ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਸੋਫੇ 'ਤੇ ਪਈ ਗੰਨ ਅਚਾਨਕ ਚੱਲ ਜਾਣ ਨਾਲ 2 ਸਾਲ ਦੇ ਬੱਚੇ ਦੀ ਮੌਤ
ਗੈਰ ਇਰਾਦਾ ਕਤਲ ਦਾ ਮਾਮਲਾ ਦਰਜ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੀਗਨ ਰਾਜ ਦੇ ਕੈਂਟਵੁੱਡ ਸ਼ਹਿਰ ਦੇ ਇਕ ਘਰ ਵਿਚ ਸੋਫੇ 'ਤੇ ਪਈ ਗੰਨ 2 ਸਾਲ ਦੇ ਬੱਚੇ ਦੇ ਹੱਥ ਆ ਜਾਣ ਉਪੰਰਤ ਅਚਾਨਕ ਘੋੜਾ ਦੱਬ ਜਾਣ ਦੇ ਸਿੱਟੇ ਵਜੋਂ ਚੱਲੀ ਗੋਲੀ ਨਾਲ ਬੱਚੇ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਅਨੁਸਾਰ ਗੰਨ ਬੱਚੇ ਦੀ ਮਾਂ ਦੇ ਦੋਸਤ ਮਾਰਕਸ ਨੈਵਿਲਸ ਜੁਨੀਅਰ (22) ਦੀ ਸੀ ਜੋ ਕਾਈਏਅਰ ਮੈਕੋਇ ਨਾਮੀ ਬੱਚੇ ਦੀ ਮੌਤ ਦਾ ਕਾਰਨ ਬਣੀ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਮਾਰਕਸ ਨੈਵਿਲਸ ਵਿਰੁੱਧ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨੈਵਿਲਸ ਨੇ ਅਦਾਲਤ ਵਿਚ ਪੇਸ਼ੀ ਦੌਰਾਨ ਆਪਣੇ ਵਿਰੁੱਧ ਦੋਸ਼ ਆਇਦ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਮੈ ਬੱਚੇ ਨੂੰ ਨਹੀਂ ਮਾਰਿਆ। ਬਚਾਅ ਪੱਖ ਦੇ ਵਕੀਲ ਰਿਚਰਡ ਜ਼ਮਬੋਨ ਨੇ ਕਿਹਾ ਕਿ ਇਹ ਇਕ ਬਹੁਤ ਦੁੱਖਦਾਈ ਘਟਨਾ ਹੈ ਤੇ ਇਸ ਵਿਚ ਕੋਈ ਅਪਰਾਧਕ ਇਰਾਦਾ ਨਜਰ ਨਹੀਂ ਆਉਂਦਾ। ਦੂਸਰੇ ਪਾਸੇ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਇਹ ਸਿਰੇ ਦੀ ਲਾਪਰਵਾਹੀ ਹੈ। ਇਥੇ ਜਿਕਰਯੋਗ ਹੈ ਕਿ ਹਾਲ ਹੀ ਵਿਚ ਰਾਜ ਦੇ ਗਵਰਨਰ ਗਰੈਚਨ ਵਿਟਮਰ ਨੇ ਇਕ ਕਾਨੂੰਨ ਉਪਰ ਸਹੀ ਪਾਈ ਹੈ ਜਿਸ ਵਿਚ ਗੰਨ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਬੱਚਿਆਂ ਦੀ ਮੌਜੂਦਗੀ ਵਿਚ ਗੰਨ ਤੇ ਹੋਰ ਹਥਿਆਰ ਤਾਲੇ ਦੇ ਅੰਦਰ ਰਖੇ ਜਾਣ।
Comments (0)