ ਹਰ ਹੁਕਮ ਮੰਨਣ ਵਾਲਾ ਗੁਲਾਮ ਬਣ ਜਾਂਦਾ।

ਆਇਤਮਾਤੋਵ ਦੀ ਕਹਾਣੀ ਵਾਲਾ ਗੁਲਾਮ ਵੀ ਅਜਿਹੀ ਕਠਪੁਤਲੀ ਬਣ ਜਾਂਦਾ ਹੈ। ਉਹ ਆਪਣੀ ਯਾਦਦਾਸ਼ਤ ਗੁਆ ਲੈਣ ਕਾਰਨ ਆਪਣੀ ਮਾਂ ਨੂੰ ਵੀ ਨਹੀਂ ਪਛਾਣਦਾ। ਸੋਚਣ ਤੋਂ ਅਸਮਰੱਥ ਮਾਲਕ ਦਾ ਕਹਿਣਾ ਮੰਨ ਕੇ ਉਹ ਆਪਣੀ ਮਾਂ ਦਾ ਕਤਲ ਕਰ ਦਿੰਦਾ ਹੈ। ਉਹ ਕਹਾਣੀ ਸੀ ਅਤੇ ਹੁਣ ਜਾਣੀਏ ਸੱਚੀ ਘਟਨਾ ਬਾਰੇ।

ਪਿੰਡ ਕੰਗਥਲਾ, ਥਾਣਾ ਸ਼ੁਤਰਾਣਾ, ਜ਼ਿਲ੍ਹਾ ਪਟਿਆਲਾ ਦੇ ਨਸ਼ੇੜੀ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।

ਇਹ ਹੋ ਸਕਦਾ ਕੋਈ ਵਿਅਕਤੀ ਅਚਾਨਕ ਤੈਸ਼ ਵਿੱਚ ਆ ਗਿਆ ਤੇ ਕਤਲ ਹੋ ਗਿਆ ਹੋਵੇ। ਅਜਿਹੇ ਵਿਅਕਤੀ ਹੋਸ਼ ਵਿੱਚ ਆਉਣ ’ਤੇ ਪਛਤਾਵੇ ਦੀ ਅੱਗ ਵਿੱਚ ਸੜਨ ਲੱਗ ਪੈਂਦੇ ਹਨ। ਪਰ ਇੱਥੇ ਪੁੱਤਰ ਆਪਣੀ ਮਾਂ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਘਰ ਵਿੱਚ ਹੀ ਉਨ੍ਹਾਂ ਨੂੰ ਕਈ ਦਿਨ ਸਾੜਦਾ ਰਿਹਾ। ਅਜਿਹੀਆਂ ਹੋਰ ਵੀ ਅਨੇਕਾਂ ਮਿਸਾਲਾਂ ਹਨ ਜਦੋਂ ਆਧੁਨਿਕ ਨਸ਼ੇ ਦੀ ਘਾਟ ਦੇ ਮਾਰੇ ਵਿਅਕਤੀ ਆਪਣੀ ਮੰਗ ਦੀ ਪੂਰਤੀ ਲਈ ਹਿੰਸਕ ਹੋ ਗਏ ਅਤੇ ਪਰਿਵਾਰ ਅੰਦਰ ਹੀ ਮਰਨ ਮਾਰਨ ਤਕ ਚਲੇ ਗਏ।

