ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਹੋਇਆ ਭਗੌੜਾ, ਕੈਲੀਫੋਰਨੀਆ ’ਵਿਚ ਲਈ ਪਨਾਹ

ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਹੋਇਆ ਭਗੌੜਾ, ਕੈਲੀਫੋਰਨੀਆ ’ਵਿਚ ਲਈ ਪਨਾਹ

ਬੰਬੀਹਾ ਗੈਂਗ ਦੀਆਂ ਧਮਕੀਆਂ ਕਾਰਣ ਬਦਲਿਆ ਟਿਕਾਣਾ

ਅੰਮ੍ਰਿਤਸਰ ਟਾਈਮਜ਼

ਟੋਰਾਂਟੋ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ‘ਮੁੱਖ ਸਾਜ਼ਿਸ਼ਘਾੜਾ’ ਗੋਲਡੀ ਬਰਾੜ ਕੈਨੇਡਾ ਤੋਂ ਭਗੌੜਾ ਹੋ ਗਿਆ ਹੈ। ਸੂਤਰਾਂ ਅਨੁਸਾਰ ਉਸ ਨੇ ਹੁਣ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਫਰੈਜ਼ਨੋ ਨੂੰ ਆਪਣਾ ਨਵਾਂ ਟਿਕਾਣਾ ਬਣਾ ਲਿਆ ਹੈ। ਉਸ ਨੂੰ ਡਰ ਲੱਗਣ ਲੱਗ ਪਿਆ ਸੀ ਕਿ ਕੈਨੇਡਾ ’ਵਿਚ ਉਸ ਉੱਤੇ ਕੋਈ ਘਾਤਕ ਹਮਲਾ ਹੋ ਸਕਦਾ ਹੈ ਕਿਉਂਕਿ ਇੱਥੇ ਮੂਸੇਵਾਲਾ ਦੇ ਪ੍ਰਸ਼ੰਸਕ ਵੱਡੀ ਗਿਣਤੀ ’ਵਿਚ ਮੌਜੂਦ ਹਨ। ਦਰਅਸਲ, ਬੰਬੀਹਾ ਨਾਂ ਦੇ ਅਪਰਾਧਕ ਗਿਰੋਹ ਨੇ ਵੀ ਉਸ ਨੂੰ ਸਿੱਧੀ ਚੁਣੌਤੀ ਦਿੱਤੀ ਹੋਈ ਹੈ ਤੇ ਉੱਪਰੋਂ ਉਸ ਨੂੰ ਭਾਰਤੀ ਖ਼ੁਫ਼ੀਆ ਏਜੰਸੀਆਂ ਦਾ ਵੀ ਖ਼ਤਰਾ ਹੈ। ਇਸ ਤੋਂ ਇਲਾਵਾ ਕੈਨੇਡਾ ’ਵਿਚ ਲਾਰੈਂਸ ਬਿਸ਼ਨੋਈ ਗਿਰੋਹ ਦੇ ਵੀ ਬਹੁਤ ਸਾਰੇ ਵਿਰੋਧੀ ਗੈਂਗ ਹਨ, ਇਸੇ ਲਈ ਗੋਲਡੀ ਬਰਾੜ ਨੇ ਹੁਣ ਆਪਣਾ ਟਿਕਾਣਾ ਬਦਲਣਾ ਬਿਹਤਰ ਸਮਝਿਆ ਹੈ।

 ਜਾਣਕਾਰੀ ਅਨੁਸਾਰ ਅਮਰੀਕਾ ’ਚ ਗੋਲਡੀ ਬਰਾੜ ਨੇ ਕਾਨੂੰਨੀ ਤੌਰ ’ਤੇ ਪਨਾਹ ਹਾਸਲ ਕਰਨ ਲਈ ਅਪੀਲ ਵੀ ਦਾਖ਼ਲ ਕਰ ਦਿੱਤੀ ਹੈ। ਉਸ ਨੇ ਇਸ ਲਈ ਬਾਕਾਇਦਾ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਹੈ। ਇਹ ਅਪੀਲ ਅਜਿਹੇ ਵੇਲੇ ਕੀਤੀ ਜਾਂਦੀ ਹੈ, ਜਦੋਂ ਕਿਸੇ ਦੇ ਆਪਣੇ ਦੇਸ਼ ਤੋਂ ਇਨਸਾਫ਼ ਦੀ ਕੋਈ ਆਸ ਨਾ ਹੋਵੇ।

ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਨੂੰ ਪੰਜਾਬ ਦੇ ਮਾਨਸਾ ’ਵਿਚ ਕਤਲ ਹੋ ਗਿਆ ਸੀ। ਉਸ ਤੋਂ ਬਾਅਦ ਬਹੁਤ ਸਾਰੇ ਸ਼ਾਰਪ ਸ਼ੂਟਰ ਅਤੇ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਸਭ ਤੋਂ ਕੀਤੀ ਪੁੱਛਗਿੱਛ ਤੋਂ ਸੁਰੱਖਿਆ ਏਜੰਸੀਆਂ ਦੀ ਸ਼ੱਕ ਦੀ ਸੂਈ ਗੋਲਡੀ ਬਰਾੜ ’ਤੇ ਵੀ ਹੈ।