ਭਲਵਾਨ ਅਦਾਕਾਰ ਪ੍ਰਦੁਮਣ ਸਿੰਘ ਰੰਧਾਵਾ

ਭਲਵਾਨ ਅਦਾਕਾਰ ਪ੍ਰਦੁਮਣ ਸਿੰਘ ਰੰਧਾਵਾ

ਸਖਸ਼ੀਅਤ

ਪੰਜ ਫੁੱਟ ਅੱਠ ਇੰਚ ਲੰਮੇ ਗੱਭਰੂ ਪ੍ਰਦੁਮਣ ਸਿੰਘ ਰੰਧਾਵਾ ਦੀ ਪੈਦਾਇਸ਼ 12 ਅਪਰੈਲ 1945 ਨੂੰ ਪਿੰਡ ਧਰਮੂਚੱਕ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਵਿਸ਼ਵ ਪ੍ਰਸਿੱਧ ਭਲਵਾਨ ਦਾਰਾ ਸਿੰਘ ਤੇ ਮਾਤਾ ਬਚਨ ਕੌਰ ਦੇ ਘਰ ਹੋਈ। ਉਸ ਵੇਲੇ ਦਾਰਾ ਸਿੰਘ 17 ਸਾਲਾਂ ਦੇ ਮੁੱਛ ਫੁੱਟ ਗੱਭਰੂ ਸਨ। ਉਹ ਆਪਣੇ ਜੇਠੇ ਪੁੱਤਰ ਪ੍ਰਦੁਮਨ ਨੂੰ ਪੰਮੇਦੇ ਨਾਮ ਨਾਲ ਮੁਖ਼ਾਤਿਬ ਹੁੰਦੇ ਸਨ। ਪ੍ਰਦੁਮਣ ਨੇ ਦਸਵੀਂ ਤੱਕ ਤਾਲੀਮ ਸੰਤ ਸਿੰਘ ਸੁੱਖਾ ਸਿੰਘ ਹਾਈ ਸਕੂਲ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਫਿਰ ਉਹ ਆਪਣੇ ਪਿਤਾ ਤੇ ਚਾਚਾ ਸਰਦਾਰਾ ਸਿੰਘ ਰੰਧਾਵਾ (ਅਦਾਕਾਰ ਭਲਵਾਨ) ਦੇ ਨਕਸ਼-ਏ-ਕਦਮ ਤੇ ਚੱਲਦਿਆਂ ਕੁਸ਼ਤੀ ਅਖਾੜਿਆਂ ਦੀ ਦੁਨੀਆ ਤੋਂ ਬਾਅਦ ਮੁਕੰਮਲ ਤੌਰ ’ਤੇ ਫ਼ਿਲਮਾਂ ਨੂੰ ਸਮਰਪਿਤ ਹੋ ਗਏ।ਪ੍ਰਦੁਮਨ ਨੇ 16 ਸਾਲ ਤੋਂ ਲੈ ਕੇ 20 ਸਾਲ ਦੀ ਉਮਰ ਤੱਕ ਅੰਮ੍ਰਿਤਸਰ, ਜਲੰਧਰ, ਫਗਵਾੜਾ, ਲੁਧਿਆਣਾ, ਛਿੰਝ ਬੱਬੇਹਾਲੀ ਤੇ ਕਲਾਨੌਰ ਵਿਖੇ ਇੰਡੀਅਨ ਸਟਾਇਲ ਕੁਸ਼ਤੀ ਲੜੀ। ਕੁਸ਼ਤੀ ਵਿੱਚ ਉਸ ਦੇ ਉਸਤਾਦ ਮਿਹਰਦੀਨ ਬਾਣੀਆ ਸਨ, ਜਿਨ੍ਹਾਂ ਨੂੰ ਲੋਕ ਅਦਬ ਨਾਲ ਫ਼ਕੀਰ ਬਾਣੀਆ (ਅੰਮ੍ਰਿਤਸਰ) ਵੀ ਕਹਿੰਦੇ ਸਨ। ਆਪਣੇ ਪਿਤਾ ਜੀ ਦੀ ਸ਼ਖ਼ਸੀਅਤ ਦਾ ਵੀ ਉਸ ਤੇ ਬੜਾ ਪ੍ਰਭਾਵ ਸੀ। ਉਹ ਦੇਸੀ ਇੰਡੀਅਨ ਸਟਾਇਲ ਕੁਸ਼ਤੀ ਵਿਚ ਚੈਂਪੀਅਨ ਬਣਨਾ ਚਾਹੁੰਦਾ ਸੀ, ਪਰ ਬਣ ਉਹ ਅਦਾਕਾਰ ਗਿਆ। ਸ਼ੌਕ ਵਜੋਂ ਉਸ ਨੇ ਛੋਟੀਆਂ ਕਹਾਣੀਆਂ ਵੀ ਲਿਖੀਆਂ ਜੋ ਪ੍ਰੀਤਲੜੀਰਸਾਲੇ ਤੇ ਨਵਾਂ ਜ਼ਮਾਨਾਅਖ਼ਬਾਰ ਵਿੱਚ ਸ਼ਾਇਆ ਹੁੰਦੀਆਂ ਰਹੀਆਂ। 1962 ਵਿੱਚ ਉਸ ਦਾ ਪੰਜਾਬੀ ਨਾਵਲ ਸੌਗੰਧ’ ਵੀ ਪ੍ਰਕਾਸ਼ਿਤ ਹੋਇਆ ਸੀ।

ਪ੍ਰਦੁਮਨ ਸਿੰਘ ਦਾ ਫ਼ਿਲਮਾਂ ਵਿੱਚ ਆਉਣ ਦਾ ਸਬੱਬ ਵੀ ਬੜਾ ਖ਼ੂਬਸੂਰਤ ਸੀ। ਜਦੋਂ 1965 ਵਿੱਚ ਭਾਰਤ-ਪਾਕਿਸਤਾਨ ਵਿੱਚ ਯੁੱਧ ਛਿੜਿਆ ਤਾਂ ਉਹ ਆਪਣੇ ਪਿੰਡ ਧਰਮੂਚੱਕ ਰਹਿ ਰਿਹਾ ਸੀ। ਇੱਕ ਦਿਨ ਉਸ ਦੇ ਪਿਤਾ ਜੀ ਨੇ ਉਸ ਨੂੰ ਬੰਬੇ ਸੱਦ ਲਿਆ। ਉੱਥੋਂ ਦੀ ਫ਼ਿਲਮੀ ਫ਼ਿਜ਼ਾ ਦੇ ਜਾਦੂ ਨੇ ਉਸ ਨੂੰ ਛੇਤੀ ਹੀ ਆਪਣੇ ਕਲਾਵੇ ਵਿੱਚ ਲੈ ਲਿਆ। 1968 ਵਿੱਚ ਇੱਕ ਦਿਨ ਉਨ੍ਹਾਂ ਦੇ ਘਰ ਕੋਈ ਪਾਰਟੀ ਸੀ, ਜਿਸ ਵਿੱਚ ਵਕਤ ਦੇ ਮਸ਼ਹੂਰ ਤੇ ਮਾਰੂਫ਼ ਫ਼ਨਕਾਰ ਰਾਜ ਕਪੂਰ, ਅਜੀਤ, ਰਾਮਾਨੰਦ ਸਾਗਰ, ਰਜਿੰਦਰ ਕੁਮਾਰ, ਧਰਮਿੰਦਰ, ਅਜੀਤ ਸਿੰਘ ਦਿਓਲ, ਮਾਲਾ ਸਿਨਹਾ ਆਦਿ ਪਹੁੰਚੇ ਹੋਏ ਸਨ। ਉਨ੍ਹਾਂ ਨੂੰ ਘਰ ਲਿਆਉਣ ਤੇ ਛੱਡਣ ਦੀ ਜ਼ਿੰਮੇਵਾਰੀ ਪ੍ਰਦੁਮਣ ਦੀ ਸੀ। ਜਦੋਂ ਉਹ ਰਾਮਾਨੰਦ ਸਾਗਰ (ਲਾਹੌਰ) ਨੂੰ ਉਨ੍ਹਾਂ ਦੀ ਕਾਰ ਤੱਕ ਛੱਡਣ ਬਾਹਰ ਆਇਆ ਤਾਂ ਉਨ੍ਹਾਂ ਨੇ ਉਸ ਦੀ ਸ਼ਖ਼ਸੀਅਤ ਤੋਂ ਮੁਤਾਸਿਰ ਹੁੰਦਿਆਂ ਉਸ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਲਈ ਪ੍ਰੇਰਿਆ।