ਭਾਰਤ-ਪਾਕਿਸਤਾਨ ਇਕ-ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ

ਭਾਰਤ-ਪਾਕਿਸਤਾਨ ਇਕ-ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ

ਭੱਖਦਾ ਮੱਸਲਾ

ਪਾਕਿਸਤਾਨ ਨੂੰ ਹਿੰਦੁਸਤਾਨ ਤੋਂ ਵੱਖ ਹੋਇਆਂ 75 ਸਾਲ ਹੋ ਗਏ ਹਨ। ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਹੀ ਰਹੀ ਹੈ। ਸਾਡੇ ਸੱਭਿਆਚਾਰ ਵਿਚ ਭਾਈ-ਭਾਈ ਵੱਖ ਹੁੰਦੇ ਹੀ ਰਹੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਵਿਚ ਭਰੱਪਣ ਨਾ ਰਹੇ ਅਤੇ ਉਹ ਸ਼ਰੀਕ ਹੀ ਬਣੇ ਰਹਿਣ। ਸ਼ਰੀਕਾਂ ਵਿਚ ਤਾਂ ਕਸ਼ੀਦਗੀ ਰਹਿੰਦੀ ਹੈ। ਇਕ ਦੂਜੇ ਨਾਲ ਈਰਖਾ ਅਤੇ ਘਿਰਣਾ ਪੈਦਾ ਹੋ ਜਾਂਦੀ ਹੈ। ਇਹ ਆਮ ਤੌਰ 'ਤੇ ਉਦੋਂ ਹੁੰਦਾ ਹੈ ਜਦ ਇਕ ਭਾਈ ਇਹ ਸਮਝੇ ਕਿ ਕਾਣੀਵੰਡ ਹੋਈ ਹੈ ਅਤੇ ਉਸ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਿਆ।

ਇਨ੍ਹਾਂ ਦੋਵਾਂ ਦੇਸ਼ਾਂ ਵਿਚ ਵੀ ਕੁਝ ਇਹੋ ਜਿਹੀ ਗੱਲ ਹੈ। ਪਾਕਿਸਤਾਨ ਸੋਚਦਾ ਹੈ ਕਿ ਉਸ ਨਾਲ ਵਿਤਕਰਾ ਹੋਇਆ। ਜਿਨਾਹ ਨੇ ਕਿਹਾ ਸੀ ਕਿ ਉਸ ਨੂੰ ਘੁਣ ਲੱਗਿਆ (ਮੌਥ ਈਟਨ) ਪਾਕਿਸਤਾਨ ਦਿੱਤਾ ਗਿਆ ਹੈ। ਉਹ ਸਾਰਾ ਪੰਜਾਬ ਅਤੇ ਸਾਰਾ ਬੰਗਾਲ ਮੰਗਦਾ ਸੀ। ਕਸ਼ਮੀਰ ਤਾਂ ਉਹ ਸਮਝਦਾ ਸੀ ਹਰ ਹਾਲਤ ਵਿਚ ਪਾਕਿਸਤਾਨ ਵਿਚ ਹੋਣਾ ਹੀ ਚਾਹੀਦਾ ਸੀ। ਕਸ਼ਮੀਰ ਨੂੰ ਹਥਿਆਉਣ ਲਈ ਤਾਂ ਉਸ ਨੇ ਪਠਾਨ ਕਬੀਲਿਆਂ ਦੀ ਮਦਦ ਨਾਲ ਪਾਕਿਸਤਾਨੀ ਫ਼ੌਜ ਵੀ ਭੇਜੀ। ਭਿਆਨਕ ਲੜਾਈ ਪਿੱਛੋਂ ਭਾਰਤ ਨੇ ਕਸ਼ਮੀਰ ਵਾਦੀ ਤਾਂ ਬਚਾ ਲਈ ਪਰ ਉਸ ਵੇਲੇ ਦੀ ਕਸ਼ਮੀਰ ਦੀ ਰਿਆਸਤ ਦਾ ਕੁਝ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਿਚ ਚਲਾ ਗਿਆ। ਅੱਜ ਵੀ ਪਾਕਿਸਤਾਨ ਕਸ਼ਮੀਰ ਦੇ ਮਸਲੇ ਨੂੰ ਦੋਵਾਂ ਦੇਸ਼ਾਂ ਵਿਚਕਾਰ ਬੁਨਿਆਦੀ ਮਸਲਾ ਸਮਝਦਾ ਹੈ।

ਜੂਨਾਗੜ੍ਹ ਅਤੇ ਹੈਦਰਾਬਾਦ ਦੇ ਇਲਾਕੇ ਜਿੱਥੇ ਮੁਸਲਮਾਨ ਹੁਕਮਰਾਨ ਸਨ, ਭਾਰਤ ਨੇ ਫ਼ੌਜੀ ਕਾਰਵਾਈ ਕਰਕੇ ਹਾਸਲ ਕੀਤੇ। ਕਸ਼ਮੀਰ ਨੂੰ ਹਾਸਲ ਕਰਨ ਲਈ ਪਾਕਿਸਤਾਨ ਨੇ 1965 ਦੀ ਜੰਗ ਲੜੀ। ਜਿਸ ਵਿਚ ਦੋਵਾਂ ਦੇਸ਼ਾਂ ਦਾ ਜਾਨੀ-ਮਾਲੀ ਨੁਕਸਾਨ ਹੋਇਆ। ਪਰ ਹੱਦਾਂ ਵਿਚ ਕੋਈ ਤਬਦੀਲੀ ਨਾ ਹੋ ਸਕੀ। 1971 ਵਿਚ ਜਦ ਪਾਕਿਸਤਾਨ ਟੁੱਟਿਆ ਅਤੇ ਪੂਰਬੀ ਪਾਕਿਸਤਾਨ ਆਜ਼ਾਦ ਬੰਗਲਾਦੇਸ਼ ਬਣਿਆ ਤਾਂ ਪਾਕਿਸਤਾਨ ਇਸ ਦਾ ਦੋਸ਼ ਵੀ ਭਾਰਤ ਸਿਰ ਹੀ ਲਾਉਂਦਾ ਹੈ। ਪਾਕਿਸਤਾਨ ਨੇ ਜਦ ਦੇਖਿਆ ਉਹ ਜੰਗ ਨਾਲ ਆਪ ਦੀ ਇੱਛਾ ਪੂਰੀ ਨਹੀਂ ਕਰ ਸਕਦਾ ਤਾਂ ਉਸ ਨੇ ਆਪਣੀ ਜ਼ਮੀਨ ਤੋਂ ਸਿਖਲਾਈ ਦਿਵਾ ਕੇ ਦਹਿਸ਼ਤਗਰਦ ਭਾਰਤ ਵਿਚ ਧੱਕਣੇ ਸ਼ੁਰੂ ਕਰ ਦਿੱਤੇ।

ਦਰਅਸਲ ਪਾਕਿਸਤਾਨ ਮਹਿਸੂਸ ਕਰਦਾ ਹੈ ਕਿ ਭਾਰਤ ਨੇ ਪਾਕਿਸਤਾਨ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕੀਤਾ। ਜਦ ਇਧਰੋਂ ਅਖੰਡ ਭਾਰਤ ਦਾ ਪ੍ਰਚਾਰ ਹੁੰਦਾ ਹੈ ਤਾਂ ਉਸ ਦਾ ਸ਼ੱਕ ਹੋਰ ਵਧ ਜਾਂਦਾ ਹੈ। ਹਾਲਾਂਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਮਿਨਾਰੇ ਪਾਕਿਸਤਾਨ 'ਤੇ ਫੁੱਲ ਚੜ੍ਹਾ ਕੇ ਇਹ ਸਬੂਤ ਦੇ ਦਿੱਤਾ ਸੀ ਕਿ ਭਾਰਤ, ਪਾਕਿਸਤਾਨ ਨੂੰ ਆਜ਼ਾਦ ਦੇਸ਼ ਮੰਨਦਾ ਹੈ। ਫਿਰ ਰਾਜੀਵ ਗਾਂਧੀ ਨੇ ਦੱਖਣੀ ਏਸ਼ੀਆ ਦੀ ਸੰਸਥਾ (ਸਾਰਕ) ਰਾਹੀਂ ਕੋਸ਼ਿਸ਼ ਕੀਤੀ ਕਿ ਇਸ ਖਿੱਤੇ ਵਿਚ ਅਮਨ ਰਹੇ ਅਤੇ ਮਿਲਵਰਤਣ ਵਧੇ। ਪਰ ਇਹ ਸਾਰਿਆਂ ਯਤਨਾਂ ਦਾ ਦਾ ਨਤੀਜਾ ਸਿਫ਼ਰ ਹੀ ਰਿਹਾ।

ਪਾਕਿਸਤਾਨ ਹਮੇਸ਼ਾ ਭਾਰਤ ਦੀ ਬਰਾਬਰੀ ਕਰਦਾ ਹੈ। ਉਹ ਇਸ ਜਿੰਨੀ ਹੀ ਫ਼ੌਜ ਅਤੇ ਫ਼ੌਜੀ ਹਥਿਆਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਇਹ ਭੁੱਲ ਜਾਂਦਾ ਹੈ ਕਿ ਭਾਰਤ ਉਸ ਤੋਂ ਚਾਰ ਗੁਣਾ ਵੱਡਾ ਦੇਸ਼ ਹੈ ਅਤੇ ਇਸ ਦੇ ਵਸੀਲੇ ਵਸੀਹ ਹਨ। ਇਸ ਕਰਕੇ ਉਹ ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਜਿੰਨਾ ਚਿਰ ਉਥੋਂ ਦੇ ਹਾਕਮ ਇਸ ਹਕੀਕਤ ਨੂੰ ਕਬੂਲ ਨਹੀਂ ਕਰਦੇ ਉਹ ਆਪਣੀਆਂ ਮੁਸ਼ਕਿਲਾਂ ਵਧਾਉਂਦੇ ਰਹਿਣਗੇ।

ਦੋਵਾਂ ਦੇਸ਼ਾਂ ਨੂੰ ਯੂਰਪੀ ਦੇਸ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ, ਕਿ ਉਹ ਦੋ ਮਹਾਂਯੁੱਧ ਕਰਕੇ ਵੀ ਇਕੱਠੇ ਹੋ ਗਏ ਹਨ ਅਤੇ ਯੂਰਪੀ ਸੰਘ ਬਣਾ ਲਿਆ ਹੈ। ਜਿੱਥੇ ਇਕ ਪਾਸਪੋਰਟ ਹੈ ਅਤੇ ਤਿਜਾਰਤ ਦੀ ਖੁੱਲ੍ਹ ਹੈ। ਭਾਰਤ, ਪਾਕਿਸਤਾਨ ਨੂੰ ਆਪਣੇ ਅਸਲੀ ਦੁਸ਼ਮਣ ਗ਼ਰੀਬੀ, ਭੁੱਖਮਰੀ, ਬਿਮਾਰੀ ਤੇ ਬੇਰੁਜ਼ਗਾਰੀ ਨਾਲ ਲੜਾਈ ਲੜਨੀ ਚਾਹੀਦੀ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਵਿਚ ਦੋਸਤੀ ਦੀ ਇੱਛਾ ਹੋਣ ਕਰਕੇ ਦੋਵਾਂ ਦੀਆਂ ਹਕੂਮਤਾਂ ਗ਼ਲਤ ਪ੍ਰਚਾਰ ਰਾਹੀਂ ਇਕ ਦੂਜੇ ਵਿਚਕਾਰ ਫਾਸਲੇ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਕੁਝ ਵਿਦੇਸ਼ੀ ਸ਼ਕਤੀਆਂ ਵੀ ਆਪਣੇ ਹਥਿਆਰ ਵੇਚਣ ਦੀ ਖ਼ਾਤਰ ਦੋਵਾਂ ਦੇਸ਼ਾਂ ਨੂੰ ਨੇੜੇ ਨਹੀਂ ਆਉਣ ਦਿੰਦੀਆਂ।

