ਮਾਮਲਾ ਅੰਮ੍ਰਿਤਧਾਰੀ ਸਿੱਖ ਭਰਾਵਾਂ ਨਾਲ ਕੁੱਟਮਾਰ ਦਾ   

ਮਾਮਲਾ ਅੰਮ੍ਰਿਤਧਾਰੀ ਸਿੱਖ ਭਰਾਵਾਂ ਨਾਲ ਕੁੱਟਮਾਰ ਦਾ   

ਪੁਲਿਸ ਵਲੋਂ ਫੋਟੋਗ੍ਰਾਫਰ ਸਮੇਤ 10-15 ਅਣਪਛਾਤੇ ਬਰਾਤੀਆਂ ਖ਼ਿਲਾਫ਼ ਮਾਮਲਾ ਦਰਜ             ਅੰਮ੍ਰਿਤਸਰ ਟਾਈਮਜ਼

ਡੇਰਾਬੱਸੀ : ਈਸਾਪੁਰ ਸੜਕ ਤੇ ਰੇਲਵੇ ਫਾਟਕ ਕੋਲ ਸਥਿਤ ਰਾਮ ਮੰਦਰ ਵਿਖੇ ਲੰਘੇ ਦਿਨੀਂ ਸ਼ਰਾਬ ਦੇ ਨਸ਼ੇ ਵਿਚ ਬਰਾਤੀਆਂ ਵੱਲੋਂ ਕੈਟਰਿੰਗ ਦਾ ਕੰਮ ਕਰਦੇ 2 ਸਿੱਖ ਭਰਾਵਾਂ ਤੇ ਉਨ੍ਹਾਂ ਦੇ ਦੋਸਤ ਨਾਲ ਕੁੱਟਮਾਰ ਕਰਦੇ ਦਸਤਾਰਾਂ ਉਤਾਰ ਕੇਸਾਂ ਦੀ ਬੇਅਦਬੀ ਦੇ ਮਾਮਲੇ ਵਿਚ ਪੁਲਿਸ ਨੇ ਫੋਟੋਗ੍ਰਾਫਰ ਸਮੇਤ 10-15 ਅਣਪਛਾਤੇ ਬਰਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਫੋਟੋਗ੍ਰਾਫਰ ਦੀ ਪਛਾਣ ਪਰਵਿੰਦਰ ਸਿੰਘ ਪਿੰਡ ਭਾਂਖਰਪੁਰ ਦੇ ਰੂਪ ਵਿਚ ਹੋਈ ਹੈ। ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਪੰਜਾਬ ਕੈਟਰ ਦੇ ਮਾਲਕ ਹਰਪਾਲ ਸਿੰਘ  ਡੇਰਾਬੱਸੀ ਨੇ ਦਿੱਤੀ ਸ਼ਿਕਾਇਤ ਚ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਰਾਮ ਮੰਦਰ ਵਿਖੇ ਇਕ ਲੜਕੀ ਦਾ ਵਿਆਹ ਸੀ, ਜਿਸਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਕੈਟਰਿੰਗ ਦਾ ਕੰਮ ਦਿੱਤਾ ਗਿਆ ਸੀ। ਯਮੁਨਾਨਗਰ ਤੋਂ ਆਈ ਬਰਾਤ ਵਿਚ ਕੁਝ ਵਿਅਕਤੀ ਖਾਣਾ ਖਾਣ ਵਿਚ ਦੇਰੀ ਕਰ ਰਹੇ ਸਨ, ਜਦਕਿ ਕੋਰੋਨਾ ਨਿਯਮਾਂ ਮੁਤਾਬਕ ਦੇਰ ਰਾਤ ਤਕ ਉਹ ਪ੍ਰੋਗਰਾਮ ਨਹੀਂ ਕਰ ਸਕਦੇ ਸਨ। ਹਰਪਾਲ ਸਿੰਘ ਨੇ ਵਾਰ-ਵਾਰ ਬਰਾਤੀਆਂ ਨੂੰ ਸਮੇਂ ਨਾਲ ਖਾਣਾ ਖਾਉਣ ਲਈ ਕਈ ਵਾਰ ਕਿਹਾ, ਪਰ ਰਾਤ ਦੇ 1 ਵਜੇ ਤਕ ਬਰਾਤੀ ਖਾਣਾ ਖਾਣ ਤੋਂ ਟਾਲ਼ਾ ਵੱਟੀ ਜਾ ਰਹੇ ਸਨ। ਇਸ ਦੌਰਾਨ ਫੋਟੋਗ੍ਰਾਫਰ ਨੇ 10-15 ਬਰਾਤੀਆਂ ਨਾਲ ਮਿਲ ਕੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰਦੇ ਕੁੱਟਮਾਰ ਕਰਦਿਆਂ ਉਨ੍ਹਾਂ ਦੀਆਂ ਦਸਤਾਰਾਂ ਉਤਾਰ ਦਿੱਤੀਆਂ ਤੇ ਹਰਪਾਲ ਸਿੰਘ ਦੇ ਵਾਲ ਵੀ ਪੁੱਟੇ। ਹਰਪਾਲ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਸ਼ਰਾਬ ਪੀਤੀ ਹੋਈ ਸੀ। ਜ਼ਖ਼ਮੀ ਹਰਪਾਲ ਸਿੰਘ ਤੇ ਉਸਦੇ ਭਰਾ ਨੂੰ ਸਾਥੀਆਂ ਨੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਤੋਂ ਬਾਅਦ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵੱਲੋਂ ਕੀਤੀ ਕਾਰਵਾਈ ਵਿਚ ਬੇਅਦਬੀ ਦੀ ਧਾਰਾ ਨਾ ਜੋੜਨ ਤੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਹਮਲਾਵਰ ਸ਼ਰਾਬ ਪੀ ਕੇ ਮੰਦਰ ਵਿਚ ਸਮਾਗਮ ਵਿਚ ਜਾਂਦੇ ਹਨ ਜੋ ਗ਼ਲਤ ਹੈ। ਉਸ ਤੋਂ ਬਾਅਦ ਅੰਮ੍ਰਿਤਧਾਰੀ ਸਿੱਖ ਭਰਾਵਾਂ ਦੀਆਂ ਦਸਤਾਰਾਂ ਉਤਾਰ ਕੇ ਕੇਸਾ ਦੀ ਬੇਅਦਬੀ ਕਰਦੇ ਹਨ। ਪਰ ਪੁਲਿਸ ਨੇ ਮਾਮੂਲੀ ਧਾਰਾ ਤਹਿਤ ਮਾਮਲਾ ਦਰਜ ਕਰ ਖਾਨਾਪੂਰਤੀ ਕੀਤੀ ਹੈ। ਉਨ੍ਹਾਂ ਚਿਤਾਵਾਨੀ ਦਿੰਦੇ ਕਿਹਾ ਕਿ ਜੇਕਰ ਮੁਲਾਜ਼ਮਾਂ ਖ਼ਿਲਾਫ਼ ਜਲਦ ਤੋਂ ਜਲਦ ਬੇਅਦਬੀ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਸਿੱਖ ਸੰਗਤ ਵੱਲੋਂ ਥਾਣੇ ਦੇ ਬਾਹਰ ਧਰਨਾ ਲਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।