ਅਮਰੀਕਾ ਦੇ ਪਾਕਿਸਤਾਨ ਨਾਲ ਸਬੰਧਾਂ ਨੇ ਅਮਰੀਕੀ ਹਿੱਤਾਂ ਦੀ ਪੂਰਤੀ ਨਹੀਂ ਕੀਤੀ- ਜੈ ਸ਼ੰਕਰ

ਅਮਰੀਕਾ ਦੇ ਪਾਕਿਸਤਾਨ ਨਾਲ ਸਬੰਧਾਂ ਨੇ ਅਮਰੀਕੀ ਹਿੱਤਾਂ ਦੀ ਪੂਰਤੀ ਨਹੀਂ ਕੀਤੀ- ਜੈ ਸ਼ੰਕਰ

*ਕਿਹਾ-ਐਫ-16 ਲੜਾਕੂ ਜਹਾਜ਼ ਕਿਥੇ ਤਾਇਨਾਤ ਕੀਤੇ ਜਾਣੇ ਹਨ, ਸਭ ਭਲੀਭਾਂਤ ਜਾਣਦੇ ਹਨ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ
27 ਸਤੰਬਰ (ਹੁਸਨ ਲੜੋਆ ਬੰਗਾ)- ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵਾਸ਼ਿੰਗਟਨ, ਡੀ ਸੀ ਵਿਚ ਇਕ ਸਮਾਗਮ ਨੂੰ ਸੰਬੋੋੋਧਨ ਕਰਦਿਆਂ ਅਮਰੀਕਾ ਦੀ ਪਾਕਿਸਤਾਨ ਪ੍ਰਤੀ ਨੀਤੀ ਦਾ ਵਿਰੋਧ ਕਰਦਿਆਂ ਬਾਈਡਨ ਪ੍ਰਸ਼ਾਸਨ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਅਯੋਜਿਤ ਇਕ ਸਮਾਗਮ ਵਿਚ ਬੋਲਦਿਆਂ ਜੈ ਸ਼ੰਕਰ ਨੇ ਕਿਹਾ ਕਿ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੇ ਪਾਕਿਸਤਾਨ ਦੇ ਹਿੱਤ ਪੂਰੇ ਹਨ ਪਰੰਤੂ ਅਮਰੀਕੀ ਹਿੱਤਾਂ ਨੂੰ ਕਦੀ ਵੀ ਬੂਰ ਨਹੀਂ ਪਿਆ। ਭਾਰਤੀ ਵਿਦੇਸ਼ ਮੰਤਰੀ ਨੇ ਇਹ ਪ੍ਰਤੀਕ੍ਰਿਆ ਉਸ ਵੇਲੇ ਪ੍ਰਗਟਾਈ ਜਦੋਂ ਸਰੋਤਿਆਂ ਵਿਚ ਬੈਠੇ ਇਕ ਦਰਸ਼ਕ ਨੇ ਸਵਾਲ ਕੀਤਾ ਕਿ ਉਹ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਐਫ-16 ਜੰਗੀ ਜਹਾਜ਼ ਦੇਣ ਬਾਰੇ ਕੀ ਸੋਚਦੇ ਹਨ? ਇਥੇ ਜਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਹੀ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਵਾਈ ਸੈਨਾ ਨੂੰ ਐਫ-16 ਜੰਗੀ ਜਹਾਜ਼ ਤੇ ਹੋਰ ਫੌਜੀ ਸਾਜ-ਸਮਾਨ ਦੇਣ ਨੂੰ ਪ੍ਰਵਾਨਗੀ ਦਿੱਤੀ ਹੈ। ਕੁਲ 45 ਕਰੋੜ ਡਾਲਰ ਦੀ ਲਾਗਤ ਵਾਲਾ ਫੌਜੀ ਸਾਜ ਸਮਾਨ ਪਾਕਿਸਤਾਨ ਨੂੰ ਦਿੱਤਾ ਜਾਣਾ ਹੈ। ਭਾਰਤ ਦੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਸਰਕਾਰ ਦੇ ਇਸ ਫੈਸਲੇ ਉਪਰੰਤ ਤੁਰੰਤ ਅਮਰੀਕੀ ਰਖਿਆ ਮੰਤਰੀ ਲਾਇਡ ਆਸਟਨ ਕੋਲ ਐਫ-16 ਜੰਗੀ ਜਹਾਜ਼ ਪਾਕਿਸਤਾਨ ਨੂੰ ਦੇਣ 'ਤੇ ਭਾਰਤੀ ਚਿੰਤਾ ਤੋਂ ਜਾਣੂ ਕਰਵਾਇਆ ਸੀ। ਜੈ ਸ਼ੰਕਰ ਨੇ ਕਿਹਾ ਕਿ ਅਮਰੀਕਾ ਲਈ ਇਹ ਸੋਚਣ ਦਾ ਸਮਾਂ ਹੈ ਕਿ ਉਸ ਨੇ ਪਕਿਸਤਾਨ ਦੀ ਸਹਾਇਤਾ ਕਰਕੇ ਕੀ ਖੱਟਿਆ ਹੈ। ਉਹ ਗੁਣਾਂ ਤੇ ਦੋਸ਼ਾਂ ਦੇ ਆਧਾਰ 'ਤੇ ਫੈਸਲਾ ਲਵੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਕੋਈ ਕਹਿ ਸਕਦਾ ਹੈ ਕਿ ਇਹ ਸਹਾਇਤਾ ਅੱਤਵਾਦ ਨਾਲ ਨਜਿੱਠਣ ਲਈ ਦਿੱਤੀ ਜਾ ਰਹੀ ਹੈ ਪਰੰਤੂ ਜਦੋਂ ਪਾਕਿਸਤਾਨ ਨੂੰ ਐਫ-16 ਵਰਗੇ ਜੰਗੀ ਜਹਾਜ਼ ਦੇਣ ਦੀ  ਗੱਲ ਕਰਦੇ ਹੋ ਤਾਂ ਤੁਸੀਂ ਤੇ ਹਰ ਕੋਈ ਜਾਣਦਾ ਹੈ ਕਿ ਇਹ ਜਹਾਜ਼ ਕਿਥੇ ਤਾਇਨਾਤ ਕੀਤੇ ਜਾਣੇ ਹਨ ਤੇ ਕਿਸ ਵਿਰੁੱਧ ਵਰਤੇ ਜਾਣੇ ਹਨ। ਜੈ ਸ਼ੰਕਰ ਨੇ ਕਿਹਾ ਕਿ ਤੁਸੀਂ ਅਜਿਹੀਆਂ ਗੱਲਾਂ ਕਰਕੇ ਕਿਸੇ ਨੂੰ ਮੂਰਖ ਨਹੀਂ ਬਣਾ ਸਕਦੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਉਨਾਂ ਨੂੰ ਕਿਸੇ ਅਮਰੀਕੀ ਨੀਤੀ ਘਾੜੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਹ ਇਹ ਮੁੱਦਾ ਜਰੂਰ ਉਠਾਉਣਗੇ ਤੇ ਉਸ ਨੂੰ ਪੁੱਛਣਗੇ ਕਿ ਇਹ ਤੁਸੀਂ ਕੀ ਕਰ ਰਹੇ ਹੋ। ਸਮਾਗਮ ਵਿਚ ਅਮਰੀਕੀ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਭਾਰਤੀ ਭਾਈਚਾਰੇ ਨਾਲ ਸਬੰਧਿਤ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ।