ਪੰਜਾਬੀ ਹੀ ਕਰਦੇ ਨੇ ਪੁੱਤਾਂ-ਧੀਆਂ ਦੀ ਦਲਾਲੀ..

ਪੰਜਾਬੀ ਹੀ ਕਰਦੇ ਨੇ ਪੁੱਤਾਂ-ਧੀਆਂ ਦੀ ਦਲਾਲੀ..


ਅਮਨਦੀਪ ਕੌਰ ਹਾਂਸ ਦੀ ਮਨੁੱਖੀ ਤਸਕਰੀ ਬਾਰੇ ਵਿਸ਼ੇਸ਼ ਰਿਪੋਰਟ 

n ਇੰਮੀਗਰੇਸ਼ਨ ਅਮਲੇ ਨਾਲ ਗੈਰ ਕਨੂੰਨੀ ਏਜੰਟਾਂ ਦੀ ਪੂਰੀ ਸੈਟਿੰਗ 
n ਪਰਵਾਸੀਆਂ ਦੀ ਤਨਖਾਹ 'ਚੋਂ ਵੀ ਲੈਂਦੇ ਨੇ ਕਮਿਸ਼ਨ 
n ਰੁਜ਼ਗਾਰ ਦੇ ਨਾਂ 'ਤੇ ਗੁਰਬਤ ਮਾਰੀਆਂ ਧੀਆਂ ਨੂੰ ਧੱਕਿਆ ਜਾਂਦਾ ਹੈ ਦੇਹ ਵਪਾਰ ਦੇ ਧੰਦੇ 'ਚ


ਪੰਜਾਬ ਵਿੱਚ ਵਸਦਾ ਮਹਾਤੜ ਪਰਿਵਾਰ ਆਪਣੇ ਚੰਗੇ ਗੁਜ਼ਰ ਬਸਰ ਲਈ ਛੋਟੇ ਮੁਲਕਾਂ ਵਿੱਚ ਆਪਣੇ ਧੀਆਂ-ਪੁੱਤਾਂ ਨੂੰ ਭੇਜਣ ਦਾ ਰਿਸਕ  ਲੈਂਦਾ ਹੈ। ਨੌਜਵਾਨਾਂ ਨਾਲ ਕੀ-ਕੀ ਹੁੰਦਾ ਹੈ, ਇਸ ਮਨੁੱਖੀ ਤਸਕਰੀ ਦੀ ਅੱਗ ਦਾ ਸੇਕ ਕੋਲ ਬਹਿ ਕੇ ਨਹੀਂ ਅਸੀਂ ਅੱਗ 'ਚ ਖੁਦ ਨੂੰ ਝੋਕ ਕੇ ਮਿਣਿਆ ਹੈ। ਸੁਹਿਰਦ ਪਾਠਕਾਂ ਨਾਲ ਵੀ ਇਹ ਸੇਕ ਸਾਂਝਾ ਕਰਦੇ ਹਾਂ..।
ਪੰਜਾਬ ਦੀ ਹਾਲਤ ਕਿੰਨੀ ਮਾੜੀ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਥੇ ਪ੍ਰਾਈਵੇਟ ਨੌਕਰੀ ਕਰਦੇ ਮਹੀਨੇ ਦੇ 10-15 ਹਜ਼ਾਰ ਰੁਪਏ ਕਮਾਉਣ ਵਾਲੇ ਨੌਜਵਾਨ ਏਨੀ-ਕੁ ਹੀ ਰਕਮ ਬਦਲੇ ਜਾਨ ਤਲੀ 'ਤੇ ਰੱਖ ਕੇ ਗੈਰਕਨੂੰਨੀ ਪਰਵਾਸ ਦੇ ਰਾਹ ਪੈ ਰਹੇ ਹਨ। ਹਰ ਸਾਲ ਡੂਢ ਲੱਖ ਦੇ ਕਰੀਬ ਪਾੜ੍ਹਾ ਵਿਦੇਸ਼ਾਂ 'ਚ ਪੜ੍ਹਾਈ ਲਈ ਜਾ  ਰਿਹਾ ਹੈ ਜੋ ਸਰਦੇ ਪੁੱਜਦੇ ਘਰਾਂ ਨਾਲ ਜਾਂ ਨੌਕਰੀਪੇਸ਼ਾ ਨਾਲ ਸੰਬੰਧਤ ਹੈ। ਗਰੀਬ ਦਲਿਤ ਅਤੇ ਜ਼ਿਮੀਦਾਰਾ ਪਰਿਵਾਰਾਂ ਦੇ 8-10 ਪੜ੍ਹੇ ਮੁੰਡੇ-ਕੁੜੀਆਂ ਹਜ਼ਾਰਾਂ ਦੀ ਗਿਣਤੀ 'ਚ ਮਨੁੱਖੀ ਤਸਕਰੀ ਵਾਲੇ ਚੁੰਗਲ ਵਿਚ ਫਸ ਜਾਂਦੇ ਨੇ। ਅੱਗੇ ਕੀ ਕਹਾਣੀ ਵਾਪਰਦੀ ਹੈ, ਇਹ ਜਾਨਣ ਲਈ ਆਪਣੇ ਇੱਕ ਸਾਥੀ ਅੰਮ੍ਰਿਤ ਸਿੰਘ ਵਾਸੀ ਪਿੰਡ ਮੰਨਵੀ ਜ਼ਿਲ੍ਹਾ ਸੰਗਰੂਰ ਨੂੰ ਇਸ ਮਨੁੱਖੀ ਤਸਕਰੀ ਵਾਲੇ ਕਾਲੇ ਖੂਹ ਅੰਦਰ ਉੱਤਰ ਕੇ ਕੁਝ ਜਾਣਕਾਰੀ ਲਿਆਉਣ ਲਈ ਤਿਆਰ ਕੀਤਾ। ਫੇਰ ਅੰਮ੍ਰਿਤ ਸਿੰਘ ਤੇ ਮੈਂ ਮੋਗਾ ਦੇ ਇਕ ਏਜੰਟ ਲਖਬੀਰ ਸਿੰਘ ਨਾਲ ਸੰਪਰਕ ਕੀਤਾ ਕਿ ਉਹ ਸਾਨੂੰ ਕਿਸੇ ਵੀ ਮੁਲਕ ਵਿਚ ਭੇਜੇ। ਉਸ ਨੇ ਆਪ ਚੱਲ ਕੇ ਆਈ ਮੱਛੀ ਵੇਖ ਲਾਲਾਂ ਟਪਕਾ ਲਈਆਂ ਤੇ ਕਿਹਾ ਕਿ ਮਲੇਸ਼ੀਆ ਲਈ ਤੁਰੰਤ ਕਾਮੇ ਚਾਹੀਦੇ ਨੇ, ਦੋ ਸਾਲ ਦਾ ਵਰਕ ਪਰਮਿਟ, ਤਨਖਾਹ 55 ਰਿੰਗਿਟ  ਭਾਵ ਕਰੀਬ 935 ਰੁਪਏ ਦੀ ਦਿਹਾੜੀ। ਡਿਊਟੀ ਘੰਟੇ-8 ਹੋਣਗੇ, ਐਤਵਾਰ ਦੀ ਛੁੱਟੀ, ਓਵਰ ਟਾਈਮ ਦੇ ਡਬਲ ਪੈਸੇ ਮਿਲਣਗੇ, ਰਿਹਾਇਸ਼ ਤੇ ਖਾਣਾ ਬਣਾਉਣ ਦਾ ਸਮਾਨ, ਰਸੋਈ ਆਦਿ  ਕੰਪਨੀ ਮੁਹੱਈਆ ਕਰਵਾਏਗੀ। ਸਾਡਾ ਉਸ ਏਜੰਟ ਨਾਲ ਸੌਦਾ ਡੂਢ ਲੱਖ ਦਾ ਹੋਇਆ, ਵਿਚੋਂ ਪੰਜਾਹ ਹਜ਼ਾਰ ਰੁਪਏ ਏਜੰਟ ਲਖਬੀਰ ਸਿੰਘ ਅਤੇ ਉਸ ਦੇ ਮੁਹਾਲੀ ਵਾਲੇ ਸਾਥੀ ਏਜੰਟ ਸਾਹਿਲ ਨੇ ਲੈਣੇ ਸਨ। 3000 ਰਿੰਗਿਟ  ਓਥੇ ਵਰਕ ਪਰਮਿਟ ਦੀ ਫੀਸ ਵਜੋਂ ਭਰਨ ਦੀ ਗੱਲ ਕੀਤੀ, ਬਾਕੀ ਰਹਿੰਦੇ ਪੈਸੇ ਤਨਖਾਹ ਵਿਚੋਂ ਕੰਪਨੀ ਵੱਲੋਂ ਕੱਟਣ ਦੀ ਗੱਲ ਕੀਤੀ। 
ਇਕ ਵਾਰ ਤਾਂ ਵੱਡੀ ਰਕਮ ਡੂਢ ਲੱਖ ਦਾ ਨੁਕਸਾਨ ਕਰਨੋਂ ਮਨ ਡਰਿਆ ਪਰ ਅਗਲੇ ਪਲ ਅਹਿਸਾਸ ਹੋਇਆ ਕਿ ਮਾਇਆ ਤਾਂ ਨਾਗਣੀ ਹੈ, ਸੌਦਾ ਖੋਟਾ ਨਹੀਂ ਹੋਵੇਗਾ.. ਸ਼ਾਇਦ ਅਸੀਂ ਇਹ ਰਕਮ ਗਵਾ ਕੇ ਕਈਆਂ ਦੀਆਂ ਰਕਮਾਂ, ਜਾਨਾਂ ਤੇ ਸਭ ਤੋਂ ਵੱਡੀ ਆਬਰੂ ਬਚਾ  ਸਕਾਂਗੇ..। ਐਨੀ ਰਕਮ ਦਾ ਇੰਤਜ਼ਾਮ ਕਰਨ ਲਈ ਗੁਰਬਤ ਮਾਰੇ ਪਰਿਵਾਰ ਵਾਂਗ ਸਾਨੂੰ ਵੀ ਟੱਕਰਾਂ ਮਾਰਨੀਆਂ ਪਈਆਂ। 
ਸੱਚ ਜਾਣਿਓ, ਰਕਮ ਦੇ ਇੰਤਜ਼ਾਮ ਲਈ, ਮੈਂ ਵੀ ਪੁੱਤ ਨੂੰ ਚੰਗੇ ਭਵਿੱਖ ਲਈ ਪ੍ਰਦੇਸ ਤੋਰਨ ਵਾਲੀ ਮਾਂ ਵਾਂਗ, ਆਪਣੇ ਸੋਨੇ ਦੇ ਗਹਿਣੇ 86 ਹਜ਼ਾਰ ਰੁਪਏ ਵਿਚ ਗਿਰਵੀ ਰੱਖੇ। ਸਾਢੇ ਚਾਰ ਤੋਲੇ ਸੋਨਾ ਸੀ, ਜਿਸ ਦੀ ਕੀਮਤ ਸਵਾ-ਕੁ ਲੱਖ ਰੁਪਿਆ ਬਣਦੀ ਹੈ। ਗੋਲਡ ਲੋਨ ਦੇਣ ਵਾਲੀ ਬੈਂਕ ਨੇ ਸਾਨੂੰ ਇਸ ਦੀ ਬਣਦੀ ਰਕਮ, ਛੇ ਹਜ਼ਾਰ ਰੁਪਏ ਵਿਆਜ ਕੱਟ ਕੇ, 80 ਹਜ਼ਾਰ ਰੁਪਏ ਦਿੱਤੇ। ਇਹਦੇ ਵਿਚੋਂ ਏਜੰਟ ਨੂੰ ਪੰਜਾਹ ਹਜ਼ਾਰ  ਦੇ ਦਿੱਤਾ ਅਤੇ ਬਾਕੀ ਬਚੀ ਰਕਮ ਵਿੱਚ ਹੋਰ ਪੈਸੇ ਪਾ ਕੇ 4000 ਰਿੰਗਿਟ ਵਟਾ ਲਏ।
ਅੰਮ੍ਰਿਤ ਸਿੰਘ ਦਾ ਏਜੰਟ ਲਖਬੀਰ ਸਿੰਘ ਵੱਲੋਂ ਦਿੱਲੀ ਦੇ ਅਲ ਕਲੀਜ਼ ਡਾਇਗਨੋਜ਼ ਸੈਂਟਰ ਤੋਂ ਮੈਡੀਕਲ ਕਰਾਇਆ ਗਿਆ। ਮੈਡੀਕਲ ਦੀ ਫੀਸ 7200 ਰੁਪਏ ਅਸੀਂ ਆਪ ਭਰੀ। ਏਜੰਟਾਂ ਦੀ ਪਹਿਲੀ ਸੈਟਿੰਗ ਇਸ ਸੈਂਟਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਕਿਸੇ ਦਾ ਮੈਡੀਕਲ ਇਥੇ ਫੇਲ੍ਹ ਨਹੀਂ ਹੁੰਦਾ, ਰਿਪੋਰਟ ਏਜੰਟ ਆਪ ਫੜ ਕੇ ਲਿਜਾਂਦੇ ਨੇ। 
ਏਜੰਟਾਂ ਲਖਬੀਰ ਮੋਗਾ ਅਤੇ ਸਾਹਿਲ ਮੋਹਾਲੀ ਨੇ ਇਹ ਰਿਪੋਰਟ ਲੈ ਕੇ ਅੰਮ੍ਰਿਤ ਸਿੰਘ ਦਾ ਪਾਸਪੋਰਟ ਵਰਕ ਵੀਜ਼ੇ ਲਈ ਅਪਲਾਈ ਕੀਤਾ। ਕੁਝ ਦਿਨਾਂ ਚ ਟੂਰਿਸਟ ਵੀਜ਼ਾ ਲਵਾ ਕੇ ਬੜੇ ਮੋਹ ਨਾਲ ਕਿਹਾ ਕਿ ''ਭਾਰਤ ਦੀ ਸਰਕਾਰ ਨੇ ਮਲੇਸ਼ੀਆ ਨਾਲ ਵਰਕ ਵੀਜ਼ੇ ਵਾਲਾ ਕੰਟਰੈਕਟ ਤੋੜ ਦਿਤਾ ਹੈ,  ਹੁਣ ਤੁਹਾਨੂੰ ਇਕ ਵਾਰ ਟੂਰਿਸਟ ਵੀਜ਼ੇ ਉਤੇ ਹੀ ਨਿਕਲਣਾ ਪੈਣਾ, ਓਥੇ ਪੁੱਜਣ ਸਾਰ ਹੀ ਕੰਪਨੀ ਨੇ ਤੁਹਾਡਾ ਵਰਕ ਪਰਮਿਟ ਅਪਲਾਈ ਕਰ ਦੇਣਾ ਹੈ।'' ਉਸ ਨੂੰ ਕੋਈ ਸ਼ੱਕ ਨਾ ਹੋਵੇ ਇਸ ਕਰਕੇ ਅਸੀਂ ਕੋਈ ਸਵਾਲ ਨਹੀ ਕੀਤਾ, ਹਾਂ-ਹਾਂ ਕਰਦੇ ਰਹੇ। 
ਮਲੇਸ਼ੀਆ ਜਾਣ ਦੀ ਟਿਕਟ ਵੀ ਏਜੰਟਾਂ ਨੇ ਲੈ ਕੇ ਦਿੱਤੀ। ਆਮ ਕਰਕੇ ਜੈਪੁਰ ਚੇਨਈ ਜਾਂ ਅੰਮ੍ਰਿਤਸਰ ਤੋਂ  ਹੀ ਛੋਟੇ ਮੁਲਕਾਂ ਲਈ ਗੈਰ-ਕਨੂੰਨੀ ਤਰੀਕੇ ਨਾਲ ਲੋਕਾਂ ਨੂੰ ਭੇਜਿਆ ਜਾਂਦਾ ਹੈ ਕਿÀੁਂਕਿ ਇਥੇ ਤਾਇਨਾਤ ਅਮਲੇ ਨਾਲ ਲੈ ਦੇ ਕੇ ਸੈਟਿੰਗ ਆਸਾਨੀ ਨਾਲ ਹੋ ਜਾਂਦੀ ਹੈ।
ਅੰਮ੍ਰਿਤ ਸਿੰਘ ਦੀ ਫਲਾਈਟ ਜੈਪੁਰ ਤੋਂ 20 ਸਤੰਬਰ ਦੀ ਸੀ। ਜਦ ਉਹ ਏਅਰਪੋਰਟ ਉਤੇ ਗਿਆ ਤਾਂ ਉਸ ਦੇ ਵੀਜ਼ੇ ਵਿੱਚ ਪਾਸਪੋਰਟ ਨੰਬਰ ਗਲਤ ਲਿਖਿਆ ਸੀ। ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ 10-12 ਮਿੰਟਾਂ ਵਿਚ ਹੀ ਨਵਾਂ ਪੇਪਰ ਟੂਰਿਸਟ ਵੀਜ਼ਾ ਲੈ ਕੇ ਵਟਸਅਪ ਕਰ ਦਿੱਤਾ। ਐਨੀ ਸੈਟਿੰਗ ਹੈ ਇਮੀਗ੍ਰੇਸ਼ਨ ਵਿੱਚ ਏਜੰਟਾਂ ਦੀ, ਫੇਰ ਮਹਾਤੜ ਇਹਨਾਂ ਖਿਲਾਫ ਕੋਈ ਕਾਰਵਾਈ ਕਿਵੇਂ ਕਰਵਾ ਸਕਦੇ ਹਨ, ਇਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ।
