ਬੌਰਿਸ ਜੌਹਨਸਨ ਨੇ ਅਸਤੀਫ਼ੇ ਤੋਂ ਪਹਿਲਾਂ ਪੱਤਰ ਲਿਖ ਕੇ ਸਿੱਖਾਂ ਤੋਂ ਮੰਗੀ ਮੁਆਫ਼ੀ

ਬੌਰਿਸ ਜੌਹਨਸਨ ਨੇ ਅਸਤੀਫ਼ੇ ਤੋਂ ਪਹਿਲਾਂ ਪੱਤਰ ਲਿਖ ਕੇ ਸਿੱਖਾਂ ਤੋਂ ਮੰਗੀ ਮੁਆਫ਼ੀ

*ਮਾਮਲਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ  ਪ੍ਰਧਾਨ ਮੰਤਰੀ ਵਲੋਂ ਕੋਈ ਸੰਦੇਸ਼ ਜਾਰੀ ਨਾ ਕਰਨ ਤੇ ਹੋਰ ਸਿਖ ਮੁਦਿਆਂ ਦਾ

*12 ਨੂੰ ਪਾਰਲੀਮੈਂਟ ਵਿਚ ਹੋਣ ਵਾਲੀ ਸਿੱਖ ਲਾਬੀ ਮੁਲਤਵੀ

ਅੰਮ੍ਰਿਤਸਰ ਟਾਈਮਜ਼

ਲੰਡਨ-ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅਸਤੀਫ਼ਾ ਦੇਣ ਤੋਂ ਅੱਧਾ ਘੰਟਾ ਪਹਿਲਾਂ ਸਿੱਖ ਮਸਲਿਆਂ ਦੇ ਸੰਬੰਧ 'ਵਿਚ ਇਕ ਪੱਤਰ ਲਿਖ ਕੇ ਸਿੱਖਾਂ ਤੋਂ ਮੁਆਫ਼ੀ ਮੰਗੀ, ਇਹ ਪੱਤਰ ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੂੰ ਉਨ੍ਹਾਂ ਤਿੰਨ ਮੁੱਦਿਆਂ ਦੇ ਜਵਾਬ ਵਿਚ ਭੇਜਿਆ, ਜੋ ਉਨ੍ਹਾਂ 9 ਫਰਵਰੀ ਨੂੰ ਪੱਤਰ ਲਿਖ ਕੇ ਉਠਾਏ ਸਨ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਨਵੰਬਰ 2021 ਵਿਚ ਪ੍ਰਧਾਨ ਮੰਤਰੀ ਵਲੋਂ ਕੋਈ ਸੰਦੇਸ਼ ਜਾਰੀ ਨਾ ਕਰਨਾ, ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਯਕੀਨੀ ਬਣਾਉਣ ਲਈ ਬਰਤਾਨਵੀ ਸਰਕਾਰ ਤੋਂ ਸਿੱਧਾ ਦਖ਼ਲ ਦੇਣ ਦੀ ਮੰਗ, ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵਿਰੁੱਧ ਸਿੱਖ ਖਿਲਾਫ਼ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ।ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਜਵਾਬੀ ਪੱਤਰ 'ਚ ਗੁਰਪੁਰਬ ਮੌਕੇ ਸੰਦੇਸ਼ ਜਾਰੀ ਨਾ ਕਰਨ ਲਈ ਮੁਆਫ਼ੀ ਮੰਗਦਿਆਂ ਅੱਗੋਂ ਅਜਿਹਾ ਨਾ ਹੋਣ ਭਰੋਸਾ ਦਿੱਤਾ ਹੈ ।ਜੱਗੀ ਜੌਹਲ ਦੇ ਮਾਮਲੇ 'ਵਿਚ ਉਨ੍ਹਾਂ ਕਿਹਾ ਕਿ ਸਾਡੇ ਮੰਤਰੀ ਵਾਰ-ਵਾਰ ਭਾਰਤ ਕੋਲ ਮੁੱਦਾ ਉਠਾ ਚੁੱਕੇ ਹਨ । ਜਦਕਿ ਉਨ੍ਹਾਂ ਪ੍ਰੀਤੀ ਪਟੇਲ ਦੇ ਮਾਮਲੇ ਵਿਚ ਕੋਈ ਜਵਾਬ ਨਹੀਂ ਦਿੱਤਾ ।ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਅਸਤੀਫ਼ਾ ਦੇਣ ਕਰਕੇ 12 ਜੁਲਾਈ ਨੂੰ ਹੋਣ ਵਾਲੀ ਸਿੱਖ ਲਾਬੀ ਮੁਲਤਵੀ ਕਰ ਦਿੱਤੀ ਗਈ ਹੈ, ਪਰ ਉਹ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਅਹੁਦੇ ਤੋਂ ਵੱਖ ਕਰਨ ਲਈ ਸਰਕਾਰ 'ਤੇ ਦਬਾਅ ਬਣਾਈ ਰੱਖਣਗੇ । ਭਾਈ ਗਿੱਲ ਨੇ ਕਿਹਾ ਕਿ ਸਿੱਖ ਲਾਬੀ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੱਕ ਮੁਲਤਵੀ ਕਰ ਦਿੱਤੀ ਗਈ ਹੈ।