ਜਦੋਂ ਰਾਮਾਨੰਦ ਸਾਗਰ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸਾਗਰ ਆਰਟ ਇੰਟਰਨੈਸ਼ਨਲ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਚ ਰੰਗੀਨ ਜਾਸੂਸੀ ਫ਼ਿਲਮ ਆਂਖੇਂ’ (1968) ਸ਼ੁਰੂ ਕੀਤੀ ਤਾਂ ਪ੍ਰਦੁਮਨ ਸਿੰਘ ਰੰਧਾਵਾ ਨੂੰ ਪ੍ਰਦੁਮਨ ਦੇ ਨਾਮ ਨਾਲ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਪ੍ਰਦੁਮਨ ਨੇ ਫ਼ਿਲਮ ਵਿੱਚ ਅਕਰਮਨਾਮੀ ਦੇਸ਼ ਵਿਰੋਧੀ ਭੂਮਿਕਾ ਨਿਭਾਈ। ਇਸ ਫ਼ਿਲਮ ਨੂੰ 1969 ਵਿੱਚ ਹੋਏ 16ਵੇਂ ਫ਼ਿਲਮਫੇਅਰ ਐਵਾਰਡ ਦੌਰਾਨ 7 ਪੁਰਸਕਾਰਾਂ ਨਾਲ ਸਰਫ਼ਰਾਜ਼ ਕੀਤਾ ਗਿਆ। ਬਿਹਤਰੀਨ ਫ਼ਿਲਮ, ਕਹਾਣੀ ਤੇ ਹਿਦਾਇਤਕਾਰੀ ਲਈ ਰਾਮਾਨੰਦ ਸਾਗਰ, ਸੰਗੀਤਕਾਰ ਵਜੋਂ ਰਵੀ, ਨਗ਼ਮਾਨਿਗਾਰੀ ਲਈ ਸਾਹਿਰ ਲੁਧਿਆਣਵੀ, ਗੁਲੂਕਾਰਾ ਵਜੋਂ ਲਤਾ ਮੰਗੇਸ਼ਕਰ ਅਤੇ ਉਮਦਾ ਸਿਨਮੈਟੋਗ੍ਰਾਫ਼ੀ ਲਈ ਜੀ. ਸਿੰਘ ਦਾ ਇੰਤਖ਼ਾਬ ਕੀਤਾ ਗਿਆ ਸੀ।

ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਪ੍ਰਦੁਮਣ ਸਿੰਘ ਦੀ ਮਰਕਜ਼ੀ ਕਿਰਦਾਰ ਵਾਲੀ ਦੂਜੀ ਫ਼ਿਲਮ ਜਸਬੀਰ ਤੇ ਜਾਨਕੀ ਦੇ ਫ਼ਿਲਮਸਾਜ਼ ਅਦਾਰੇ ਜੇ. ਜੇ. ਫ਼ਿਲਮਜ਼, ਬੰਬੇ ਦੀ ਚਰਨਦਾਸ ਸ਼ੋਖ਼ ਨਿਰਦੇਸ਼ਿਤ ਬੰਦਿਸ਼’ (1969) ਸੀ। ਇਸ ਬਲੈਕ ਐਂਡ ਵ੍ਹਾਈਟ ਫ਼ਿਲਮ ਵਿੱਚ ਹਿਦਾਇਤਕਾਰ ਸ਼ੋਖ਼ ਨੇ ਪ੍ਰਦੁਮਣ ਨੂੰ ਸ਼ਲਿੰਦਰ ਦੇ ਨਵੇਂ ਨਾਮ ਨਾਲ ਇੱਕ ਵਾਰ ਫਿਰ ਬੜੇ ਫ਼ਖ਼ਰ ਨਾਲ ਪੇਸ਼ ਕੀਤਾ। ਸ਼ਲਿੰਦਰ ਨੇ ਫ਼ਿਲਮ ਵਿੱਚ ਸੀਆਈਡੀ. ਇੰਸਪੈਕਟਰ ਆਨੰਦਦਾ ਸ਼ਾਨਦਾਰ ਪਾਰਟ ਅਦਾ ਕੀਤਾ ਜੋ ਗੱਦਾਰਾਂ ਦੇ ਭਾਰਤ ਵਿਰੋਧੀ ਤਮਾਮ ਮਨਸੂਬੇ ਫੇਲ੍ਹ ਕਰਦਾ ਹੈ। ਫ਼ਿਲਮ ਚ ਸ਼ਲਿੰਦਰ ਦੇ ਹਮਰਾਹ ਹੀਰੋਇਨ ਦਾ ਪਾਤਰ ਪੰਜਾਬਣ ਮੁਟਿਆਰ ਸੋਨੀਆ ਸਾਹਨੀ (ਸ਼ਬਨਮ) ਨੇ ਨਿਭਾਇਆ ਸੀ। ਕਹਾਣੀ ਚਰਨਦਾਸ ਸ਼ੋਖ਼, ਮੰਜ਼ਰਨਾਮਾ ਸੁਭਾਸ਼ ਬੱਬਰ, ਸੰਗੀਤ ਊਸ਼ਾ ਖੰਨਾ ਤੇ ਗੀਤ ਅਕਮਲ ਹੈਦਰਾਬਾਦੀ ਨੇ ਤਹਿਰੀਰ ਕੀਤੇ। ਫ਼ਿਲਮ ਚ ਸ਼ਲਿੰਦਰ (ਨਾਲ ਸੋਨੀਆ ਸਾਹਨੀ) ਤੇ ਫ਼ਿਲਮਾਏ ਜਾਈਏ-ਜਾਈਏ ਹਜ਼ੂਰ ਆਪਕੋ ਕਿਸ ਨੇ ਰੋਕਾ ਹੈ’ (ਮੁਹੰਮਦ ਰਫ਼ੀ, ਕ੍ਰਿਸ਼ਨਾ ਕੱਲੇ) ਤੋਂ ਇਲਾਵਾ ਰੂਮਾਨੀ ਗੀਤ ਅਭੀ ਤੋ ਰਾਤ ਬਾਕੀ ਹੈ ਯਹ ਢਲ ਜਾਏ ਤੋ ਸੋ ਜਾਨਾ’ (ਮੁਹੰਮਦ ਰਫ਼ੀ) ਬੇਹੱਦ ਮਕਬੂਲ ਹੋਇਆ। ਇਸ ਫ਼ਿਲਮ ਵਿੱਚ ਪਹਿਲੀ ਵਾਰ ਅੰਮ੍ਰਿਤਸਰ ਦਾ ਇੱਕ ਹੋਰ ਨੌਜਵਾਨ ਜਸਪਾਲ ਸਿੰਘ ਬਤੌਰ ਪਸ-ਏ-ਪਰਦਾ ਗੁਲੂਕਾਰ ਜਸਪਾਲ ਫੋਕੇਲਾ ਦੇ ਨਾਮ ਨਾਲ ਪੇਸ਼ ਕੀਤਾ ਗਿਆ। ਉਸ ਦਾ ਗਾਇਆ ਤੇ ਮਜ਼ਾਹੀਆ ਅਦਾਕਾਰ ਬ੍ਰਹਮਚਾਰੀ ਉੱਤੇ ਫ਼ਿਲਮਾਇਆ ਗੀਤ ਦੇਖੋ ਲੋਗੋ ਯੇ ਕੈਸਾ ਜ਼ਮਾਨਾ’ ਗੀਤ ਵੀ ਬੜਾ ਪਸੰਦ ਕੀਤਾ ਗਿਆ।