ਏਜੰਟਾਂ ਨੇ ਕਿਹਾ ਕਿ ਮਲੇਸ਼ੀਆ ਜਾ ਕੇ ਅਸੀਂ ਜੋ ਕਾਊਂਟਰ ਦੱਸਾਂਗੇ ਉਸੇ ਕਾਊਂਟਰ ਤੇ ਹੀ ਜਾਣਾ, ਭਾਵੇਂ ਇਕ ਦੋ ਘੰਟੇ ਉਡੀਕ ਕਰਨੀ ਪਵੇ।
ਅੰਮ੍ਰਿਤ ਕੁਆਲਾਲੰਪੁਰ ਏਅਰਪੋਰਟ ਉਤੇ ਏਜੰਟ ਦੇ ਦੱਸੇ ਕਾਊਂਟਰ ਉਤੇ ਗਿਆ ਤਾਂ ਓਥੇ ਸੈਟਿੰਗ ਵਾਲੇ ਅਧਿਕਾਰੀ ਦੀ ਡਿਊਟੀ ਬਦਲ ਗਈ ਸੀ। ਏਜੰਟ ਨੇ ਵਟਸਅਪ  ਕਰਕੇ ਅੰਮ੍ਰਿਤ ਨੂੰ ਉਸੇ ਵੇਲੇ ਦੂਜਾ ਕਾਊਂਟਰ ਨੰਬਰ ਦੱਸਿਆ ਤੇ ਓਥੇ ਜਾਣ ਨੂੰ ਕਿਹਾ। ਓਥੇ ਅਫਸਰ ਨੇ ਕੁਝ ਨਹੀ ਪੁੱਛਿਆ, ਲੰਘਾ ਦਿੱਤਾ। 
ਏਅਰਪੋਰਟ ਦੇ ਬਾਹਰ ਏਜੰਟਾਂ ਦਾ ਓਧਰ ਸੈਟ ਕੀਤਾ ਸਾਥੀ ਸੰਧੂ ਉਰਫ ਬਬਲੂ ਖੜ੍ਹਾ ਸੀ। ਉਸ ਨੇ 900 ਰਿੰਗਿਟ ਲੈ ਲਏ ਤੇ ਕਿਹਾ ਕਿ ਇਹ ਪੈਸੇ ਤੈਨੂੰ ਏਅਰਪੋਰਟ ਤੋਂ ਬਾਹਰ ਕੱਢਣ ਦੇ ਹਨ। ਕੈਬ ਕਰਾ ਕੇ ਪੁਡੂ ਸੈਂਟਰਲ ਸ਼ਹਿਰ ਦੇ ਇਕ ਹੋਟਲ ਦਾ ਪਤਾ ਦੇ ਕੇ ਓਥੇ ਤੋਰ ਦਿੱਤਾ ਤੇ ਅਗਲੀ ਕਾਲ ਲਈ ਉਡੀਕ ਕਰਨ ਲਈ ਕਿਹਾ ਅਤੇ ਹੋਟਲ ਵਿਚੋਂ ਬਾਹਰ ਨਿਕਲਣ ਤੋਂ ਵੀ ਵਰਜਿਆ। 
ਹੋਟਲ ਜਾ ਕੇ ਕੈਬ ਤੇ ਹੋਟਲ ਦਾ ਬਿੱਲ ਅੰਮ੍ਰਿਤ ਨੇ ਦਿੱਤਾ, ਜੋ ਕਰੀਬ 95 ਰਿੰਗਿਟ ਬਣਦਾ ਸੀ। ਹੋਟਲ ਵੀ ਕਾਹਦਾ ਡੂਢ ਕੁ ਮੰਜੇ ਜਿੰਨਾ ਕਮਰਾ ਤੇ ਇਕ ਸਾਂਝਾ ਬਾਥਰੂਮ, ਜੇ ਪਾਣੀ ਪੀਣਾ ਤਾਂ ਮੁੱਲ ਦਾ ਲੈ ਕੇ ਪੀਓ। ਰਾਤ ਤੇ ਸਾਰਾ ਦਿਨ ਅੰਮ੍ਰਿਤ ਭੁੱਖਾ ਭਾਣਾ ਹੋਟਲ ਦੇ ਕਮਰੇ ਵਿੱਚ ਹੀ ਰਿਹਾ। ਅਗਲੇ ਦਿਨ ਏਜੰਟ ਨੂੰ ਦੱਸੇ ਬਿਨਾ ਬਾਹਰ ਨਿਕਲਿਆ ਤਾਂ ਸਭ ਤੋਂ ਵੱਡੀ ਸਮੱਸਿਆ ਭਾਸ਼ਾ ਦੀ ਆਈ। ਓਥੇ ਅੰਗਰੇਜ਼ੀ ਕਿਸੇ ਨੂੰ ਸਮਝ ਨਾ ਆਵੇ ਤੇ ਅੰਮ੍ਰਿਤ ਦੇ ਪੱਲੇ ਮਲਾਈ ਭਾਸ਼ਾ ਨਾ ਪਵੇ। ਆਖਰ ਇਕ ਢਾਬੇ ਵਰਗੀ ਦੁਕਾਨ ਲੱਭੀ ਤੇ 20 ਰਿੰਗਿਟ ਖਰਚ ਕੇ ਕੌਲੀ ਕੁ ਚੌਲ ਤੇ ਪਾਣੀ ਵਰਗੀ ਦਾਲ ਖਾਧੀ। ਨਜ਼ਦੀਕ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਗਏ, ਅੰਮ੍ਰਿਤ ਗੁਰੂ ਘਰ ਚਲਾ ਗਿਆ। 'ਸੇਵਾਦਾਰ ਸਿੰਘ' ਨੂੰ ਟੋਹਣ ਵਾਸਤੇ ਕਿ ਬੇਗਾਨੇ ਮੁਲਕ ਵਿੱਚ ਪੰਜਾਬੀ ਇਕ ਦੂਜੇ ਦੀ ਕਿੰਨੀ ਕੁ ਮਦਦ ਕਰਦੇ ਨੇ ਤੇ ਗੁਰੂ ਘਰ ਵਾਲੇ ਕਿੰਨੀ ਕੁ ਸਹਾਇਤਾ ਕਰਦੇ ਹਨ, ਇਹ ਜਾਨਣ ਲਈ ਅੰਮ੍ਰਿਤ ਨੇ ਉਸ ਸੇਵਾਦਾਰ ਨੂੰ ਕਿਹਾ ਕਿ ਮੈਂ ਇੱਥੇ ਫਸ ਗਿਆ ਹਾਂ, ਕੋਈ ਮਦਦ ਕਰ ਸਕਦੇ ਹੋ? ਤਾਂ ਸੇਵਾਦਾਰ ਨੇ ਮੂੰਹ ਹੀ ਫੇਰ ਲਿਆ ਤੇ ਉਥੋਂ ਖਿਸਕ ਗਿਆ। ਗੁਰੂ ਘਰ ਵਿੱਚ ਦੋ ਪੰਜਾਬਣਾਂ ਬੱਚਿਆਂ ਦੇ ਨਾਲ ਆਈਆਂ ਸਨ। ਉਹਨਾਂ ਨੇ ਵੀ ਗੱਲ ਹੀ ਨਾ ਸੁਣੀ, ਸਿਰਫ ਇਹੀ ਕਿਹਾ ਕਿ ''ਭਾਜੀ ਇਥੇ ਦੀ ਪੁਲਸ ਬੜੀ ਖਰਾਬ ਹੈ, ਬਚ ਕੇ ਰਿਹੋ..।” ਕਿਸੇ ਨੇ ਆਪਣਾ ਸੰਪਰਕ ਨੰਬਰ ਤੱਕ ਨਾ ਦਿੱਤਾ। 
ਸੇਵਾਦਾਰ ਦੇ ਇਸ ਵਿਹਾਰ ਤੋਂ ਬੜੀ ਨਿਰਾਸ਼ਾ ਹੋਈ ਕਿ ਕੀ ਅਸੀਂ ਉਸ ਸਰਬੰਸਦਾਨੀ ਦੇ ਵਾਰਿਸ ਹਾਂ ਜਿਸ ਨੇ ਲੋਕਾਈ ਵਾਸਤੇ ਆਪਣਾ ਸਭ ਕੁਝ ਵਾਰ ਦਿੱਤਾ ਸੀ? 
ਅਗਲੇ ਦਿਨ ਅੰਮ੍ਰਿਤ ਲਈ ਸੰਧੂ ਉਰਫ ਬਬਲੂ ਏਜੰਟ ਨੇ ਪੁਡੂ ਸੈਂਟਰਲ ਸ਼ਹਿਰ ਤੋਂ ਦੂਰ ਇਕ ਹੋਰ ਸ਼ਹਿਰ ਸ਼ਾਹ ਆਲਮ ਦੀ ਕੈਬ ਕਰਵਾ ਦਿੱਤੀ। ਪੰਜਾਹ ਰਿੰਗਿਟ ਦੇ ਕੇ ਅੰਮ੍ਰਿਤ ਸਿੰਘ ਸ਼ਾਹ ਆਲਮ ਦੀ  ਫੈਕਟਰੀ ਜਾ ਪੁੱਜਿਆ, ਜਿਸ ਬਾਰੇ ਏਜੰਟ ਲਖਬੀਰ ਮੋਗਾ ਨੇ ਕਿਹਾ ਸੀ ਕਿ ਜਾਂਦੇ ਦਾ ਵਰਕ ਪਰਮਿਟ ਕੰਪਨੀ ਵਾਲੇ ਅਪਲਾਈ ਕਰਨਗੇ ਤੇ ਜਾਂਦੇ ਨੂੰ ਹੀ ਸੁਪਰਵਾਈਜ਼ਰ ਰੱਖ ਲੈਣਗੇ। ਸੁਪਰਵਾਈਜ਼ਰ ਦਾ ਲਾਲਚ ਏਜੰਟ ਨੇ ਇਸ ਕਰਕੇ ਦਿੱਤਾ ਸੀ ਕਿਉਂਕਿ ਅੰਮ੍ਰਿਤ ਐਮ. ਟੈਕ ਪਾਸ ਹੈ। ਇਥੇ ਫੈਕਟਰੀ ਵਿੱਚ ਫਿਰੋਜ਼ ਖਾਨ ਬੰਗਲਾ ਦੇਸ਼ੀ ਜੋ ਪੰਜਾਬੀ ਏਜੰਟਾਂ ਦਾ ਸਾਥੀ ਸੀ, ਉਸ ਨੇ ਪਾਸਪੋਰਟ  ਤੇ 2100 ਰਿੰਗਿਟ ਲੈ ਲਏ। 
ਪਾਸਪੋਰਟ ਹੱਥਂੋ ਗਵਾ ਕੇ ਪਤਾ ਲੱਗਿਆ ਕਿ  ਇਥੇ ਤਾਂ ਬੰਧੂਆ ਮਜ਼ਦੂਰੀ ਕਰਾਉਂਦੇ  ਹਨ, ਕੋਈ ਵਰਕ ਪਰਮਿਟ ਨਹੀਂ ਮਿਲਦਾ। ਜੇ ਵਰਕ ਪਰਮਿਟ ਲੈਣਾ ਹੈ ਤਾਂ ਸੱਤ-ਅੱਠ ਹਜ਼ਾਰ ਰਿੰਗਿਟ ਖਰਚਣਾ ਪਊ, ਹਰ ਸਾਲ ਰੀਨਿਊ ਕਰਾਉਣ ਲਈ 2500 ਰਿੰਗਿਟ ਹੋਰ ਖਰਚਣੇ ਪੈਣਗੇ। 
ਬਿਨਾ ਪਰਮਿਟ ਕੰਪਨੀ ਇਕ ਗੈਰ-ਕਨੂੰਨੀ ਰਹਿੰਦੇ ਵਰਕਰ ਨੂੰ 90 ਰਿੰਗਿਟ ਦਿਹਾੜੀ ਦਿੰਦੀ ਹੈ। ਉਹਦੇ ਵਿੱਚੋਂ ਵਰਕਰ ਨੂੰ 55 ਰਿੰਗਿਟ ਮਿਲਦੇ ਹਨ, ਬਾਕੀ 35 ਰਿੰਗਿਟ ਪੰਜਾਬ ਤੇ ਮਲੇਸ਼ੀਆ ਵਿੱਚ ਬੈਠੇ ਮਨੁੱਖੀ ਤਸਕਰ ਖਾ ਰਹੇ ਹਨ। ਡਿਊਟੀ ਸਮਾਂ 12 ਘੰਟੇ ਹੈ, ਵਿਚ ਇਕ ਘਂਟੇ ਦੀ ਛੁੱਟੀ, ਓਵਰ ਟਾਈਮ ਕੁਝ ਨਹੀਂ, 12 ਮਹੀਨੇ ਤੀਹ ਦਿਨ ਕੰਮ ਕਰਨਾ ਪੈਂਦਾ ਹੈ। ਰਿਹਾਇਸ਼ ਲਈ ਫੈਕਟਰੀ ਦੀ ਛੱਤ Àੁੱਤੇ, ਗਾਡਰ ਪਾ ਕੇ, ਫੱਟੇ ਚਿਣੇ ਹੋਏ ਸਨ, ਉਪਰ ਲੋਹੇ ਦੀਆਂ ਚਾਦਰਾਂ ਦੀ ਛੱਤ, ਫਰਸ਼ 'ਤੇ ਗੱਤੇ ਵਿਛਾਓ ਤੇ ਸੌਂ ਜਾਓ, ਜਦਕਿ ਏਜੰਟ ਮਖਮਲੀ ਮੈਟਰਸ ਬਾਰੇ ਦੱਸਦਾ ਸੀ। ਕੋਈ ਰਸੋਈ ਨਹੀਂ, ਕੋਈ ਖਾਣ ਪੀਣ ਦਾ ਇੰਤਜ਼ਾਮ  ਨਹੀਂ, ਕੋਈ ਬਾਥਰੂਮ ਵੱਖਰਾ ਨਹੀਂ, ਫੈਕਟਰੀ ਦਾ ਹੀ ਬਾਥਰੂਮ ਸੀ ਜੋ ਅੱਤ ਦਾ ਗੰਦਾ ਸੀ। ਇਸ ਰਿਹਾਇਸ਼ ਲਈ ਵੀ ਕੰਪਨੀ ਵਰਕਰ ਦੀ ਤਨਖਾਹ ਵਿਚੋਂ ਮਹੀਨੇ ਦੇ 100 ਰਿੰਗਿਟ ਕੱਟਦੀ ਹੈ। 
ਖਾਣਾ ਜੇ ਬਾਹਰੋਂ ਮੰਗਾਉਣਾ ਹੈ ਤਾਂ ਇਕ ਟਾਈਮ ਦਾ 10 ਰਿੰਗਿਟ ਲਗਦਾ ਹੈ। ਉਹਦੇ ਵਿਚ ਇਕ ਕੌਲੀ ਚੌਲ, ਪਾਣੀ ਵਰਗੀ ਦਾਲ ਅਤੇ ਪਾਣੀ ਦੀ ਬੋਤਲ ਅੱਧਾ ਲੀਟਰ 2 ਰਿੰਗਿਟ ਦੀ, ਨਹੀਂ ਤਾਂ ਫੈਕਟਰੀ ਦਾ ਗੰਦਾ ਪਾਣੀ ਪੀਓ।
ਜੇ ਖਾਣਾ ਆਪ ਬਣਾਉਣਾ ਹੈ, ਤਾਂ ਮਹੀਨੇ ਦਾ ਪੰਜ ਛੇ ਸੌ ਰਿੰਗਿਟ ਖਰਚਾ ਆਉਂਦਾ ਹੈ। ਸਮਾਨ ਵੀ ਆਪਣਾ ਲੈਣਾ ਪਊ, ਭਾਂਡੇ ਇਲੈਕਟਰਿਕ ਚੁੱਲ੍ਹਾ ਆਦਿ ਖਰੀਦਣਾ ਪਊ ਪਰ ਪਾਸਪੋਰਟ ਕੋਲ ਨਾ ਹੋਣ ਕਰਕੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਨਵੇਂ ਲੋਕ ਫੈਕਟਰੀ ਦੇ ਦਰਵਾਜ਼ੇ ਤੋਂ ਬਾਹਰ ਨਹੀ ਜਾਂਦੇ। ਕਈ-ਕਈ ਸਾਲਾਂ ਦੇ ਫਸੇ ਤੇ ਪੁਰਾਣੇ ਹੋ ਚੁੱਕੇ  ਹੀ ਨਵਿਆਂ ਦਾ ਸਮਾਨ ਲਿਆਂਉਂਦੇ ਨੇ ਤੇ ਪੈਸਿਆਂ ਦੀ ਕੁੰਡੀ ਲਾ ਜਾਂਦੇ ਨੇ। ਜੇ ਗੈਰਕਨੂੰਨੀ ਕਾਮੇ ਪੁਲਸ ਕੋਲ ਫੜੇ ਗਏ, ਤਾਂ 6 ਮਹੀਨੇ ਦੀ ਕੈਦ। ਇਥੇ ਵੀ ਕਈ ਪੁਲਸ ਵਾਲਿਆਂ ਨੂੰ 200-300 ਰਿੰਗਿਟ ਦੇ ਕੇ ਬਚ ਜਾਂਦੇ ਹਨ। ਜਦੋਂ ਵਰਕਰ ਨੇ ਆਪਣੇ ਪਰਿਵਾਰ ਨੂੰ ਪੈਸੇ ਭੇਜਣੇ ਨੇ ਤਾਂ ਵੀ ਏਜੰਟ ਹੀ ਭੇਜ ਸਕਦਾ ਹੈ। ਕੰਮ ਵਾਲੀਆਂ ਫੈਕਟਰੀਆਂ ਬਿਲਕੁਲ ਬੰਦ ਹਨ, ਮਸਾਂ ਦੋ ਕੁ ਫੁੱਟ ਦੇ ਦਰਵਾਜੇ,  ਕੋਈ ਖਿੜਕੀ ਵੀ ਨਹੀਂ। 
