ਅੱਖੀ ਦੇਖਿਆ ਤੇ ਹੰਡਾਇਆ ਜੂਨ 1984 - (ਭਾਗ 5)

ਅੱਖੀ ਦੇਖਿਆ ਤੇ ਹੰਡਾਇਆ ਜੂਨ 1984 - (ਭਾਗ 5)

5 ਜੂਨ 1984

4 ਅਤੇ 5 ਜੂਨ ਦੀ ਪੂਰੀ ਰਾਤ ਨੂੰ ਦੋਨਾ ਪਾਸਿਆਂ ਤੋਂ ਚਾਰ ਚੁਫੇਰੇ ਲਗਾਤਾਰ ਕਦੇ ਤੇਜ਼ੀ ਨਾਲ ਕਦੇ ਕਦੇ ਥੋੜਾ ਰੁਕ ਰੁਕ ਗੋਲਾਬਾਰੀ ਹੁੰਦੀ ਰਹੀ। ਸਾਰੇ ਟੈਲੀਫ਼ੋਨ ਅਤੇ ਬਿਜਲੀ ਵੀ ਕੱਟ ਦਿੱਤੀ ਗਈ ਸੀ। ਬਹੁਤ ਦੂਰ ਦੂਰ ਤੱਕ ਗੋਲੇ ਅਤੇ ਗੋਲ਼ੀਆਂ ਦੀ ਅਵਾਜ਼ ਸੁਣਾਈ ਦੇ ਰਹੀ ਸੀ। ਕਰਫਿਊ ਲੱਗਾ ਹੋਇਆ ਸੀ, ਕੋਈ ਵੀ ਘਰ ਮੈਂਬਰ ਘਰ ਤੋਂ ਬਾਹਰ ਅਤੇ ਬਾਹਰੋਂ ਘਰ ਦੇ ਅੰਦਰ ਨਹੀਂ ਸੀ ਆ ਜਾ ਸਕਦਾ। ਜਿਹੜਾ ਵੀ ਕੋਈ ਬਾਹਰੋਂ ਅੰਦਰ ਦਰਬਾਰ ਸਾਹਿਬ ਵਿੱਚ ਆਉਣ ਦੀ ਜਾਂ ਦਰਬਾਰ ਸਾਹਿਬ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਫ਼ੌਜੀ ਗੋਲੀਆਂ ਨਾਲ ਉਡਾ ਦਿੰਦੇ ਸਨ। 
ਇਸ ਤਰਾਂ ਵੀ ਬਹੁਤ ਸਾਰੇ ਯਾਤਰੂ ਜਿਸ ਵਿੱਚ ਬੀਬੀਆਂ, ਬੱਚੇ, ਬਜ਼ੁਰਗ ਅਤੇ ਨੌਜਵਾਨ ਸਿੰਘ ਸ਼ਹੀਦ ਕਰ ਦਿੱਤੇ ਗਏ। 

ਉਸ ਸਮੇ ਦੇ ਇਸ ਵਰਤ ਰਹੇ ਕਹਿਰ ਨੂੰ ਦੇਖ ਕੇ ਇਸ ਤਰਾਂ ਵੀ ਮਹਿਸੂਸ ਹੁੰਦਾਂ ਸੀ ਕਿ ਅਬਦਾਲੀ ਅਤੇ ਮੱਸੇ ਰੰਗੜ ਦੀ ਰੂਹ ਨੇ ਹੁਣ ਫੇਰ ਫੌਜ ਦੇ ਜਨਰਲ ਵੈਦਿਆ, ਬਰਾੜ ਅਤੇ ਰਣਜੀਤ ਦਿਆਲ ਦੇ ਵਿੱਚ ਪ੍ਰਵੇਸ ਕਰਕੇ ਜ਼ੁਲਮਾਂ ਦੀ ਅਤਿ ਕਰ ਦਿੱਤੀ ਹੈ। 

ਔਰੰਗਜੇਬ ਦੀ ਰੂਹ ਇੰਦਰਾਂ ਗਾਂਧੀ ਨੂੰ ਇਨ੍ਹਾਂ ਫ਼ੌਜੀ ਜਰਨੈਲਾਂ ਨੇ ਕਿਹਾ ਸੀ ਕਿ ਅਸੀ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦੋ ਘੰਟਿਆਂ ਵਿੱਚ ਫੜਕੇ ਤੁਹਾਡੇ ਹਵਾਲੇ ਕਰ ਦਿਆਂਗੇ ਪਰ ਜਦੋ ਅੱਗੋਂ ਗੁਰੂ ਕਲਗ਼ੀਧਰ ਦੇ ਗੁਰਸਿੱਖਾਂ ਨੇ ਅਤੇ ਭਿੰਡਰਾਂ ਵਾਲੇ ਮਹਾਪੁਰਖਾਂ ਦੇ ਸਾਥੀ ਸਿੰਘਾਂ ਸ਼ੇਰਾਂ ਨੇ ਜਾਲਮ ਫੌਜੀਆਂ ਨੂੰ ਦਿਨੇ ਹੀ ਤਾਰੇ ਅਤੇ ਕਰਾਰੇ ਹੱਥ ਦਿਖਾਇ ਤਾਂ, ਇਨ੍ਹਾਂ ਦੀ ਇੱਕਠੀ ਹੋਈ ਲੱਖਾਂ ਦੀ ਗਿੱਣਤੀ ਵਿੱਚ ਫ਼ੌਜੀਆਂ ਦੀ ਟੋਲੀ ਦੀ ਕੋਈ ਪੇਸ਼ ਨਾ ਗਈ। ਤਾਂ ਫਿਰ ਜਿਹੜੇ ਕਹਿੰਦੇ ਸੀ ਕਿ ਵੱਧ ਤੋਂ ਵੱਧ ਦੋ ਘੰਟਿਆਂ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਜਿਉਦਾਂ ਜਾ ਮੁਰਦਾ ਫੜਕੇ ਲੈ ਆਵਾਂਗੇ,  ਉਹਨਾਂ ਨੇ ਜਦੋ ਸੰਤਾਂ ਸੁਮੇਤ ਸਿੰਘਾਂ ਨਾਲ ਮੁਕਾਬਲੇ ਦੇ ਹੱਥ ਦੇਖੇ, ਫੇਰ ਇਨ੍ਹਾਂ ਵੱਡਿਆਂ ਫ਼ੌਜੀ ਜਰਨੈਲਾਂ ਨੇ ਕਰਫਿਊ ਨੂੰ ਹੋਰ ਵਧਾਉਣ ਲਈ ਸੈਂਟਰ ਸਰਕਾਰ ਦੇ ਤਰਲੇ ਲਏ ਅਤੇ 5 ਜੂਨ ਨੂੰ ਸਾਰੇ ਪੰਜਾਬ ਵਿੱਚ ਕਰਫਿਊ ਰਾਤ ਦੇ 9 ਵਜੇ ਵਧਾ ਦਿੱਤਾ ਗਇਆ ਅਤੇ ਗੱਡੀਆਂ ਉੱਤੇ ਵੀ ਪੂਰੀ ਤਰਾਂ ਪਾਬੰਦੀ ਲਾ ਦਿੱਤੀ ਗਈ ਸੀ। 

5 ਜੂਨ ਨੂੰ ਅੰਮ੍ਰਿਤ-ਵੇਲ਼ੇ ਰੋਜ਼ਾਨਾ ਦੀ ਮਰਯਾਦਾ ਅਨੁਸਾਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤਾ, ਪਰ ਇੱਥੇ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਸੱਚ-ਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 4 ਜੂਨ ਨੂੰ ਅੰਮ੍ਰਿਤ-ਵੇਲ਼ੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਠਾ ਸਾਹਿਬ ਤੋਂ ਗਏ ਸਨ, ਉਹ ਸਰੂਪ ਰੋਜ਼ਾਨਾ ਦੀ ਤਰਾਂ 4 ਜੂਨ ਦੀ ਰਾਤ ਨੂੰ ਭਾਰੀ ਗੋਲਾਬਾਰੀ ਕਾਰਨ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਠਾ ਸਾਹਿਬ ਤੇ ਨਹੀਂ ਆਏ। ਗੁਰੂ ਸਾਹਿਬ ਦੇ ਉਸੇ ਸਰੂਪ ਨੂੰ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਡਿਉਟੀ ਤੇ ਹਾਜ਼ਰ ਸਿੰਘ ਸਾਹਿਬਾਨ ਭਾਈ ਪੂਰਨ ਸਿੰਘ ਜੀ ਅਤੇ ਭਾਈ ਮੋਹਣ ਸਿੰਘ ਜੀਆਂ ਨੇ ਰਾਤ ਨੂੰ ਸੁਖਾਸਣ ਕਰ ਦਿੱਤੇ ਸਨ। 5 ਜੂਨ ਨੂੰ ਅੰਮ੍ਰਿਤ-ਵੇਲੇ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਉਸੇ ਸਰੂਪ ਨੂੰ ਹੀ ਪ੍ਰਕਾਸ਼ ਕੀਤਾ ਗਇਆ ਸੀ। 

5 ਜੂਨ ਨੂੰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੰਮ੍ਰਿਤ-ਵੇਲ਼ੇ ਰੋਜ਼ਾਨਾ ਦੀ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਫੇਰ ਰੋਜ਼ਾਨਾ ਦੀ ਮਰਯਾਦਾ ਉਨਸਾਰ ਅਸੀਂ ਤਿੰਨਾਂ ਸਿੰਘਾਂ ਨੇ ਸ੍ਰੀ ਆਸ਼ਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਅੰਰਭ ਕੀਤਾ ਅਤੇ ਉਸ ਸਮੇ ਵੀ ਮੀਹ ਵਾਂਗ ਵਰਦੀਆਂ ਗੋਲ਼ੀਆਂ ਅਤੇ ਗੋਲਿਆਂ ਵਿੱਚ ਹੀ ਸਤਿਗੁਰੂ ਜੀ ਦੀ ਅਪਾਰ ਕ੍ਰਿਪਾ ਦਾ ਸਦਕਾ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਕੀਤੀ ਅਤੇ ਰੋਜ਼ਾਨਾ ਦੀ ਤਰਾਂ ਸ੍ਰੀ ਅਕਾਲ ਤੱਖਤ ਸਾਹਿਬ ਜੀ ਦੀ ਸਾਰੀ ਮਾਣ ਮਰਯਾਦਾ ਨਿਭਾਈ ਗਈ ਅਤੇ ਅਸੀਂ ਫੇਰ ਤਿੰਨੇ ਸਿੰਘ ਸੰਤਾਂ ਦੇ ਕੋਲੇ ਭੋਰੇ ਵਿੱਚ ਬਣੇ ਹੋਏ ਮੋਰਚੇ ਵਿੱਚ ਚਲੇ ਗਏ। 

5 ਜੂਨ ਨੂੰ ਅੰਮ੍ਰਿਤ-ਵੇਲ਼ੇ ਵੀ ਬਹੁਤ ਤੇਜ਼ੀ ਨਾਲ ਲਗਾਤਾਰ ਦੋਵਾਂ ਪਾਸਿਆਂ ਤੋਂ ਗੋਲਾਵਾਰੀ ਚਲ ਰਹੀ ਸੀ ਅਤੇ ਫੌਜ ਵੀ ਨਾਲ਼ੋਂ ਨਾਲ ਅੱਗੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਵੱਧ ਰਹੀ ਸੀ, ਗੁਰੂ ਸਾਹਿਬ ਜੀ ਦੀ ਮਹਾਨ ਕ੍ਰਿਪਾ ਨਾਲ ਸਿੰਘ, ਸੂਰਮੇ ਯੋਧੇ ਪੂਰੇ ਜੋਸ਼ ਅਤੇ ਜ਼ੋਰ ਨਾਲ ਫੌਜ ਨੂੰ ਪਿੱਛੇ ਨੂੰ ਪਛਾੜ ਰਹੇ ਸਨ, ਸੰਤਾਂ ਮਹਾਂਪੁਰਖਾਂ ਨੇ ਅਤੇ ਜਨਰਲ ਸੁਬੇਗ ਸਿੰਘ ਜੀ ਨੇ 3 ਜੂਨ ਨੂੰ ਹੀ ਵਖੋ ਵੱਖਰੇ ਮੋਰਚਿਆਂ ਵਿੱਚ ਸਿੰਘਾਂ ਦੀਆਂ ਡਿਊਟੀਆਂ ਲਾਕੇ ਪੂਰੀਆਂ ਸਿੰਘਾਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਸਨ ਅਤੇ ਸਾਰੇ ਵਖੋ ਵਖਰੇ ਮੋਰਚਿਆਂ ਦੀ ਵੰਡ ਇਸ ਤਰਾਂ ਕੀਤੀ ਗਏ ਸੀ, ਨਾਨਕ ਨਿਵਾਸ ਸਰਾਂ ਅਤੇ ਬਾਬਾ ਅਟੱਲ ਸਾਹਿਬ ਜੀ ਦਾ ਅਸਥਾਨ ਅਖੰਡ ਕੀਰਤਨੀ ਬੱਬਰਾਂ ਦੀ ਜਥੇਬੰਦੀ ਕੋਲੇ ਸੀ, ਸਮੁੰਦਰੀ ਹਾਲ ਵਿੱਚ ਸ੍ਰੋਮਣੀ ਅਕਾਲੀ ਦਲ ਵਾਲੇ ਸਨ. ਗੁਰੂ ਰਾਮਦਾਸ ਸਰਾਂ, ਅਕਾਲ ਰੈਸਟ ਹਾਉਸ, ਪਾਣੀ ਵਾਲੀ ਟੈੰਕੀ ਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਵਿੱਚ ਆਲ ਇੰਡੀਆ ਸਿੱਖ ਸਟੂਡੈੰਟ ਫੈਡਰੇੰਸਨ ਵਾਲੇ ਸਨ
 ਗੁਰੂ ਰਾਮਦਾਸ ਲੰਗਰ ਅਤੇ ਦੀਵਾਨ ਮੰਜੀ ਸਾਹਿਬ ਹਾਲ ਤੇ ਜਥੇਦਾਰ ਬਾਬਾ ਥਾਰਾ ਸਿੰਘ ਜੀ, ਜਥੇਦਾਰ ਭਾਈ ਰਾਮ ਸਿੰਘ ਜੀ ਸੁਲਤਾਨਪੁਰੀ, ਜਥੇਦਾਰ ਬਾਈ ਗੁਰਮੇਲ ਸਿੰਘ ਜੀ (ਹਜੂਰ ਸਾਹਿਬ ਕਾਰਸੇਵਾ ਵਾਲਿਆਂ) ਦੀ ਅਗਵਾਈ ਵਿੱਚ ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਸਨ
 ਅਖਾੜਾ ਬ੍ਰਹਮ ਬੂਟਾ ਅਤੇ ਦੋਵੇੰ ਬੁਰਜ ਰਾਮਗੜੀਆ ਵਾਲੇ ਤੇ ਜਥੇਦਾਰ ਭਾਈ ਦਲਬੀਰ ਸਿੰਘ ਜੀ ਅਭਿਆਸੀ ਜੀ ਦੀ ਅਗਵਾਈ  ਵਿੱਚ ਭਾਈ ਸਵਰਨ ਸਿੰਘ ਜੀ ਰੋਡੇ (ਸੰਤਾਂ ਦੇ ਭਤੀਜੇ ) ਭਾਈ ਮੇਜਰ ਸਿੰਘ ਨਾਗੋਕੇ, ਭਾਈ ਕੁਲਵੰਤ ਸਿੰਘ ਭੰਡ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਰਾਗੀ ਭਾਈ ਸੁਰਜੀਤ ਸਿੰਘ ਭੰਡ, ਰਾਗੀ ਭਾਈ ਦਿਆਲ ਸਿੰਘ, ਭਾਈ ਸ਼ਾਮ ਸਿੰਘ, ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਬਲਵਿੰਦਰ ਸਿੰਘ ਨਾਗੋਕੇ, ਭਾਈ ਲੱਖਾਂ ਸਿੰਘ ਨਾਗੋਕੇ ਅਤੇ ਦਮਦਮੀ ਟਕਸਾਲ ਦੇ ਅਤੇ ਕਾਰ-ਸੇਵਾ ਦੇ ਸਿੰਘਾਂ ਦੇ ਨਾਲ ਸਨ
 ਘੰਟਾ ਘਰ ਤੇ ਜ੍ਹਿਲਿਆਂ ਵਾਲੇ ਬਾਗ਼ ਵਾਲੇ ਪਾਸੇ, ਜਥੇਦਾਰ ਭਾਈ ਜੋਗਿੰਦਰ ਸਿੰਘ ਜੀ ਫੌਜੀ ਚੱਕ ਰਾਜੂ ਵਾਲੇ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਸਨ
 ਗੁਦੁਆਰਾ ਥੜਾ ਸਾਹਿਬ ਅਤੇ ਦੋਨਾਂ ਨਿਸਾਨ ਸਾਹਿਬਾਂ ਵਾਲੀ ਦਰਸਨੀ ਡਿਉਡੀ ਤੇ ਡਾਕਟਰ ਭਗਵਾਨ ਸਿੰਘ ਅਤੇ ਜਥੇਦਾਰ ਭਾਈ ਅਨੋਖ ਸਿੰਘ ਜੀ ਉਬੋਕੇ, ਜਥੇਦਾਰ ਭਾਈ ਲਾਭ ਸਿੰਘ ਜੀ, ਜਥੇਦਾਰ ਭਾਈ ਬਲਵਿੰਦਰ ਸਿੰਘ ਖੋਜਕੀਪੁਰ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਸਨ
 ਸ੍ਰੀ ਅਕਾਲ ਤਖਤ ਸਾਹਿਬ ਦੇ ਥੜਾ ਸਾਹਿਬ ਦੇ ਵਿਚਕਾਰ ਵਾਲੀ ਉਚੀ ਇਮਾਰਤ ਤੇ ਜਥੇਦਾਰ ਬਾਈ ਜੋਗਿੰਦਰ ਸਿੰਘ ਜੀ ਰੋਡੇ, ਬਾਈ ਪਰਸਾ ਸਿੰਘ ਜੀ (ਰੋਡਿਆਂ ਵਾਲੇ) ਅਤੇ ਭਾਈ ਕਾਬਲ ਸਿੰਘ ਜੀ ਉਰਫ ਭਾਈ ਨਿਰੰਤਰ ਸਿੰਘ ਜੀ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਭਾਈ ਇੱਕਬਾਲ ਸਿੰਘ, ਭਾਈ ਜਗਦੀਸ ਸਿੰਘ, ਭਾਈ ਬੁੱਧ ਸਿੰਘ ਅਤੇ ਹੋਰ ਸਿੰਘਾਂ ਨਾਲ ਸਨ
ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਂਪੁਰਖਾਂ ਦੀ ਅਗਵਾਈ ਵਿੱਚ ਭਾਈ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਜੋ ਸਾਰਿਆਂ ਮੋਰਚਿਆਂ ਵਿੱਚ ਤਾਲ-ਮੇਲ ਰੱਖ ਰਹੇ ਸੀ, ਭਾਈ ਗੁਰਮੁਖ ਸਿੰਘ ਜੀ (ਗੜਵਈ), ਭਾਈ ਰਛਪਾਲ ਸਿੰਘ ਜੀ(ਸੰਤਾਂ ਦੇ ਪੀ ਏ), ਭਾਈ ਦਾਰਾ ਸਿੰਘ ਜੀ ਪੂਨੀਆਂ (ਸੰਤਾਂ ਦੇ ਡਰਾਇਵਰ) ਭਾਈ ਤਰਲੋਚਨ ਸਿੰਘ ਫ਼ੌਜੀ(ਲੱਧੂਵਾਲ) ਬਾਪੂ ਜੰਗੀਰ ਸਿੰਘ ਜੀ(ਸੰਤਾਂ ਦੇ ਵੱਡੇ ਭਾਈ ਸਾਹਿਬ) ਭਾਈ ਅਜਾਇਬ ਸਿੰਘ ਜੀ ਅਭਿਆਸੀ ਮਹਿਤੇ ਵਾਲੇ ਜਿਹੜੇ ਕਿ ਸੰਤਾਂ ਦੇ (ਡਰਾਇਵਰ) ਸਨ, ਭਾਈ ਸੰਤੋਖ ਸਿੰਘ(ਟੇਪਾਂਵਾਲੇ), ਭਾਈ ਹਰਚਰਨ ਸਿੰਘ ਮੁਕਤਾ ਜੀ, ਭਾਈ ਰਾਮ ਸਿੰਘ ਬੋਲਾ(ਛੋਟਾ ਗੜਵਈ), ਭਾਈ ਮੋਹਨ ਸਿੰਘ(ਛੋਟਾ ਗੜਵਈ), ਭਾਈ ਗੁਰਮੁਖ ਸਿੰਘ ਮਹਾਪੁਖਾਂ ਦਾ (ਡਰਾਇਵਰ ਭੂਰਿਆ ਵਾਲਾ), ਭਾਈ ਪ੍ਰੀਤਮ ਸਿੰਘ ਪ੍ਰੀਤਾ (ਫਤੂਢੀਗਾ), ਭਾਈ ਹਰਵਿੰਦਰ ਸਿੰਘ(ਸ਼ੈਤਾਨ ਮਨਾਵਾਂ), ਭਾਈ ਗੁਰਜੀਤ ਸਿੰਘ (ਹਰੀਹਰ ਝੋਕ ਵਾਲੇ) ਆਦਿ ਹੋਰ ਕਾਫ਼ੀ ਸਿੰਘ ਸਨ। ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਭਾਈ ਠਾਕੁਰ ਸਿੰਘ ਜੀ, ਦਾਸ ਮੁਖ਼ਤਿਆਰ ਸਿੰਘ ਮੁਖੀ, ਹੈੱਡ ਗਰੰਥੀ ਭਾਈ ਪ੍ਰੀਤਮ ਸਿੰਘ ਜੀ, ਗ੍ਰੰਥੀ ਭਾਈ ਭਗਵਾਨ ਸਿੰਘ ਜੀ, ਕੁਝ ਹੋਰ ਸ੍ਰੋਮਣੀ ਕਮੇਟੀ ਦੇ ਸੇਵਾਦਾਰ ਵੀ ਹਾਜ਼ਰ ਸਨ ਅਤੇ ਲਗਾਤਾਰ ਸੰਤਾਂ ਕੋਲੇ ਸਿੰਘ ਹੋਰ ਵੀ ਆ ਜਾ ਰਹੇ ਸਨ। 
 ਅੱਗੇ ਸਿੰਮਕੋ ਵਾਲੇ ਚੁਬਾਰੇ ਤੇ ਜਥੇਦਾਰ ਭਾਈ ਗੁਲਜ਼ਾਰ ਸਿੰਘ ਫ਼ੌਜੀ ਦੀ ਅਗਵਾਈ ਵਿੱਚ ਭਾਈ ਕੁਲਬੀਰ ਸਿੰਘ ਗੰਡੀਵਿੰਡ, ਭਾਈ ਮਿਹਰਵਾਨ ਸਿੰਘ, ਭਾਈ ਮੁਹਿੰਦਰ ਸਿੰਘ ਫ਼ੌਜੀ ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਸਨ
 ਨਵੀਂ ਦਰਸ਼ਨੀ ਡਿਉਡੀ ਤੇ ਜਥੇਦਾਰ ਭਾਈ ਰਸਾਲ ਸਿੰਘ ਜੀ ਆਰਫ਼ਕੇ ਦੀ ਅਗਵਾਈ ਵਿੱਚ ਭਾਈ ਸੁਖਦੇਵ ਸਿੰਘ ਭੱਠਲ, ਭਾਈ ਕਰਤਾਰ ਸਿੰਘ ਭੱਠਲ, ਭਾਈ ਜਸਵਿੰਦਰ ਸਿੰਘ ਡਰੋਲੀ, ਭਾਈ ਰਣਧੀਰ ਸਿੰਘ ਮਹਾਕਾਲ ਜੀ, ਭਾਈ ਜਰਨੈਲ ਸਿੰਘ ਬੂਅ, ਭਾਈ ਅਜਾਇਬ ਸਿੰਘ ਭਾਊ, ਭਾਈ ਹੀਰਾ ਸਿੰਘ ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਸਨ
 ਅੱਗੇ ਛਬੀਲ ਤੇ ਜਥੇਦਾਰ ਬਾਈ ਸ਼ੇਰ ਸਿੰਘ ਜੀ ਫ਼ੌਜੀ ਕਾਰ-ਸੇਵਾ ਵਾਲੇ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਦੇ ਨਾਲ ਸਨ
 ਆਟਾ ਮੰਡੀ ਘੰਟਾ ਘਰ ਤੇ ਜਥੇਦਾਰ ਗਿਆਨੀ ਮੋਹਰ ਸਿੰਘ ਜੀ ਦੀ ਅਗਵਾਈ  ਵਿੱਚ ਅਤੇ ਭਾਈ ਸਤਿੰਦਰਪਾਲ ਸਿੰਘ ਪੀ ਟੀ (ਸਿੱਖ ਸਟੂਡੈੰਟ ਫੈਡਰੇਸਨ) ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਸਨ
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਨੇੜੇ ਭਾਈ ਹਰਬੰਸ ਸਿੰਘ ਪੱਪੂ ਵਾਲੇ ਚੁਬਾਰੇ ਤੇ ਅਤੇ ਦੀਵਾਨ ਮੰਜੀ ਸਾਹਿਬ ਵਾਲੀ ਸਾਇਡ ਦੀ ਅਗਵਾਈ ਜਥੇਦਾਰ ਭਾਈ ਗੁਰਨਾਮ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਖੇਮਕਰਨ ਵਾਲੇ ਅਤੇ ਭਾਈ ਉੱਜਲ ਸਿੰਘ ਜੀ(ਮਲਸੀਹਾਂ), ਭਾਈ ਜੰਗੀਰ ਸਿੰਘ ਜੀ ਮਹੰਤ, ਭਾਈ ਮਹਾਂ ਸਿੰਘ (ਉਰਫ ਹਰਭਜਨ ਸਿੰਘ) ਅਤੇ ਦਮਦਮੀ ਟਕਸਾਲ ਦੇ ਹੋਰ ਸਿੰਘਾਂ ਨਾਲ ਸਾਰੀ ਮੋਰਚਾਬੰਦੀ ਕਰਕੇ ਫੌਜਾਂ ਨੂੰ ਮੂੰਹ ਤੋੜਵਾਂ ਜੁਵਾਬ ਦੇ ਰਹੇ ਸਨ, ਜਨਰਲ ਸੁਬੇਗ ਸਿੰਘ ਜੀ ਨੇ ਲਗਾਤਾਰ ਜ਼ੁੰਮੇਵਾਰ ਸਿੰਘਾਂ ਨਾਲ ਸਾਰਾ ਸੰਪਰਕ ਰਖਿਆ ਹੋਇਆਂ ਸੀ,

 5 ਜੂਨ ਹੀ ਦੁਪਹਿਰ ਤੋਂ ਬਾਦ ਸੰਤਾਂ ਨੂੰ ਭਾਈ ਅਮਰੀਕ ਸਿੰਘ ਜੀ ਨੇ ਕੁਝ ਸਿੰਘਾਂ ਦੀ ਅਗਵਾਈ ਵਿੱਚ ਬੇਨਤੀ ਕਰਨੀ ਚਾਹੀ, ਉਸ ਵੇਲੇ ਦਾਸ ਮਹਾਂਪੁਰਖਾਂ ਦੀ ਸੇਵਾ ਵਿੱਚ ਹਾਜ਼ਰ ਸੀ, ਸੰਤਾਂ ਨੇ ਜਿਸ ਵੇਲੇ ਸਿੰਘਾਂ ਨੂੰ ਇਕਠੇ ਹੋਇਆਂ ਦੇਖਿਆ ਤਾਂ ਸਿੰਘਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸੰਤਾਂ ਨੇ ਬਹੁਤ ਨਿਮ੍ਰਤਾ ਨਾਲ ਸਿੰਘਾਂ ਨੂੰ ਬੇਨਤੀ ਕੀਤੀ ਸਿੰਘੋ ਤੁਹਾਡੇ ਹੁਕਮ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਨੂੰ ਸੁਣ ਲਵੋ ਫੇਰ ਤੁਸੀਂ ਜੋ ਮਰਜ਼ੀ ਹੁਕਮ ਕਰ ਦਿਓ, ਮੇਰੀ ਬੇਨਤੀ ਇਹ ਹੈ ਮੈਨੂੰ ਇੱਥੋਂ ਜਾਣ ਵਾਰੇ ਨਾ ਕੋਈ ਹੁਕਮ ਕਰਿਓ ਕਿਉਕਿ ਜਦੋ ਅਹਿਮਦ ਸ਼ਾਹ ਅਬਦਾਲੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਬੇਅਦਵੀ ਦਾ ਬਦਲਾ ਲੈਣ ਲਈ ਤਾਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਸ੍ਰੀ ਮਾਨ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੋਂ ਚੱਲਕੇ ਆਪਣੀ ਸ਼ਹਾਦਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਨੂੰ ਨਾ ਸਹਾਰਦਿਆਂ ਦਿੱਤੀ ਸੀ। 
ਦਮਦਮੀ ਟਕਸਾਲ ਦੇ ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਨੇ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ ਸ਼ਹੀਦੀ ਦਿੱਤੀ ਹੈ,
ਦਾਸ ਵੀ ਗੁਰੂ ਕਲਗ਼ੀਧਰ ਸੱਚੇ ਪਾਤਸ਼ਾਹ ਦੀ ਚਲਾਈ ਹੋਈ ਇਸ ਟਕਸਾਲ ਦਾ ਇੱਕ ਸੇਵਾਦਾਰ ਹੈ।  ਸਮੇਂ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਹੈ ਦਾਸ ਤਾਂ ਅਖੀਰਲੇ ਸੁਆਸ ਤੱਕ ਸਰਕਾਰ ਨੂੰ ਮੂੰਹ ਤੋੜਵਾਂ ਜੁਵਾਬ ਦਿੰਦਾ ਹੋਇਆ ਸ਼ਹਾਦਤ ਪ੍ਰਾਪਤ ਕਰੇਗਾ ਕ੍ਰਿਪਾ ਕਰਕੇ ਤੁਸੀਂ ਮੈਨੂੰ ਇੱਥੋਂ ਜਾਣ ਵਾਰੇ ਕੋਈ ਵੀ ਹੁਕਮ ਨਹੀਂ ਕਰਨਾ। ਤੁਸੀਂ ਸਾਰੇ ਸਿੰਘਾਂ ਨੇ ਦਾਸ ਦੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਹੈ, ਸੰਤਾਂ ਦੇ ਪੂਰੀ ਦ੍ਰਿੜ੍ਹਤਾ ਵਾਲੇ ਬਚਨ ਸੁਣਕੇ ਇਕੱਠੇ ਹੋਏ ਸਿੰਘਾਂ ਨੇ ਸੰਤਾਂ ਨੂੰ ਫੇਰ ਕੋਈ ਵੀ ਕਿਸੇ ਕਿਸਮ ਦਾ ਹੁਕਮ ਜਾ ਬੇਨਤੀ ਨਹੀਂ ਕੀਤੀ, ਇਕੱਠੇ ਹੋਏ ਸਿੰਘ ਆਪੋ ਆਪੁਣੀ ਮੁੜ ਸੇਵਾ ਵਿੱਚ ਲੱਗ ਗਏ। 

ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੂਹ ਹੈ ਉਸ ਦਾ ਅੱਧਾ ਹਿੱਸਾ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਤੋਂ ਬਾਹਰ ਸੀ ਅਤੇ ਅੱਧਾ ਹਿੱਸਾ ਭੋਰੇ ਦੇ ਅੰਦਰ ਵਾਲੀ ਜਗਾ ਵਿੱਚ ਸੀ, ਸੰਤ ਸਿੰਘਾਂ ਨਾਲ ਕੁੱਝ ਵਿਚਾਰ ਕਰਨ ਤੋਂ ਉਪਰੰਤ ਉੱਥੇ ਹੀ ਥੋੜਾ ਜਿਹਾ ਸਮਾਂ ਲੰਮੇ ਪਏ ਸਨ, ਦਾਸ ਸੇਵਾ ਕਰਨ ਲੱਗ ਪਿਆ, ਉਸ ਸਮੇਂ ਫੌਜ ਦੀਆਂ ਤੋਪਾਂ ਦੇ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਪਿਛਲੀ ਸਾਇਡ ਤੋਂ ਵੀ ਮਾਰੇ ਜਾ ਰਹੇ ਸਨ,ਖੂਹ ਵਾਲੇ ਪਾਸੇ ਤੋਂ ਆ ਰਹੇ ਤੋਪਾਂ ਦੇ  ਗੋਲਿਆਂ ਦੀ ਬਹੁਤ ਹੀ ਭਿਆਨਕ ਅਵਾਜ਼ ਜੀ ਉਨ੍ਹਾਂ ਤੋਪਾਂ ਦੇ ਗੋਲਿਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਦਾ ਕੁਝ ਹਿੱਸਾ ਜਦੋਂ ਖੂਹ ਵਿੱਚ ਡਿਗਿਆ ਤਾਂ ਮੈਨੂੰ ਇਸ ਤਰਾਂ ਲੱਗਾ ਕਿ ਇਹ ਗੋਲਾ ਸਾਡੇ ਉਤੇ ਹੀ ਆ ਡਿੱਗਾ ਹੈ ਦਾਸ ਨੇ ਇਕ ਦਮ ਆਪੁਣੇ ਸਰੀਰ ਨੂੰ ਸੰਤਾਂ ਦੇ ਸਰੀਰ ਦੇ ਨੇੜੇ ਉਪਰ ਕਰਨ ਲਈ ਯਤਨ ਕੀਤਾ, ਤਾਂ ਉਸੇ ਵੇਲੇ ਇਕ ਦਮ ਲੰਮੇ ਪਏ ਮਹਾਂਪੁਰਖਾਂ ਨੇ ਆਪੁਣੇ ਦੋਵੇੰ ਚਰਨਾ ਨਾਲ ਮੇਰੇ ਸਰੀਰ ਨੂੰ ਪਰੇ ਧੱਕ ਕੇ ਪਿਆਰ ਨਾਲ ਕਹਿੰਦੇ ਕੰਜਰਾ ਡਰ ਗਿਆ? ਦਾਸ ਨੇ ਉਸੇ ਵੇਲੇ ਬੇਨਤੀ ਕੀਤੀ ਨਹੀਂ ਬਾਬਾ ਜੀ ਮੈਂ ਸੋਚਿਆ ਆਪ ਜੀ ਦੇ ਸਰੀਰ ਨੂੰ ਨਾਂ ਕੁਝ ਹੋਵੇ, ਮਹਾਂਪੁਰਖਾਂ ਨੇ ਕਿਹਾ ਮੁਖੀ ‘ਇਹ ਸਾਧ ਦੀ ਭੂਰੀ ਤੇ ਹੀ ਇਕੱਠ ਹੈ ਇਹ ਭੂਰੀ ਇੱਥੇ ਲਾਹ ਦੇਣੀ ਹੈ’ ਸੰਤਾਂ ਦੇ ਇਹ ਬਚਨ ਸੁਣ ਕੇ ਮੇਰਾ ਸਰੀਰ ਸੁੰਨ ਜਿਹਾ ਹੋ ਗਿਆ ਅਤੇ ਮੈਂ ਆਪਣੇ ਮੂੰਹ ਚੋੰ ਕੁਝ ਵੀ ਨਾ ਬੋਲ ਸਕਿਆ। ਫੇਰ ਸੰਤਾਂ ਨੇ ਭਾਈ ਤਰਲੋਚਨ ਸਿੰਘ ਫ਼ੌਜੀ ਲਧੂਵਾਲ ਵਾਲੇ ਨੂੰ ਪੁੱਛਿਆਂ ਜੋ ਵਾਇਰਲੈਸ ਰਾਹੀਂ ਸਰਕਾਰ ਅਤੇ ਫੌਜ ਦੀ ਸਾਰੀ ਕਾਰਵਾਈ ਸੁਣਕੇ ਮਹਾਂਪੁਰਖਾਂ ਨੂੰ ਦੱਸਦਾ ਸੀ, ਸੰਤ ਕਹਿੰਦੇ ਤਰਲੋਚਨ ਸਿੰਘ, ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਆਲੇ ਦੁਆਲੇ ਆਪਾਂ ਨੂੰ ਫੌਜ ਨੇ ਕਿੰਨਾ ਕੁ ਘੇਰਾ ਪਾਇਆ ਹੋਇਆ ਹੈ? ਤਾਂ ਉਸ ਵੇਲੇ ਭਾਈ ਤਰਲੋਚਨ ਸਿੰਘ ਨੇ ਕਿਹਾ ਬਾਬਾ ਜੀ ਲੱਖਾਂ ਦੀ ਗਿਣਤੀ ਵਿੱਚ ਹੈ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਘੇਰੇ ਵਿੱਚ, ਟੈਂਕਾਂ ਦਾ ਵੀ ਰਸਾਲਾ ਬਬੀਨੇ ਛਾਉਣੀ ਤੋਂ ਪਹੁੰਚ ਗਿਆ ਹੈ ਜੀ। ਸੰਤ ਹੱਸ ਕੇ ਕਹਿਣ ਲੱਗੇ ਇਹ ਫੌਜ ਤਾਂ ਕੀ ਹੈ ਭਾਵੇਂ ਸਾਰਾ ਹਿੰਦੁਸਤਾਨ ਵੀ ਚੜਕੇ ਆ ਜਾਵੇ ਆਪਾਂ ਨੂੰ ਫੇਰ ਵੀ ਨਹੀਂ ਫੜ ਸਕਦੇ ਪਰ ਸ਼ਹਾਦਤ ਦੇ ਦੇਣੀ ਹੈ। 