ਬਤੌਰ ਫ਼ਿਲਮਸਾਜ਼ ਪ੍ਰਦੁਮਨ ਸਿੰਘ (ਨਾਲ ਸੌਦਾਗਰ ਸਿੰਘ ਭਲਵਾਨ ਅਦਾਕਾਰ) ਦੀ ਪਹਿਲੀ ਰੰਗੀਨ ਹਿੰਦੀ ਫ਼ਿਲਮ ਆਪਣੇ ਫ਼ਿਲਮਸਾਜ਼ ਅਦਾਰੇ ਦੀਦਾਰ ਮੂਵੀਜ਼, ਬੰਬੇ ਦੀ ਓਮ ਪਤਵਾਰ ਨਿਰਦੇਸ਼ਿਤ ਨਸੀਹਤ’ (1967) ਸੀ। ਫ਼ਿਲਮ ਵਿੱਚ ਪ੍ਰਦੁਮਣ ਦੇ ਪਿਤਾ ਦਾਰਾ ਸਿੰਘ ਨੇ ਮੋਹਨ ਤੇ ਇੰਸਪੈਕਟਰ ਨਰੇਸ਼’ (ਡਬਲ ਰੋਲ/ਨਾਲ ਅਦਾਕਾਰਾ ਰਾਜਸ਼੍ਰੀ, ਸਾਊਥ) ਦਾ ਅਤੇ ਚਾਚੇ ਸਰਦਾਰਾ ਸਿੰਘ ਰੰਧਾਵਾ ਨੇ ਡਿਟੈਕਟਿਵਦਾ ਪਾਰਟ ਅਦਾ ਕੀਤਾ। ਮੁਕਾਲਮੇ ਬੀ. ਆਰ. ਇਸ਼ਾਰਾ, ਮੰਜ਼ਰਨਾਮਾ ਓਮ ਪਤਵਾਰ, ਸੰਗੀਤ ਓ. ਪੀ. ਨਈਅਰ, ਗੀਤ ਐੱਸ. ਐੱਚ. ਬਿਹਾਰੀ ਤੇ ਹਜ਼ਰਤ ਅਜ਼ੀਜ਼ ਕਸ਼ਮੀਰੀ ਨੇ ਤਹਿਰੀਰ ਕੀਤੇ ਸਨ।

ਵਰਿੰਦਰ ਸਿਨਹਾ ਦੇ ਫ਼ਿਲਮਸਾਜ਼ ਅਦਾਰੇ ਪ੍ਰਗਤੀ ਚਿੱਤਰ ਇੰਟਰਨੈਸ਼ਨਲ, ਮਦਰਾਸ ਦੀ ਵਰਿੰਦਰ ਸਿਨਹਾ ਨਿਰਦੇਸ਼ਿਤ ਫ਼ਿਲਮ ਗੰਗਾ ਤੇਰਾ ਪਾਨੀ ਅੰਮ੍ਰਿਤ’ (1971) ਵਿਚ ਪ੍ਰਦੁਮਣ ਨੇ ਡਾਕੂ ਬੱਲੂਦਾ ਤੇ ਸ਼ੱਤਰੂਘਣ ਸਿਨਹਾ ਨੇ ਉਸ ਦੇ ਦੋਸਤ ਲਾਲ ਸਿੰਘਦਾ ਕਿਰਦਾਰ ਅਦਾ ਕੀਤਾ। ਦੋਵਾਂ ਦੋਸਤਾਂ ਤੇ ਫ਼ਿਲਮਾਇਆ ਪੰਜਾਬੀ ਤਰਜ਼ ਦਾ ਗੀਤ ਹਮੇਂ ਯਾਰੀ ਸੇ ਗ਼ਰਜ਼ ਯਾਰ ਜੋ ਭੀ ਕਰੇ’ (ਮੰਨਾ ਡੇਅ, ਮਹਿੰਦਰ ਕਪੂਰ) ਵੀ ਪਸੰਦ ਕੀਤਾ ਗਿਆ। ਫ਼ਿਲਮ ਚ ਹੀਰੋ ਦਾ ਪਾਰਟ ਨਵੀਨ ਨਿਸ਼ਚਲ (ਦਿਨੇਸ਼) ਤੇ ਹੀਰੋਇਨ ਦੇ ਰੋਲ ਵਿੱਚ ਯੋਗਿਤਾ ਬਾਲੀ (ਮੰਜੂ) ਮੌਜੂਦ ਸੀ। ਕਹਾਣੀ ਵਰਿੰਦਰ ਸਿਨਹਾ, ਗੀਤ ਸਾਹਿਰ ਲੁਧਿਆਣਵੀ ਤੇ ਤਰਜ਼ਾਂ ਰਵੀ ਨੇ ਤਿਆਰ ਕੀਤੀਆਂ ਸਨ।