ਅਮਰੀਕਾ ਵਿਚ ਅਧਿਆਪਕ ਵੱਲੋਂ ਸਕੂਲ ਪ੍ਰਸ਼ਾਸਕਾਂ ਤੇ ਸਕੂਲ ਬੋਰਡ ਵਿਰੁੱਧ 4 ਕਰੋੜ ਡਾਲਰ ਦੇ ਮੁਆਵਜ਼ੇ ਦਾ ਦਾਅਵਾ

ਅਮਰੀਕਾ ਵਿਚ ਅਧਿਆਪਕ ਵੱਲੋਂ ਸਕੂਲ ਪ੍ਰਸ਼ਾਸਕਾਂ ਤੇ ਸਕੂਲ ਬੋਰਡ ਵਿਰੁੱਧ 4 ਕਰੋੜ ਡਾਲਰ ਦੇ ਮੁਆਵਜ਼ੇ ਦਾ ਦਾਅਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਨਿਊਪੋਰਟ ਨਿਊਜ, ਵਰਜੀਨੀਆ ਦੇ ਰਿਚਨੈੱਕ ਐਲੀਮੈਂਟਰੀ ਸਕੂਲ ਦੀ ਫਸਟ ਗਰੇਡ ਅਧਿਆਪਕਾ ਜਿਸ ਉਪਰ ਇਸ ਸਾਲ ਦੇ ਸ਼ੁਰੂ ਵਿਚ ਇਕ 6 ਸਾਲ ਦੇ ਵਿਦਿਆਰਥੀ ਵੱਲੋਂ ਗੋਲੀ ਚਲਾਈ ਗਈ ਸੀ, ਨੇ ਅਦਾਲਤ ਵਿਚ ਸਕੂਲ ਪ੍ਰਸ਼ਾਸਕਾਂ ਤੇ ਸਕੂਲ ਬੋਰਡ ਵਿਰੁੱਧ ਪਟੀਸ਼ਨ ਦਾਇਰ ਕਰਕੇ 4 ਕਰੋੜ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਐਬੀਗੇਲ ਵਰਨਰ (25) ਵੱਲੋਂ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਸਕੂਲ ਪ੍ਰਸ਼ਾਸਕ ਤੇ ਸਕੂਲ ਬੋਰਡ ਵਿਦਿਆਰਥੀ ਦੇ ਹਿੰਸਕ ਰਵਈਏ ਤੋਂ ਜਾਣੂ ਸਨ ਪਰੰਤੂ ਉਨਾਂ ਨੇ ਲੋੜੀਂਦੇ ਕਦਮ  ਨਹੀਂ ਚੁੱਕੇ ਜਿਸ ਕਾਰਨ ਵਿਦਿਆਰਥੀ ਕਲਾਸ ਵਿਚ ਹਥਿਆਰ ਲਿਆਉਣ ਵਿੱਚ ਕਾਮਯਾਬ ਰਿਹਾ। ਅਧਿਆਪਕਾ ਨੇ ਕਿਹਾ ਹੈ ਕਿ ਸਕੂਲ ਦਾ ਸਟਾਫ ਤੇ ਪ੍ਰਸ਼ਾਸਕ ਜਾਣਦੇ ਸਨ ਕਿ ਬੱਚਾ ਆਪਣੇ ਘਰ ਵਿਚ ਹਿੰਸਕ ਹੋ ਜਾਂਦਾ ਸੀ ਤੇ ਬੱਚੇ ਦੇ ਮਾਪਿਆਂ ਨੇ ਉਸ ਨੂੰ ਵਿਸ਼ੇਸ਼ ਕਲਾਸ ਰੂਮ ਵਿਚ ਪੜਾਉਣ ਤੋਂ ਨਾਂਹ ਕਰ ਦਿੱਤੀ ਸੀ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਸਹਾਇਕ ਪ੍ਰਿੰਸੀਪਲ ਨੇ ਅਧਿਆਪਕਾਂ ਤੇ ਸਟਾਫ ਮੈਂਬਰਾਂ ਵੱਲੋਂ ਬੱਚੇ ਬਾਰੇ ਪ੍ਰਗਟਾਈ ਗਈ ਚਿੰਤਾ ਵਲ ਧਿਆਨ ਨਹੀਂ ਦਿੱਤਾ ਜਿਸ ਕਾਰਨ 6 ਜਨਵਰੀ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਜਿਕਰਯੋਗ ਹੈ ਕਿ ਬੱਚੇ ਵੱਲੋਂ ਚਲਾਈ ਗੋਲੀ ਅਧਿਆਪਕਾ ਦੇ ਹੱਥ ਉਪਰ ਲੱਗੀ ਸੀ ਜਿਸ ਕਾਰਨ ਉਸ  ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।