ਇਹ ਵਿਚਾਰਾਂ ਚਲ ਹੀ ਰਹੀਆਂ ਸਨ ਤਾਂ ਦਾਸ ਨੇ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਸ਼ਾਮ ਦੀ ਸੋਦਰ ਦੀ ਚੌਂਕੀ ਦਾ ਸਮਾਂ ਹੋਗਿਆ ਹੈ। ਸੰਤਾਂ ਨੇ ਕਿਹਾ ਜਾਓ ਜਾਕੇ ਸੇਵਾ ਨਿਭਾ ਕੇ ਆਓ, ਅਸੀਂ ਤਿੰਨੋਂ ਹੀ ਸਿੰਘ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਅਤੇ ਸੋਦਰ ਦੀ ਚੌਂਕੀ ਦਾ ਕੀਰਤਨ ਅਰੰਭ ਕਰ ਦਿੱਤਾ, ਕੀਰਤਨ ਕਰਦਿਆਂ ਦਾਸ ਦੇਖ ਰਿਹਾ ਸੀ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੀ ਪਾਣੀ ਦੀ ਟੈਂਕੀ ਫੌਜੀਆਂ ਨੇ ਤੋਪਾਂ ਦੇ ਗੋਲੇ ਮਾਰ ਮਾਰ ਕੇ ਤੋੜ ਦਿੱਤੀ ਅਤੇ ਪਾਣੀ ਦੀ ਬਹੁਤ ਵੱਡੀ ਧਾਰ ਜ਼ਮੀਨ ਤੇ ਡਿੱਗ ਦੀ ਦਿਖਾਈ ਦੇ ਰਹੀ ਸੀ ਅਤੇ ਫੌਜ ਗਰੂ ਰਾਮਦਾਸ ਸਰਾਂ ਵਾਲੇ ਪਾਸੇ ਤੇ ਕਾਫ਼ੀ ਨੇੜੇ ਆ ਚੁੱਕੀ ਸੀ। 

ਦੋਨਾਂ ਰਾਮਗੜੀਏ ਬੁੰਗਿਆਂ ਵਾਲੇ ਮੋਰਚਿਆਂ ਨੂੰ ਲਗਾਤਾਰ ਤੋਪਾਂ ਦੇ ਗੋਲੇ ਮਾਰੇ ਜਾ ਰਹੇ ਸਨ, ਸਿੰਘ ਉਨ੍ਹਾਂ ਦਾ ਜੁਵਾਬ ਪੂਰੇ ਬੁਲੰਦ ਹੌਸਲਿਆਂ ਨਾਲ ਦੇ ਰਹੇ ਸੀ। ਇਹ ਵੀ ਪਤਾ ਲੱਗਾ ਕਿ ਉਸ ਵੇਲੇ ਤੱਕ ਬੱਬਰਾਂ ਦੀ ਜਥੇਬੰਦੀ ਦੇ ਸਾਰੇ ਸਿੰਘ ਰਣਨੀਤੀ ਬਦਲਕੇ ਬਹਾਰ ਨਿਕਲ ਗਏ ਸਨ। ਅਸੀਂ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਾਰੀ ਸਮਾਪਤੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਖਾਸਣ ਕਰਵਾ ਕੇ ਕੋਠਾ ਸਾਹਿਬ ਵਿਖੇ ਵਿਰਾਜਮਾਨ ਕਰ ਦਿੱਤੇ ਸਨ। ਅਸੀਂ ਫੇਰ ਭੋਰੇ ਵਿੱਚ ਸੰਤਾਂ ਕੋਲੇ ਮੋਰਚੇ ਵਿੱਚ ਥੱਲੇ ਚਲੇ ਗਏ। 

5 ਅਤੇ 6 ਜੂਨ ਦੀ ਰਾਤ ਬਹੁਤ ਹੀ ਭਿਆਨਕ ਹੋ ਨਿਬੜੀ। ਫੌਜ ਗੁਰੂ ਰਾਮਦਾਸ ਸਰਾਂ ਵਾਲੀ ਸਾਇਡ ਤੋਂ ਪ੍ਰਕਰਮਾਂ ਵਿੱਚ ਅੰਦਰ ਆਉਣ ਲਈ ਟੈਂਕਾਂ ਅਤੇ ਬਖਤਰਬੰਦ ਗੱਡੀਆਂ ਨੂੰ ਅੱਗੇ ਲਾਕੇ ਲੈਕੇ ਆ ਰਹੇ ਸਨ। ਗੁਰੂ ਸਾਹਿਬ ਦੇ ਖਾਲਸੇ ਸਿੰਘਾਂ ਨੇ ਉਸ ਸਾਇਡ ਤੇ ਪੂਰਾ ਮੁਕਾਬਲਾ ਕੀਤਾ। ਫੌਜ ਵੱਲੋਂ ਟੈਂਕਾਂ ਤੋਪਾਂ, ਬਖਤਰ ਬੰਦ ਗੱਡੀਆਂ, ਐਮ.ਐਮ.ਜੀ.ਅਤੇ ਐਲ.ਐਮ.ਜੀ., ਹੈੰਡ ਗਰਨੇਡ, ਜਹਿਰੀਲੀ ਗੈੰਸ ਦੇ ਗੋਲੇ ਚਲਾਏ ਗਏ ਅਤੇ ਸਮੁੰਦਰੀ ਫੌਜ ਦੇ ਡਾਈਵਰਜ਼(ਗੋਤਾ ਖੋਰ) ਪਾਵਨ ਸਰੋਵਰ ਵਿੱਚ ਵੀ ਉਤਾਰੇ ਸਨ, ਜੋ ਸਾਰੇ ਹੀ ਸਿੰਘਾਂ ਨੇ ਗੋਲੀਆਂ ਨਾਲ ਉਡਾ ਦਿੱਤੇ। ਪ੍ਰਕਰਮਾਂ ਵਿੱਚ ਤੇਜ਼ ਲਾਈਟਾਂ ਦੇ ਗੋਲੇ ਫੌਜ ਵੱਲੋਂ ਵਾਰ ਵਾਰ ਛੱਡੇ ਜਾ ਰਹੇ ਸਨ। ਲਾਈਟਾਂ ਦੇ ਚਾਨਣੇ ਪਿੱਛੋਂ ਫੇਰ ਤੋਪਾਂ, ਟੈਂਕਾਂ ਦੇ ਗੋਲੇ ਅਤੇ ਹੈੱਡ ਗਰਨੇਡ ਸਿੱਟੇ ਜਾ ਰਹੇ ਸਨ ਅਤੇ ਬਹੁਤ ਹੀ ਭਿਆਨਕ ਯੁੱਧ ਚਲ ਰਿਹਾ ਸੀ। ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਚਾਰੇ ਪਾਸਿਆਂ ਤੋਂ ਫੌਜ ਨੇ ਪੂਰਾ ਜ਼ੋਰ ਲਾਕੇ ਹਮਲਾ ਕੀਤਾ ਇਹ ਹਮਲਾ ਫੌਜ ਦੇ ਕਮਾਡੋਆਂ ਵੱਲੋਂ ਅੰਦਰ ਆਉਣ ਲਈ ਪਹਿਲਾ ਹਮਲਾ ਰਾਤ ਦੇ 9 ਵਜੇ ਕੀਤਾ ਗਿਆ ਜਿੰਨੇ ਵੀ ਫ਼ੌਜੀ ਅੰਦਰ ਆਏ ਉਹ ਸਾਰੇ ਕਮਾਡੋਆਂ ਨੂੰ ਗੁਰ ਸਾਹਿਬ ਦੇ ਸਿੰਘਾਂ ਨੇ ਗੱਡੀ ਚੜਾ ਦਿੱਤਾ। ਦੁਬਾਰੇ ਫੇਰ ਜਦੋਂ ਦੋ ਵਾਰੀ ਕੁਮਾਂਡੋਆਂ ਦਾ ਹਮਲਾ ਕੀਤਾ ਗਿਆ ਉਨ੍ਹਾਂ ਵਿੱਚੋਂ ਵੀ ਜਦੋਂ ਕੋਈ ਕੁਮਾਂਡੋ ਵਾਪਸ ਨਾਂ ਮੁੜਿਆ ਤਾਂ ਫੌਜ ਦੇ ਜਰਨੈਲ ਕੁਰਲਾ ਉਠੇ। ਰਾਤ ਨੂੰ 11 ਕੁ ਵਜੇ ਫੌਜ ਨੇ ਟੈਂਕ ਅਤੇ ਬਖਤਰ ਬੰਦ ਗੱਡੀਆਂ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਦੁੱਖ ਭੰਜਨੀ ਬੇਰ ਕੋਲੇ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਸਿੱਧੇ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ। ਉਸੇ ਵੇਲੇ ਸੰਤਾਂ ਕੋਲੋਂ ਜਨਰਲ ਸੁਬੇਗ ਸਿੰਘ ਜੀ ਨੇ ਵੱਡਾ ਹਥਿਆਰ (ਰਾਕਟ ਲੈਂਚਰ) ਪਰਾਪਤ ਕਰਕੇ ਟੈਂਕਾਂ ਅਤੇ ਬਖਤਰ ਬੰਦ ਗੱਡੀਆਂ ਦੇ ਮੂੰਹ ਮੋੜ ਦਿੱਤੇ ਸਨ। ਸ੍ਰੀ ਦਰਬਾਰ ਸਾਹਿਬ ਦੇ ਅਟੈਕ ਵਿੱਚ ਫੌਜ ਨੇ ਹਰ ਵੱਡੇ ਤੋਂ ਵੱਡਾ ਹਥਿਆਰ ਵਰਤਿਆ ਸੀ। ਜਨਰਲ ਸੁਬੇਗ ਸਿੰਘ ਜੀ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਮੋਰਚਿਆਂ ਵਿੱਚ ਰਾਤ ਨੂੰ ਪ੍ਰਕਰਮਾਂ ਵਿੱਚ ਦੀ ਆ ਜਾ ਰਹੇ ਸਨ, ਤਕਰੀਬਨ ਰਾਤ ਨੂੰ ਇਕ ਵਜੇ ਦੇ ਕਰੀਬ ਦੋ ਨਿਸ਼ਾਨ ਸਾਹਿਬਾਂ ਦੇ ਨੇੜੇ ਕਮਰੇ ਵਿੱਚ ਕੁਮਾਂਡੋ ਲੁਕੇ ਹੋਏ ਸਨ ਜਿਨ੍ਹਾਂ ਨੇ ਜਨਰਲ ਸੁਬੇਗ ਸਿੰਘ ਜੀ ਨੂੰ ਪ੍ਰਕਰਮਾਂ ਵਿੱਚ ਮੋਰਚਿਆਂ ਵੱਲ ਆਉਂਦੇ ਜਾਂਦਿਆਂ ਨੂੰ ਗੋਲੀਆਂ ਦਾ ਬ੍ਰਸਟ ਮਾਰ ਦਿੱਤਾ। ਜਨਰਲ ਸੁਬੇਗ ਸਿੰਘ ਜੀ ਨੇ ਸਿੰਘਾਂ ਨੂੰ ਅਵਾਜ਼ ਮਾਰੀ ਤਾਂ ਉਸ ਸਮੇਂ ਸਾਇਦ ਭਾਈ ਬਖ਼ਸ਼ੀਸ਼ ਸਿੰਘ ਫ਼ੌਜੀ ਸੀ ਜੋ ਜਨਰਲ ਸੁਬੇਗ ਸਿੰਘ ਜੀ ਨੂੰ ਆਪਣੀ ਪਿੱਠ ਤੇ ਚੁੱਕ ਕੇ ਥੱਲੇ ਭੋਰੇ ਵਿੱਚ ਸੰਤਾਂ ਦੇ ਕੋਲੇ ਲੈ ਆਇਆ। ਦਾਸ ਸੁਮੇਤ ਕੁੱਝ ਸਿੰਘ ਅਸੀਂ ਉਸ ਵੇਲੇ ਸੰਤਾਂ ਦੇ ਕੋਲੇ ਹੀ ਬੈਠੇ ਸੀ। ਜਨਰਲ ਸੁਬੇਗ ਸਿੰਘ ਜੀ ਨੇ ਮਹਾਂਪੁਰਖਾਂ ਨੂੰ ਕਿਹਾ ਕਿ ਬਾਬਾ ਜੀ ਮੈਂ ਤੁਹਾਡਾ ਬਚਨ ਪੂਰਾ ਕਰ ਆਇਆ ਹਾਂ ਅਤੇ ਹਥਿਆਰ ਵੀ ਨਹੀਂ ਛੱਡ ਕੇ ਆਇਆ! ਏਨੀ ਹੀ ਗੱਲ ਹੋਈ ਸੀ ਜਨਰਲ ਸਾਹਿਬ ਜੀ ਤੋਂ ਅੱਗੇ ਹੋਰ ਨਾਂ ਬੋਲਿਆ ਗਿਆ,  ਸੰਤਾਂ ਨੇ ਉਸੇ ਟਾਇਮ ਕਿਹਾ ਜਨਰਲ ਸਾਹਿਬ ਜੀ ਅਸੀਂ ਤੁਹਾਡੇ ਮਗਰੇ ਆਇ ਸਮਾਂ ਥੋੜਾ ਜਿਹਾ ਅੱਗੇ ਪਿੱਛੇ ਹੋ ਸਕਦਾ ਹੈ। ਜਨਰਲ ਸਾਹਿਬ ਉਸੇ ਸਮੇਂ ਸ਼ਹਾਦਤ ਦਾ ਜਾਮ ਪੀ ਗਏ। ਫੇਰ ਮਹਾਂਪੁਰਖਾਂ ਨੇ ਸਾਰੇ ਸਿੰਘਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸਿੰਘੋੰ ਜਿਸ ਦੇਸ਼ ਲਈ ਜਨਰਲ ਸੁਬੇਗ ਸਿੰਘ ਜੀ ਲੜਦੇ ਮਰਦੇ ਰਿਹੇ ਹਨ ਅੱਜ ਉਸੇ ਦੇਸ਼ ਦੀ ਫੌਜ ਨੇ ਜਨਰਲ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਹੈ। ਭਾਈ ਗੁਰਮੁਖ ਸਿੰਘ ਗੜਬਈ ਨੂੰ ਕਿਹਾ ਕਿ ਜਨਰਲ ਸਾਹਿਬ ਦੇ ਸਰੀਰ ਤੇ ਚਾਦਰ ਪਾ ਦਿਓ। ਦੂਜੇ ਪਾਸੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਫੌਜ ਦੀਆਂ ਤੋਪਾਂ, ਟੈਂਕਾਂ ਅਤੇ ਬਖਤਰ ਬੰਦ ਗੱਡੀਆਂ ਅਤੇ ਫੌਜ ਨਾਲ ਸਿੰਘਾਂ ਦਾ ਬਹੁਤ ਹੀ ਘਮਸਾਨ ਦਾ ਪੂਰਾ ਭਿਆਨਕ ਯੁੱਧ ਹੋ ਰਿਹਾ ਸੀ।

 

ਚੱਲਦਾ....

 ਬਾਬਾ ਮੁਖਤਿਆਰ ਸਿੰਘ

ਮੁਖੀ USA (ਵਿਦਿਆਰਥੀ ਦਮਦਮੀ ਟਕਸਾਲ)