ਅਮਨ ਅਤੇ ਦੋਸਤੀ ਲਈ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕਲਾਕਾਰ ਕਰ ਸਕਦੇ ਨੇ- ਜਾਵੇਦ ਅਖਤਰ

ਅਮਨ ਅਤੇ ਦੋਸਤੀ ਲਈ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕਲਾਕਾਰ ਕਰ ਸਕਦੇ ਨੇ- ਜਾਵੇਦ ਅਖਤਰ

ਕਿਹਾ ਕਿ ਉਰਦੂ ਪੰਜਾਬ ਦੀ ਜੁਬਾਨ ਸੀ, ਛੱਡ ਕੇ ਵੱਡੀ ਗਲਤੀ ਕੀਤੀ,

ਦਰਬਾਰ ਸਾਹਿਬ ਦਾ ਕੜਾ, ਮਰਦੇ ਦਮ ਤੱਕ ਮੇਰੇ ਨਾਲ ਰਹੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ- ਜਾਵੇਦ ਅਖਤਰ ਲਾਹੌਰ ਵਿਚ ਫੈਜ਼ ਫੈਸਟੀਵਲ ‘ਵਿਚ ਆਪਣੀ ਗੱਲ ਕਹਿਣ ਤੋਂ ਬਾਅਦ ਚਰਚਾ ‘ਵਿਚ ਹਨ। ਬੀਤੇ ਦਿਨੀਂ ਉਹ ਚਿਤਕਾਰਾ ਲਿਟਰੇਚਰ ਫੈਸਟ ਵਿੱਚ ਸ਼ਿਰਕਤ ਕਰਨ ਲਈ ਚੰਡੀਗੜ੍ਹ ਪੁੱਜੇ ਸਨ। ਜਿੱਥੇ ਉਨ੍ਹਾਂ ਦੇ ਸੈਸ਼ਨ ਦਾ ਵਿਸ਼ਾ ਸੀ – ਮੇਰਾ ਪੈਗਾਮ ਮੁਹੱਬਤ ਹੈ।ਜਾਵੇਦ ਅਖਤਰ  ਦਸਦੇ ਹਟ ਕਿ1964 ਵਿੱਚ ਜਦੋਂ ਮੈਂ ਨਵੀਂ ਮੁੰਬਈ ਪਹੁੰਚਿਆ ਤਾਂ ਠਹਿਰਨ ਲਈ ਕੋਈ ਥਾਂ ਨਹੀਂ ਸੀ। ਨੇੜੇ ਕੋਈ ਕੰਮ ਨਹੀਂ ਸੀ। ਫਿਰ ਇੱਕ ਪੰਜਾਬੀ ਦੋਸਤ ਮਿਲਿਆ-ਮੁਸ਼ਤਾਕ ਸਿੰਘ। ਉਹ ਨੌਕਰੀ ਦੇ ਨਾਲ-ਨਾਲ ਸੰਘਰਸ਼ ਵੀ ਕਰਦਾ ਸੀ। ਉਸਨੇ ਮੈਨੂੰ ਆਪਣੇ ਕੋਲ ਰੱਖਿਆ ਅਤੇ ਮੇਰਾ ਸਾਥ ਵੀ ਦਿੱਤਾ। ਫਿਰ ਉਹ ਗਲਾਸਗੋ ਚਲਾ ਗਿਆ। ਜਾਂਦੇ ਸਮੇਂ ਉਸ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਇਹ ਕੜਾ ਆਪਣੇ ਹੱਥੋਂ ਲਾਹ ਕੇ ਮੈਨੂੰ ਦਿੱਤਾ ਸੀ। ਉਸ ਦਿਨ ਤੋਂ ਬਾਅਦ ਮੈਂ ਇਸਨੂੰ ਆਪਣੇ ਹੱਥਾਂ ਤੋਂ ਨਹੀਂ ਲਾਹਿਆ। ਇਹ ਮੇਰੇ ਮਰਨ ਤੱਕ ਮੇਰੇ ਨਾਲ ਰਹੇਗਾ। ਉਸ ਯਾਰ ਦੀ ਯਾਦ ਵਰਗੀ।

ਮੇਰਾ ਮੰਨਣਾ ਹੈ ਕਿ ਕਲਾਕਾਰਾਂ ਦੇ ਸਹਿਯੋਗ ਨਾਲ ਸਦਭਾਵਨਾ ਪੈਦਾ ਹੁੰਦੀ ਹੈ। ਹਾਲਾਂਕਿ ਸਥਿਤੀ ਬਹੁਤੀ ਚੰਗੀ ਨਹੀਂ ਹੈ, ਪਰ ਇਸ ਦੇ ਬਾਵਜੂਦ, ਜੋ ਲੋਕ ਇਨ੍ਹਾਂ ਯਤਨਾਂ ਵਿੱਚ ਲੱਗੇ ਹੋਏ ਹਨ, ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸਾਡੀਆਂ ਸੱਭਿਆਚਾਰਕ ਜੜ੍ਹਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ।ਲਾਹੌਰ ਵਿੱਚ ਮੈਂ ਉਹੀ ਕਿਹਾ ਜੋ ਕਹਿਣ ਦੀ ਲੋੜ ਸੀ। ਜਿਸ ਤਰ੍ਹਾਂ ਦਾ ਸਵਾਲ ਆਇਆ, ਉਸ ਤੋਂ ਬਾਅਦ ਜਵਾਬ ਨਾ ਦੇਣਾ ਮੇਰੇ ਲਈ ਸੰਭਵ ਨਹੀਂ ਸੀ।ਮੈਂ ਕਿਹਾ ਸੀ ਕਿ ਉਰਦੂ ਪੰਜਾਬ ਦੀ ਜੁਬਾਨ ਸੀ, ਛੱਡ ਕੇ ਵੱਡੀ ਗਲਤੀ ਕੀਤੀ ਹੈ।ਸਰਕਾਰਾਂ ਨੂੰ ਆਪਣੀਆਂ ਨੀਤੀਆਂ ਬਦਲ ਕੇ ਅਮਨ ਲਈ ਯਤਨ ਕਰਨੇ ਚਾਹੀਦੇ ਹਨ।ਭਾਰਤ ਦੇ ਲੋਕ ਪਾਕਿਸਤਾਨ ਦੇ ਲੋਕਾਂ ਨਾਲ ਦੋਸਤੀ ਚਾਹੁੰਦੇ ਹਨ।ਅਮਨ ਅਤੇ ਦੋਸਤੀ ਲਈ ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਕਲਾਕਾਰ ਕਰ ਸਕਦੇ ਨੇ। ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵੀਜ਼ਾ ਪ੍ਰਣਾਲੀ ਨੂੰ ਸੋਖਿਆਂ ਬਨਾਉਣ ਦੀ ਲੋੜ ਹੈ।

ਮੈਂ ਆਪਣੇ ਮਨ ਦੀ ਗੱਲ ਕਹੀ ਅਤੇ ਇਸ ‘ਤੇ ਹੰਗਾਮਾ ਹੋ ਗਿਆ। ਹਾਲਾਂਕਿ, ਇੱਕ ਹੋਰ ਖਾਸ ਗੱਲ ਸੀ ਜਿਸ ‘ਤੇ ਬਹੁਤ ਘੱਟ ਲੋਕਾਂ ਨੇ ਧਿਆਨ ਦਿੱਤਾ ਹੈ ਕਿ ਮੇਰੀ ਗੱਲ ਖਤਮ ਹੋਣ ਤੋਂ ਬਾਅਦ ਉਥੇ ਮੌਜੂਦ ਹਜ਼ਾਰਾਂ ਲੋਕਾਂ ਨੇ ਤਾੜੀਆਂ ਮਾਰੀਆਂ। ਉੱਥੇ ਦੇ ਲੋਕਾਂ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ।