ਟਾਈਟਲਰ ਖ਼ਿਲਾਫ਼ ਦੋਸ਼ ਪੱਤਰ 'ਤੇ ਸੁਣਵਾਈ19 ਤਕ ਮੁਲਤਵੀ

ਟਾਈਟਲਰ ਖ਼ਿਲਾਫ਼ ਦੋਸ਼ ਪੱਤਰ 'ਤੇ  ਸੁਣਵਾਈ19 ਤਕ ਮੁਲਤਵੀ

ਮਾਮਲਾ 84 ਸਿੱਖ ਨਸਲਕੁਸ਼ੀ ਦਾ

ਸਿਖਾਂ ਵਲੋਂ ਦੋਸ਼ ਕਿ ਟਾਈਟਲਰ ਨੇ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ ਵਿਚ ਭੀੜ ਨੂੰ ਭੜਕਾਕੇ ਹਿੰਸਾ ਕਰਵਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ-ਸਿੱਖ ਕਤਲੇਆਮ 1984 ਨਾਲ ਸਬੰਧਿਤ ਇਕ ਮਾਮਲੇ ਵਿਚ ਦਿੱਲੀ ਦੀ ਅਦਾਲਤ ਵਲੋਂ ਕਾਂਗਰਸੀ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਦੋਸ਼ ਪੱਤਰ 'ਤੇ ਨੋਟਿਸ ਲੈਣ ਲਈ ਸੁਣਵਾਈ 19 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ।ਅਦਾਲਤ ਨੇ ਕਿਹਾ ਕਿ ਇਸ ਮਾਮਲੇ ਨਾਲ ਸਬੰਧਿਤ ਦਸਤਾਵੇਜ਼ ਉਨ੍ਹਾਂ ਨੂੰ ਹੁਣੇ ਪ੍ਰਾਪਤ ਹੋਏ ਹਨ ਅਤੇ ਇਨ੍ਹਾਂ ਦਸਤਾਵੇਜ਼ਾਂ ਨੂੰ ਵੇਖਣ ਤੋਂ ਬਾਅਦ ਹੀ ਨੋਟਿਸ ਬਾਰੇ ਆਦੇਸ਼ ਜਾਰੀ ਕੀਤਾ ਜਾਵੇਗਾ । ਰਾਊਜ਼ ਐਵਨਿਊ ਸਥਿਤ ਵਧੀਕ ਮੁੱਖ ਮੈਟਰੋਪਾਲਿਟਨ ਜੱਜ ਵਿਧੀ ਗੁਪਤਾ ਆਨੰਦ ਦੀ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ ਲਈ ਮੁਲਤਵੀ ਕਰਦੇ ਹੋਏ ਕਿਹਾ ਕਿ ਕੜਕੜਡੂਮਾ ਅਦਾਲਤ ਦੇ ਰਿਕਾਰਡ ਪ੍ਰਭਾਰੀ ਦੁਆਰਾ ਹੁਣੇ ਇਸ ਮਾਮਲੇ ਨਾਲ ਸਬੰਧਿਤ ਦਸਤਾਵੇਜ਼ ਸੌਂਪੇ ਗਏ ਹਨ ।ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਹੀ ਸਬੰਧਤ ਮਾਮਲੇ ਵਿਚ ਅਗਲੇਰੀ ਕਾਰਵਾਈ ਹੋਵੇਗੀ ।ਦੱਸਣਯੋਗ ਹੈ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਤੋਂ ਬਾਅਦ ਜਗਦੀਸ਼ ਟਾਈਟਲਰ ਦਾ ਨਾਂਅ ਸਿੱਖ ਕਤਲੇਆਮ 'ਚ ਮੁਲਜ਼ਮ ਵਲੋਂ ਲਿਆ ਜਾਂਦਾ ਹੈ । ਦੋਸ਼ ਹੈ ਕਿ ਟਾਈਟਲਰ ਨੇ 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰਾ ਆਜ਼ਾਦ ਮਾਰਕੀਟ ਵਿਚ ਭੀੜ ਨੂੰ ਉਕਸਾਇਆ ਤੇ ਭੜਕਾਇਆ । ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਅੱਗ ਵੀ ਲਾਈ ਗਈ ਸੀ ਅਤੇ ਤਿੰਨ ਲੋਕਾਂ ਦਾ ਕਤਲ ਵੀ ਕੀਤਾ ਗਿਆ ਸੀ ।