ਇਨ੍ਹਾਂ ਮਨਕੂਰਤ ਗੁਲਾਮਾਂ ਤੋਂ ਵੀ ਵੱਧ ਖ਼ਤਰਨਾਕ ਬਣ ਰਹੇ ਨਸੌੜੀਆਂ ਲਈ ਕੌਣ ਜ਼ਿੰਮੇਵਾਰ ਹੈ? ਇਸਦੀ ਤਹਿ ਵਿੱਚ ਜਾ ਕੇ ਅਸਲੀ ਗੁਨਾਹਗਾਰਾਂ ਨੂੰ ਲੱਭਣ ਅਤੇ ਉਨ੍ਹਾਂ ਦਾ ਇਲਾਜ ਕਰਨ ਦੀ ਬਜਾਏ ਸਾਡੇ ਦੇਸ਼ ਦੀਆਂ ਸਰਕਾਰਾਂ ਸਿਰਫ ਆਪਣੀ ਪਿੱਠ ਥਾਪੜਣ ਅਤੇ ਪ੍ਰਚਾਰ ਤੋਂ ਹੀ ਵਿਹਲੀਆਂ ਨਹੀਂ ਹੋ ਰਹੀਆਂ। ਬੀਤੇ ਦਿਨ ਲਗਭਗ ਇੱਕ ਲੱਖ 40 ਹਜ਼ਾਰ ਕਿਲੋ ਨਸ਼ੇ, ਜਿਨ੍ਹਾਂ ਦੀ ਕੀਮਤ ਲਗਭਗ 2400 ਕਰੋੜ ਦੱਸੀ ਜਾਂਦੀ ਹੈ, ਨੂੰ ਅੱਗ ਦੇ ਹਵਾਲੇ ਕਰਨ ਦੀਆਂ ਵੀਡੀਓ ਸਾਡੇ ਸਾਹਮਣੇ ਆਈਆਂ ਹਨ। ਇਸ ਸਮੇਂ ਹੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਬਿਆਨ ਆਇਆ, ਜਿਸ ਵਿੱਚ ਉਨ੍ਹਾਂ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੀਆਂ ਜਾਇਦਾਦਾਂ ਨੂੰ ਕੁਰਕ ਕਰਨ ਅਤੇ ਉਨ੍ਹਾਂ ਨੂੰ ਸ਼ਰੇਆਮ ਬੇਇੱਜ਼ਤ ਕਰਨ ਲਈ ਆਖਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਡਰੋਨਾ ਦੀ ਰਜਿਸਟ੍ਰੇਸ਼ਨ ਕਰਨ ਨਾਲ ਪਾਕਿਸਤਾਨ ਵੱਲੋਂ ਆ ਰਹੇ ਨਸ਼ਿਆਂ ਨੂੰ ਰੋਕਣ ਦੇ ਸੁਪਨੇ ਵੇਚਣ ਲੱਗੇ ਹਨ। ਕੀ ਅਜਿਹੀਆਂ ਬਿਆਨਬਾਜ਼ੀਆਂ ਨਸ਼ੇ ਦੇ ਕਾਰੋਬਾਰ ’ਤੇ ਰੋਕ ਲਗਾ ਸਕਦੀਆਂ ਹਨ? ਇਹ ਸਭ ਬੜਾ ਹਾਸੋਹੀਣਾ ਲੱਗਦਾ ਹੈ ਕਿਉਂਕਿ ਮਾਮਲਾ ਡਰੱਗ ਮਾਫੀਆ ਬਣ ਗਈਆਂ ਵੱਡੀਆਂ ਮਛਲੀਆਂ ਨਾਲ ਜੁੜਿਆ ਹੋਇਆ ਹੈ। ਕੁਝ ਮਹੀਨੇ ਪਹਿਲਾਂ ਗੁਜਰਾਤ ਵਿੱਚ ਅਡਾਨੀ ਗਰੁੱਪ ਵੱਲੋਂ ਚਲਾਈ ਜਾ ਰਹੀ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਮੂੰਦਰਾ ਬੰਦਰਗਾਹ ਤੋਂ ਤਿੰਨ ਹਜ਼ਾਰ ਕਿਲੋ ਹੈਰੋਇਨ ਫੜੀ ਗਈ। ਬਿਜ਼ਨਸ ਸਟੈਂਡਰਡ ਅਖਬਾਰ ਅਨੁਸਾਰ ਇਸਦੀ ਕੀਮਤ ਇੱਕੀ ਹਜ਼ਾਰ ਕਰੋੜ ਰੁਪਏ ਬਣਦੀ ਹੈ। ਸਪਸ਼ਟ ਹੈ ਕਿ ਇੰਨੀ ਵੱਡੀ ਪੂੰਜੀ ਦਾ ਨਿਵੇਸ਼ ਸਧਾਰਨ ਦਰਮਿਆਨੇ ਤਬਕੇ ਵਾਲੇ ਤਾਂ ਨਹੀਂ ਕਰ ਸਕਦੇ। ਇਹ ਵੀ ਸਾਫ ਹੈ ਕੇ ਆਰਥਿਕ ਤੌਰ ’ਤੇ ਅਤਿਅੰਤ ਮੁਨਾਫ਼ੇ ਵਾਲੇ ਨਸ਼ਿਆਂ ਦੇ ਕਾਰੋਬਾਰ ਵਿੱਚ ਸਰਕਾਰੀ ਅਧਿਕਾਰੀਆਂ, ਰਾਜਨੀਤਕ ਲੋਕਾਂ ਅਤੇ ਵੱਡੇ ਕਾਰੋਬਾਰੀਆਂ ਦੀ ਮਿਲੀ ਭੁਗਤ ਹੈ।

ਨਸ਼ਿਆਂ ਅਤੇ ਡਰੱਗ ਦੇ ਕਾਰੋਬਾਰ ਵਿਰੁੱਧ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਸੰਬਲੀ ਤੋਂ ਦੇਸ਼ ਦੀ ਪਾਰਲੀਮੈਂਟ ਤਕ ਅਨੇਕਾਂ ਵਾਰ ਰੌਲਾ ਪਿਆ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲੱਗ ਸਕਦਾ ਹੈ ਕਿ ਪੰਜਾਬ ਵਿੱਚ ਪਹੁੰਚਣ ਵਾਲੀ ਗ੍ਰਾਮਾਂ ਜਾਂ ਕੁਝ ਕਿਲੋ ਹੈਰੋਇਨ ਨੇ ਇਸ ਨੂੰ ‘ਉੱਡਦਾ ਪੰਜਾਬ’ ਜਾਂ ‘ਉਜੜਦਾ ਪੰਜਾਬ’ ਬਣਾ ਦਿੱਤਾ ਸੀ। ਪੰਜਾਬ ਅਸੰਬਲੀ ਅੰਦਰ 2008 ਵਿੱਚ ਬੀਜੇਪੀ ਆਗੂ ਤੇ ਸਿਹਤ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤ ਚਾਵਲਾ ਵੱਲੋਂ ਆਪਣੀ ਹੀ ਸਰਕਾਰ ਵਿਰੁੱਧ ਨਸ਼ਾ ਤਸਕਰਾਂ ਅਤੇ ਪੁਲੀਸ ਦੇ ਗੱਠਜੋੜ ਬਾਰੇ ਬੋਲਣ ਤੋਂ ਨਸ਼ਿਆਂ ਵਿਰੁੱਧ ਕੁਝ ਸ਼ੁਰੂ ਹੋਈ ਕਾਰਵਾਈ ਕਰ ਕੇ ਛੇ ਸੱਤ ਹਜ਼ਾਰ ਛੋਟੇ ਛੋਟੇ ਨਸ਼ਾ ਵਿਤਰਣ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁੜ 2017 ਦੀਆਂ ਪੰਜਾਬ ਅਸੰਬਲੀ ਚੋਣ ਪ੍ਰਚਾਰ ਸਮੇਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਰਦਾਰ ਅਮਰਿੰਦਰ ਸਿੰਘ ਨੇ ਸਹੁੰਆਂ ਖਾਧੀਆਂ ਸਨ। ਚੋਣਾਂ ਤੋਂ ਬਾਅਦ ਵੀਹ ਹਜ਼ਾਰ ਦੇ ਲਗਭਗ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਹਾਈ ਕੋਰਟ ਦੀਆਂ ਪੜਤਾਲਾਂ ਸਦਕਾ ਪੰਜਾਬ ਪੁਲੀਸ ਦੇ ਡੀਐੱਸਪੀ ਜਗਦੀਸ਼ ਭੋਲਾ, ਅੰਮ੍ਰਿਤਸਰ ਤੋਂ ਉੱਘੇ ਅਕਾਲੀ ਆਗੂ ਮਨਜਿੰਦਰ ਸਿੰਘ, ਸਨਅਤਕਾਰ ਪਰਮਜੀਤ ਚਹਿਲ ਅਤੇ ਕਈ ਹੋਰ ਐੱਨ ਆਰ ਆਈ ਵੱਲੋਂ ਚਲਾਏ ਜਾ ਰਹੇ ਡਰੱਗ ਮਾਫੀਆ ਦਾ ਖੁਲਾਸਾ ਹੋਇਆ ਅਤੇ ਇਨ੍ਹਾਂ ਵਿੱਚੋਂ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਜਾਣਾ ਪਿਆ।

ਉਸ ਤੋਂ ਬਾਅਦ ਅਨੇਕਾਂ ਹੋਰ ਪੁਲਿਸ ਅਧਿਕਾਰੀਆਂ ਅਤੇ ਕੁਝ ਸਮਾਂ ਪਹਿਲਾਂ ਛਾਬੜਾ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਮਾਫੀਆ ਦੇ ਸਨੀ ਵਰਮਾ ਤਕ ਦੀਆਂ ਗ੍ਰਿਫ਼ਤਾਰੀਆਂ ਦੇ ਦਰਮਿਆਨ ਅਨੇਕ ਕਰਵਾਈਆਂ ਹੋਈਆਂ ਹਨ। ਪ੍ਰੰਤੂ ਸਥਿਤੀ ਗਰਕਣ ਵਲ ਹੀ ਵਧਦੀ ਜਾ ਰਹੀ ਹੈ। ਹੈਰੋਇਨ ਜਾਂ ਕੈਮੀਕਲ ਨਸ਼ਿਆਂ ਦੀ ਵਰਤੋਂ ਪ੍ਰਚਲਿਤ ਨਸ਼ਿਆਂ ਤੋਂ ਬਹੁਤ ਹੀ ਵੱਖਰਾ ਅਤੇ ਗੰਭੀਰ ਮਾਮਲਾ ਹੈ। ਇਸ ਤੋਂ ਵੀ ਵੱਡੀ ਚਿੰਤਾ ਮਾਫੀਆ ਰਾਜ ਦੀ ਸਥਾਪਤੀ ਦਾ ਹੈ ਜੋ ਇਸ ਅਤਿਅੰਤ ਮੁਨਾਫ਼ੇ ਵਾਲੇ ਕਾਰੋਬਾਰ ਵਿੱਚ ਵੱਡੇ ਵਪਾਰੀਆਂ, ਰਾਜਨੇਤਾਵਾਂ, ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਾਇਮ ਹੋ ਰਿਹਾ ਹੈ।

ਕੀ ਇਕੱਲੀ ਸਰਕਾਰ ਵੱਲੋਂ ਕੀਤੀਆਂ ਕਾਰਵਾਈਆਂ ਨਾਲ ਇਸ ਮਾਫੀਆ ’ਤੇ ਕਾਬੂ ਪਾਇਆ ਜਾ ਸਕਦਾ ਹੈ? ਅਜਿਹਾ ਸੰਭਵ ਨਹੀਂ ਲਗਦਾ। ਕਿਉਂਕਿ ਅਜਿਹੀਆਂ ਸਖ਼ਤ ਸਰਕਾਰੀ ਕਾਰਵਾਈਆਂ ਤਾਂ ਯੂਰਪ ਸਮੇਤ ਦੁਨੀਆਂ ਦੇ ਲਗਭਗ ਹਰ ਖਿੱਤੇ ਵਿੱਚ ਹੋ ਚੁੱਕੀਆਂ ਹਨ। ਦੁਨੀਆਂ ਦੇ ਸਭ ਤੋਂ ਅਮੀਰ ਅਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਸੱਤਰਵਿਆਂ ਵਿੱਚ ‘ਹਿੱਪੀ ਅੰਦੋਲਨ’ ਦੇ ਪ੍ਰਭਾਵ ਹੇਠ ਅਮਰੀਕੀ ਨੌਜਵਾਨਾਂ ਦੀ ਪੀੜ੍ਹੀ ਨਸ਼ਿਆਂ ਵਿੱਚ ਡੁੱਬਣ ਲੱਗੀ ਤਾਂ ਉੱਥੋਂ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਨਸ਼ਿਆਂ ਨੂੰ ਲੋਕਾਂ ਦਾ ‘ਨੰਬਰ ਇੱਕ ਦੁਸ਼ਮਣ’ ਐਲਾਨ ਕਰਦੇ ਹੋਏ ਇਸ ’ਤੇ ਸਖ਼ਤੀ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਮਾਨਦਾਰ ਛਵ੍ਹੀ ਵਾਲੀ ਅਮਰੀਕਨ ਪੁਲਿਸ ਵੀ ਨਸ਼ਿਆਂ ’ਤੇ ਕਾਬੂ ਨਹੀਂ ਪਾ ਸਕੀ। ਉਸ ਨਾਕਾਮਯਾਬੀ ਦਾ ਸਾਰਾ ਠੀਕਰਾ ਮੈਕਸੀਕੋ ਦੇ ਸਿਰ ਭੰਨ੍ਹਣਾ ਸ਼ੁਰੂ ਕਰ ਦਿੱਤਾ।

ਸਨ 2006 ਤੋਂ 2013 ਤਕ ਮੈਕਸੀਕੋ ਵਿੱਚ ਫਿਲਿਪ ਕਾਲਡੀਰੀਨੋ ਦੀ ਅਮਰੀਕਾ ਪੱਖੀ ਸਰਕਾਰ ਸਮੇਂ ਉਨ੍ਹਾਂ ਆਪਣਾ ਪ੍ਰਭਾਵ ਵਰਤ ਕੇ ਨਸ਼ਾ ਤਸਕਰਾਂ ਵਿਰੁੱਧ ਮੁਹਿੰਮਾਂ ਚਲਵਾਈਆਂ। ਛੇ ਸੱਤ ਸਾਲਾਂ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ ਲਗਭਗ ਸੱਠ ਹਜ਼ਾਰ ਵਿਅਕਤੀ ਮਾਰੇ ਗਏ ਅਤੇ 27 ਹਜ਼ਾਰ ਲਾਪਤਾ ਹੋ ਗਏ। ਗੈਰ-ਸਰਕਾਰੀ ਅੰਕੜੇ ਇਸ ਤੋਂ ਦੁੱਗਣੇ ਹਨ। ਇੰਨੇ ਖ਼ੂਨ ਖ਼ਰਾਬੇ ਦੇ ਬਾਵਜੂਦ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ। ਅੰਤ ਰਾਸ਼ਟਰਪਤੀ ਉਬਾਮਾ ਦੀ ਸਰਕਾਰ ਸਮੇਂ ਇਹ ਫੌਜੀ ਕਾਰਵਾਈਆਂ ਤੋਂ ਹੱਥ ਖੜ੍ਹੇ ਕਰ ਲਏ ਗਏ।

ਨਸ਼ਾ ਮਾਫੀਆ ਕਿੰਨੇ ਖ਼ਤਰਨਾਕ ਹੋ ਸਕਦੇ ਹਨ, ਵੱਡਾ ਤਜਰਬਾ ਕੋਲੰਬੀਆ ਦਾ ਹੈ। 1980ਵਿਆਂ ਵਿੱਚ ਕੋਲੰਬੀਆ ਸਰਕਾਰ ਵੱਲੋਂ ਕੋਕੀਨ ਵੇਚਣ ਵਾਲਿਆਂ ਵਿਰੁੱਧ ਸਖ਼ਤੀ ਦੀਆਂ ਮੁਹਿੰਮਾਂ ਚਲਾਈਆਂ ਗਈਆਂ। ਉੱਥੋਂ ਦੀ ਸਰਕਾਰ ਨੇ ਨਸ਼ਿਆਂ ਦੇ ਮਾਫ਼ੀਆ ਵਿਰੁੱਧ ਕਾਰਵਾਈ ਕਰਨ ਵਾਸਤੇ ਅਮਰੀਕਾ ਨਾਲ ਇੱਕ ਸੰਧੀ ਵੀ ਕੀਤੀ ਸੀ। ਕੋਲੰਬੀਆ ਅੰਦਰਲੇ ਨਸ਼ਾ ਮਾਫ਼ੀਆ ਸਰਗਨੇ ‘ਪਾਬਲੋ ਇਸਕੋਬਾਰ’ ਨੇ ਸਰਕਾਰ ਅੰਦਰ ਆਪਣਾ ਦਬਦਬਾ ਕਾਇਮ ਰੱਖਣ ਅਤੇ ਵਧਾਉਣ ਵਾਸਤੇ ਉੱਥੋਂ ਦੀ ਪ੍ਰਮੁੱਖ ਪਾਰਟੀ ਅੰਦਰ ਦਾਖਲਾ ਲੈ ਕੇ ਚੋਣ ਲੜਨ ਦੀ ਕੋਸ਼ਿਸ਼ ਕੀਤੀ। ਉਸ ਦਾ ਵਿਰੋਧ ਕਰਨ ਵਾਲੇ ਰਾਸ਼ਟਰਪਤੀ ਪਦ ਲਈ ਚੋਣ ਲੜ ਰਹੇ ‘ਲੂਈਸ ਕਾਰਲੋਸ ਜੀਲੇਮ’ ਨੂੰ 1987 ਵਿੱਚ ਚੋਣ ਰੈਲੀ ਦੌਰਾਨ ਹੀ ਗੋਲੀਆਂ ਨਾਲ ਭੁੰਨ ਦਿੱਤਾ। ਇਸ ਤੋਂ ਇਲਾਵਾ ਨਸ਼ੇ ਦੇ ਅਪਰਾਧੀਆਂ ਨੂੰ ਸਜ਼ਾ ਸੁਣਾਉਣ ਵਾਲੇ ਸੁਪਰੀਮ ਕੋਰਟ ਦੇ ਸੱਤ ਜੱਜ ਅਤੇ ਛੋਟੀਆਂ ਕੋਰਟਾਂ ਦੇ ਦੋ ਸੌ ਜੱਜ ਮਾਰ ਮੁਕਾਏ ਗਏ। ਨਸ਼ੇ ਦੇ ਮਾਫੀਆ ਵਿਰੁੱਧ ਫ਼ੌਜੀ ਕਾਰਵਾਈਆਂ ਅਸਰਅੰਦਾਜ਼ ਨਾ ਹੋਈਆਂ।

