ਪੰਜਾਬ 'ਚ ਲੁਧਿਆਣਾ ਜ਼ਿਲ੍ਹੇ ਦੇ ਲੋਕ ਸਭ ਤੋਂ ਵੱਧ ਕਰਦੇ ਹਨ ਨਸ਼ਾ

ਪੰਜਾਬ 'ਚ ਲੁਧਿਆਣਾ ਜ਼ਿਲ੍ਹੇ ਦੇ ਲੋਕ ਸਭ ਤੋਂ ਵੱਧ  ਕਰਦੇ ਹਨ ਨਸ਼ਾ

 *ਨਸ਼ਾ ਛੁਡਾਊ ਕੇਂਦਰ ਤੇ ਓਓਏਟੀ. ਕਲੀਨਿਕ 'ਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ ਰਾਹੀਂ ਹੋਇਆ ਖੁਲਾਸਾ

*ਨਸ਼ਿਆਂ ਵਿਚ ਦੂਜੇ ਨੰਬਰ ’ਤੇ ਮੋਗਾ , ਤੀਜੇ ਨੰਬਰ ’ਤੇ ਪਟਿਆਲਾ   ਚੌਥੇ  ’ਤੇ ਸੰਗਰੂਰ ਤੇ 5ਵੇਂ ਸਥਾਨ ’ਤੇ ਤਰਨਤਾਰਨ  

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਪੰਜਾਬ 'ਚ ਲੁਧਿਆਣਾ ਜ਼ਿਲ੍ਹੇ ਦੇ ਲੋਕ ਸਭ ਤੋਂ ਵੱਧ ਨਸ਼ਾ ਕਰਦੇ ਹਨ। ਇਹ ਅਸੀਂ ਨਹੀਂ, ਪੰਜਾਬ ਦੇ ਨਸ਼ਾ ਛੁਡਾਊ ਕੇਂਦਰ ਅਤੇ ਓ. ਓ. ਏ. ਟੀ. ਕਲੀਨਿਕ 'ਚ ਰਜਿਸਟਰਡ ਮਰੀਜ਼ਾਂ ਦੀ ਗਿਣਤੀ ਦੱਸ ਰਹੀ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ 'ਚ ਸਭ ਤੋਂ ਵੱਧ ਮਰੀਜ਼ ਰਜਿਸਟਰ ਹੋਏ ਹਨ। ਦੂਜੇ ਨੰਬਰ ’ਤੇ ਮੋਗਾ ਜ਼ਿਲ੍ਹਾ, ਤੀਜੇ ਨੰਬਰ ’ਤੇ ਪਟਿਆਲਾ ਜ਼ਿਲ੍ਹਾ ਹੈ। ਸੰਗਰੂਰ ਚੌਥੇ ਸਥਾਨ ’ਤੇ ਅਤੇ ਤਰਨਤਾਰਨ 5ਵੇਂ ਸਥਾਨ ’ਤੇ ਹੈ। ਉਸ ਤੋਂ ਬਾਅਦ ਮੁਕਤਸਰ, ਬਠਿੰਡਾ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਐੱਸ. ਏ. ਐੱਸ. ਨਗਰ (ਮੋਹਾਲੀ), ਫਿਰੋਜ਼ਪੁਰ, ਬਰਨਾਲਾ, ਗੁਰਦਾਸਪੁਰ, ਕਪੂਰਥਲਾ, ਐੱਸ. ਬੀ.ਐੱਸ. ਨਗਰ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਠਾਨਕੋਟ ਜ਼ਿਲ੍ਹੇ ਇਸ ਸੂਚੀ 'ਚ ਆਉਂਦੇ ਹਨ। ਅੰਕੜਿਆਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਓਟਸ ਕਲੀਨਿਕਾਂ 'ਚ ਕੁੱਲ 2,77,384 ਮਰੀਜ਼ ਰਜਿਸਟਰਡ ਹਨ, ਜਦਕਿ ਨਿੱਜੀ ਨਸ਼ਾ ਛੁਡਾਊ ਕੇਂਦਰਾਂ 'ਚ 6,72,123 ਮਰੀਜ਼ਾਂ ਸਣੇ ਪੂਰੇ ਸੂਬੇ ’ਚ ਕੁੱਲ 9,49,507 ਮਰੀਜ਼ ਰਜਿਸਟਰਡ ਹਨ। ਅੰਕੜੇ ਦੱਸਦੇ ਹਨ ਕਿ ਹਰ 18,000 ਨਵੇਂ ਲੋਕ ਨਸ਼ਾਮੁਕਤੀ ਲਈ ਰਜਿਸਟਰ ਹੋ ਰਹੇ ਹਨ।