ਪ੍ਰਦੁਮਣ ਨੇ ਸਿਰਫ਼ 2 ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਜਦੋਂ ਦਾਰਾ ਸਿੰਘ ਨੇ ਆਪਣੇ ਫ਼ਿਲਮਸਾਜ਼ ਅਦਾਰੇ ਦਾਰਾ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਚ ਭਗਤੀ ਪ੍ਰਧਾਨ ਪੰਜਾਬੀ ਫ਼ਿਲਮ ਭਗਤ ਧੰਨਾ ਜੱਟ’ (1973) ਬਣਾਈ ਤਾਂ ਆਪਣੇ ਪੁੱਤਰ ਪ੍ਰਦੁਮਣ ਸਿੰਘ ਨੂੰ ਵੀ ਲਿਆ। ਪ੍ਰਦੁਮਣ ਨੇ ਫ਼ਿਲਮ ਚ ਪਿੰਡ ਦੇ ਇੱਕ ਜਵਾਨ ਦਾ ਛੋਟਾ ਜਿਹਾ ਰੋਲ ਕੀਤਾ ਜਦੋਂਕਿ ਪਿਤਾ ਦਾਰਾ ਸਿੰਘ ਨੇ ਭਗਤ ਧੰਨਾ ਜੱਟਦਾ ਟਾਈਟਲ ਰੋਲ ਅਦਾ ਕੀਤਾ ਸੀ। 11 ਅਕਤਬੂਰ 1974 ਨੂੰ ਨੰਦਨ ਸਿਨਮਾ, ਅੰਮ੍ਰਿਤਸਰ ਵਿਖੇ ਰਿਲੀਜ਼ ਇਹ ਫ਼ਿਲਮ ਹਿੰਦੀ ਵਿੱਚ ਕਿਸਾਨ ਔਰ ਭਗਵਾਨ’ (1974) ਦੇ ਸਿਰਲੇਖ ਹੇਠ ਨੁਮਾਇਸ਼ ਹੋਈ। ਦਾਰਾ ਸਿੰਘ ਦੇ ਹੀ ਫ਼ਿਲਮਸਾਜ਼ ਅਦਾਰੇ ਦਾਰਾ ਪ੍ਰੋਡਕਸ਼ਨਜ਼, ਬੰਬੇ ਦੀ ਹੀ ਦਾਰਾ ਸਿੰਘ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ਸਵਾ ਲਾਖ ਸੇ ਏਕ ਲੜਾਊਂ’ (1976) ਵਿਚ ਪ੍ਰਦੁਮਣ ਸਿੰਘ ਨੇ ਮੁਣਸ਼ਾ ਸਿੰਘਦਾ ਕਿਰਦਾਰ ਤੇ ਪਿਤਾ ਦਾਰਾ ਸਿੰਘ ਨੇ ਕਰਤਾਰ ਸਿੰਘਦਾ ਪਾਰਟ ਨਿਭਾਇਆ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਦਾਰਾ ਸਿੰਘ, ਗੀਤ ਤੇ ਸੰਗੀਤ ਪ੍ਰੇਮ ਧਵਨ ਨੇ ਤਰਤੀਬ ਕੀਤਾ। ਅਜੀਤ ਸਿੰਘ ਮੌਜੀ ਦੇ ਢਾਡੀ ਜੱਥੇ ਦੁਆਰਾ ਗਾਈ ਗਈ ਪੁਰਜ਼ੋਸ਼ ਵਾਰ ਸਾਕੇ ਹੋਣਗੇ ਵਿੱਚ ਦਰਬਾਰ ਪਾਣੀ ਭਰ ਦੇਪ੍ਰਦੁਮਣ ਤੇ ਇਸੇ ਜੱਥੇ ਤੇ ਫ਼ਿਲਮਾਈ ਗਈ ਸੀ। ਇਹ ਫ਼ਿਲਮ ਗਿਆਨੀ ਭਜਨ ਸਿੰਘ ਦੇ ਨਾਵਲ ਗਗਨ ਦਮਾਮਾ ਬਾਜਿਓ’ ’ਤੇ ਆਧਾਰਿਤ ਸੀ। 24 ਸਤੰਬਰ 1976 ਨੂੰ ਸਵਰਨ ਸਿਨਮਾ, ਹੁਸ਼ਿਆਰਪੁਰ ਵਿਖੇ ਪਰਦਾਪੇਸ਼ ਹੋਈ ਇਸ ਫ਼ਿਲਮ ਦੇ ਈਪੀ. ਰਿਕਾਰਡ ਰਾਜ ਕਰੇਗਾ ਖ਼ਾਲਸਾ’ ਦੇ ਨਾਮ ਹੇਠ ਜਾਰੀ ਹੋਏ ਸਨ।