ਅੱਜਕੱਲ੍ਹ ਫਿਲਪੀਨ ਦਾ ਰਾਸ਼ਟਰਪਤੀ ਨਸ਼ੇ ਦੇ ਮਾਫੀਆ ਗਰੋਹਾਂ ਵਿਰੁੱਧ ਫ਼ੌਜੀ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਕਾਰਵਾਈਆਂ ਵਿੱਚ ਫਿਲਪੀਨ ਪੁਲੀਸ ਦੇ ਲਗਭਗ ਬਾਰਾਂ ਹਜ਼ਾਰ ਅਤੇ ਪ੍ਰਸ਼ਾਸਨ ਵਿੱਚਲੇ ਪੰਜ ਹਜ਼ਾਰ ਲੋਕਾਂ ਦੇ ਨਾਲ ਵਿਰੋਧੀ ਪਾਰਟੀਆਂ ਦੇ ਵੀਹ ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਸਰਕਾਰ ਦੀਆਂ ਕਾਰਵਾਈਆਂ ਵਿਰੁੱਧ ਦੇਸ਼ ਵਿੱਚ ਹਾਹਾਕਾਰ ਮਚੀ ਪਈ ਹੈ। ਕੋਈ ਸਪਸ਼ਟ ਨਤੀਜਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ। ਅਜਿਹੀਆਂ ਸ਼ਖਤੀ ਦੀਆਂ ਕਾਰਵਾਈਆਂ ਨਾਲ ਨਸ਼ਾ ਵੇਚਣ ਵਾਲਿਆਂ ਵਿੱਚੋਂ ਜੇ ਕੁਝ ਲੋਕ ਘਟ ਵੀ ਜਾਂਦੇ ਹਨ ਪ੍ਰੰਤੂ ਜਲਦੀ ਹੀ ਨਵੇਂ ਗੁੱਟ ਪੈਦਾ ਹੋ ਜਾਂਦੇ ਹਨ। ‘ਲੰਡਨ ਸਕੂਲ ਆਫ ਇਕਨਾਮਿਕਸ’ ਦੇ ‘ਇੰਟਰਨੈਸ਼ਨਲ ਡਰੱਗ ਪਾਲਿਸੀ ਪ੍ਰੋਜੈਕਟ’ ਦੇ ਡਾਇਰੈਕਟਰ ‘ਜੌਹਨ ਕੋਲਿਨ’ ਦਾ ਵਿਸ਼ਲੇਸ਼ਣ ਵੀ ਇਹ ਪ੍ਰਗਟਾਵਾ ਕਰਦਾ ਹੈ ਕਿ, “ਨਸ਼ਿਆਂ ਦੀ ਸਪਲਾਈ ਤੋੜਨ ਦੀਆਂ ਕਾਰਵਾਈਆਂ ਜਲਦੀ ਹੀ ਪ੍ਰਭਾਵਹੀਣ ਹੋ ਜਾਂਦੀਆਂ ਹਨ। ਇਸ ਨਾਲ ਨਸ਼ਿਆਂ ਦੀ ਮੰਡੀ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਕਿਉਂਕਿ ਲੜਾਈ ਇੱਕ ਆਰਥਿਕ ਸ਼ਕਤੀ ਵਿਰੁੱਧ ਹੈ। ਆਰਥਿਕ ਸ਼ਕਤੀ ਵਿੱਚ ਆਪਣੇ ਹਿਤ ਸਾਧਨ ਦਾ ਬਹੁਤ ਹੀ ਤਾਕਤਵਰ ਰੁਝਾਨ ਹੁੰਦਾ ਹੈ।”

