ਟੈਕਸਾਸ ਵਿਚ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਵਿਚ ਹੈਦਰਾਬਾਦ ਵਾਸੀ ਜੱਜ ਦੀ ਧੀ ਵੀ ਸ਼ਾਮਿਲ

ਟੈਕਸਾਸ ਵਿਚ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਵਿਚ ਹੈਦਰਾਬਾਦ ਵਾਸੀ ਜੱਜ ਦੀ ਧੀ ਵੀ ਸ਼ਾਮਿਲ
ਕੈਪਸ਼ਨ ਗੋਲੀਬਾਰੀ ਵਿਚ ਮਾਰੀ ਗਈ ਭਾਰਤ ਦੇ ਹੈਦਰਾਬਾਦ ਸ਼ਹਿਰ ਦੀ ਐਸ਼ਵਰਿਆ ਰੈਡੀ ਦੀ ਫਾਇਲ ਤਸਵੀਰ

ਨਾਜ਼ੀ ਵਿਚਾਰਧਾਰਾ ਰੱਖਦਾ ਸੀ ਹਮਲਾਵਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਕਸਾਸ ਰਾਜ ਵਿਚ ਡਲਾਸ ਨੇੜੇ ਏਲਨ ਵਿਖੇ ਬੀਤ ਦਿਨ ਇਕ ਸ਼ਾਪਿੰਗ ਮਾਲ ਵਿਚ ਹੋਈ ਗੋਲੀਬਾਰੀ ਵਿਚ ਮਾਰੇ ਗਏ 9 ਲੋਕਾਂ ਵਿਚ ਭਾਰਤ ਦੀ 27 ਸਾਲਾ ਔਰਤ ਵੀ ਸ਼ਾਮਿਲ ਹੈ ਜੋ ਟੈਕਸਾਸ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਪ੍ਰਾਜੈਕਟ ਇੰਜੀਨੀਅਰ ਵਜੋਂ ਕੰਮ ਕਰਦੀ ਸੀ। ਉਸ ਦੀ ਪਛਾਣ ਥਾਟੀਕੌਂਡਾ ਐਸ਼ਵਰਿਆ ਰੈਡੀ ਵਜੋਂ ਹੋਈ ਹੈ ਜੋ ਗੋਲੀਬਾਰੀ ਸਮੇ ਆਪਣੇ ਇਕ ਦੋਸਤ ਨਾਲ ਏਲਨ ਪ੍ਰੀਮੀਅਮ ਆਊਟਲੈਟਸ ਵਿਖੇ ਖਰੀਦਦਾਰੀ ਕਰ ਰਹੀ ਸੀ। ਉਹ ਹੈਦਰਾਬਾਦ (ਤੇਲੰਗਾਨਾ) ਦੇ ਜੱਜ ਟੀ ਨਰਸੀ ਰੈਡੀ ਦੀ ਧੀ ਹੈ। ਉਸ ਨੇ ਹੈਦਰਾਬਾਦ ਦੇ ਇਕ ਕਾਲਜ ਤੋਂ ਸਿਵਲ ਇੰਜਨੀਅਰਿੰਗ ਕੀਤੀ ਸੀ ਤੇ ਅਮਰੀਕਾ ਵਿਚ ਮਾਸਟਰ ਡਿਗਰੀ ਕਰਨ ਉਪਰੰਤ ਪਿਛਲੇ ਦੋ ਸਾਲਾਂ ਤੋਂ ਪ੍ਰਾਜੈਕਟ ਇੰਜਨੀਅਰ ਵਜੋਂ ਕੰਮ ਕਰ ਰਹੀ ਸੀ। ਜੱਜ ਦੇ ਇਕ ਦੋਸਤ ਨੇ ਦਸਿਆ ਕਿ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਤੋਂ ਪਹਿਲਾਂ ਐਸ਼ਵਰਿਆ ਨੇ ਪਰਿਵਾਰ ਨਾਲ ਗਲ ਕੀਤੀ ਸੀ। ਜਦੋਂ ਪਰਿਵਾਰ ਨੂੰ ਗੋਲੀਬਾਰੀ ਬਾਰੇ ਪਤਾ ਲੱਗਾ ਤਾਂ ਉਨਾਂ ਨੇ ਵਾਪਿਸ ਐਸ਼ਵਰਿਆ ਨੂੰ ਫੋਨ ਕੀਤਾ ਸੀ ਪਰੰਤੂ ਅਗਿਊਂ ਕੋਈ ਜਵਾਬ ਨਹੀਂ ਮਿਲਿਆ। ਗੋਲੀਬਾਰੀ ਵਿਚ ਜ਼ਖਮੀ ਹੋਏ ਉਸ ਦੇ ਦੋਸਤ ਦਾ ਨਾਂ ਪੁਲਿਸ ਨੇ ਜਨਤਿਕ ਨਹੀਂ ਕੀਤਾ ਹੈ। ਉਹ ਅਜੇ ਇਲਾਜ ਅਧੀਨ ਹੈ। ਉਸ ਦੀ ਹਾਲਤ ਸਥਿਰ ਦਸੀ ਜਾ ਰਹੀ ਹੈ। ਪੁਲਿਸ ਦੀ ਕਾਰਵਾਈ ਵਿਚ ਮਾਰੇ ਗਏ ਸ਼ੱਕੀ ਹਮਲਾਵਰ ਦੀ ਪਛਾਣ ਮੌਰੀਸੀਓ ਗਾਰਸੀਆ ਵਜੋਂ ਹੋਈ ਹੈ। ਉਸ ਨੂੰ ਸਿਹਤ ਸਮੱਸਿਆ ਕਾਰਨ ਫੌਜ ਵਿਚੋਂ ਫਾਰਗ ਕਰ ਦਿੱਤਾ ਗਿਆ ਸੀ। ਉਹ ਨਾਜ਼ੀ ਸਮਰਥਕ ਇਕ ਸੱਜੇ ਪਖੀ ਗਰੁੁੱਪ ਲਈ ਕੰਮ ਕਰਦਾ ਸੀ।

  ਜਿਸ ਸਮੇ ਗੋਲੀਬਾਰੀ ਹੋਈ ਸ਼ਾਪਿੰਗ ਮਾਲ ਵਿਚ ਵੱਡੀ ਗਿਣਤੀ ਵਿਚ ਗਾਹਕ ਮੌਜੂਦ ਸਨ। ਅਚਾਨਕ ਇਕ ਗੰਨਮੈਨ ਵਲੋਂ ਕਾਰ ਵਿਚੋਂ ਉਤਰ ਕੇ ਕੀਤੀ ਗੋਲੀਬਾਰੀ ਉਪਰੰਤ ਮਾਲ ਵਿਚ ਅਫਰਾ ਤਫਰੀ ਦਾ ਮਹੌਲ ਪੈਦਾ ਹੋ ਗਿਆ। ਲੋਕਾਂ ਨੇ ਜਮੀਨ ਉਪਰ ਲਮੇ ਪੈ ਕੇ ਜਾਂ ਇਧਰ ਉਧਰ ਲੁਕ ਕੇ ਆਪਣੀ ਜਾਨ ਬਚਾਉਣ ਦਾ ਯਤਨ ਕੀਤਾ। ਪਰੰਤੂ ਐਸ਼ਵਿਰਆ ਸਮੇਤ ਮਾਰੇ ਗਏ 9 ਵਿਅਕਤੀ ਆਪਣੀ ਇਸ ਕੋਸ਼ਿਸ਼ ਵਿਚ ਨਾਕਾਮ ਰਹੇ।