ਸਿੱਧੂ ਮੂਸੇਵਾਲਾ ਖਿਲਾਫ ਪੰਜਾਬ ਪੁਲਸ ਦੀ ਸਰਦ-ਗਰਮ ਮੁਹਿੰਮ

ਸਿੱਧੂ ਮੂਸੇਵਾਲਾ ਖਿਲਾਫ ਪੰਜਾਬ ਪੁਲਸ ਦੀ ਸਰਦ-ਗਰਮ ਮੁਹਿੰਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲਗਾਤਾਰ ਵਿਵਾਦਾਂ ਵਿਚ ਚੱਲ ਰਹੇ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਪੰਜਾਬ ਪੁਲਸ ਦੀ ਗਰਮ-ਸਰਦ ਮੁਹਿੰਮ ਚਲ ਰਹੀ ਹੈ। ਜਿੱਥੇ ਪਿਛਲੇ ਦਿਨੀਂ ਪੰਜਾਬ ਪੁਲਸ 'ਤੇ ਦੋਸ਼ ਲੱਗੇ ਸਨ ਕਿ ਉਹ ਸਿੱਧੂ ਮੂਸੇਵਾਲਾ ਖਿਲਾਫ ਦਰਜ ਅਸਲਾ ਕਾਨੂੰਨ ਅਧੀਨ ਮਾਮਲੇ ਵਿਚ ਢਿੱਲ ਵਰਤ ਰਹੀ ਹੈ ਤਾਂ ਹੁਣ ਜਦੋਂ ਉਸ ਮਾਮਲੇ ਵਿਚ ਜ਼ਮਾਨਤ ਮਿਲਣ ਮਗਰੋਂ ਸਿੱਧੂ ਮੂਸੇਵਾਲੇ ਨੇ ਨਵਾਂ ਗਾਣਾ ਕੱਢ ਕੇ ਉਸ ਕੇਸ ਦੇ ਹਵਾਲੇ ਨਾਲ ਖੁਦ ਨੂੰ ਟਾਡਾ ਅਧੀਨ ਕਾਨੂੰਨ ਵਿਚ ਸਜ਼ਾ ਕੱਟਣ ਵਾਲੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਤੁਲਨਾ ਕੀਤੀ ਹੈ ਤਾਂ ਹੁਣ ਕਿਹਾ ਜਾ ਰਿਹਾ ਹੈ ਕਿ ਪੁਲਸ ਸਿੱਧੂ ਮੂਸੇਵਾਲਾ ਖਿਲਾਫ ਸਖਤੀ ਕਰਨ ਜਾ ਰਹੀ ਹੈ। 

ਖਬਰਾਂ ਨੇ ਕਿ ਪੰਜਾਬ ਪੁਲੀਸ ਨੇ ਗਾਇਕ ਸਿੱਧੂ ਮੂਸੇਵਾਲਾ ਨੂੰ ਅਸਲਾ ਕਾਨੂੰਨ ਦੇ ਕੇਸ ਵਿੱਚ ਮਿਲੀ ਅਗਾਊਂ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਲਈ ਤਿਆਰੀ ਖਿੱਚੀ ਹੈ। ਇਸੇ ਦੌਰਾਨ ਮੂਸੇਵਾਲਾ ਵਿਰੁੱਧ ਅਪਰਾਧ ਸ਼ਾਖਾ ਨੇ ਉਸ ਦੇ ਨਵੇਂ ਗੀਤ ‘ਸੰਜੂ’ ਨਾਲ ਹਿੰਸਾ ਅਤੇ ਬੰਦੂਕ ਸਭਿਆਚਾਰ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹੇਠ ਇੱਕ ਹੋਰ ਕੇਸ ਦਰਜ ਕੀਤਾ ਹੈ। 

ਜ਼ਿਕਰਯੋਗ ਹੈ ਇਹ ਗੀਤ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਰਿਲੀਜ਼ ਹੋਇਆ ਸੀ। ਏਡੀਜੀਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲੀਸ ਨੂੰ ਮਿਲੀ ਜਾਣਕਾਰੀ ਦੇ ਅਧਾਰ ’ਤੇ ਗਾਇਕ ਵਿਰੁੱਧ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ।