ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਪਰਚੀ ਦੀ ਰਸਮ ਦਾ ਇਤਿਹਾਸ

ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਪਰਚੀ ਦੀ ਰਸਮ ਦਾ ਇਤਿਹਾਸ

ਧਰਮ ਤੇ ਵਿਰਸਾ

ਕੜਾਹ ਪ੍ਰਸ਼ਾਦਿ ਪਰਚੀ ਦੀ ਰਸਮ ਖ਼ਾਲਸਾ ਸਰਕਾਰ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਈ। 1802 ਵਿਚ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ 'ਤੇ ਕਬਜ਼ਾ ਕਰਨ ਤੋਂ ਬਾਅਦ 1804 ਵਿਚ ਅੰਮ੍ਰਿਤਸਰ 'ਤੇ ਵੀ ਕਬਜ਼ਾ ਹੋ ਗਿਆ। ਅੰਮ੍ਰਿਤਸਰ 'ਤੇ ਕਬਜ਼ਾ ਕਰਨ ਤੋਂ ਬਾਅਦ ਅੰਮ੍ਰਿਤਸਰ ਸ਼ਹਿਰ 'ਤੇ ਭੰਗੀ ਮਿਸਲ ਨੂੰ ਖ਼ਤਮ ਕਰ ਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਸੌਂਪ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ ਸਾਰੇ ਪੰਜਾਬ ਵਾਸੀ 'ਮਹਾਰਾਜਾ' ਕਹਿ ਕੇ ਪੁਕਾਰਦੇ ਸਨ, ਪਰ ਉਸ ਸਮੇਂ ਕੇਵਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਬਿਨਾਂ ਝੁਕੇ 'ਭਾਈ ਸਾਬ੍ਹ' ਕਹਿ ਕੇ ਬੁਲਾਉਂਦੇ ਸਨ।

ਅੰਮ੍ਰਿਤਸਰ 'ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕੀਤਾ ਤਾਂ ਇਸ ਖ਼ੁਸ਼ੀ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੰਡੀ ਜਾਣ ਵਾਲੀ ਦੇਗ ਕੜਾਹ ਪ੍ਰਸ਼ਾਦਿ ਲਈ ਮਾਇਆ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਸ਼ਾਹੀ ਖ਼ਜ਼ਾਨੇ 'ਚੋਂ ਆਉਣ ਲੱਗ ਪਈ। ਜਥੇ: ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਤੋਂ ਇਸ ਗੱਲ ਤੋਂ ਖ਼ੁਸ਼ ਸਨ ਕਿ ਇਸ ਯੋਧੇ ਨੇ ਸਾਰੀਆਂ ਮਿਸਲਾਂ ਨੂੰ ਇਕਮੁੱਠ ਕਰ ਕੇ ਸਿੱਖ ਰਾਜ ਸਥਾਪਤ ਕੀਤਾ ਹੈ ਅਤੇ ਅਫ਼ਗਾਨੀ ਧਾੜਵੀਆਂ ਨੂੰ ਰੋਕਣ ਦੀ ਹਿੰਮਤ ਦਿਖਾਈ ਹੈ। ਇਸੇ ਕਰ ਕੇ ਜਥੇ: ਅਕਾਲੀ ਫੂਲਾ ਸਿੰਘ ਸ਼ੇਰ-ਏ-ਪੰਜਾਬ ਦਾ ਕੋਈ ਵੀ ਕਹਿਣਾ ਨਹੀਂ ਸਨ ਮੋੜਦੇ ਤਾਂ ਹੀ ਅਕਾਲੀ ਫੂਲਾ ਸਿੰਘ ਦੇ ਕਹਿਣ 'ਤੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਅਰਦਾਸ ਵਿਚ ਇਹ ਵੀ ਬੋਲਿਆ ਜਾਣ ਲੱਗ ਪਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਸਦਾ ਸਲਾਮਤ ਰਹੇ।

ਸਮਾਂ ਆਪਣੇ ਅਨੁਸਾਰ ਚਲਦਾ ਗਿਆ। ਇਕ ਦਿਨ ਜਥੇਦਾਰ ਅਕਾਲੀ ਫੂਲਾ ਸਿੰਘ ਕੋਲ ਸਿੱਖ ਸੰਗਤਾਂ ਨੇ ਆ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮੌਰਾਂ ਨਾਚੀ ਦੇ ਇਸ਼ਕ ਵਿਚ ਪੈ ਜਾਣ ਬਾਰੇ ਦੱਸਿਆ ਅਤੇ ਕਿਹਾ ਕਿ ਸ਼ੇਰ-ਏ-ਪੰਜਾਬ ਹੁਣ ਸਿੱਖ ਰਾਜ ਦੀ ਪ੍ਰਗਤੀ ਵੱਲ ਘੱਟ ਅਤੇ ਜ਼ਨਾਨੀਆਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਿਆ ਹੈ ਅਤੇ ਹੁਣ ਮਹਾਰਾਜਾ ਦਾੜ੍ਹੀ ਵੀ ਰੰਗਣ ਲੱਗ ਪਿਆ ਹੈ ਅਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ, ਜੋ ਕਿ ਪੰਜਾਬ ਦਾ ਰਾਜਾ ਹੋਣ ਕਰਕੇ ਉਨ੍ਹਾਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਇਸ ਲਈ ਸਿੱਖ ਸੰਗਤਾਂ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਸਮਝਾਓ।

ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜਿਆ ਕਿ ਤੁਰੰਤ ਹਾਜ਼ਰ ਹੋ ਕੇ ਇਸ ਬਾਬਤ ਸਫ਼ਾਈ ਦੇਣ। ਪਰ ਉਨ੍ਹਾਂ ਦਿਨਾਂ 'ਚ ਮੁਲਤਾਨ 'ਤੇ ਚੜ੍ਹਾਈ ਦੀਆਂ ਤਿਆਰੀਆਂ ਹੋ ਰਹੀਆਂ ਸਨ। ਮਹਾਰਾਜਾ ਰਣਜੀਤ ਸਿੰਘ ਨੇ ਇਸ ਸੁਨੇਹੇ ਨੂੰ ਅਣ-ਗੌਲਿਆ ਕਰ ਦਿੱਤਾ। ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਸਫ਼ਾਈ ਦੇਣ ਲਈ ਨਹੀਂ ਆਇਆ ਤਾਂ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਹੁਕਮਨਾਮੇ ਜਾਰੀ ਕੀਤੇ। ਪਹਿਲਾ ਇਹ ਕਿ ਕੜਾਹ ਪ੍ਰਸ਼ਾਦਿ ਲਈ ਲਾਹੌਰ ਦੇ ਸ਼ਾਹੀ ਖ਼ਜ਼ਾਨੇ 'ਚੋਂ ਮਾਇਆ ਨਹੀਂ ਲਈ ਜਾਵੇਗੀ ਅਤੇ ਅੱਜ ਤੋਂ ਸੰਗਤਾਂ ਹੀ ਜਿਹੜੀ ਮਾਇਆ ਭੇਟ ਕਰਨਗੀਆਂ ਉਸ ਨਾਲ ਹੀ ਦੇਗ ਤਿਆਰ ਹੋਵੇਗੀ ਅਤੇ ਲਿਖਤੀ ਰਸੀਦ ਲਵੇਗੀ। ਇਸ ਤਰ੍ਹਾਂ ਸੰਗਤ ਦੀ ਮਾਇਆ ਨਾਲ ਕੜਾਹ ਪ੍ਰਸ਼ਾਦਿ ਦੀਆਂ ਦੇਗਾਂ ਤਿਆਰ ਹੋਣ ਲੱਗ ਪਈਆਂ ਅਤੇ ਦੂਜਾ ਇਹ ਹੁਕਮ ਜਾਰੀ ਕੀਤਾ ਕਿ ਰੋਜ਼ਾਨਾ ਦੀ ਅਰਦਾਸ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਦਾ ਸਲਾਮਤੀ ਵਾਲੀ ਸਤਰ ਕੱਟ ਦਿਓ।

ਇਸ ਗੱਲ ਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਜਥੇਦਾਰ ਅਕਾਲੀ ਫੂਲਾ ਸਿੰਘ ਨਾਲ ਉਨ੍ਹਾਂ ਨੇ ਰਾਬਤਾ ਕਾਇਮ ਕੀਤਾ ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਗ਼ਲਤੀ ਨਾ ਕਰਨ ਦੀ ਗੱਲ ਕਹੀ ਪਰ ਅਕਾਲੀ ਫੂਲਾ ਸਿੰਘ ਨੇ ਕਿਹਾ ਭਾਈ ਸਾਬ੍ਹ ਹੁਣ ਇਹ ਮਸਲਾ ਆਪਣੇ ਦੋਹਾਂ ਦਾ ਨਹੀਂ ਰਿਹਾ। ਇਹ ਮਸਲਾ ਤੁਹਾਡੇ ਅਤੇ ਸ੍ਰੀ ਅਕਾਲ-ਤਖ਼ਤ ਸਾਹਿਬ ਦਰਮਿਆਨ ਹੈ, ਇਸ ਲਈ ਜਿਹੜੀ ਵੀ ਗੱਲ ਕਰਨੀ ਹੈ ਉੱਥੇ ਪੇਸ਼ ਹੋ ਕੇ ਕਰੋ। ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ । ਜਦੋਂ ਮਹਾਰਾਜਾ ਰਣਜੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਚ ਦਰਸ਼ਨ ਕਰਨ ਲਈ ਅੰਦਰ ਜਾਣ ਲੱਗੇ ਤਾਂ ਦਰਸ਼ਨੀ ਦਰਵਾਜ਼ੇ ਜਥੇ: ਅਕਾਲੀ ਫੂਲਾ ਸਿੰਘ ਤਲਵਾਰ ਲੈ ਕੇ ਆਪ ਖਲੋ ਗਏ ਤੇ ਕਹਿਣ ਲੱਗੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਭੁੱਲ ਬਖਸ਼ਾਉਣ। ਓਨਾ ਚਿਰ ਤਨਖਾਈਏ ਮਹਾਰਾਜੇ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਤਖ਼ਤ ਅੱਗੇ ਪੇਸ਼ ਹੋਏ ਅਤੇ ਜਥੇ: ਅਕਾਲੀ ਫੂਲਾ ਸਿੰਘ ਦੇ ਕਹਿਣ 'ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਵਾਸਤੇ ਇਮਲੀ ਦੇ ਦਰੱਖਤ ਨਾਲ ਬੰਨ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰੱਖਤ ਨਾਲ ਬੰਨ੍ਹਿਆ ਸਿਰ ਝੁਕਾਈ ਖੜ੍ਹੇ ਸਨ। ਸੰਗਤਾਂ ਦੀ ਬੇਨਤੀ ਕਰਨ 'ਤੇ ਕੋੜੇ ਨਹੀਂ ਮਾਰੇ ਗਏ। ਪਰ ਜਦੋਂ ਸ਼ਾਹੀ ਮਾਇਆ ਵਿਚੋਂ ਕੜਾਹ ਪ੍ਰਸ਼ਾਦਿ ਲਈ ਅਤੇ ਸਦਾ ਸਲਾਮਤੀ ਦੀ ਅਰਦਾਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਜਥੇ: ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਤਾਂ ਅਕਾਲੀ ਫੂਲਾ ਸਿੰਘ ਨੇ ਕਿਹਾ : ' ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਕਦੇ ਵਾਪਸ ਨਹੀਂ ਲਏ ਜਾਂਦੇ' ਇਸ ਲਈ ਹੁਣ ਸੰਗਤਾਂ ਹੀ ਸ਼ਰਧਾ ਅਤੇ ਹੈਸੀਅਤ ਮੁਤਾਬਿਕ ਮਾਇਆ ਦੇਣਗੀਆਂ ਤੇ ਪਰਚੀ ਲੈਣਗੀਆਂ। ਉਸ ਤੋਂ ਬਾਅਦ ਅੱਜ ਤੱਕ ਹਰ ਗੁਰੂ ਘਰ ਵਿਚ ਕੜਾਹ ਪ੍ਰਸ਼ਾਦਿ ਪਰਚੀ ਦੀ ਰਸਮ ਚਲਦੀ ਆ ਰਹੀ ਹੈ।

 

ਅਵਤਾਰ ਸਿੰਘ ਅਨੰਦ