ਸ਼ਾਹ ਆਲਮ ਵਾਲੀ, ਇਹ ਗੱਡੀਆਂ ਦੇ ਪਿਸਟਨ ਬਣਾਉਣ ਵਾਲੀ ਮਕੈਨੀਕਲ ਫੈਕਟਰੀ ਹੈ। ਸੀਐਨਸੀ ਮਸ਼ੀਨਾਂ ਉਤੇ ਕੰਮ  ਕਰਨ ਵਾਲੇ 12 ਘੰਟੇ ਖੜ੍ਹੇ ਹੋ ਕੇ ਕੰਮ ਕਰਦੇ ਨੇ। ਅੰਮ੍ਰਿਤ ਤੋਂ ਇਕ ਦਿਨ ਕੰਮ ਕਰਾਇਆ ਗਿਆ, ਫੇਰ ਕਿਹਾ ਗਿਆ ਕਿ ਹਾਲੇ 10 ਕੁ ਦਿਨ ਉਡੀਕ ਕਰ, ਕਮਰੇ  ਵਿੱਚ ਹੀ ਰਹੀਂ। 
ਹਫਤੇ ਦੇ ਵਿੱਚ-ਵਿੱਚ ਅੰਮ੍ਰਿਤ ਉਥੇ ਦੇ ਮਹੌਲ ਤੋਂ ਪੂਰੀ ਤਰ੍ਹਾਂ ਭੈਅਭੀਤ ਹੋ ਚੁੱਕਿਆ ਸੀ। ਉਹਨੇ ਓਥੋਂ ਨਿਕਲਣ ਦੀ ਸੋਚੀ ਤਾਂ ਪਾਸਪੋਰਟ ਕੋਲ ਨਹੀਂ ਸੀ ਤੇ ਏਜੰਟਾਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। 
ਲਗਾਤਾਰ ਅੰਮ੍ਰਿਤ ਨਾਲ ਸੰਪਰਕ ਨਾ ਹੋਣ ਕਰਕੇ ਮੈਂ ਵੀ ਪਰੇਸ਼ਾਨ ਹੋ ਗਈ ਕਿ ਰਿਸਕ ਕਿਉਂ ਲਿਆ। ਓਥੇ ਹੀ ਫਸੇ ਕਈ ਪੰਜਾਬੀਆਂ ਨੇ ਦੱਸਿਆ ਸੀ ਕਿ ਪਾਸਪੋਰਟ ਵਾਪਸ ਨਹੀਂ ਕਰਦੇ। ਬਹੁਤੀ ਨਰਾਜ਼ਗੀ ਦਿਖਾਓ ਤਾਂ ਕੁੱਟਮਾਰ ਵੀ ਕਰ ਦਿੰਦੇ ਨੇ। ਬੇਗਾਨਾ ਮੁਲਕ ਹੈ, ਇਹ ਲੋਕ 20-20 ਸਾਲਾਂ ਤੋਂ ਦਲਾਲੀ ਕਰ ਰਹੇ ਨੇ, ਸਾਰੀਆਂ ਚੋਰ ਮੋਰੀਆਂ ਜਾਣਦੇ ਨੇ, ਆਪਾਂ ਕੀ ਜਾਣੀਏ..। 
ਅੰਮ੍ਰਿਤ ਏਜੰਟਾਂ ਨੂੰ ਵਾਇਸ ਮੈਸੇਜ਼ ਕਰਦਾ ਰਿਹਾ, ਤਰਲੇ ਕਰਨ ਲੱਗਿਆ ਕਿ ਮੇਰਾ ਪਾਸਪੋਰਟ ਦਿਵਾ ਦਿਓ ਪਰ ਕਿਸੇ ਨੇ ਗੱਲ ਨਾ ਸੁਣੀ। ਫੇਰ ਏਜੰਟ ਲਖਬੀਰ ਮੋਗਾ ਨੂੰ ਮੈਂ ਆਪਣੇ ਪੱਤਰਕਾਰ ਹੋਣ ਦਾ ਦੱਸਿਆ ਤੇ ਕਾਰਵਾਈ ਦਾ ਡਰ ਦਿੱਤਾ ਤਾਂ ਉਸ ਨੇ ਪਾਸਪੋਰਟ ਵਾਪਸ ਕਰਾਇਆ। ਵਰਕ ਪਰਮਿਟ ਦੇ ਨਾਮ ਉਤੇ ਲਏ 2100 ਰਿੰਗਿਟ ਵੀ ਮੁੜਵਾ ਦਿਤੇ ਪਰ ਬਾਕੀ 900 ਰਿੰਗਿਟ ਤੇ 50 ਹਜ਼ਾਰ ਰੁਪਏ ਉਹ ਨਿਗਲ ਗਏ। ਐਧਰੋਂ ਅਸੀਂ 12 ਹਜ਼ਾਰ ਰੁਪਏ ਦੀ ਵਾਪਸੀ ਟਿਕਟ ਕਰਾ ਕੇ ਅੰਮ੍ਰਿਤ ਨੂੰ ਵਾਪਸ ਬੁਲਾ ਲਿਆ। 
ਓਥੇ ਪੰਜਾਬ ਦੇ ਹੀ ਨਹੀਂ, ਹਰਿਆਣਾ, ਦਿੱਲੀ, ਯੂਪੀ, ਬਿਹਾਰ ਦੇ ਤੇ ਕਈ ਬੰਗਲਾਦੇਸ਼ੀ ਲੋਕ ਮਿਲੇ ਜੋ ਏਜੰਟਾਂ ਦੇ ਢਹੇ ਚੜ੍ਹ ਕੇ ਓਥੇ ਫਸੇ ਹੋਏ ਨੇ। ਵਾਪਸ ਆਉਣਾ ਚਾਹੁੰਦੇ ਨੇ ਪਰ ਜੁਗਾੜ ਨਹੀ ਲੱਗ ਰਿਹਾ। ਸਾਡੀਆਂ ਇਧਰ ਦੀਆਂ ਸਰਕਾਰਾਂ ਲਈ ਇਹ ਕੋਈ ਮਸਲਾ ਨਹੀਂ ਹੈ ਸ਼ਾਇਦ..। 
ਜੇ ਓਥੇ ਦੀਆਂ ਫੈਕਟਰੀਆਂ ਦੀ ਜਾਂਚ ਹੋਵੇ, ਰਿਕਾਰਡ ਚੈਕ ਹੋਵੇ ਤਾਂ ਸਾਰਾ ਸੱਚ ਨਸ਼ਰ ਹੋ ਸਕਦਾ ਹੈ। ਕਈਆਂ ਨੂੰ ਤਾਂ ਕਰੀਬੀ ਰਿਸ਼ਤੇਦਾਰਾਂ ਨੇ ਹੀ ਫਸਾਇਆ ਹੈ ਤੇ ਐਧਰਲੇ ਏਜੰਟ ਐਨੀ ਕਾਹਲੀ ਨਾਲ ਗੱਲ ਕਰਦੇ ਨੇ ਕਿ ਛੇਤੀ ਲੋੜ ਹੈ ਵਰਕਰਾਂ ਦੀ, ਹੁਣੇ ਚੱਲੋ, ਫੇਰ ਕੰਮ ਤੇ ਤਨਖਾਹ ਆਪਣੇ ਹਿਸਾਬ ਨਾਲ ਨਹੀਂ ਮਿਲਣੀ। ਪੰਜਾਬ ਦੇ ਤੇ ਮੁਲਕ ਦੇ ਸਿਸਟਮ ਤੋਂ ਅੱਕੇ ਨੌਜਵਾਨ ਚੁੰਗਲ 'ਚ ਫਸ ਜਾਂਦੇ ਨੇ। ਏਜੰਟ ਪਾਸਪੋਰਟ ਖੋਹ ਕੇ ਫੈਕਟਰੀ ਦੇ ਅੰਦਰ ਬੰਧੂਆ ਬਣਾ ਕੇ ਕੰਮ ਕਰਾਉਂਦੇ ਨੇ, ਮਰਦਾ ਕੀ ਨਾ ਕਰਦਾ।  ਕਰਜ਼ਾ ਚੁੱਕ ਕੇ ਗਏ ਪੰਜ ਦਸ ਦਿਨ ਰੋ ਕੁਰਲਾ ਕੇ ਖੋਤੇ ਵਾਂਗ ਡਹਿ ਪੈਂਦੇ ਨੇ। ਪਿਛਂੋ ਪਰਿਵਾਰ ਦਾ ਦਬਾਅ ਕਿ ਕਰਜ਼ਾ ਚੁੱਕ ਕੇ ਭੇਜਿਆ ਸੀ, ਕਰਜ਼ਾ ਚੁਕਾਉਣ ਜੋਗੇ ਪੈਸੇ ਕਮਾ ਕੇ ਮੁੜ ਆਈਂ ਪਰ ਓਥੇ ਭੁੱਖੀਆਂ ਆਦਰਾਂ ਦੀ ਥਾਹ ਇਧਰ ਗੁਰਬਤ ਝੱਲਦੀ ਅੰਮੜੀ ਵੀ ਨਹੀਂ ਪਾ ਸਕਦੀ। ਜੇ  ਪਾਸਪੋਰਟ ਨਕਲੀ ਬਣਾਉਣਾ ਤਾਂ 2500 ਰਿੰਗਿਟ ਫੀਸ ਭਰਨੀ ਪੈਂਦੀ ਹੈ। ਉਹਦੇ ਉਤੇ ਮਲੇਸ਼ੀਆਈ ਇੰਮੀਗਰੇਸ਼ਨ ਵਲੋਂ ਸ਼ੱਕੀ ਵਿਅਕਤੀ ਗਰਦਾਨ ਦਿੱਤਾ ਜਾਂਦਾ ਹੈ। 
ਕਰਨਬੀਰ ਸਿੰਘ, ਪਿੰਡ ਮਥੇਆਲ, ਜ਼ਿਲਾ ਅੰਮ੍ਰਿਤਸਰ ਤਿੰਨ ਸਾਲ ਤੋ ਪੈਸੇ ਇਕੱਠੇ ਕਰਕੇ ਸ਼ੱਕੀਆਂ ਵਾਲਾ ਚਿੱਟਾ ਪਾਸਪੋਰਟ ਬਣਵਾ ਕੇ ਅੰਮ੍ਰਿਤ ਦੇ ਨਾਲ ਹੀ ਵਾਪਸ ਆਇਆ। ਉਸ ਨੇ ਕਿਹਾ ਕਿ ਮਲੇਸ਼ੀਆ ਵਿੱਚ ਤਾਂ ਇੰਡੀਅਨ ਅੰਬੈਸੀ ਦੇ ਨੁਮਾਇੰਦੇ ਵੀ ਭਾਰਤੀ ਏਜੰਟਾਂ ਨਾਲ ਮਿਲੇ ਹੋਏ ਹਨ। ਸਾਡੇ ਵਰਗਿਆਂ ਦੀ ਕੋਈ ਗੱਲ ਹੀ ਨਹੀਂ ਸੁਣਦੇ। ਉਸ ਨੌਜਵਾਨ ਨੇ ਲਹੂ ਦੇ ਅੱਥਰੂ ਕੇਰਦਿਆਂ ਕਿਹਾ ਕਿ ਸਾਨੂੰ ਕੋਈ ਚਾਅ ਹੈ, ਜੋ ਗਲਤ ਤਰੀਕੇ ਨਾਲ ਕਿਤੇ ਨਿਕਲੀਏ। ਜੇ ਆਪਣੇ ਮੁਲਕ ਵਿੱਚ ਹੱਡਭੰਨਵੀਂ ਮਿਹਨਤ ਦਾ ਪੂਰਾ ਮੁੱਲ ਮਿਲੇ, ਕੋਈ ਸਿਸਟਮ ਹੋਵੇ ਤਾਂ ਅਸੀਂ ਜਾਨਾਂ ਤਲੀ ਉਤੇ ਰੱਖ ਕੇ ਸਿਰਫ 15-20 ਹਜ਼ਾਰ ਮਹੀਨੇ ਦੀ ਖਾਤਰ ਮਲੇਸ਼ੀਆ ਵਰਗੇ ਮੁਲਕ ਵਿੱਚ ਕਿਉਂ ਜਾਈਏ।