ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ: ਮੁੱਦੇ, ਚੁਣੌਤੀਆਂ ਅਤੇ ਸੰਭਾਵਨਾਵਾਂ

ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ: ਮੁੱਦੇ, ਚੁਣੌਤੀਆਂ ਅਤੇ ਸੰਭਾਵਨਾਵਾਂ

ਪੰਥਕ ਮੁੱਦਾ

ਕੁਦਰਤ ਦੇ ਨਿਯਮਾਂ ਅਨੁਸਾਰ ਹਰ ਮਨੁੱਖ, ਪਰਿਵਾਰ, ਕੌਮ, ਸੱਭਿਆਚਾਰ, ਦੇਸ਼ ਅਤੇ ਵਿਸ਼ਵ ਦਾ ਵਿਕਾਸ ਅਤੇ ਉੱਤਪਤੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ ਸਬੰਧਿਤ ਕੌਮਾਂ ਹਰ ਸਮਾਂ ਦੌਰ ਵਿਚ ਆਪਣੀਆਂ ਮੰਜ਼ਿਲਾਂ ਪ੍ਰਾਪਤ ਕਰਦੀਆਂ ਰਹਿੰਦੀਆਂ ਹਨ। ਇਸ ਦ੍ਰਿਸ਼ਟੀਕੋਣ ਤੋਂ ਵੇਖਿਆਂ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਲੈ ਕੇ ਅਨੇਕਾਂ ਸਿੱਖ ਪੀੜ੍ਹੀਆਂ ਨੇ ਆਪਣੇ-ਆਪਣੇ ਸਮੇਂ ਵਿਚ ਸਾਹਮਣੇ ਆਏ ਮੁੱਦਿਆਂ, ਚੁਣੌਤੀਆਂ ਅਤੇ ਸੰਕਟਾਂ ਦਾ ਕਿਵੇਂ ਹੱਲ ਕੀਤਾ ਅਤੇ ਜਿਵੇਂ ਸਿੱਖ ਪੰਥ ਨੇ ਵੱਡੀਆਂ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਅਨੇਕਾਂ ਅਸਫ਼ਲਤਾਵਾਂ ਦਾ ਵੀ ਸਾਹਮਣਾ ਕੀਤਾ ਹੈ, ਉਹ ਸਿੱਖ ਇਤਿਹਾਸ ਦੇ ਕਈ ਵਰਾਤਾਰੇ ਹਨ। ਸਿੱਖ ਇਤਿਹਾਸ ਵਿਚ ਹੋਏ ਅਣਗਿਣਤ ਨਿਖੇੜ-ਬਿੰਦੂਆਂ ਤੋਂ ਸਿੱਖ ਨਵੀਆਂ ਨਸਲਾਂ ਨਾ ਕੇਵਲ ਪ੍ਰੇਰਨਾ ਲੈਂਦੀਆਂ ਰਹੀਆਂ ਹਨ, ਸਗੋਂ ਨਵੇਂ ਇਤਿਹਾਸ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਵੀ ਪਾਉਂਦੀਆਂ ਰਹੀਆਂ ਹਨ। 
ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿਚ ਸਿੱਖ ਪੰਥ ਨੇ ਆਪਣੇ ਅਧਿਕਾਰਾਂ ਅਤੇ ਹੋਰ ਆਦਰਸ਼ਾਂ ਦੀ ਪ੍ਰਾਪਤੀ ਲਈ ਜੋ ਸੰਘਰਸ਼ ਲੜਿਆ, 1984 ਦਾ ਸਾਲ ਸਿੱਖ ਪੰਥ ਨੂੰ ਕਈ ਦਰਦ ਵੀ ਦੇ ਗਿਆ ਸੀ। ਗਿਰ ਕੇ ਫਿਰ ਉੱਠਣ ਦੀ ਸਿੱਖ ਸ਼ਕਤੀ ਅਧੀਨ ਉਸ ਸਮੇਂ ਤੋਂ ਲੈ ਕੇ ਵਰਤਮਾਨ ਤੱਕ ਵਿਸ਼ਵ ਵਿਚ ਫੈਲੇ ਸਿੱਖ ਪੰਥ ਨੇ ਆਪਣੀ ਸ਼ਕਤੀ ਨੂੰ ਮੁੜ ਖੜ੍ਹਾ ਕਰ ਲਿਆ ਸੀ। ਪਰ ਇਨ੍ਹਾਂ ਸਾਰੇ ਵਰਤਾਰਿਆਂ ਦਾ ਦੁਖਾਂਤਕ ਪਹਿਲੂ ਇਹ ਵੀ ਰਿਹਾ ਹੈ ਕਿ ਭਾਰਤ ਵਿਚ ਜਾਂ ਭਾਰਤ ਤੋਂ ਬਾਹਰ ਇਕ ਸੁਤੰਤਰ ਸਿੱਖ ਰਾਜ ਦੀ ਪ੍ਰਾਪਤੀ ਲਈ ਜਿਨ੍ਹਾਂ ਨੌਜੁਆਨਾਂ ਅਤੇ ਜਥੇਬੰਦੀਆਂ ਨੇ ਲੰਮਾ ਸੰਘਰਸ਼ ਲੜਿਆ, ਸ਼ਹੀਦੀਆਂ ਪਾਈਆਂ ਅਤੇ ਹੋਰ ਕੁਰਬਾਨੀਆਂ ਤਾਂ ਦਿੱਤੀਆਂ, ਪਰ ਉਹ ਆਪਣੇ ਵਤਨ ਪੰਜਾਬ ਦੀ ਨਵ-ਉਸਾਰੀ ਲਈ ਇਥੋਂ ਦੀ ਸੱਤਾ ਵਿਚ ਆਉਣ ਦੇ ਮਕਸਦਾਂ ਵਿਚ ਸਫ਼ਲ ਨਹੀਂ ਹੋ ਸਕੇ ਜਦੋਂਕਿ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਥੇ ਸੱਤਾ ਵਿਚ ਆਉਂਦੇ ਰਹੇ ਹਨ। ਕਿਸੇ ਵੀ ਸਟੇਟ ਵਿਰੁੱਧ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਲੜਨਾ ਇਕ ਸੱਚਾਈ ਹੁੰਦਾ ਹੈ। ਪਰ ਮੰਜ਼ਿਲ ਪ੍ਰਾਪਤੀ ਲਈ ਰਸਤੇ ਵਿਚ ਆਉਣ ਵਾਲੇ ਸਾਰੇ ਮੌਕਿਆਂ ਨੂੰ ਸਾਧਨ ਵਾਂਗ ਵਰਤਣਾ ਵੀ ਵੱਡੀ ਪ੍ਰਾਪਤੀ ਦੇ ਪੜਾਅ ਹੁੰਦੇ ਹਨ। 1984 ਤੋਂ ਬਾਅਦ ਹੁਣ ਤੱਕ ਜਿੱਥੇ ਅਕਾਲੀ ਦਲ ਪੰਜਾਬ ਵਾਸੀਆਂ ਵਿਚ ਆਪਣੀ ਵਿਸ਼ਵਾਸਯੋਗਤਾ ਗਵਾ ਬੈਠਾ ਹੈ ਅਤੇ ਕੇਂਦਰਵਾਦੀ ਪਾਰਟੀਆਂ ਕਾਂਗਰਸ, ਬੀ.ਜੇ.ਪੀ. ਅਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਇਕ ਸ਼ਤਰੰਜ ਦੀਆਂ ਚਾਲਾਂ ਵਾਂਗ ਚਲਾ ਰਹੇ ਹਨ ਤਾਂ ਸਿੱਖ ਪੰਥ ਵੀ ਨਵੀਂ ਨੌਜੁਆਨ ਪੀੜ੍ਹੀ ਸਾਹਮਣੇ ਜੋ ਚੁਣੋਤੀਆਂ ਅਤੇ ਸੰਕਟ ਆ ਖੜ੍ਹੇ ਹੋਏ ਹਨ, ਉਨ੍ਹਾਂ ਦਾ ਸਾਹਮਣਾ ਕਰਨ ਲਈ ਸਿੱਖ ਪੰਥ ਨਵੇਂ ਰੂਪ ਵਿਚ ਸੰਗਠਿਤ ਹੋ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਖ਼ਸੀਅਤ, ਵਿਚਾਰਾਂ, ਸਰਗਰਮੀਆਂ ਅਤੇ ਪ੍ਰਭਾਵਾਂ ਅਤੇ ਵਿਰੋਧ ਨੂੰ ਇਸ ਸਮੁੱਚੇ ਸੰਦਰਭ ਵਿਚ ਵੇਖਿਆਂ ਸਿੱਖ ਪੰਥ ਭਵਿੱਖ ਵਿਚ ਕਿਹੜੀ ਨਵੀਂ ਦਿਸ਼ਾ ਧਾਰਨ ਕਰੇਗਾ, ਸਾਡੇ ਸਾਹਮਣੇ ਇਹ ਇਕ ਮਹੱਤਵਪੂਰਨ ਮੁੱਦਾ ਹੈ।


ਜਿਨ੍ਹਾਂ ਸਮਿਆਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠਲੀ “ਵਾਰਿਸ ਪੰਜਾਬ ਦੇ” ਜਥੇਬੰਦੀ ਦਾ ਪੰਥਕ ਸੀਨ ਉੱਤੇ ਉਦੈ ਹੋ ਰਿਹਾ ਹੈ ਅਤੇ ਇਹ ਹੌਲੀ-ਹੌਲੀ ਇਕ ਨਵੀਂ ਜਾਗ੍ਰਿਤੀ ਲਹਿਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ, ਪੰਜਾਬ, ਭਾਰਤ ਅਤੇ ਵਿਸ਼ਵ ਵਿਚ ਵੱਸਦਾ ਸਿੱਖ ਪੰਥ ਕਈ ਤਰ੍ਹਾਂ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸੰਸਥਾਈ ਚੁਣੌਤੀਆਂ, ਸਮੱਸਿਆਵਾਂ ਅਤੇ ਸੰਕਟਾਂ ਵਿਚ ਘਿਿਰਆ ਹੋਇਆ ਹੈ। ਦੂਸਰਾ, ਤਿੰਨ ਕੂ ਮਹੀਨਿਆਂ ਤੋਂ ਵਧੇਰੇ ਸਮੇਂ ਵਿਚ ਹੀ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿਚ ਸੰਗਤਾਂ ਵੱਲੋਂ, ਵਿਸ਼ੇਸ਼ ਕਰਕੇ ਸਿੱਖ ਨੌਜੁਆਨਾਂ, ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਸੋਸ਼ਲ ਮੀਡੀਆ ਦੇ ਇਕ ਵੱਡੇ ਹਿੱਸੇ ਦੀ ਹਮਾਇਤ ਪ੍ਰਾਪਤ ਹੋਈ ਹੈ, ਉਸ ਨਾਲ ਕਈ ਤਰ੍ਹਾਂ ਦੇ ਉਤਸ਼ਾਹਜਨਕ ਅਤੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਧਾਰਮਿਕ ਪਰੰਪਰਾ ਅਤੇ ਲਹਿਜੇ ਵਿਚ ਜੁਅਰਤ ਨਾਲ ਬੋਲਣਾ ਅਤੇ ਸਿੱਖ ਮੁੱਦਿਆਂ ਪ੍ਰਤੀ ਸਪੱਸ਼ਟਤਾ ਅਤੇ ਇਤਨੀ ਹਮਾਇਤ ਮਿਲ ਜਾਣ ਤੇ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਸਿੱਖ ਪੰਥ ਦੇ ਸਾਰੇ ਜੀਵਨ ਖੇਤਰਾਂ, ਵਿਸ਼ੇਸ਼ ਕਰਕੇ ਧਾਰਮਿਕ ਤੇ ਰਾਜਨੀਤਿਕ ਖੇਤਰਾਂ ਵਿਚ ਜੋ ਖੜੋਤ ਅਤੇ ਖਲਾਅ ਵਾਲੀ ਸਥਿਤੀ ਬਣੀ ਹੋਈ ਸੀ, ਉਸ ਨੂੰ ਭਰਨ ਅਤੇ ਤੋੜਨ ਵਿਚ ਭਾਈ ਅੰਮ੍ਰਿਤਪਾਲ ਸਿੰਘ ਵਧੇਰੇ ਕਰਕੇ ਸਫ਼ਲ ਸਾਬਤ ਹੋ ਰਹੇ ਹਨ। ਦੂਸਰਾ, ਇਨ੍ਹਾਂ ਘਟਨਾਵਾਂ ਤੋਂ ਇਕ ਹੋਰ ਗੱਲ ਜ਼ਾਹਿਰ ਹੈ ਕਿ ਭਾਵੇਂ 1984 ਤੋਂ ਵਰਤਮਾਨ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਰਾਸਤ ਨਾਲ ਜੁੜੇ ਨੌਜੁਆਨਾਂ, ਜੁਝਾਰੂ ਜਥੇਬੰਦੀਆਂ ਅਤੇ ਸ਼ਾਂਤਮਈ ਰਹਿੰਦਿਆਂ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਅਤੇ ਆਗੂਆਂ ਨੇ ਵੱਖ-ਵੱਖ ਸਮਿਆਂ ਅਤੇ ਢੰਗ ਤਰੀਕਿਆਂ ਨਾਲ ਸਿੱਖ ਸੰਘਰਸ਼ ਲੜਿਆ, ਸੰਘਰਸ਼ ਵਿਚ ਲਗਾਤਾਰਤਾ ਵੀ ਬਣਾਈ ਰੱਖੀ, ਪਰ ਪੰਥ ਨੂੰ ਇਕ ਵੱਡੇ ਤੇ ਸੰਜੀਦਾ ਆਗੂ ਦੀ ਜੋ ਤਲਾਸ਼ ਸੀ, ਭਾਈ ਅੰਮ੍ਰਿਤਪਾਲ ਸਿੰਘ ਅਤੇ “ਵਾਰਿਸ ਪੰਜਾਬ ਦੇ” ਜਥੇਬੰਦੀ ਸਿੱਖ ਪੰਥ ਦੀ ਅਜਿਹੀ ਲੋੜ ਨੂੰ ਪੂਰਾ ਕਰਨ ਦਾ ਯਤਨ ਕਰ ਰਹੀ ਹੈ। ਇਸ ਸਬੰਧੀ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅਕਾਲੀ ਦਲ, ਦਲ ਖਾਲਸਾ, ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਇਕ ਹੋਰ ਉਭਰਦੇ ਨੌਜੁਆਨ ਆਗੂ ਸਿੱਖ ਯੂਥ ਫੈਡਰੇਸ਼ਨ (ਭਿੰਡਰਾਂਵਾਲੇ) ਦੇ ਮੁੱਖੀ ਭਾਈ ਰਣਜੀਤ ਸਿੰਘ ਦੇ ਯਤਨ, ਕਿਸਾਨ ਮੋਰਚਾ, ਦੀਪ ਸਿੱਧੂ ਵਰਤਾਰਾ, ਬੇਅਦਬੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਅਤੇ ਹੋਰ ਵਿਦਵਾਨਾਂ ਦੇ ਯਤਨ ਸ਼ਲਾਘਾਯੋਗ ਰਹੇ ਹਨ। ਪਰ ਭਾਈ ਅੰਮ੍ਰਿਤਪਾਲ ਸਿੰਘ ਇਨ੍ਹਾਂ ਯਤਨਾਂ ਦੀ ਲਗਾਤਾਰਤਾ ਨੂੰ ਕਾਇਮ ਰੱਖਦਿਆਂ ਜੇਕਰ ਸਿੱਖਾਂ ਦੇ ਦਰਦਮੰਦ ਹਲਕਿਆਂ ਦਾ  ਵਿਸ਼ਵਾਸ ਜਿੱਤਣ ਵਿਚ ਸਫ਼ਲ ਹੋ ਰਿਹਾ ਹੈ ਤਾਂ ਇਹ ਵਰਤਾਰਾ ਹੀ ਆਪਣੇ ਆਪ ਵਿਚ ਬਹੁਤ ਕੁਝ ਬਿਆਨ ਕਰ ਰਿਹਾ ਹੈ। ਜੇਕਰ ਉਸ ਨੂੰ ਇਕ ਖੁਲ੍ਹੇ ਵਾਤਾਵਰਣ ਅਤੇ ਸਰਕਾਰ ਨਾਲ ਕਿਸੇ ਟਕਰਾਓ ਵਿਚ ਆਉਣ ਤੋਂ ਬਿਨਾਂ ਲੋੜੀਂਦਾ ਸਮਾਂ ਮਿਲ ਜਾਂਦਾ ਹੈ ਤਾਂ ਸਿੱਖ ਪੰਥ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿਚ ਵਧੇਰੇ ਸਫ਼ਲਤਾ ਮਿਲਣ ਦੇ ਆਸਾਰ ਬਣ ਜਾਣਗੇ।
ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਵਿਚਾਰਾਂ ਅਤੇ ਸਰਗਰਮੀਆਂ ਨੂੰ ਬਹੁਪੱਖੀ ਦਿਸ਼ਾਵਾਂ ਦਿੱਤੀਆਂ ਹਨ। ਉਹ ਇਕੋ ਸਮੇਂ ਜਿਥੇ ਸਿੱਖ ਪੰਥ, ਵਿਸ਼ੇਸ਼ ਕਰਕੇ ਸਿੱਖ ਨੌਜੁਆਨਾਂ ਨੂੰ ਸਿੱਖੀ ਧਰਮ ਵਿਚ  ਪੱਕਿਆਂ ਰਹਿਣ ਦਾ ਆਵਾਹਨ ਕਰ ਰਹੇ ਹਨ ਅਤੇ ‘ਗੁਰਭਾਈ ਲਹਿਰ’ ਦੇ ਅਧੀਨ ਸਿੱਖਾਂ ਨੂੰ ਗੁਰੂ ਨਾਲ ਜੋੜਨ ਲਈ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਵੱਡੇ ਪੱਧਰ ਤੇ ਚਲਾ ਰਹੇ ਹਨ, ਉਥੇ ਉਹ ਪੰਜਾਬ ਵਿਚ ਨਸ਼ਿਆਂ ਦੇ ਵੱਗਦੇ ਦਰਿਆ ਨੂੰ ਠੱਲ ਪਾਉਣ ਦਾ ਗੰਭੀਰ ਯਤਨ ਕਰ ਰਹੇ ਹਨ, ਜਿਸ ਵਿਚ ਉਨ੍ਹਾਂ ਨੂੰ ਸਫ਼ਲਤਾ ਵੀ ਮਿਲ ਰਹੀ ਹੈ। ਦੂਸਰਾ, ਈਸਾਈ ਮਤ ਨਾਲ ਜੁੜੇ ਚਰਚ, ਪਾਸਟਰਾਂ ਅਤੇ ਯੋਜਨਾਬੱਧ ਢੰਗ ਨਾਲ ਸਿੱਖਾਂ ਅਤੇ ਹਿੰਦੂਆਂ ਦੇ ਈਸਾਈ ਮਤ ਵਿਚ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ ਵੀ ਭਾਈ ਅੰਮ੍ਰਿਤਪਾਲ ਸਿੱਖ ਨੇ ਵੱਡੀ ਠੱਲ ਪਾਈ ਹੈ। ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਹੋਰ ਧਰਮ ਪ੍ਰਚਾਰ ਜਥੇਬੰਦੀਆਂ ਅਤੇ ਪ੍ਰਚਾਰਕ ਆਗੂਆਂ ਆਦਿ ਇਸ ਸਬੰਧੀ ਯਤਨ ਕਰ ਰਹੇ ਸਨ ਪਰ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਸ ਜੁਅਰਤ ਅਤੇ ਬੇਬਾਕੀ ਨਾਲ ਇਸ ਮੁੱਦੇ ਨੂੰ ਲਿਆ ਹੈ, ਉਸ ਨਾਲ ਈਸਾਈ ਧਰਮ ਪ੍ਰਚਾਰਕਾਂ ਵੱਲੋਂ ਖੇਡੀ ਜਾ ਰਹੀ ਖੁਲ੍ਹੀ ਖੇਡ ਨੂੰ ਵੱਡੀ ਚੁਣੌਤੀ ਦਿੱਤੀ ਗਈ ਹੈ। ਇਸੇ ਤਰ੍ਹਾਂ ਹੀ ਸਰਕਾਰਾਂ, ਪੁਲਿਸ ਅਤੇ ਨਸ਼ਾ ਸਮੱਗਲਰਾਂ ਵੱਲੋਂ ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਵਪਾਰ ਨੂੰ ਰੋਕਣ ਸਬੰਧੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚਲਾਈ ਜਾ ਰਹੇ ਨਸ਼ਾ ਵਿਰੋਧੀ ਸੁਧਾਰਵਾਦੀ ਲਹਿਰ ਨੂੰ ਲੋਕਾਂ ਦੇ ਸਹਿਯੋਗ ਨਾਲ ਵੱਡਾ ਬੱਲ ਮਿਿਲਆ ਹੈ। ਸਿੱਖਾਂ ਵੱਲੋਂ ਵਿਦੇਸ਼ਾਂ ਵਿਚ ਕੀਤੇ ਜਾ ਰਹੇ ਵੱਡੀ ਗਿਣਤੀ ਵਿਚ ਪ੍ਰਵਾਸ, ਕਿਸਾਨੀ ਸੰਘਰਸ਼, ਵਾਤਾਵਰਣ ਪ੍ਰਦੂਸ਼ਣ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਬਣਾਈ ਰੱਖਣ, ਸਾਦਗੀ ਵਾਲਾ ਜੀਵਨ ਜੀਊਣ ਅਤੇ ਸਿੱਖੀ ਜੀਵਨ ਜਾਚ ਦੇ ਖੇਤਰਾਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਚਾਰਾਂ ਨੂੰ ਸਮਾਜ ਦੇ ਸਾੇ ਵਰਗਾਂ ਵੱਲੋਂ ਨਾ ਕੇਵਲ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ, ਸਗੋਂ ਉਨ੍ਹਾਂ ‘ਤੇ ਅਮਲ ਵੀ ਕੀਤਾ ਜਾਣ ਲੱਗ ਪਿਆ ਹੈ। ਸਿੱਖ ਪੰਥ ਦੇ ਵਿਦਵਾਨਾਂ ਤੇ ਹੋਰ ਸਿਆਣਿਆਂ ਲਈ ਆਪਣੇ ਆਪ ਵਿਚ ਹੀ ਇਕ ਨਿਵੇਕਲਾ ਵਰਤਾਰਾ ਸਾਬਤ ਹੋ ਰਿਹਾ ਹੈ। ਇਨ੍ਹਾਂ ਸਰਗਰਮੀਆਂ ਵਿਚ ਆਉਣ ਵਾਲੇ ਸਮੇਂ ਵਿਚ ਹੋਰ ਵਧੇਰੇ ਨਿਖਾਰ ਆਉਣ ਦੀ ਉਮੀਦ ਲਗਾਈ ਜਾ ਸਕਦੀ ਹੈ। ਮਹਿਸੂਸ ਕੀਤਾ ਜਾ ਸਕਦਾ ਹੈ ਜਿਸ ਪ੍ਰਕਾਰ ਦੀ ਗੁਣਵਾਨ ਲੀਡਰਸ਼ਿਪ ਦੀ ਸਿੱਖ ਪੰਥ ਨੂੰ ਲੋੜ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ ਇਸ ਲੋੜ ਨੂੰ ਪੂਰਾ ਕਰਨ ਵਿਚ ਥੋੜੇ ਸਮੇਂ ਵਿਚ ਵੱਡਾ ਸਫ਼ਰ ਤੈਅ ਕਰ ਲਿਆ ਹੈ। ਹੌਲੀ-ਹੌਲੀ ਉਹ ਸਿੱਖ ਪੰਥ ਦਾ ਨਵਾਂ ਪ੍ਰਵਾਨਤ ਚਿਹਰਾ ਬਣਦੇ ਜਾ ਰਹੇ ਹਨ। ਇਸ ਵਰਤਾਰੇ ਦੀਆਂ ਸਮੁੱਚੀਆਂ ਪਰਤਾਂ ਨੂੰ ਵੇਖਦਿਆਂ ਭਾਈ ਅੰਮ੍ਰਿਤਪਾਲ ਸਿੰਘ ਵਰਤਾਰੇ ਨੂੰ ਪ੍ਰਚੱਲਿਤ ਮਾਪਦੰਡਾਂ ਅਨੁਸਾਰ ਨਹੀਂ ਨਾਪਿਆ ਜਾ ਸਕਦਾ, ਸਗੋਂ ਇਸ ਸਬੰਧੀ ਨਵੇਂ ਮਾਪਦੰਡ ਅਪਨਾਏ ਜਾਣੇ ਲੋੜੀਂਦੇ ਹੋਣਗੇ। ਭਾਰਤੀ ਸਟੇਟ ਇਨ੍ਹਾਂ ਘਟਨਾਕ੍ਰਮਾਂ ਦੀ ਗਹਿਰਾਈ ਨੂੰ ਚੰਗੀ ਤਰ੍ਹਾਂ ਸਮਝਦੀ ਲਗਦੀ ਹੈ।


ਵਿਸ਼ਵ ਵਿਚ ਆਪਣੀ ਆਜ਼ਾਦੀ ਲੈਣ ਵਾਲੀਆਂ ਸੰਘਰਸ਼ਸ਼ੀਲ ਕੌਮਾਂ ਦਾ ਇਤਿਹਾਸ ਰਿਹਾ ਹੈ ਕਿ ਉਨ੍ਹਾਂ ਦੀ ਹਰ ਰਾਜਨੀਤਿਕ ਲਹਿਰ ਧਾਰਮਿਕ ਅਤੇ ਵਿਚਾਰਧਰਕ ਜਾਗ੍ਰਿਤੀ ਵਿਚੋਂ ਨਿਕਲਦੀਆਂ ਰਹੀਆਂ ਹਨ। 1947 ਤੋਂ ਬਾਅਦ ਪੰਜਾਬੀ ਸੂਬੇ ਦੀ ਪ੍ਰਾਪਤੀ ਦੀ ਲਹਿਰ, 1984 ਤੱਕ ਧਰਮ ਯੁੱਧ ਮੋਰਚੇ ਅਧੀਨ ਸਿਰਜੀ ਗਈ ਰਾਜਨੀਤਿਕ ਲਹਿਰ ਅਤੇ ਬਾਅਦ ਵਿਚ ਸਿੱਖ ਆਜ਼ਾਦੀ ਲਈ ਲੜੇ ਸੰਘਰਸ਼ਾਂ ਪਿੱਛੇ 1978 ਦੇ ਸ਼ਹੀਦਾਂ, ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਅਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਜੁਝਾਰੂ ਲਹਿਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਦ੍ਰਿਸ਼ਟੀਕੋਣ ਤੋਂ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸ਼ੁਰੂ ਕੀਤੀ ਸਮੁੱਚੀ ਸੁਧਾਰਵਾਦੀ ਲਹਿਰ ਨੂੰ ਵਿਚਾਰਿਆਂ ਯਕੀਨਨ ਕਿਹਾ ਜਾ ਸਕਦਾ ਹੈ ਕਿ ਇਹ ਧਾਰਮਿਕ ਲਹਿਰ ਵੀ ਅੱਗੇ ਜਾ ਕੇ ਸਿੱਖ ਪੰਥ ਦੀ ਰਾਜਨੀਤਿਕ ਆਜ਼ਾਦੀ ਦੀ ਦਿਸ਼ਾ ਵੱਲ ਅੱਗੇ ਵਧੇਗੀ। ਹਰ ਲਹਿਰ ਦੀ ਸਫ਼ਲਤਾ ਪਿੱਛੇ ਵੱਡੇ ਆਗੂਆਂ, ਵਿਦਵਾਨਾਂ ਅਤੇ ਨੀਤੀ ਘਾੜਿਆਂ ਆਦਿ ਦਾ ਯੋਗਦਾਨ ਵੀ ਮਹੱਤਵਪੂਰਨ ਹੁੰਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਵੇਖਿਆਂ ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਖ਼ਸੀਅਤ, ਉਨ੍ਹਾਂ ਦੇ ਵਿਚਾਰ, ਵਿਚਾਰਾਂ ਦੀ ਪੇਸ਼ਕਾਰੀ, ਵਿਚਾਰਾਂ ਦਾ ਬੌਧਿਕ ਪੱਧਰ ਅਤੇ ਲੋਕਾਂ ਵੱਲੋਂ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ ਦੀਆਂ ਪ੍ਰਕਿਿਰਆਵਾਂ ਸਿੱਖ ਪੰਥ ਨੂੰ ਕਿਸੇ ਚੰਗੇ ੳੱੁਜਵਲ ਭਵਿੱਖ ਦੀ ਉਮੀਦ ਬੰਨਾਉਂਦੀਆਂ ਹਨ। ਉਨ੍ਹਾਂ ਦੀ ਸ਼ਖ਼ਸੀਅਤ ਇਕੋ ਸਮੇਂ ਧਰਮਿਕ ਰੰਗਣ ਵਾਲੀ, ਵਿਚਾਰਵਾਨ ਅਤੇ ਆਪਣੇ ਰਾਜਨੀਤਿਕ ਮਿਸ਼ਨ ਵਿਚ ਸਪੱਸ਼ਟ ਰਹਿਣ ਵਾਲੀ ਹੈ। ਸਿੱਖ ਪੰਥ ਨੂੰ ਵਰਤਮਾਨ ਵਿਚ ਅਜਿਹੀ ਸ਼ਖ਼ਸੀਅਤ ਦੀ ਲੋੜ ਸੀ, ਜੋ ਬੀਤੀ ਸਦੀ ਦੇ ਅਕਾਲੀ ਧਾਰਮਿਕ ਆਗੂ, ਰਾਜਨੀਤਿਕ ਆਗੂ ਅਤੇ ਵਿਦਵਾਨ ਪੂਰਾ ਨਹੀਂ ਕਰ ਸਕੇ। 
ਜਿਨ੍ਹਾਂ ਸਮਿਆਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਪੰਥ ਵਿਚ ਵਿਚਰ ਰਹੇ ਹਨ, ਉਸ ਸਮੇਂ ਸਿੱਖ ਰਾਜਨੀਤੀ, ਵਿਸ਼ੇਸ਼ ਕਰਕੇ ਅਕਾਲੀ ਰਾਜਨੀਤੀ ਵੱਡੀ ਖੜ੍ਹੋਤ ਅਤੇ ਦ੍ਰਿਸ਼ਟੀਹੀਣਤਾ ਦੀ ਸ਼ਿਕਾਰ ਹੈ। ਸ. ਪ੍ਰਕਾਸ਼ ਸਿੰਘ ਬਾਦਲ ਯੁੱਗ ਦੇ 50 ਸਾਲ ਬੀਤ ਜਾਣ ਉਪਰੰਤ ਅੱਜ ਸਿੱਖ ਪੰਥ ਇਸ ਦਰਦ ਵਿਚ ਜੀਅ ਰਿਹਾ ਹੈ ਕਿ ਬਾਦਲ ਪਰਿਵਾਰ ਨੇ ਰਾਜਨੀਤਿਕ ਕਲਾਬਾਜ਼ੀਆਂ ਅਤੇ ਵਿਰੋਧੀਆਂ ਨਾਲ ਜੋੜ ਤੋੜ ਵਾਲੀਆਂ ਨੀਤੀਆਂ ਕਾਰਨ ਸਿੱਖ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਤੇ ਪੰਜਾਬ ਵਿਚ ਸੰਭਾਵਿਤ ਸਿੱਖ ਸੋਚ ਵਾਲੀ ਸੱਤਾ ਦੇ ਕਲੇਮ ਨੂੰ ਕਿਤਨਾ ਕਮਜ਼ੋਰ ਕਰ ਦਿੱਤਾ ਹੈ। ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਜੋਟੀਦਾਰ ਅਕਾਲੀ ਆਗੂ ਕੀ ਇਨ੍ਹਾਂ ਕਠਿਨ ਹਾਲਾਤ ਵਿਚ ਅਕਾਲੀ ਰਾਜਨੀਤੀ ਦੀ ਪੁਨਰ-ਸੁਰਜੀਤੀ ਕਰ ਲੈਣਗੇ, ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਦੂਜੇ ਪਾਸੇ ਕੀ ਸ. ਸਿਮਰਨਜੀਤ ਸਿੰਘ ਮਾਨ ਆਪਣੇ ਦਲ ਦਾ ਫੈਲਾਅ ਕਰਦਿਆਂ ਸਿੱਖ ਰਾਜਨੀਤੀ ਦਾ ਨਵਾਂ-ਮੁਹਾਂਦਰਾ ਸਿਰਜ ਲੈਣਗੇ ਅਤੇ 2027 ਜਾਂ ਉਸ ਤੋਂ ਪਹਿਲਾਂ ਸਿੱਖ ਸੋਚ ਵਾਲੀ ਰਾਜਨੀਤੀ ਦਾ ਉਭਾਰ ਕਰਕੇ ਪੰਜਾਬ ਦੀ ਸੱਤਾ ਉੱਤੇ ਆਪਣਾ ਸੰਜੀਦਾ ਦਾਅਵਾ ਪੇਸ਼ ਕਰ ਸਕਣਗੇ, ਇਸ ਬਾਰੇ ਵੀ ਕੋਈ ਸਪੱਸ਼ਟਤਾ ਨਹੀਂ ਹੈ। ਇਨ੍ਹਾਂ ਸਾਰੇ ਹਲਾਤ ਵਿਚ ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਸੱਤਾ ਉੱਤੇ ਦਾਅਵਾ ਕਮਜ਼ੋਰ ਪੈ ਰਿਹਾ ਹੈ ਤਾਂ ਕੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਜਾਂ ਕੋਈ ਹੋਰ ਨਵੀਂ ਸਿੱਖ ਰਾਜਨੀਤਿਕ ਪਾਰਟੀ ਇਸ ਸਬੰਧੀ ਨਿਕਟ ਭਵਿੱਖ ਵਿਚ ਆਪਣੀ ਸ਼ਕਤੀ ਬਣਾ ਲਏਗੀ। ਇਕ ਰਾਜਨੀਤਿਕ ਅਤੇ ਨੀਤੀਵਾਨ ਭਾਈ ਅੰਮ੍ਰਿਤਪਾਲ ਸਿੰਘ ਸਾਹਮਣੇ ਇਹ ਇਕ ਵੱਡੀ ਚੁਣੌਤੀ ਹੈ। ਯਕੀਨਨ ਸਿੱਖ ਰਾਜਨੀਤੀ ਦਾ ਬਦਲਵਾਂ ਖਾਲਸਾ ਸੱਭਿਆਚਾਰ ਸਿਰਜਣ ਦਾ ਇਹ ਇਕ ਨਵਾਂ ਮੌਕਾ ਪੈਦਾ ਹੋ ਰਿਹਾ ਹੈ।
ਸਿੱਖ ਪੰਥ ਭਾਰਤ ਦੇ ਜਿਸ ਰਾਜਨੀਤਿਕ ਵਾਤਾਵਰਣ ਤੇ ਸਥਿਤੀਆਂ ਵਿਚ ਰਹਿ ਰਿਹਾ ਹੈ, ਉਥੇ ਇਕ ਗੱਲ ਸਪੱਸ਼ਟ ਹੈ ਕਿ ਹਰ ਜਾਗਦੀ ਪੰਥਕ ਜ਼ਮੀਰ ਵਾਲੀ ਸ਼ਕਤੀ, ਜਥੇਬੰਦੀ, ਸ਼ਖ਼ਸੀਅਤ ਅਤੇ ਧਾਰਮਿਕ-ਰਾਜਨੀਤਿਕ ਲਹਿਰ ਆਦਿ ਨੂੰ ਸਟੇਟ ਅਤੇ ਬਹੁ-ਗਿਣਤੀ ਹਿੰਦੂਆਂ, ਹਿੰਦੂਪ੍ਰਸਤ ਮੀਡੀਆ, ਖੱਬੇਪੱਖੀਆਂ ਅਤੇ ਦਿੱਲੀ ਦੇ ਹਮਾਇਤੀ ਅੰਦਰਲੇ ਸਿੱਖ ਚਿਹਰਿਆਂ ਵਾਲੇ ਸਿੱਖ ਆਗੂਆਂ ਤੋਂ ਹਮੇਸ਼ਾਂ ਇਸ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਵਰਤਾਰੇ ਨੂੰ ਵੀ ਅਜਿਹੇ ਅੰਦਰੂਨੀ ਤੇ ਬਾਹਰੀ ਵਿਰੋਧਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਬੇਬਾਕੀ ਨਾਲ ਦਿੱਤੇ ਜਾਂਦੇ ਵਿਚਾਰਾਂ ਨੂੰ ਗਲਤ ਰੂਪ ਵਿਚ ਪੇਸ਼ ਕਰਕੇ ਇਨ੍ਹਾਂ ਸ਼ਕਤੀਆਂ ਵੱਲੋਂ ਪੰਜਾਬ ਵਾਸੀਆਂ ਨੂੰ ਸੂਬੇ ਦੇ ਹਾਲਾਤ ਖਰਾਬ ਹੋਣ ਦਾ ਡਰ ਵਿਖਾ ਕੇ ਭੜਕਾਇਆ ਜਾ ਰਿਹਾ ਹੈ। ਖੱਬੇਪੱਖੀ ਵਿਦਵਾਨ, ਪੱਤਰਕਾਰ, ਵਿਰੋਧ ਵਾਲੀ ਹਿੰਦੂ ਮਾਨਸਿਕਤਾ, ਸ਼ਿਵ ਸੈਨਿਕ ਆਦਿ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਸਾਫ਼ਗੋਈ ਗੱਲਾਂ ਕਾਰਨ ਪੰਜਾਬ ਵਿਚ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।
ਦੂਸਰੇ ਪਾਸੇ ਪਿਛਲੇ ਸੰਘਰਸ਼ ਦੀਆਂ ਜੁਝਾਰੂ ਧਿਰਾਂ ਦੇ ਵਾਰਿਸਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਸੰਪਰਦਾਵਾਂ, ਪੰਥਕ ਵਿਦਵਾਨਾਂ ਅਤੇ ਵਿਸ਼ਵ ਸਿੱਖ ਜਥੇਬੰਦੀਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਤੋਂ ਬੁਝਾਰਤੀ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ। ਉਹ ‘ਉਡੀਕੋ ਤੇ ਵੇਖੋ’ ਦੀ ਲੀਹ ਉੱਤੇ ਚੱਲਦੇ ਨਜ਼ਰ ਆ ਰਹੇ ਹਨ। ਪਰ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ, ਧਰਮ ਪ੍ਰਚਾਰ ਸੰਸਥਾਵਾਂ, ਰਾਗੀ-ਢਾਡੀ ਜੱਥੇ ਆਦਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਲਗਾਤਾਰ ਜੁੜ ਰਹੇ ਹਨ। ਪੰਥਕ ਸਫ੍ਹਾਂ ਵਿਚ ਉਭਰ ਰਹੇ ਇਸ ਨੌਜੁਆਨ ਆਗੂ ਨੂੰ ਨਾ ਕੇਵਲ ਪੰਜਾਬ, ਭਾਰਤ ਸਗੋਂ ਵਿਦੇਸ਼ਾਂ ਵਿਚੋਂ ਮਿਲ ਰਹੇ ਸਮਰਥੱਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਹਾਲਾਤ ਵਿਚ ਭਾਈ ਅੰਮ੍ਰਿਤਪਾਲ ਸਿੰਘ, ਉਨ੍ਹਾਂ ਦੀ ਟੀਮ ਅਤੇ ਜਥੇਬੰਦੀ ਆਪਣੀਆਂ ਸਰਗਰਮੀਆਂ ਨੂੰ ਲਗਾਤਾਰ ਜਾਰੀ ਰੱਖ ਰਹੀਆਂ ਹਨ। 23 ਨਵੰਬਰ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਣ ਵਾਲੀ ਖਾਲਸਾ ਵਹੀਰ ਨੂੰ ਸਿੱਖ ਸੰਗਤਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ। ਇਨ੍ਹਾਂ ਸਾਰੇ ਹਾਲਾਤ ਵਿਚ ਨਿਰਾਸ਼, ਬੇਚੈਨ ਅਤੇ ਦਰਦ ਵਿਚ ਜੀਅ ਰਹੇ ਸਿੱਖ ਪੰਥ ਨੂੰ ਨਵੀਆਂ ਉਮੀਦਾਂ ਦੀ ਆਸ ਬੱਝ ਰਹੀ ਹੈ। ਅਜਿਹੀਆਂ ਸਥਿਤੀਆਂ ਵਿਚ ਭਾਈ ਅੰਮ੍ਰਿਤਪਾਲ ਸਿੰਘ ਪੰਥ ਦੀ ਨਵੀਂ ਆਸ ਦੀ ਕਿਰਨ ਕਿਵੇਂ ਬਣਕੇ ਸਾਰੇ ਅਕਾਲੀ ਅਤੇ ਪੰਥਕ ਚਿਹਰਿਆਂ ਤੋਂ ਅੱਗੇ ਵੱਡੀ ਲਕੀਰ ਬਣਾਉਂਦੇ ਹੋਏ ਕਿਵੇਂ ਪ੍ਰਵਾਨਤ ਪੰਥਕ ਚਿਹਰੇ ਵਜੋਂ ਉਭਰਨਗੇ, ਇਹ ਕਠਿਨ ਪਰ ਸੰਭਵ ਸਵਾਲ ਦੇ ਜਵਾਬ ਨਿਕਟ ਭਵਿੱਖ ਦੇ ਇਤਿਹਾਸ ਦੇ ਗਰਭ ਵਿਚ ਪਏ ਹਨ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਅਤੇ ਉਨ੍ਹਾਂ ਸਾਹਮਣੇ ਚੁਣੌਤੀਆਂ ਦਾ ਵੱਡਾ ਅੰਬਾਰ ਲੱਗਾ ਹੋਇਆ ਹੈ। ਪਰ ਉਹ ਗੁਰੂ ਦਾ ਓਟ ਆਸਰਾ ਲੈ ਕੇ ਜਿਵੇਂ ਪੰਥਕ ਮਿਸ਼ਨ ਦੀ ਪ੍ਰਾਪਤੀ ਲਈ ਅੱਗੇ ਵੱਧ ਰਹੇ ਹਨ, ਸਿੱਖ ਪੰਥ ਵਡੇਰੇ ਹਿੱਤਾਂ ਨੂੰ ਮੁੱਖ ਰੱਖਕੇ ਸਮੁੱਚੇ ਸਿੱਖ ਪੰਥ ਸਿੱਖ ਸੰਸਥਾਵਾਂ, ਵਿਦਵਾਨਾਂ ਅਤੇ ਆਗੂਆਂ ਨੂੰ ਉਨਾਂ੍ਹ ਦੀ ਹਮਾਇਤ ਵਿਚ ਉਨ੍ਹਾਂ ਨਾਲ ਖੜ੍ਹਨਾ ਚਾਹੀਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਵਰਤਾਰੇ ਦੀ ਸਫ਼ਲਤਾ ਦੀਆਂ ਸੰਭਾਵਨਾਵਾਂ ਅਜਿਹੀ ਹਮਾਇਤ ਤੋਂ ਪਾਰ ਪਈਆਂ ਹਨ।

 

ਭਾਈ ਹਰਿਸਿਮਰਨ ਸਿੰਘ

ਡਾਇਰੈਕਟਰ, ਸੈਂਟਰ ਫਾਰ ਪੰਥਕ ਕ੍ਰਿਏਟੀਵਿਟੀ,

ਅਨੰਦਪੁਰ ਸਾਹਿਬ। ਮੋ. 9872591713