ਮਿਊਜ਼ਿਕ ਵੀਡੀਓ ਵਰਗ ਵਿਚ ਪਹਿਲੇ ਨੰਬਰ 'ਤੇ ਚੱਲ ਰਿਹਾ ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' 

ਮਿਊਜ਼ਿਕ ਵੀਡੀਓ ਵਰਗ ਵਿਚ ਪਹਿਲੇ ਨੰਬਰ 'ਤੇ ਚੱਲ ਰਿਹਾ ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' 

 *25 ਮਿੰਟਾਂ 'ਚ ਆਏ ਸਨ 1.3 ਮਿਲੀਅਨ ਵਿਊਜ਼,ਬਰਨਾ ਬੁਆਏ ਦੇ ਨਾਂ ਜੁੜਿਆ ਇਹ ਰਿਕਾਰਡ

*ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਬਿਸ਼ਨੋਈ ਗੈਂਗਸਟਰ ਵਲੋਂ ਮਿਲੀ ਸੀ ਧਮਕੀ, ਕਿਹਾ-ਐੱਸਵਾਈਐੱਲ ਵਰਗਾ ਵਿਵਾਦਿਤ ਗਾਣਾ ਰਿਲੀਜ਼ ਨਾ ਹੋਵੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲੰਧਰ : ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਦਾ ਨਵਾਂ ਗੀਤ 'ਮੇਰਾ ਨਾਂ' 7 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਉਸ ਦੇ ਚਾਹੁਣ ਵਾਲਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਰਿਲੀਜ਼ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਇਹ ਗਾਣਾ ਯੂ-ਟਿਊਬ ਵਿਚ ਟਰੈਂਡਿੰਗ ਸੂਚੀ ਵਿਚ ਆ ਗਿਆ। ਇਸ ਵੇਲੇ ਤਕ ਵੀ ਇਹ ਮਿਊਜ਼ਿਕ ਵੀਡੀਓ ਵਰਗ ਵਿਚ ਪਹਿਲੇ ਨੰਬਰ 'ਤੇ ਚੱਲ ਰਿਹਾ ਹੈ। ਇਸ ਗੀਤ ਨਾਲ ਕਈ ਰਿਕਾਰਡ ਟੁੱਟ ਸਕਦੇ ਹਨ ਤੇ ਨਵੇਂ ਕੀਰਤੀਮਾਨ ਵੀ ਸਥਾਪਤ ਹੋ ਸਕਦੇ ਹਨ। ਇਸ ਗੀਤ ਵਿਚ ਸਿੱਧੂ ਮੂਸੇਵਾਲਾ ਦਾ ਸਾਥ ਦੇਣ ਵਾਲੇ ਰੈਪਰ ਬਰਨਾ ਬੁਆਏ ਦੇ ਨਾਂ ਵੀ ਇਕ ਨਵਾਂ ਰਿਕਾਰਡ ਜੁੜ ਗਿਆ ਹੈ। 

ਮੂਸੇਵਾਲਾ ਦੇ ਨਵੇਂ ਗਾਣੇ ‘ਮੇਰਾ ਨਾਂ’ ’ਚ ਉਨ੍ਹਾਂ ਦਾ ਸਾਥ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਨੇ ਦਿੱਤਾ ਹੈ। ਇਸ ਗੀਤ ਦੇ ਨਾਲ ਹੀ ਬਰਨਾ ਬੁਆਏ ਦੇ ਨਾਂ ਇਕ ਨਵਾਂ ਰਿਕਾਰਡ ਜੁੜ ਗਿਆ ਹੈ। ‘ਮੇਰਾ ਨਾਂ’ ਦੀ ਵੀਡੀਓ ਯੂ-ਟਿਊਬ 'ਤੇ ਇਕ ਦਿਨ ਵਿਚ ਸਭ ਤੋਂ ਵੱਧ ਵੇਖੀ ਜਾਣ ਵਾਲੀ ਅਫ਼ਰੀਕੀ ਕਲਾਕਾਰ ਦੀ ਵੀਡੀਓ ਬਣ ਗਈ ਹੈ। ਯਾਨੀ ਬਰਨਾ ਬੁਆਏ ਅਜਿਹੇ ਪਹਿਲੇ ਅਫ਼ਰੀਕੀ ਕਲਾਕਾਰ ਬਣ ਗਏ ਹਨ, ਜਿਨ੍ਹਾਂ ਦੀ ਵੀਡੀਓ ਨੂੰ ਯੂ-ਟਿਊਬ 'ਤੇ ਇਕ ਦਿਨ ਵਿਚ 13 ਮੀਲੀਅਨ ਲੋਕਾਂ ਨੇ ਵੇਖਿਆ ਹੈ। 

ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੁੱਝ ਸਮਾਂ ਪਹਿਲਾਂ ਇਸ ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਫੈਨਜ਼ ਵੱਲੋਂ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। 7 ਅਪ੍ਰੈਲ ਨੂੰ ਜਦ ਇਹ ਗੀਤ ਰਿਲੀਜ਼ ਹੋਇਆ ਤਾਂ ਵੇਖਦਿਆਂ ਹੀ ਵੇਖਦਿਆਂ ਇਸ ਗੀਤ 'ਤੇ ਵਿਊਜ਼ ਦੀ ਗਿਣਤੀ ਮਿਲੀਅਨਜ਼ ਵਿਚ ਜਾ ਪਹੁੰਚੀ। ਇਸ ਗੀਤ ਦੀ ਵੀਡੀਓ ਨੂੰ ਯੂ-ਟਿਊਬ 'ਤੇ ਰਿਲੀਜ਼ ਹੋਣ ਦੇ 25 ਮਿੰਟਾਂ ਬਾਅਦ ਹੀ 1.3 ਮਿਲੀਅਨ ਤੋਂ ਵੱਧ ਵਾਰ ਵੇਖਿਆ ਗਿਆ। 3 ਘੰਟਿਆਂ ਵਿਚ ਵਿਊਜ਼ ਦੀ ਗਿਣਤੀ 4 ਮਿਲੀਅਨ ਦੇ ਨੇੜੇ ਪਹੁੰਚ ਗਈ ਸੀ। ਪਹਿਲੇ 24 ਘੰਟਿਆਂ ਵਿਚ ਗੀਤ ਨੂੰ 13 ਮਿਲੀਅਨ ਵਾਰ ਸੁਣਿਆ ਗਿਆ। ਇਸ ਵੇਲੇ ਇਹ ਅੰਕੜਾ 16 ਮਿਲੀਅਨ 'ਤੇ ਪਹੁੰਚ ਚੁੱਕਿਆ ਹੈ

ਗੀਤ ਦੀ ਵੀਡੀਓ ਵਿਚ ਮੂਸੇਵਾਲਾ ਦੀਆਂ ਬਿਲਬੋਰਡ 'ਤੇ ਵੀਡੀਓਜ਼ ਅਤੇ ਟਰੱਕਾਂ, ਕੰਧਾਂ ਅਤੇ ਅਖਬਾਰਾਂ ਵਿਚ ਛਪੀਆਂ ਤਸਵੀਰਾਂ ਅਤੇ ਪੇਂਟਿੰਗਾਂ ਨੂੰ ਦਰਸਾਇਆ ਗਿਆ ਹੈ । ਦੱਸਣਯੋਗ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਉਸ ਦਾ ਤੀਸਰਾ ਗੀਤ ਹੈ, ਇਸ ਤੋਂ ਪਹਿਲਾਂ ਉਸ ਦੇ ਗੀਤ 'ਐਸ.ਵਾਈ.ਐਲ.' ਅਤੇ 'ਵਾਰ' ਆਏ ਸਨ ।

ਕੌਣ ਹੈ ਬਰਨਾ ਬੁਆਏ 

ਬਰਨਾ ਬੁਆਏ ਦਾ ਅਸਲੀ ਨਾਂ ਡੈਮਿਨੀ ਓਗੁਲੂ ਹੈ। ਬਰਨਾ ਬੁਆਏ ਦਾ ਜਨਮ ਨਾਈਜੀਰੀਆ ਦੇ ਪੋਰਟ ਹਾਰੋਕੋਰਟ ਵਿੱਚ ਹੋਇਆ ਸੀ।ਬਰਨਾ ਬੁਆਏ ਦੀ ਪਹਿਲੀ ਐਲਬਮ 2013 ਵਿੱਚ 'ਲਾਈਫ ਐਨ ਐਕਰੋਨੀਅਮ ਫਾਰ ਲੀਵਿੰਗ ਐਨ ਇਮਪੈਕਟ ਫਾਰ ਇਟਰਨਿਟੀ' ਆਈ ਸੀ।ਉਸ ਮਗਰੋਂ 2015 ਵਿੱਚ ਉਨ੍ਹਾਂ ਐਲਬਮ 'ਰਿਡਮਸ਼ਨ' ਆਈ ਸੀ। ਸਾਲ 2018 ਵਿੱਚ ਆਈ ਉਨ੍ਹਾਂ ਦੀ ਐਲਬਮ 'ਆਊਟਸਾਈਡ ਦਾ ਗੀਤ 'ਯੇ' ਕੌਮਾਂਤਰੀ ਪੱਧਰ ਤੇ ਪ੍ਰਸਿੱਧ ਹੋਇਆ ਸੀ।ਸਾਲ 2019 ਵਿੱਚ ਅਸਲ ਵਿੱਚ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਜਦੋਂ ਉਹ ਗਰੈਮੀ ਐਵਾਰਡਜ਼ ਲਈ ਨਾਮਜ਼ਦ ਹੋਏ ਸੀ।ਬਰਨਾ ਬੁਆਏ ਦੀ ਤੁਲਨਾ ਮਸ਼ਹੂਰ ਨਾਈਜੀਰੀਅਨ ਰੈਪਰ ਫੇਲਾ ਰੈਨਸਮ ਕੁਟੀ ਨਾਲ ਕੀਤੀ ਜਾਂਦੀ ਹੈ।ਬਰਨਾ ਬੁਆਏ ਅਫਰੀਕਾ ਦੀਆਂ ਸਮਾਜਿਕ ਸਮੱਸਿਆਵਾਂ ਬਾਰੇ ਵੀ ਕਾਫੀ ਬੋਲਦੇ ਰਹੇ ਹਨ।

ਦੱਖਣੀ ਅਫਰੀਕਾ ਵਿੱਚ ਸਾਲ 2019 ਵਿੱਚ ਵਧੇ ਨਸਲੀ ਹਮਲਿਆਂ ਨੂੰ ਲੈ ਕੇ ਬੁਰਨਾ ਬੁਆਏ ਨੇ ਸਟੈਂਡ ਲਿਆ ਸੀ।

ਸਾਲ 2019 ਵਿੱਚ ਜਦੋਂ ਚੀਨੀ ਲੋਕਾਂ ਉੱਪਰ ਨਸਲੀ ਹਮਲਿਆਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਤਾਂ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਤਾਂ ਉਹ ਦੇਸ ਵਿੱਚ ਕਦਮ ਨਹੀਂ ਰੱਖਣਗੇ।ਉਨ੍ਹਾਂ ਨੇ ਬੀਤੇ ਸਾਲ ਨਾਈਜੀਰੀਆ ਵਿੱਚ ਪੁਲਿਸ ਦੇ ਤਸ਼ੱਦਦ ਖਿਲਾਫ਼ ਹੋਏ ਮੁਜ਼ਾਹਰਿਆਂ ਵਿੱਚ ਵੀ ਹਿੱਸਾ ਲਿਆ ਸੀ।ਉਨ੍ਹਾਂ ਨੇ ਪੀੜਤਾਂ ਲਈ ਫੰਡਜ਼ ਦਾ ਪ੍ਰਬੰਧ ਵੀ ਕੀਤਾ ਗਿਆ ਸੀ।ਅਕਤੂਬਰ 2020 ਵਿੱਚ ਲਾਗੋਸ ਵਿੱਚ ਲੇਕੀ ਟੋਲ ਗੇਟ ਉੱਤੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਉਨ੍ਹਾਂ ਨੇ ਗੀਤ ਵੀ ਲਿਖਿਆ ਸੀ।ਹਾਲ ਹੀ ਵਿੱਚ ਸੈਨੇਗਲ ਦੇਸ ਵਿੱਚ ਜਦੋਂ ਵਿਰੋਧੀ ਧਿਰ ਦੇ ਨੇਤਾ ਓਸਮੇਨ ਸੌਨਕੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ।ਉਨ੍ਹਾਂ ਮੁਜ਼ਾਹਰਾਕਾਰੀਆਂ ਦੇ ਹੱਕ ਵਿੱਚ ਬਰਨਾ ਬੁਆਏ ਨੇ ਟਵੀਟ ਕੀਤਾ ਸੀ।

ਸਾਲ 2019 ਵਿੱਚ ਉਨ੍ਹਾਂ ਨੂੰ ਐਲਬਮ ਅਫਰੀਕਨ ਜਾਇੰਟ ਲਈ ਪਹਿਲੀ ਵਾਰ ਗਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ।

ਆਖਰ ਸਾਲ 2021 ਵਿੱਚ ਉਨ੍ਹਾਂ ਨੂੰ ਇਹ ਵੱਕਾਰੀ ਪੁਰਸਕਾਰ ਹਾਸਲ ਹੋਇਆ। ਉਨ੍ਹਾਂ ਨੂੰ 'ਬੈਸਟ ਗਲੋਬਲ ਮਿਊਜ਼ਿਕ ਐਲਬਮ' ਵਰਗ ਵਿੱਚ ਇਹ ਇਨਾਮ ਦਿੱਤਾ ਗਿਆ।ਇਸ ਵਰਗ ਵਿੱਚ ਉਨ੍ਹਾਂ ਦੀ 'ਟਵਾਈਸ ਐਜ਼ ਟਾਲ' ਐਲਬਮ ਲਈ ਇਹ ਇਨਾਮ ਮਿਲਿਆ।

ਦਿਲਚਸਪ ਗੱਲ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਇਹ ਇਨਾਮ ਵੰਡ ਸਮਾਗਮ ਬਿਨਾਂ ਦਰਸ਼ਕਾਂ ਦੇ ਹੀ ਕੀਤਾ ਗਿਆ ਸੀ।

ਸਿੱਧੂ ਮੂਸੇਵਾਲਾ ਨੂੰ ਮੰਚ ਉੱਤੇ ਸ਼ਰਧਾਜ਼ਲੀ ਦੇਣ ਅਤੇ ਉਸ ਵਾਂਗ ਥਾਪੀ ਮਾਰ ਕੇ ਹੱਥ ਖੜਾ ਕਰਨ ਅਤੇ ਰੋਣ ਲੱਗ ਜਾਣ ਕਾਰਨ, ਪੰਜਾਬੀਆਂ ਵਿੱਚ ਬਰਨਾ ਬੁਆਏ ਦੀ ਕਾਫੀ ਚਰਚਾ ਹੋ ਰਹੀ।

 ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ 

ਮਰਹੂਮ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦਿੱਤੀ ਹੈ। ਲਾਰੈਂਸ ਦੇ ਫੇਸਬੁੱਕ ਪੇਜ ’ਤੇ ਪੋਸਟ ਪਾ ਕੇ ਇਹ ਧਮਕੀ ਦਿੱਤੀ ਗਈ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਪੋਸਟ ਕਿਸਨੇ ਪਾਈ ਹੈ। ਸਿੱਧੂ ਦੇ ਕਤਲ ਦਾ ਮਾਸਟਰ ਮਾਈਂਡ ਲਾਰੈਂਸ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ। ਉਸਨੇ ਪੋਸਟ ਸ਼ੇਅਰ ਕਰ ਕੇ ਲਿਖਿਆ, ‘ਜੈ ਬਲਕਾਰੀ, ਰਾਮ ਰਾਮ ਜੀ, ਮੈਂ ਸਿੱਧੂ ਦੀ ਟੀਮ ਤੇ ਉਸਦੇ ਪਿਤਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਰ ਐੱਸਵਾਈਐੱਲ ਦੀ ਤਰ੍ਹਾਂ ਕੋਈ ਵਿਵਾਦਤ ਗਾਣਾ ਪ੍ਰਚਾਰਿਤ ਨਾ ਕੀਤਾ ਜਾਵੇ। ਮੈਂ ਇੰਟਰਵਿਊ ਵਿਚ ਵੀ ਦੱਸਿਆ ਸੀ ਕਿ ਮੈਂ ਸੱਚਾ ਦੇਸ਼ ਭਗਤ ਹਾਂ ਤੇ ਜੇ ਸਾਡੇ ਹੁੰਦੇ ਹੋਏ ਇਸ ਦੇਸ਼ ਖਿਲਾਫ਼ ਚੱਲ ਰਹੀ ਮਾਨਸਿਕਤਾ ਨੂੰ ਪ੍ਰਮੋਟ ਕੀਤਾ ਜਾਵੇਗਾ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।’ ਹਿੰਦੀ ਭਾਸ਼ਾ ਵਿਚ ਲਿਖੀ ਇਹ ਪੋਸਟ ਲਾਰੈਂਸ ਬਿਸ਼ਨੋਈ ਗਰੁੱਪ ਦੇ ਫੇਸਬੁੱਕ ਪੇਜ ’ਤੇ ਸ਼ੇਅਰ ਕੀਤੀ ਗਈ ਹੈ।