ਹੋ ਸਕਦੀਆਂ ਨੇ ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ,ਕੇਂਦਰ ਸਰਕਾਰ ਨੇ ਚੋਣ ਪ੍ਰਕਿਰਿਆ ਸ਼ੁਰੂ ਕਰਨ ਲਈ ਦਿੱਤੀ ਹਰੀ ਝੰਡੀ  

ਹੋ ਸਕਦੀਆਂ ਨੇ ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ,ਕੇਂਦਰ ਸਰਕਾਰ ਨੇ ਚੋਣ ਪ੍ਰਕਿਰਿਆ ਸ਼ੁਰੂ ਕਰਨ ਲਈ ਦਿੱਤੀ ਹਰੀ ਝੰਡੀ  

ਅੰਮ੍ਰਿਤਸਰ ਟਾਈਮਜ਼ ਬਿਊਰੋ  

ਚੰਡੀਗੜ੍ਹ-ਕੇਂਦਰ ਸਰਕਾਰ ਵਲੋਂ ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ਲਈ ਚੋਣ ਪ੍ਰਕਿਰਿਆ ਸ਼ੁਰੂ ਕਰਨ ਸੰਬੰਧੀ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿਸ ਕਰਕੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਦਾ ਅਮਲ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐਸ.ਐਸ. ਸਾਰੋਂ (ਰਿਟਾ.) ਵਲੋਂ ਪੰਜਾਬ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਤੇ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਗਏ ਹਨ ਕਿ ਸ਼ੋ੍ਮਣੀ ਕਮੇਟੀ ਅੰਮਿ੍ਤਸਰ ਦੇ ਨਵੇਂ ਬੋਰਡ ਦੇ ਗਠਨ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਕੰਮ ਆਰੰਭ ਕਰਵਾਇਆ ਜਾਵੇ । ਪੱਤਰ ਵਿਚ ਕਿਹਾ ਗਿਆ ਕਿ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ-48 ਅਨੁਸਾਰ ਵੋਟਰ ਸੂਚੀਆਂ ਤਿਆਰ ਕੀਤੀਆਂ ਜਾਣੀਆਂ ਹਨ । ਇਨ੍ਹਾਂ ਚੋਣਾਂ ਵਿਚ ਹਿੱਸਾ ਲੈਣ ਵਾਲਾ ਵੋਟਰ 21 ਸਾਲ ਦੀ ਉਮਰ ਤੋਂ ਵੱਧ ਦਾ ਹੋਣਾ ਚਾਹੀਦਾ ਹੈ ਤੇ ਉਹ ਦਾੜੀ ਜਾਂ ਕੇਸ ਨਾ ਕੱਟਦਾ ਹੋਵੇ ਅਤੇ ਨਾ ਹੀ ਸ਼ਰਾਬ ਤੇ ਤੰਬਾਕੂ ਦਾ ਸੇਵਨ ਕਰਦਾ ਹੋਵੇ ।ਨਵੇਂ ਵੋਟਰ ਜੋ ਆਪਣੀ ਵੋਟ ਬਣਾਉਣਾ ਚਾਹੁੰਦੇ ਹਨ, ਉਹ ਇਸ ਲਈ ਆਪਣੇ ਹਲਕੇ ਦੇ ਪਟਵਾਰੀ ਕੋਲ ਪਹੁੰਚ ਕਰਕੇ ਆਪਣਾ ਨਾਂਅ ਦਰਜ ਕਰਵਾ ਸਕਦੇ ਹਨ ।ਜ਼ਿਕਰਯੋਗ ਹੈ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਪੰਥਕ ਧਿਰਾਂ ਵਲੋਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਆਵਾਜ਼ ਚੁੱਕੀ ਜਾਂਦੀ ਰਹੀ ਹੈ ਤੇ ਹੁਣ ਜਾਰੀ ਹੋਏ ਇਸ ਤਾਜ਼ਾ ਪੱਤਰ ਤੋਂ ਬਾਅਦ ਵੱਖ-ਵੱਖ ਧਿਰਾਂ ਵਲੋਂ ਚੋਣਾਂ ਲਈ ਤਿਆਰੀਆਂ ਖਿੱਚੀਆਂ ਜਾਣੀਆਂ ਤੈਅ ਹਨ । ਸ਼ੋ੍ਮਣੀ ਕਮੇਟੀ ਦਾ ਚੋਣ ਖੇਤਰ 120 ਹਲਕਿਆਂ ਤੱਕ ਫੈਲਿਆ ਹੋਇਆ ਹੈ, ਜਿਸ ਵਿਚ 50 ਦੋਹਰੇ ਹਲਕੇ ਸ਼ਾਮਿਲ ਹਨ ।ਇਨ੍ਹਾਂ ਹਲਕਿਆਂ ਵਿਚੋਂ 170 ਮੈਂਬਰ ਚੁਣੇ ਜਾਂਦੇ ਹਨ, ਜਿਸ ਵਿਚ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦਾ ਵੀ ਇਕ-ਇਕ ਮੈਂਬਰ ਸ਼ਾਮਿਲ ਹੈ । ਇਸ ਤੋਂ ਇਲਾਵਾ 15 ਮੈਂਬਰਾਂ ਦੀ ਨਾਮਜ਼ਦਗੀ ਕੀਤੀ ਜਾਂਦੀ ਹੈ । ਜ਼ਿਕਰਯੋਗ ਇਹ ਵੀ ਹੈ ਕਿ ਇਸ ਵਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਉਣ ਨਾਲ ਹਰਿਆਣਾ ਰਾਜ ਦੇ 8 ਹਲਕਿਆਂ ਦਾ ਚੋਣ ਖੇਤਰ ਵੀ ਇਸ ਵਿਚੋਂ ਮਨਫ਼ੀ ਹੋਣਾ ਲਗਪਗ ਤੈਅ ਹੈ ।