17 ਫਰਵਰੀ 1972 ਵਿੱਚ ਪ੍ਰਦੁਮਣ ਸਿੰਘ ਰੰਧਾਵਾ ਦਾ ਪੰਜਾਬਣ ਮੁਟਿਆਰ ਨਰਿੰਦਰ ਕੌਰ ਨਾਲ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੀ ਇੱਕ ਧੀ ਹਰਪ੍ਰੀਤ ਕੌਰ ਰੰਧਾਵਾ ਤੇ ਉਸ ਤੋਂ ਛੋਟੇ ਭਰਾ ਅਜੈ ਸਿੰਘ ਰੰਧਾਵਾ ਤੇ ਵਿਜੈ ਸਿੰਘ ਰੰਧਾਵਾ ਹਨ। ਧੀ ਹਰਪ੍ਰੀਤ ਕੌਰ ਰੰਧਾਵਾ ਸਰੀ (ਕੈਨੇਡਾ) ਵਿਆਹੀ ਹੋਈ ਹੈ। ਪ੍ਰਦੁਮਣ ਦੀ ਦੂਜੀ ਮਾਂ ਦਾ ਨਾਮ ਬੀਬੀ ਸੁਰਜੀਤ ਕੌਰ (ਮਰਹੂਮ) ਹੈ। ਉਸ ਦੇ 2 ਪੁੱਤਰ ਵਰਿੰਦਰ ਸਿੰਘ ਰੰਧਾਵਾ ਉਰਫ਼ ਵਿੰਦੂ ਦਾਰਾ ਸਿੰਘ (ਅਦਾਕਾਰ) ਤੇ ਅਮਰੀਕ ਸਿੰਘ ਰੰਧਾਵਾ (ਅਦਾਕਾਰ) ਪ੍ਰਦੁਮਣ ਦੇ ਛੋਟੇ ਭਰਾ ਹਨ। 1973 ਵਿੱਚ ਫ਼ਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰਦਿਆਂ ਉਹ ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਆਣ ਵੱਸੇ। ਇੱਥੇ ਉਹ ਕਾਰੋਬਾਰ ਦੇ ਨਾਲ-ਨਾਲ ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜ਼ਿੰਦਗੀ ਬਸਰ ਕਰ ਰਹੇ ਹਨ। ਉਹ ਪੰਜਾਬੀ ਜ਼ੁਬਾਨ ਵਿੱਚ ਸ਼ਾਇਰੀ ਵੀ ਕਰਦੇ ਹਨ। ਪ੍ਰਦੁਮਣ ਨੇ ਦੱਸਿਆ ਕਿ ਛੇਤੀ ਹੀ ਉਹ ਆਪਣਾ ਕਾਵਿ ਸੰਗ੍ਰਹਿ ਛਪਵਾ ਰਹੇ ਹਨ।

 

   ਮਨਦੀਪ ਸਿੰਘ ਸਿੱਧੂ