ਕਿ ਰਾਜਨੀਤਕ ਸਿਆਸਤਦਾਨਾਂ ਨੂੰ ਵੋਟਾਂ ਡੇਰਿਆਂ  ਤੋਂ ਮਿਲਦੀਆਂ ਹਨ  ?

ਕਿ ਰਾਜਨੀਤਕ ਸਿਆਸਤਦਾਨਾਂ ਨੂੰ ਵੋਟਾਂ ਡੇਰਿਆਂ  ਤੋਂ ਮਿਲਦੀਆਂ ਹਨ  ?

   ਸਰਬਜੀਤ ਕੌਰ ਸਰਬ

ਪੰਜਾਬ ਦੇ ਨੇਤਾਵਾਂ ਵਿੱਚ  2022 ਦੀਆਂ  ਚੋਣਾਂ ਨੂੰ ਲੈ ਕੇ  ਦਲ ਬਦਲੀਆਂ ਕੀਤੀਆਂ ਜਾ ਰਹੀਆਂ ਹਨ । ਕਹਿੰਦੇ ਕਹਾਉਂਦੇ ਪਾਰਟੀ ਲੀਡਰ  ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਦੀ ਤਾਜ਼ਾ ਉਦਾਹਰਣ ਮਨਜਿੰਦਰ ਸਿੰਘ ਸਿਰਸਾ ਦੀ ਹੈ । ਜਿਸ ਨੇ ਬਹੁਤਾ ਸਮਾਂ  ਅਕਾਲੀ ਦਲ ਵਿੱਚ ਬਤੀਤ ਕਰ ਕੇ  ਚੋਣਾਂ ਦੇ ਦੌਰਾਨ ਬੀ ਜੇ ਪੀ ਪਾਰਟੀ  ਦਾ ਪੱਲਾ ਫੜ ਲਿਆ ਹੈ । ਬੇਸ਼ੱਕ ਕਿਰਸਾਨੀ ਅੰਦੋਲਨ ਤੋਂ ਪਹਿਲਾਂ  ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਸੀ । ਇਹ ਰਾਜਨੀਤਿਕ ਪਾਰਟੀਆਂ ਅੰਦਰੋਂ ਗਤੀ ਕੀ ਕਰ ਰਹੀਆਂ ਹਨ ਇਸ ਦਾ ਆਮ ਵੋਟਰ ਨੂੰ ਪਤਾ ਨਹੀਂ ਚਲਦਾ । ਇਸ ਸਮੇਂ ਰਾਜਨੀਤਿਕ ਲੀਡਰ ਡੇਰਿਆਂ ਨਾਲ ਵੀ ਰਾਬਤਾ ਕਾਇਮ ਕਰ ਰਹੇ ਹਨ । ਸੋਸ਼ਲ ਮੀਡੀਆ ਉੱਤੇ ਅਜਿਹੀਆਂ ਬਹੁਤ ਸਾਰੀਆਂ ਵੀਡੀਓ ਕਲਿਪਸ ਆ ਰਹੀਆਂ ਹਨ  ਜਿਨ੍ਹਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਇਹ ਰਾਜਨੀਤਿਕ ਲੀਡਰ  ਡੇਰਿਆਂ ਵਿੱਚ ਜਾ ਰਹੇ ਹਨ । ਇਸ ਸਮੇਂ ਮੈਂ ਪੰਜਾਬ ਵਿੱਚ ਸੰਤ ਸਮਾਜ ਵੱਲੋਂ ਲਾਏ ਡੇਰਿਆਂ ਦੀ ਗੱਲ ਨਹੀਂ ਕਰ ਰਹੀ  ਸਗੋਂ ਉਨ੍ਹਾਂ ਡੇਰਿਆਂ ਦੀ ਗੱਲ ਕਰ ਰਹੀ ਹਾਂ ਜੋ ਰਾਜਨੈਤਿਕ ਪ੍ਰਭਾਵ ਦੇ ਅਧੀਨ ਹਨ  ਭਾਵ ਸਰਕਾਰਾਂ ਵੱਲੋਂ ਚਲਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਰਾਮ ਰਹੀਮ ਦਾ ਡੇਰਾ ਇੱਕ ਹੈ।  ਜਿੱਥੇ ਅੱਜ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੁੰਦੇ ਹਨ ਇਨ੍ਹਾਂ ਡੇਰਿਆਂ ਵਿੱਚ ਜਾ ਕੇ ਰਾਜਨੈਤਿਕ ਲੀਡਰ ਹਾਜ਼ਰੀ ਭਰਦੇ  ਹਨ ।