ਹੁਣ ਦੋਵੇਂ ਪ੍ਰਮਾਣੂ ਸ਼ਕਤੀਆਂ ਹਨ, ਇਸ ਕਰਕੇ ਜੰਗ ਤਾਂ ਦੋਵਾਂ ਦਾ ਹੀ ਨਾਸ਼ ਕਰ ਦੇਵੇਗੀ। ਪਿਛਲੀਆਂ ਲੜਾਈਆਂ ਨੇ ਕੋਈ ਮਸਲਾ ਹੱਲ ਨਹੀਂ ਕੀਤਾ। ਅਕਲਮੰਦੀ ਤਣਾਅ ਅਤੇ ਕਸ਼ੀਦਗੀ ਘਟਾਉਣ ਵਿਚ ਹੈ। ਇਸ ਲਈ ਵੀਜ਼ਾ ਦੀਆਂ ਸਹੂਲਤਾਂ ਆਸਾਨ ਕੀਤੀਆਂ ਜਾਣ ਤਾਂ ਕਿ ਲੋਕ ਇਕ-ਦੂਜੇ ਨੂੰ ਮਿਲ ਸਕਣ। ਖਿਡਾਰੀਆਂ ਅਤੇ ਸੱਭਿਆਚਾਰਕ ਵਫ਼ਦਾਂ ਦਾ ਆਦਾਨ-ਪ੍ਰਦਾਨ ਹੋਵੇ। ਤਿਜਾਰਤ ਖੋਲ੍ਹੀ ਜਾਵੇ। ਇਨ੍ਹਾਂ ਕਦਮਾਂ ਨਾਲ ਦੋਵਾਂ ਦੇਸ਼ਾਂ ਵਿਚ ਖੁਸ਼ਹਾਲੀ ਵਧ ਸਕਦੀ ਹੈ। ਭਾਰਤ ਵਿਚ ਆਲਮੀ ਪੱਧਰ ਦੀਆਂ ਸਿਹਤ ਸੰਸਥਾਵਾਂ ਹਨ। ਹੁਣ ਵੀ ਕਈ ਪਾਕਿਸਤਾਨੀ ਮਰੀਜ਼ ਇਲਾਜ ਲਈ ਇਥੇ ਆਉਂਦੇ ਹਨ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਇਕ ਦੂਜੇ ਦੀਆਂ ਯੂਨੀਵਰਸਿਟੀਆਂ, ਕਾਲਜਾਂ ਵਿਚ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਫਿਰ ਯੂਕਰੇਨ ਵਰਗੇ ਦੇਸ਼ ਵਿਚ ਡਾਕਟਰੀ ਪੜ੍ਹਨ ਲਈ ਨਹੀਂ ਜਾਣਾ ਪਵੇਗਾ। ਆਮ ਲੋਕਾਂ ਨੂੰ ਦੋਵੇਂ ਦੇਸ਼ਾਂ ਵਿਚ ਆਪਣੀਆਂ ਹਕੂਮਤਾਂ 'ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਅਮਨ ਚਾਹੁੰਦੇ ਹਨ, ਲੜਾਈ ਨਹੀਂ। ਪਾਕਿਸਤਾਨ ਵਿਚ ਕਿਉਂਕਿ ਫ਼ੌਜ ਅਤੇ ਮੌਲਾਣਿਆਂ ਲਈ ਇਹ ਆਵਾਜ਼ ਉਠਾਉਣੀ ਮੁਸ਼ਕਿਲ ਹੈ ਪਰ ਭਾਰਤੀਆਂ ਨੂੰ ਆਪਣੀ ਹਕੂਮਤ ਨੂੰ ਸਾਫ਼ ਤੌਰ 'ਤੇ ਦੱਸ ਦੇਣਾ ਚਾਹੀਦਾ ਹੈ ਕਿ ਉਹ ਜਾਤ-ਪਾਤ ਜਾਂ ਮਜ਼ਹਬ ਦੇ ਨਾਂਅ 'ਤੇ ਲੋਕਾਂ ਵਿਚ ਨਫ਼ਰਤ ਦੇ ਪ੍ਰਚਾਰ 'ਤੇ ਪਾਬੰਦੀ ਲਾਵੇ। ਭਾਰਤ ਨੂੰ ਵੱਡਾ ਭਰਾ ਹੋਣ ਕਰਕੇ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ ਅਤੇ ਦੋਵਾਂ ਦੇਸ਼ਾਂ ਵਿਚ ਸੰਬੰਧ ਬਿਹਤਰ ਬਣਾਉਣ ਲਈ ਪਹਿਲ ਕਰਨੀ ਚਾਹੀਦੀ ਹੈ।

