ਅੱਜ ਦਾ ਦਿਨ ਕਿਸਾਨ ਸੰਘਰਸ਼ ਲਈ ਹੋਵੇਗਾ ਅਹਿਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੱਜ ਦਾ ਦਿਨ ਕਿਸਾਨ ਸੰਘਰਸ਼ ਲਈ ਅਹਿਮ ਹੋ ਸਕਦਾ ਹੈ ਕਿਉਂਕਿ ਜਿੱਥੇ ਇਕ ਪਾਸੇ ਅੱਜ ਕਿਸਾਨ ਜਥੇਬੰਦੀਆਂ ਦੀ ਭਾਰਤ ਸਰਕਾਰ ਨਾਲ ਬੈਠਕ ਹੈ ਉੱਥੇ ਨਾਲ ਹੀ 26 ਜਨਵਰੀ ਦੀ ਕਿਸਾਨ ਪਰੇਡ ਸਬੰਧੀ ਵੀ ਦਿੱਲੀ ਪੁਲਸ ਆਪਣਾ ਪੱਖ ਸਪਸ਼ਟ ਕਰ ਸਕਦੀ ਹੈ।
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਦੇ ਰਿੰਗ ਰੋਡ 'ਤੇ 50 ਕਿਲੋਮੀਟਰ ਲੰਬੀ ਕਿਸਾਨ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਵਿਚ ਹਜ਼ਾਰਾਂ ਟਰੈਕਟਰ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਬੀਤੇ ਕੱਲ੍ਹ ਦਿੱਲੀ ਪੁਲਸ ਦੇ ਉੱਚ ਅਫਸਰਾਂ ਦੀ ਕਿਸਾਨ ਆਗੂਆਂ ਨਾਲ ਬੈਠਕ ਹੋਈ ਜਿਸ ਵਿਚ ਦਿੱਲੀ ਪੁਲਸ ਨੇ ਕਿਹਾ ਕਿ ਇਹ ਪਰੇਡ ਦਿੱਲੀ ਤੋਂ ਬਾਹਰ ਕੀਤੀ ਜਾਵੇ ਪਰ ਕਿਸਾਨ ਆਗੂਆਂ ਨੇ ਪੁਲਸ ਨੂੰ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਬਾਹਰੀ ਰਿੰਗ ਰੋਡ ’ਤੇ ਕੀਤੀ ਜਾਵੇਗੀ, ਜਿਸ ਲਈ ਕਿਸੇ ਆਗਿਆ ਦੀ ਜ਼ਰੂਰਤ ਨਹੀਂ। ਪੁਲਸ ਨੇ ਬੀਤੇ ਕੱਲ੍ਹ ਸਪਸ਼ਟ ਨਹੀਂ ਕੀਤਾ ਕਿ ਕਿਸਾਨਾਂ ਨੂੰ ਇਹ ਪਰੇਡ ਕਰਨ ਦਿੱਤੀ ਜਾਵੇਗੀ ਜਾਂ ਨਹੀਂ। ਕਿਸਾਨ ਆਗੂਆਂ ਅਤੇ ਪੁਲਸ ਅਫਸਰਾਂ ਦਰਮਿਆਨ ਅੱਜ ਫੇਰ ਬੈਠਕ ਹੋਵੇਗੀ।
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਕੱਲ੍ਹ ਦਿੱਲੀ ਪੁਲਿਸ ਦੇ ਮੁੱਖ ਦਫਤਰ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਮਿਤ ਸ਼ਾਹ ਨੇ ਉੱਚ ਪੱਧਰੀ ਬੈਠਕ ਕੀਤੀ ਜਿਸ ਵਿਚ ਰਾਜ ਗ੍ਰਹਿ ਮੰਤਰੀ ਜੀ ਕਿਸ਼ਨ ਰੈਡੀ, ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ, ਆਈਬੀ ਨਿਰਦੇਸ਼ਕ ਅਰਵਿੰਦ ਕੁਮਾਰ, ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵਾ ਤੇ ਹੋਰ ਉੱਚ ਅਫਸਰ ਸ਼ਾਮਲ ਸਨ।
ਦਿੱਲੀ ਪੁਲਸ ਵੱਲੋਂ ਕਿਸਾਨ ਧਰਨਿਆਂ ਤੋਂ ਅੱਗੇ ਦਿੱਲੀ ਵਾਲੇ ਪਾਸੇ ਬਹੁਤ ਸਖਤ ਰੋਕਾਂ ਲਾਈਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਐਲਾਨੇ ਗਏ ਰਾਹ 'ਤੇ ਪੂਰਨ ਸ਼ਾਂਤਮਈ ਕਿਸਾਨ ਪਰੇਡ ਕਰਨਗੇ।
ਅੱਜ ਦੀ ਬੈਠਕ ਵਿਚ ਕੇਂਦਰ ਸਰਕਾਰ ਦਾ ਰਵੱਈਆ ਸਪਸ਼ਟ ਕਰੇਗਾ ਕਿ ਸਰਕਾਰ ਕਿਸਾਨਾਂ ਦੇ ਸੰਘਰਸ਼ ਦਾ ਦਬਾਅ ਮੰਨ ਰਹੀ ਹੈ ਜਾਂ ਇਸਨੂੰ ਹਲਕੇ ਵਿਚ ਲੈ ਰਹੀ ਹੈ। ਸੂਤਰਾਂ ਮੁਤਾਬਕ ਅੱਜ ਦੀ ਬੈਠਕ ਵਿਚ ਕੋਈ ਨਵੀਂ ਗੱਲ ਹੋ ਸਕਦੀ ਹੈ। ਕਿਸਾਨ ਜਥੇਬੰਦੀਆਂ ਅੱਜ ਦੀ ਬੈਠਕ ਵਿਚ ਐਨਆਈਏ ਵੱਲੋਂ ਸੰਘਰਸ਼ ਦੇ ਸਮਰਥਕਾਂ ਨੂੰ ਭੇਜੇ ਗਏ ਸੰਮਨਾਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਣਗੀਆਂ।
Comments (0)