ਸਭ ਤੋਂ ਜ਼ਿਆਦਾ ਓਪੀਆਡ ਤੇ ਅਫ਼ੀਮ ਦਾ ਨਸ਼ਾ

ਸਿਹਤ ਵਿਭਾਗ ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਨਸ਼ਾ ਓਪੀਆਡ ਦਾ ਕੀਤਾ ਜਾਂਦਾ ਹੈ। ਓਪੀਆਡ ਬਣਾਉਣ ਲਈ ਅਫ਼ੀਮ ਅਤੇ ਰਸਾਇਣ ਮਿਲਾਏ ਜਾਂਦੇ ਹਨ। ਇਹ ਅਫ਼ੀਮ ਦਾ ਸਿੰਥੈਟਿਕ ਰੂਪ ਹੈ। ਜੇਕਰ ਅੰਕੜਿਆਂ ਦੀ ਮੰਨੀਏ ਤਾਂ ਪੰਜਾਬ 'ਚ 4,78,283 ਲੋਕ ਓਪੀਆਡ ਦੇ ਆਦੀ ਹਨ। ਉਸ ਤੋਂ ਬਾਅਦ ਅਫ਼ੀਮ ਦਾ ਨਸ਼ਾ ਦੂਜੇ ਸਥਾਨ ’ਤੇ ਹੈ। ਪੰਜਾਬ ਦੇ 3,80,111 ਲੋਕ ਅਫ਼ੀਮ ਦਾ ਸੇਵਨ ਕਰਦੇ ਹਨ। ਪੰਜਾਬ ਦੇ 2,89,150 ਲੋਕ ਨਸ਼ੇ ਲਈ ਹੈਰੋਇਨ ਦਾ ਸੇਵਨ ਕਰਦੇ ਹਨ। 1,05,929 ਲੋਕ ਸ਼ਰਾਬ ਪੀਣ ਦੀਵਾਨੇ ਹਨ। ਬੁਪ੍ਰੇਨੋਰਫਾਈਨ (ਦਰਦ ਨਿਵਾਰਕ ਗੋਲੀਆਂ) ਦੀ ਵਰਤੋਂ 1,04,198 ਲੋਕ ਨਸ਼ੇ ਲਈ ਕਰਦੇ ਹਨ। 50,871 ਲੋਕ ਨਸ਼ੇ ਲਈ ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। 25,584 ਲੋਕ ਨੀਂਦ ਦੀਆਂ ਗੋਲੀਆਂ ਖਾਂਦੇ ਹਨ। 21,945 ਲੋਕ ਨਸ਼ੇ ਲਈ ਭੰਗ ਦਾ ਸੇਵਨ ਕਰਦੇ ਹਨ। ਡੇਕਸਟ੍ਰੋਪਰੋਪੋਜੈਕਸੀਫੀਨ ਗੋਲੀਆਂ ਦਾ ਨਸ਼ੇ ਲਈ ਸੇਵਨ ਕਰਨ ਵਾਲਿਆਂ ਦੀ ਗਿਣਤੀ 11,933 ਹੈ। ਇਨਹੇਲਰਜ਼ ਨਾਲ ਨਸ਼ਾ ਕਰਨ ਵਾਲੇ ਲੋਕਾਂ ਦੀ ਗਿਣਤੀ 5,155 ਹੈ। ਐਮਫੇਟਾਮਾਈਨ ਸਿੰਥੈਟਿਕ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਗਿਣਤੀ 2,238 ਹੈ। ਦਰਦ ਨਿਵਾਰਕ ਟੀਕਾ ਪੈਂਟਾਜੋਸਾਈਨ ਨੂੰ ਨਸ਼ੇ ਲਈ 1,871 ਲੋਕ ਵਰਤਦੇ ਹਨ। ਕੋਕੀਨ ਦਾ ਨਸ਼ਾ ਕਰਨ ਵਾਲਿਆਂ ਦੀ ਗਿਣਤੀ 926 ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਨਸ਼ਾਮੁਕਤੀ ਲਈ ਰਜਿਸਟਰ ਮਰੀਜ਼

ਅੰਮ੍ਰਿਤਸਰ 50,347, ਬਰਨਾਲਾ 36,282, ਬਠਿੰਡਾ 50,565, ਫਰੀਦਕੋਟ 21,491, ਫ਼ਤਹਿਗੜ੍ਹ ਸਾਹਿਬ 17,951, ਫਾਜ਼ਿਲਕਾ1 9,600, ਫਿਰੋਜ਼ਪੁਰ 36,296, ਗੁਰਦਾਸਪੁਰ 36,029, ਹੁਸ਼ਿਆਰਪੁਰ 42,804, ਜਲੰਧਰ 45,333, ਕਪੂਰਥਲਾ 27,006, ਲੁਧਿਆਣਾ 1,46,938, ਮਾਨਸਾ 22,633, ਮੋਗਾ 68,151, ਮੁਕਤਸਰ 55,347, ਪਠਾਨਕੋਟ 10,098, ਪਟਿਆਲਾ 67,128, ਰੂਪਨਗਰ 17,104, ਸੰਗਰੂਰ61,225, ਐੱਸ. ਬੀ. ਐੱਸ. ਨਗਰ 22,963, ਐੱਸ. ਏ. ਐੱਸ. ਨਗਰ 38,785, ਤਰਨਤਾਰਨ 55,431

ਕੀ ਕਹਿੰਦੇ ਹਨ ਸਿਹਤ ਮੰਤਰੀ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਨਸ਼ਾਮੁਕਤੀ ਲਈ ਸੂਬੇ ਦੇ ਹਰ ਜ਼ਿਲ੍ਹੇ ਵਿਚ ਓ. ਓ. ਏ. ਟੀ. ਸੈਂਟਰ ਚਲਾਏ ਜਾ ਰਹੇ ਹਨ। ਕੇਂਦਰਾਂ ’ਤੇ ਕੌਂਸਲਿੰਗ ਦੇ ਆਧਾਰ ’ਤੇ ਮਰੀਜ਼ਾਂ ਨੂੰ ਨਸ਼ਾਮੁਕਤੀ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮਰੀਜ਼ਾਂ ਨੂੰ ਯੋਗਾ ਦੇ ਮਾਧਿਅਮ ਨਾਲ ਧਿਆਨ ਸਿਖਾ ਰਹੇ ਹਾਂ। ਕੇਂਦਰਾਂ ਵਿਚ ਮਨੋਵਿਗਿਆਨੀ ਕੰਮ ਕਰ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਜਾਵੇਗਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਮਰੀਜ਼ਾਂ ਦੀ ਕੌਂਸਲਿੰਗ ਕੀਤੀ ਜਾ ਸਕੇ।