ਭਾਰਤੀ ਹਕੂਮਤ ਵੱਲੋਂ ਵੀ  ਅਨੇਕਾਂ ਅਜਿਹੇ ਡੇਰਿਆਂ ਨੂੰ ਸ਼ਰਨ ਦਿੱਤੀ ਜਾ ਰਹੀ ਹੈ  ਜੋ ਸਿੱਖੀ ਨੂੰ ਢਾਹ ਲਾ ਰਹੇ ਹਨ  ਅਤੇ ਆਪਣੇ ਮੱਤ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਆਪਣੇ ਪ੍ਰਭਾਵ ਅਧੀਨ ਲਿਆ ਰਹੇ ਹਨ । ਸਰਕਾਰ ਇਨ੍ਹਾਂ ਡੇਰਿਆਂ ਦਾ ਇਸਤੇਮਾਲ  ਚੋਣਾਂ ਦੌਰਾਨ ਕਰਦੀ ਹੈ ਕਿਉਂ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਡੇਰਿਆਂ ਨਾਲ ਆਮ ਲੋਕ ਜੁੜੇ ਹੋਏ ਹਨ ਤੇ ਇਨ੍ਹਾਂ ਲੋਕਾਂ ਕੋਲੋਂ ਵੋਟਾਂ ਕਿਵੇਂ ਲਈਆਂ ਜਾਣ ਇਹ  ਉਨ੍ਹਾਂ ਨੁਮਾਇੰਦਿਆਂ ਨੂੰ ਪਤਾ ਹੈ ਜੋ ਸਰਕਾਰਾਂ ਦੀ ਚਮਚਾਗਿਰੀ ਕਰਦੇ ਹਨ।ਸਰਕਾਰਾਂ ਦੀ ਸੱਤਰ ਛਾਇਆ ਹੇਠ ਚੱਲਦੇ ਇਨ੍ਹਾਂ ਡੇਰਿਆਂ  'ਤੇ ਕੋਈ ਰੋਕ ਨਹੀਂ ਹੈ  ਕਿਉਂਕਿ ਸਮੇਂ ਆਉਣ 'ਤੇ ਸਰਕਾਰਰਾਂ ਇਨ੍ਹਾਂ ਤੋਂ ਕੰਮ ਲੈਂਦੀਆ ਹਨ। ਇਨ੍ਹਾਂ ਡੇਰਾਵਾਦ ਲੋਕਾਂ ਨੇ ਹੀ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਸਲ ਸੱਚਾਈ ਤੋਂ ਲੋਕਾਂ ਨੂੰ ਬੇਮੁੱਖ ਕੀਤਾ ਹੋਇਆ ਹੈ । ਆਮ ਇਨਸਾਨ  ਇਨ੍ਹਾਂ ਡੇਰਾ ਮੁਖੀਆਂ ਨੂੰ ਰੱਬ ਮੰਨੀ ਬੈਠਾ ਹੈ ਤੇ ਇਨ੍ਹਾਂ ਦੇ ਕਹਿਣ ਅਨੁਸਾਰ ਹੀ ਉਹ ਆਪਣਾ ਜੀਵਨ ਬਤੀਤ ਕਰ ਰਿਹਾ ਹੈ  । ਇਸ ਲਈ ਡੇਰੇ ਦੇ ਨੁਮਾਇੰਦਿਆਂ ਵੱਲੋਂ ਧਾਰਮਿਕ ਪ੍ਰਚਾਰ  ਹੇਠ ਚਲਾਈ ਜਾਂਦੀ ਰਾਜਨੀਤੀ  ਦਾ ਅਸਲ ਸੱਚ ਇਹ ਹੀ ਹੈ ਕਿ ਉਹ ਆਪਣੇ ਪ੍ਰਭਾਵ ਅਧੀਨ ਕਰ ਕੇ ਲੋਕਾਂ ਨੂੰ  ਜਿਸ ਪਾਸੇ ਵੋਟ ਕਰਨ ਲਈ ਕਹਿਣਗੇ  ਉਹ ਭੋਲੇ ਲੋਕ ਉਸ ਪਾਸੇ ਹੀ ਵੋਟ ਦੇ ਦੇਣਗੇ ।ਇਹ ਹੀ ਅਸਲ ਕਾਰਨ ਹੈ ਕਿ ਇਸ ਸਮੇਂ  ਵਧੇਰੇ ਨੇਤਾ  ਲੋਕ ਇਨ੍ਹਾਂ ਡੇਰਿਆਂ ਵਿੱਚ ਹਾਜ਼ਰੀ ਭਰ ਰਹੇ ਹਨ  ਤੇ ਉਨ੍ਹਾਂ ਸਮਾਗਮਾਂ ਵਿਚ ਜਾ ਰਹੇ ਹਨ ਜੋ ਇਨ੍ਹਾਂ ਡੇਰਿਆਂ ਵੱਲੋਂ ਕਰਵਾਏ  ਜਾਂਦੇ ਹਨ  । ਜੇਕਰ ਲੋਕ ਇਨ੍ਹਾਂ ਡੇਰਿਆਂ ਵਿੱਚ ਜਾਣਾ ਬੰਦ ਕਰ ਦੇਣ ਤਾਂ ਹੀ ਉਹ ਚੰਗੇ ਮਾੜੇ ਰਾਜਨੈਤਿਕ ਸਿਆਸਤਦਾਨ  ਵਿੱਚ ਭੇਦ ਸਮਝ ਸਕਣਗੇ ।ਜੇਕਰ ਚੰਗੇ ਲੋਕ  ਇੱਕ ਪੰਥ ਅਤੇ ਇਕ ਗੁਰੂ ਵਿੱਚ ਵਿਸਵਾਸ਼ ਰੱਖਣਗੇ  ਤਾਂ ਹੀ ਉਨ੍ਹਾਂ ਦਾ ਭਵਿੱਖ ਸੰਵਰ ਸਕਦਾ ਹੈ ਨਹੀਂ ਤਾਂ ਜਿਵੇਂ ਪਹਿਲਾਂ ਰਾਜਨੈਤਿਕ ਖੇਡ  ਚਲਦੀ ਆ ਰਹੀ ਹੈ ਉਵੇਂ ਹੀ ਅੱਗੇ ਚਲਦੀ ਰਹੇਗੀ।