ਆਰਥਿਕ ਆਧਾਰ ਵਾਲੇ ਤੱਥ ਦੀ ਪ੍ਰੋੜ੍ਹਤਾ ‘ਯੂਨਾਈਟਿਡ ਨੇਸ਼ਨ ਦੇ ਡਰੱਗ ਕ੍ਰਾਈਮ ਨੂੰ ਕੰਟਰੋਲ’ ਕਰਨ ਵਾਲੇ ਦਫਤਰ ਅਤੇ ਸੰਸਾਰ-ਬੈਂਕ ਦੀਆਂ ਰਿਪੋਰਟਾਂ ਤੋਂ ਵੀ ਹੁੰਦੀ ਹੈ। ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਦੀ ਜੀਡੀਪੀ ਦਾ ਲਗਭਗ ਤੀਜਾ ਹਿੱਸਾ ਨਸ਼ਿਆਂ ਦੇ ਵਪਾਰ ਵਿੱਚੋਂ ਆਉਂਦਾ ਹੈ। ਨਸ਼ਿਆਂ ਦਾ ਜੋ ਵਿਉਪਾਰ ਮੈਕਸੀਕੋ ਰਾਹੀਂ ਕੀਤਾ ਜਾਂਦਾ ਹੈ ਉਸ ਬਾਰੇ ਅੰਦਾਜ਼ਾ ਹੈ ਕਿ ਇੱਕ ਸਾਲ ਵਿੱਚ 15 ਅਰਬ ਡਾਲਰ ਤੋਂ 50 ਅਰਬ ਡਾਲਰ ਤਕ ਹੋ ਸਕਦਾ ਹੈ।

ਪੰਜਾਬ ਅਤੇ ਭਾਰਤ ਦੀ ਸਥਿਤੀ ਬਾਰੇ ਵੱਖੋ ਵੱਖ ਸੋਮਿਆਂ ਤੋਂ ਰਿਪੋਰਟ ਇਹ ਹੈ ਕਿ ਅਫਗਾਨਿਸਤਾਨ ਤੋਂ ਇੱਕ ਲੱਖ ਰੁਪਏ ਕਿਲੋ ਵਿਕਣ ਵਾਲੀ ਹੈਰੋਇਨ ਜਦੋਂ ਭਾਰਤੀ ਪੰਜਾਬ ਪਹੁੰਚਦੀ ਹੈ ਤਾਂ ਇਸਦੀ ਕੀਮਤ ਤੀਹ ਲੱਖ ਰੁਪਏ ਕਿਲੋ ਹੋ ਜਾਂਦੀ ਹੈ। ਇਹ ਦਿੱਲੀ, ਬੰਗਲੌਰ ਜਾਂ ਹੈਦਰਾਬਾਦ ਆਦਿ ਵੱਡੇ ਸ਼ਹਿਰਾਂ ਵਿੱਚ ਇੱਕ ਕਰੋੜ ਰੁਪਏ ਕਿਲੋ ਤਕ ਵਿਕ ਜਾਂਦੀ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸਦੀ ਕੀਮਤ ਪੰਜ ਤੋਂ ਸੱਤ ਕਰੋੜ ਤਕ ਚਲੀ ਜਾਂਦੀ ਹੈ।

ਅਜਿਹੇ ਸੁਪਰ ਲਾਭਕਾਰੀ ਧੰਦਿਆਂ ਵਿੱਚ ਅਨੇਕਾਂ ਅਫਸਰਾਂ, ਨੇਤਾਵਾਂ ਤੇ ਵਪਾਰੀਆਂ ਦਾ ਖਿੱਚਿਆ ਜਾਣਾ ਕੁਦਰਤੀ ਹੈ। ਨਸ਼ਿਆਂ ਦੀ ਖੇਪ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਅਤੇ ਖਰੀਦਦਾਰਾਂ ਤਕ ਸਪਲਾਈ ਲਾਈਨ ਤਿਆਰ ਕਰਨ ਵਾਸਤੇ ਬੇਰੋਜ਼ਗਾਰ ਅਤੇ ਗਰੀਬੀ ਦੇ ਭੰਨੇ ਨੌਜਵਾਨਾਂ ਦੀ ਖੋਜ ਕਰਨੀ ਕੋਈ ਔਖੀ ਨਹੀਂ। ਸਰਕਾਰ ਵੱਲੋਂ ਪਾਬੰਦੀਆਂ ਲਾਉਣ ਅਤੇ ਸਖਤੀਆਂ ਵਰਤਣ ਨਾਲ ਨਸ਼ਿਆਂ ਦੀ ਕੀਮਤ ਹੋਰ ਵੀ ਵਧ ਜਾਂਦੀ ਹੈ ਅਤੇ ਮੁਨਾਫ਼ੇ ਵੀ ਵਧ ਜਾਂਦੇ ਹਨ। ਵਧੇ ਹੋਏ ਮੁਨਾਫੇ ਇਸ ਧੰਦੇ ਵਾਸਤੇ ਵੱਧ ਖ਼ਤਰਾ ਝੱਲਣ ਲਈ ਹੋਰ ਲਾਲਚ ਪੈਦਾ ਕਰ ਦਿੰਦੇ ਹਨ। ਦੂਜਾ ਗੰਭੀਰ ਪੱਖ ਹੈ ਕਿ ਨਸ਼ਿਆਂ ਨੂੰ ਵਿਸ਼ੇਸ਼ ਢੰਗ ਨਾਲ ਪ੍ਰਚਾਰਿਆ ਜਾਂਦਾ ਹੈ। ਸਾਡੀਆਂ ਫਿਲਮਾਂ, ਨਾਟਕ, ਗਾਣੇ ਅਤੇ ਮੀਡੀਆ ਦਾ ਰੋਲ ਅਜਿਹੇ ਪ੍ਰਚਾਰ ਵਿੱਚ ਮੁੱਖ ਭੂਮਿਕਾ ਅਦਾ ਕਰਦਾ ਹੈ। ਜੇਕਰ ਅਜਿਹਾ ਪ੍ਰਚਾਰ ਨਾ ਹੋਵੇ ਤਾਂ ਨਸ਼ੇ ਘੱਟ ਫੈਲਦੇ ਹਨ।

ਤੀਜ, ਇਹ ਨਸ਼ਾ ਵੇਚਣ ਵਾਲਿਆਂ ਦਾ ਤੰਤਰ, ਸੱਤਾ ’ਤੇ ਕਾਬਜ਼ ਰਾਜਨੀਤਕ ਪਾਰਟੀਆਂ ਲਈ ਨਵੀਂ ਕਿਸਮ ਦਾ ਪਾਰਟੀ ਕਾਡਰ ਮੁਹਈਆ ਕਰਵਾਉਣ ਦਾ ਸਾਧਨ ਬਣ ਗਿਆ ਹੈ। ਜਿਨ੍ਹਾਂ ਰਾਜਾਂ ਅਤੇ ਦੇਸ਼ਾਂ ਵਿੱਚ ਨਸ਼ਿਆਂ ਵਿਰੁੱਧ ਪਾਬੰਦੀਆਂ ਲੱਗੀਆਂ ਹਨ, ਉਨ੍ਹਾਂ ਸਭਨਾਂ ਵਿੱਚ ਇਸਦਾ ਮਾਫ਼ੀਆ ਵੀ ਪੱਕਾ ਹੋ ਗਿਆ ਹੈ।

ਕਈ ਪਿੰਡਾਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਪਿੰਡ ਦੇ ਲੋਕਾਂ ਵੱਲੋਂ ਬਣਾਈਆਂ ਗਈਆਂ ਨਿਗਰਾਨ ਕਮੇਟੀਆਂ ਹੁਣ ਸਿੱਧੀਆਂ ਕਾਰਵਾਈਆਂ ਕਰਨ ਲੱਗ ਪਈਆਂ ਹਨ। ਇਸ ਨਾਲ ਕਾਨੂੰਨ ਦੀ ਵਿਵਸਥਾ ’ਤੇ ਮਾੜਾ ਅਸਰ ਪੈਣ ਅਤੇ ਆਪਸੀ ਸਮਾਜਿਕ ਲੜਾਈਆਂ ਹੋਣ ਦਾ ਖਤਰਾ ਵਧ ਰਿਹਾ ਹੈ।

ਪ੍ਰਚਾਰ ਦਾ ਅਸਰ:

ਪੰਜਾਬ ਦੇ ਲਗਭਗ ਹਰੇਕ ਰਸਤੇ ਉੱਤੇ ਸੁੱਖੇ ਦੇ ਬੂਟੇ ਆਮ ਹੀ ਖੜ੍ਹੇ ਮਿਲ ਜਾਂਦੇ ਹਨ ਤਾਂ ਵੀ ਇਸਦੀ ਵਰਤੋਂ ਬਹੁਤ ਘੱਟ ਹੈ, ਕਿਉਂਕਿ ਮੁਫ਼ਤ ਵਿੱਚ ਮਿਲਣ ਵਾਲੇ ਇਸ ਨਸ਼ੇ ਨੂੰ ਕੋਈ ਉਤਸ਼ਾਹਿਤ ਨਹੀਂ ਕਰਦਾ। ਹਿਮਾਚਲ ਅਤੇ ਮੱਧ ਪ੍ਰਦੇਸ਼ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ, ਪਰ ਉੱਥੇ ਵੀ ਇਸਦੇ ਨਸ਼ੇ ਦਾ ਪ੍ਰਚਲਣ ਸੀਮਤ ਹੈ। ਇਸੇ ਕਾਰਨ ਕਈ ਸਮਾਜਕ ਅਤੇ ਖੇਤੀ ਵਿਗਿਆਨੀਆਂ ਵੱਲੋਂ ਪੰਜਾਬ ਵਿੱਚ ਅਫੀਮ ਅਤੇ ਡੋਡਿਆਂ ਦੀ ਖੇਤੀ ਦੇ ਸੁਝਾਅ ਹੁਣ ਜ਼ਿਆਦਾ ਨੁਕਸਾਨਦਾਇਕ ਨਹੀਂ ਲੱਗਦੇ। ਨਸ਼ਿਆਂ ਵਿਰੁੱਧ ਰਣਨੀਤੀ ਅਪਣਾਉਂਦੇ ਸਮੇਂ ਸਰਕਾਰ ਅਤੇ ਬਾਕੀ ਸਮਾਜ ਦੀ ਸ਼ਮੂਲੀਅਤ ਵਾਲੇ ਬਹੁਪੱਖੀ ਸਾਂਝੇ ਉਪਰਾਲੇ ਹੀ ਕੋਈ ਸਾਰਥਕ ਹੱਲ ਕੱਢ ਸਕਦੇ ਹਨ। ਸਾਂਝੀ ਜ਼ਿੰਮੇਵਾਰੀ ਬਣ ਗਈ ਹੈ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਾਡੀਆਂ ਵਿੱਦਿਅਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਪੁਰਾਣੀਆਂ ਪਰੰਪਰਾਵਾਂ ਅਨੁਸਾਰ ਕਸਰਤਾਂ, ਅਖਾੜਿਆਂ ਅਤੇ ਟੂਰਨਾਮੈਂਟਾਂ ਆਦਿ ਦਾ ਪ੍ਰਬੰਧ ਕਰਨ ਵਿੱਚ ਹਿੱਸਾ ਪਾਉਣ।

 

ਧਾਰਮਿਕ ਥਾਂਵਾਂ ’ਤੇ ਮਸਤੀ ਅਤੇ ਨਸ਼ੇ ਦਾ ਪ੍ਰਚਾਰ ਕਰਨ ਵਾਲੇ ਗੀਤ ਨਹੀਂ ਚਲਾਉਣੇ ਚਾਹੀਦੇ। ਸਾਡੇ ਘਰਾਂ ਅੰਦਰ ਹੋਣ ਵਾਲੇ ਸਮਾਗਮਾਂ ਵਿੱਚ ਵੀ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਲੱਚਰ ਗੀਤਾਂ ਨੂੰ ਬੰਦ ਕਰਕੇ ਅਸੀਂ ਇਸ ਮੁਹਿੰਮ ਵਿੱਚ ਯੋਗਦਾਨ ਪਾ ਸਕਦੇ ਹਾਂ। ਨਸ਼ਿਆਂ ਦੇ ਮਾਫੀਆ ਵਿਰੁੱਧ ਕਾਰਵਾਈ ਵਿੱਚ ਮੁੱਖ ਭੂਮਿਕਾ ਸਰਕਾਰੀ ਏਜੰਸੀਆਂ ਦੀ ਹੀ ਬਣਦੀ ਹੈ। ਉਹ ਨਸ਼ਾ ਬਣਾਉਣ ਅਤੇ ਵੇਚਣ ਵਿਰੁੱਧ ਬੇਕਿਰਕ ਸਖ਼ਤ ਕਾਰਵਾਈਆਂ ਕਰਦੇ ਹੋਏ ਨੌਜਵਾਨਾਂ ਦੇ ਵਿਅਕਤੀਤਵ ਵਿਕਾਸ ਵਾਲੀ ਅਤੇ ਕਿੱਤਾ ਮੁਖੀ ਵਿੱਦਿਆ ਦਾ ਪ੍ਰਬੰਧ ਕਰਨ ਦੇ ਨਾਲ ਰੋਜ਼ਗਾਰ ਪੈਦਾ ਕਰਨ ਵਾਸਤੇ ਨੀਤੀਆਂ ਬਣਾ ਸਕਦੇ ਹਨ।

ਇਹ ਗੱਲ ਸਮਝਣੀ ਅਤਿ ਜ਼ਰੂਰੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਰਾਹੀਂ ਕੀਤੀ ਜਾਣ ਵਾਲੀ ਲੁੱਟ ਬਾਕੀ ਤਰ੍ਹਾਂ ਦੀਆਂ ਲੁੱਟਾਂ ਦੇ ਮੁਕਾਬਲਤਨ ਸਭ ਤੋਂ ਬੁਰੀ ਹੈ। ਕਿਸੇ ਡਾਕੂ ਜਾਂ ਚੋਰ ਦੁਆਰਾ ਲੁੱਟਿਆ ਗਿਆ ਵਿਅਕਤੀ ਮੁੜ ਪੈਰਾਂ ’ਤੇ ਖੜ੍ਹਾ ਹੋ ਸਕਦਾ ਹੈ ਪਰ ਸਿੰਥੈਟਿਕ ਨਸ਼ੇ ਉਸ ਦਲਦਲ ਵਾਂਗ ਹਨ ਜੋ ਇਸ ਵਿੱਚ ਇੱਕ ਵਾਰ ਫਸ ਗਿਆ, ਉਸ ਦੀ ਆਰਥਿਕਤਾ, ਅਣਖ਼ ਤੇ ਜੀਵਨ ਬੱਸ ਖਤਮ ਹੀ ਹੋ ਸਕਦਾ ਹੈ।

ਇਸ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਦੇਸ ਅਤੇ ਸਮਾਜ ਦੀ ਉੱਨਤੀ ਤੇ ਖੁਸ਼ਹਾਲੀ, ਸਮਰੱਥਾਵਾਨ ਸ਼ਾਨਦਾਰ ਨੌਜਵਾਨਾਂ ਨਾਲ ਹੈ। ਨੌਜਵਾਨਾਂ ਨੂੰ ਨਸ਼ੇ ਦੀ ‘ਮਨਕੂਰਤ ਗੁਲਾਮੀ’ ਵਾਲੀ ਦਲਦਲ ਤੋਂ ਬਚਾਉਣ ਲਈ ਸਰਕਾਰੀ ਏਜੰਸੀਆਂ, ਰਾਜਨੀਤਕ ਪਾਰਟੀਆਂ, ਧਾਰਮਿਕ ਸੰਗਠਨਾਂ, ਵਿੱਦਿਅਕ ਅਦਾਰਿਆਂ, ਪ੍ਰਭਾਵਸ਼ਾਲੀ ਸ਼ਖਸੀਅਤਾਂ ਅਤੇ ਨੌਜਵਾਨਾਂ ਦਾ ਵਿਆਪਕ ਸਮਾਜਿਕ ਮੋਰਚਾ ਬਣਾਉਣਾ ਅਤੇ ਸਾਂਝਾ ਉਪਰਾਲਾ ਬਹੁਤ ਜ਼ਰੂਰੀ ਹੈ।

 

ਰਮੇਸ਼ ਰਤਨ