1950ਵਿਆਂ ਵਿਚ ਹਿੰਦੀ ਚੀਨੀ ਭਾਈ-ਭਾਈ ਦੇ ਨਾਅਰੇ ਆਮ ਲਗਾਏ ਜਾਂਦੇ ਸਨ ਇਹ ਅਲਹਿਦਾ ਗੱਲ ਹੈ ਕਿ ਚੀਨ ਨੇ 1962 ਵਿਚ ਭਾਰਤ 'ਤੇ ਹਮਲਾ ਕਰਕੇ ਇਹ ਸੁਪਨੇ ਤੋੜ ਦਿੱਤੇ ਅਤੇ ਉਦੋਂ ਵੀ ਹੱਦਾਂ 'ਤੇ ਦੋਵਾਂ ਦੇਸ਼ਾਂ ਵਿਚ ਝਪਟਾਂ ਹੁੰਦੀਆਂ ਰਹਿੰਦੀਆਂ ਸਨ। ਚੀਨ ਨੇ ਪਾਕਿਸਤਾਨ ਵਿਚ ਆਪਣਾ ਅਸਰ-ਰਸੂਖ ਵਧਾ ਲਿਆ, ਇਸ ਕਰਕੇ ਵੀ ਉਹ ਪਾਕਿਸਤਾਨ ਨੂੰ ਭਾਰਤ ਨਾਲ ਚੰਗੇ ਸੰਬੰਧ ਨਹੀਂ ਬਣਾਉਣ ਦੇਵੇਗਾ। ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਚੀਨ ਨੇ ਭਾਰਤ ਨੂੰ ਧੋਖਾ ਦਿੱਤਾ ਹੈ, ਉਹ ਪਾਕਿਸਤਾਨ ਨਾਲ ਵੀ ਉਦੋਂ ਤੱਕ ਹੀ ਦੋਸਤੀ ਦਾ ਪਾਖੰਡ ਕਰਨਗੇ ਜਦ ਤੱਕ ਉਸ ਦਾ ਆਪਣਾ ਫਾਇਦਾ ਹੈ। ਉਹ ਪਾਕਿਸਤਾਨ ਵਿਚੋਂ ਦੀ ਅਰਬ ਸਾਗਰ ਨਾਲ ਲਿੰਕ ਚਾਹੁੰਦਾ ਹੈ, ਇਸ ਕਰਕੇ ਕੌਰੀਡੋਰ ਦਾ ਚੋਗਾ ਪਾਉਂਦਾ ਹੈ। ਪਾਕਿਸਤਾਨ ਦੇ ਆਪਣੇ ਫਾਇਦੇ ਵਿਚ ਹੈ ਕਿ ਉਹ ਦੂਸਰੇ ਦੇਸ਼ਾਂ 'ਤੇ ਨਿਰਭਰ ਰਹਿਣ ਦੀ ਨੀਤੀ ਤਿਆਗੇ। ਪਹਿਲਾਂ ਬਰਤਾਨੀਆ ਫਿਰ ਅਮਰੀਕਾ ਨੇ ਉਸ ਨੂੰ ਵਰਤਿਆ ਤੇ ਪਿੱਛੋਂ ਦੋਵੇਂ ਪਿੱਛੇ ਹਟ ਗਏ। ਚੀਨ ਵੀ ਇੰਝ ਹੀ ਕਰੇਗਾ।

ਪਾਕਿਸਤਾਨ ਦਾ ਤਾਂ ਸਾਡੇ ਨਾਲ ਬੜਾ ਕੁਝ ਸਾਂਝਾ ਹੈ। ਫਿਰ ਇਥੇ ਕੋਈ 20 ਕਰੋੜ ਮੁਸਲਮਾਨ ਹਨ। ਲਗਭਗ ਓਨੇ ਹੀ ਜਿੰਨੇ ਪਾਕਿਸਤਾਨ ਵਿਚ ਹਨ। ਜੇ ਉਹ ਭਾਰਤ ਨਾਲ ਚੰਗੇ ਸੰਬੰਧ ਰੱਖੇਗਾ ਤਾਂ ਇਥੋਂ ਦੇ ਮੁਸਲਮਾਨਾਂ ਨੂੰ ਵੀ ਆਪਣੇ ਆਪ ਨੂੰ ਭਾਰਤੀ ਸਮਝਣ ਵਿਚ ਸੌਖ ਹੋਵੇਗੀ। 75 ਸਾਲ ਦੀ ਦੁਸ਼ਮਣੀ ਨੇ ਦੋਵਾਂ ਦੇਸ਼ਾਂ ਦਾ ਨੁਕਸਾਨ ਹੀ ਕੀਤਾ ਹੈ। ਦੋਵਾਂ ਨੂੰ ਚਾਹੀਦਾ ਹੈ ਕਿ ਹੁਣ ਇਕ-ਦੂਜੇ ਵੱਲ ਦੋਸਤੀ ਦਾ ਹੱਥ ਵਧਾਉਣ। ਇਹ ਦੋਸਤੀ ਲੋਕਾਂ ਦੀ ਉਮੰਗ ਹੈ ਅਤੇ ਸਮੇਂ ਦੀ ਲੋੜ ਹੈ।

 

ਅਮਰਜੀਤ ਸਿੰਘ ਹੇਅਰ