ਭਾਰਤ-ਪਾਕਿ ਦੁਸ਼ਮਣੀ ਦੀ ਅੱਗ ਵਿਚ ਝੁਲਸਦਾ ਆ ਰਿਹਾ ਪੰਜਾਬ

ਭਾਰਤ-ਪਾਕਿ ਦੁਸ਼ਮਣੀ ਦੀ ਅੱਗ ਵਿਚ ਝੁਲਸਦਾ ਆ ਰਿਹਾ ਪੰਜਾਬ

ਪੁਲਵਾਮਾ ਹਮਲੇ ਵਿਚ ਗਈ ਚਾਰ ਪੰਜਾਬੀ ਨੌਜਵਾਨਾਂ ਦੀ ਜਾਨ
ਚੰਡੀਗੜ੍ਹ/ਏਟੀ ਨਿਊਜ਼ :
ਭਾਰਤ ਅਤੇ ਪਾਕਿਸਤਾਨ ਦੀ ਦੁਸ਼ਮਣੀ ਦੀ ਅੱਗ ਵਿਚ ਹਮੇਸ਼ਾ ਤੋਂ ਪੰਜਾਬ ਨੂੰ ਸਭ ਤੋਂ ਵੱਧ ਸੇਕ ਲਗਦਾ ਆਇਆ ਹੈ। ਪੰਜਾਬ ਨੂੰ ਇਸ ਦੁਸ਼ਮਣੀ ਤੇ ਨਫਰਤ ਦਾ ਖਮਿਆਜ਼ਾ ਮਿਲਣਾ ਸੰਨ ਸੰਤਾਲੀ ਵਿਚ ਦੋਵੇਂ ਦੇਸ਼ਾਂ ਦੀ ਵੰਡ ਨਾਲ ਹੀ ਸ਼ੁਰੂ ਹੋ ਗਿਆ ਸੀ। ਦੋਵੇਂ ਦੇਸ਼ਾਂ ਦੀਆਂ ਬੀਤੇ ਵਿਚ ਹੋਈਆਂ ਲੜਾਈਆਂ ਵਿਚ ਵੀ ਪੰਜਾਬ ਦੇ ਗੱਭਰੂਆਂ ਦੀ ਬਲੀ ਚੜ੍ਹਦੀ ਆਈ ਹੈ। ਜਦੋਂ ਵੀ ਜੰਮੂ-ਕਸ਼ਮੀਰ 'ਚ ਦਹਿਸ਼ਤੀ ਹਮਲਾ ਹੋਇਆ ਤਾਂ ਪੰਜਾਬ ਨੂੰ ਵੀ ਆਪਣੇ ਲਾਲ ਗੁਆਉਣੇ ਪਏ ਹਨ। ਜੰਮੂ ਕਸ਼ਮੀਰ ਵਿਚ ਲੰਘੇ ਪੰਜ ਵਰ੍ਹਿਆਂ ਦੌਰਾਨ ਪੰਜਾਬ ਦੇ 37 ਸੁਰੱਖਿਆ ਜਵਾਨ ਸ਼ਹੀਦ ਹੋਏ ਹਨ। ਪੂਰੇ ਦੇਸ਼ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੀ ਗੱਲ ਕਰੀਏ ਤਾਂ ਪੰਜ ਵਰ੍ਹਿਆਂ ਦੀ ਇਹ ਗਿਣਤੀ 56 ਬਣਦੀ ਹੈ। ਪੁਲਵਾਮਾ 'ਚ ਹੁਣੇ ਹੋਏ ਤਾਜ਼ਾ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਸ਼ਹੀਦ ਹੋ ਗਏ ਹਨ। ਪੰਜਾਬ ਦੇ ਜੋ ਇਨ੍ਹਾਂ ਪੰਜ ਵਰ੍ਹਿਆਂ ਦੌਰਾਨ ਸੁਰੱਖਿਆ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ 'ਚੋਂ 17 ਜਵਾਨਾਂ ਨੇ ਤਾਂ ਹਾਲੇ ਤਕ ਜ਼ਿੰਦਗੀ ਦਾ ਕੋਈ ਰੰਗ ਵੀ ਨਹੀਂ ਵੇਖਿਆ ਸੀ। ਪੰਜਾਬ ਦੇ ਇਹ 17 ਜਵਾਨ ਹਾਲੇ ਅਣਵਿਆਹੇ ਸਨ, ਜਿਨ੍ਹਾਂ ਨੇ ਜਲਦੀ ਹੀ ਜ਼ਿੰਦਗੀ ਵਿੱਚ ਖੇੜਾ ਲਿਆਉਣ ਦਾ ਸੁਪਨਾ ਦੇਖਿਆ ਸੀ।
ਬਠਿੰਡਾ ਜ਼ਿਲ੍ਹਾ ਦੇ ਪਿੰਡ ਹਾਕਮ ਸਿੰਘ ਵਾਲਾ ਦਾ ਸੁਖਵਿੰਦਰ ਸਿੰਘ ਥੋੜਾ ਸਮਾਂ ਪਹਿਲਾਂ ਹੀ ਸ਼ਹੀਦ ਹੋਇਆ ਹੈ। ਉਸ ਦੇ ਮਾਪਿਆਂ ਨੂੰ ਲਾੜੀ ਦੇ ਰੂਪ ਵਿਚ ਪੁੱਤ ਦੀ ਮੌਤ ਵੇਖਣੀ ਪਈ। ਇਸੇ ਤਰ੍ਹਾਂ ਮਾਨਸਾ ਦੇ ਪਿੰਡ ਕੱਲੋ ਦਾ ਅਮਨਦੀਪ ਸਿੰਘ ਵੀ ਸ਼ਹੀਦੀ ਜਾਮ ਪੀ ਗਿਆ। ਜਦੋਂ ਇਹ ਜਵਾਨ ਭਰਤੀ ਹੋਏ ਸਨ ਤਾਂ ਮਾਪਿਆਂ ਨੂੰ ਇੱਕ ਉਮੀਦ ਬੱਝੀ ਸੀ। ਜਦੋਂ ਜੰਮੂ ਕਸ਼ਮੀਰ 'ਚੋਂ ਸ਼ਹਾਦਤ ਦਾ ਸੁਨੇਹਾ ਆਇਆ ਤਾਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸੁਫ਼ਨੇ ਬਿਖਰ ਗਏ। ਭਰ ਜਵਾਨੀ ਦੀ ਉਮਰੇ ਉਨ੍ਹਾਂ ਦੇ ਲਾਡਲੇ ਸ਼ਹੀਦੀ ਜਾਮ ਪੀ ਗਏ। ਸੈਨਿਕ ਭਲਾਈ ਬੋਰਡ ਪੰਜਾਬ ਦੇ ਵੇਰਵਿਆਂ ਅਨੁਸਾਰ ਸਾਲ 2018 ਵਿਚ ਦਹਿਸ਼ਤੀ ਹਮਲਿਆਂ ਵਿਚ ਪੰਜਾਬ ਦੇ ਕੁੱਲ 9 ਜਵਾਨ ਸ਼ਹੀਦ ਹੋਏ ਹਨ ਜਿਨ੍ਹਾਂ 'ਚੋਂ ਛੇ ਜਵਾਨ ਇਕੱਲੇ ਜੰਮੂ ਕਸ਼ਮੀਰ ਵਿਚ ਰੁਖ਼ਸਤ ਹੋਏ ਹਨ। ਸਾਲ 2017 ਵਿਚ ਦੇਸ਼ ਭਰ ਵਿਚ 13 ਜਵਾਨ ਜਦੋਂ ਕਿ ਜੰਮੂ ਕਸ਼ਮੀਰ ਵਿਚ 8 ਜਵਾਨਾਂ ਨੇ ਸ਼ਹੀਦੀ ਪਾਈ। ਸਾਲ 2016 ਵਿਚ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਜਵਾਨਾਂ ਦੀ ਗਿਣਤੀ 7 ਰਹੀ ਜਦੋਂ ਕਿ ਦੇਸ਼ ਵਿਚ ਕੁੱਲ 12 ਜਵਾਨ ਸ਼ਹੀਦ ਹੋਏ। ਇਸੇ ਤਰ੍ਹਾਂ ਜੰਮੂ ਕਸ਼ਮੀਰ ਵਿਚ ਸਾਲ 2015 ਵਿਚ 4 ਅਤੇ ਸਾਲ 2014 ਵਿਚ 8 ਪੰਜਾਬੀ ਜਵਾਨ ਸ਼ਹੀਦ ਹੋਏ ਸਨ। ਹੁਣ ਚਾਰ ਜਵਾਨ ਹੋਰ ਸ਼ਹੀਦ ਹੋ ਗਏ ਹਨ। ਵਰ੍ਹਾ 2018 ਦੌਰਾਨ ਤਰਨ ਤਾਰਨ ਜ਼ਿਲ੍ਹੇ ਦੇ ਇੱਕੋ ਪਿੰਡ ਕਲਸੀਆਂ ਖੁਰਦ ਦੇ ਦੋ ਜਵਾਨ ਸ਼ਹੀਦ ਹੋਏ ਜਦੋਂ ਕਿ ਸੰਗਰੂਰ ਦੇ ਪਿੰਡ ਆਲਮਪੁਰ ਦਾ ਮਨਦੀਪ ਸਿੰਘ ਵੀ ਇੱਕ ਵਰ੍ਹੇ ਪਹਿਲਾਂ ਹੀ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਇਆ ਹੈ। ਮਾਪਿਆਂ ਦੇ ਸਾਰੇ ਚਾਅ ਮਲਾਰ ਵੀ ਰਾਖ ਹੋ ਗਏ। ਵਰ੍ਹੇ 2018 ਦੌਰਾਨ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਣ ਵਾਲੇ ਸਾਰੇ ਪੰਜਾਬੀ ਜਵਾਨ ਕੁਆਰੇ ਹੀ ਸਨ।
ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦਾ ਸ਼ਹੀਦ ਹੋਇਆ ਮਨਪ੍ਰੀਤ ਸਿੰਘ ਵੀ ਹਾਲੇ ਕੁਆਰਾ ਹੀ ਸੀ। ਸੰਗਰੂਰ ਦੇ ਪਿੰਡ ਸਤੌਜ ਦਾ ਜਗਸੀਰ ਸਿੰਘ ਵੀ ਸਾਲ 2015 ਵਿਚ ਸ਼ਹੀਦੀ ਜਾਮ ਪੀ ਗਿਆ ਸੀ। ਹੁਣ ਜਦੋਂ ਦਹਿਸ਼ਤੀ ਹਮਲੇ ਵਿਚ 42 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਤਾਂ ਇਨ੍ਹਾਂ ਪੰਜਾਬ ਦੇ ਪਿਛਲੇ ਸਮੇਂ ਦੌਰਾਨ ਸ਼ਹੀਦ ਹੋਣ ਵਾਲੇ ਮਾਪਿਆਂ ਦੇ ਜ਼ਖ਼ਮ ਮੁੜ ਹਰੇ ਹੋਏ ਹਨ। ਇਨ੍ਹਾਂ ਮਾਪਿਆਂ ਨੂੰ ਮੁੜ ਪੁਰਾਣਾ ਵਕਤ ਚੇਤੇ ਆਇਆ ਹੈ। ਬਠਿੰਡਾ ਦੇ ਪਿੰਡ ਬਹਿਮਣ ਕੌਰ ਸਿੰਘ ਵਾਲਾ ਦਾ ਜੱਗਾ ਸਿੰਘ ਵੀ ਸਾਲ 2014 ਵਿਚ ਸ਼ਹੀਦ ਹੋ ਗਿਆ ਸੀ। ਵੇਰਵਿਆਂ ਅਨੁਸਾਰ ਜੰਮੂ ਕਸ਼ਮੀਰ ਵਿਚ ਲੰਘੇ ਚਾਰ ਵਰ੍ਹਿਆਂ ਦੌਰਾਨ ਦਹਿਸ਼ਤਗਰਦੀ ਦੀਆਂ ਕਰੀਬ 1103 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ 243 ਸੁਰੱਖਿਆ ਜਵਾਨ ਸ਼ਹੀਦ ਹੋਏ ਹਨ ਜਦੋਂ ਕਿ 88 ਸਿਵਲੀਅਨਾਂ ਦੀਆਂ ਵੀ ਜਾਨਾਂ ਗਈਆਂ ਹਨ।
ਪੁਲਵਾਮਾ ਹਮਲੇ ਵਿਚ ਗਈ ਚਾਰ ਪੰਜਾਬੀ ਨੌਜਵਾਨਾਂ ਦੀ ਜਾਨ : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅਤਿਵਾਦੀਆਂ ਵੱਲੋਂ ਸੀਆਰਪੀਐੱਫ਼ ਦੇ ਜਵਾਨਾਂ 'ਤੇ ਕੀਤੇ ਗਏ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ 'ਚੋਂ ਇੱਕ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਨਾਲ ਸਬੰਧਤ ਹੈ। ਸ਼ਹੀਦ ਹੋਇਆ 26 ਸਾਲਾ ਜਵਾਨ ਕੁਲਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ 10 ਫਰਵਰੀ ਨੂੰ ਛੁੱਟੀ ਕੱਟ ਕੇ ਡਿਊਟੀ 'ਤੇ ਪਰਤਿਆ ਸੀ। ਕੁਲਵਿੰਦਰ ਸਿੰਘ 5 ਸਾਲ ਪਹਿਲਾਂ ਸਾਲ 2014 'ਚ ਸੀਆਰਪੀਐਫ ਵਿਚ ਭਰਤੀ ਹੋਇਆ ਸੀ। ਕਰੀਬ 6 ਫੁੱਟ ਉੱਚਾ ਜਵਾਨ ਕੁਲਵਿੰਦਰ ਸਿੰਘ ਕ੍ਰਿਕਟ ਦਾ ਵਧੀਆ ਖਿਡਾਰੀ ਸੀ। ਇਕਲੌਤਾ ਪੁੱਤਰ ਹੋਣ ਕਰ ਕੇ ਮਾਪਿਆਂ ਨੂੰ ਆਪਣੇ ਲੜਕੇ ਦੇ ਵਿਆਹ ਦਾ ਕਾਫੀ ਚਾਅ ਸੀ। ਵਿਆਹ ਦੀ 8-9 ਨਵੰਬਰ ਦੀ ਤਾਰੀਖ ਨਿਸ਼ਚਿਤ ਹੋਣ ਕਾਰਨ ਸਮੁੱਚੀਆਂ ਤਿਆਰੀਆਂ ਵਿੱਢੀਆਂ ਹੋਈਆਂ ਸਨ। ਇਸ ਦੌਰਾਨ ਘਰ ਦਾ ਨਿਰਮਾਣ ਕਾਰਜ ਵੀ ਚੱਲ ਰਿਹਾ ਸੀ ਪਰ ਕੁਲਵਿੰਦਰ ਦੇ ਸ਼ਹੀਦ ਹੋ ਜਾਣ ਦੀ ਘਟਨਾ ਨੇ ਮਾਪਿਆਂ ਦੇ ਸਮੁੱਚੇ ਅਰਮਾਨਾਂ ਨੂੰ ਪਲਾਂ 'ਚ ਹੀ ਰੋਲ ਕੇ ਰੱਖ ਦਿੱਤਾ। 
ਪੁਲਵਾਮਾ ਅਤਿਵਾਦੀ ਹਮਲੇ 'ਚ ਸ਼ਹੀਦ ਹੋਏ 42 ਸੀਆਰਪੀਐੱਫ ਦੇ ਜਵਾਨਾਂ ਵਿੱਚੋਂ ਇੱਕ ਸ਼ਹੀਦ ਪੰਜਾਬ ਦੇ ਦੀਨਾਨਗਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਹੈ। ਉਹ ਹਾਲੇ ਦੋ ਦਿਨ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਡਿਊਟੀ 'ਤੇ ਗਿਆ ਸੀ। 30 ਸਾਲ ਦਾ ਮਨਜਿੰਦਰ ਸਿੰਘ ਵੀ  ਅਣਵਿਆਹਿਆ ਸੀ। ਤਿੰਨ ਭੈਣਾਂ ਦੇ ਭਰਾ ਮਨਜਿੰਦਰ ਸਿੰਘ ਦੇ ਵਿਆਹ ਲਈ ਪਰਿਵਾਰ ਵੱਲੋਂ ਸੁਪਨੇ ਸਜਾਏ ਜਾ ਰਹੇ ਸਨ ਪਰ ਉਸਦੇ ਸ਼ਹੀਦ ਹੋਣ ਦੀ ਖ਼ਬਰ ਆ ਗਈ, ਜਿਸ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਮਨਜਿੰਦਰ ਦਾ ਛੋਟਾ ਭਰਾ ਵੀ ਸੀਆਰਐੱੱਫ਼ 'ਚ ਅਸਾਮ ਵਿਖੇ ਤਾਇਨਾਤ ਹੈ। ਉਸ ਦੀ ਮਾਤਾ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਪਿਤਾ ਸੱਤਪਾਲ ਅੱਤਰੀ ਰੋਡਵੇਜ਼ ਮਹਿਕਮੇ 'ਚੋਂ ਸੇਵਾਮੁਕਤ ਹੋ ਚੁੱਕਾ ਹੈ। 
ਇਸੇ ਤਰ੍ਹਾਂ ਇਸ ਹਮਲੇ 'ਚ ਪਿੰਡ ਗਲੋਟੀ (ਕੋਟ ਈਸੇ ਖਾਂ) ਦਾ ਜਵਾਨ ਜੈਮਲ ਸਿੰਘ (45 ਸਾਲ) ਵੀ ਸ਼ਹੀਦ ਹੋ ਗਿਆ। ਜਦੋਂ ਕੋਟ ਈਸੇ ਖਾਂ 'ਚ ਇਹ ਖ਼ਬਰ ਪੁੱਜੀ ਤਾਂ ਮਾਤਮ ਛਾ ਗਿਆ। ਉਸ ਦਾ 5 ਵਰ੍ਹਿਆਂ ਦਾ ਪੁੱਤਰ ਗੁਰਪ੍ਰਕਾਸ਼ ਸਿੰਘ ਮਾਸੂਮ ਚਿਹਰੇ ਨਾਲ ਪਿਤਾ ਦਾ ਇੰਤਜ਼ਾਰ ਕਰ ਰਿਹਾ ਹੈ। ਬਜ਼ੁਰਗ ਮਾਂ ਸੁਖਵਿੰਦਰ ਕੌਰ, ਪਤਨੀ ਸੁਖਦੀਪ ਕੌਰ ਤੇ ਭੈਣ ਹਰਜਿੰਦਰ ਕੌਰ ਦਾ ਵਿਰਲਾਪ ਵੇਖ ਕੇ ਹਰ ਇੱਕ ਦੀਆਂ ਅੱਖਾਂ 'ਚ ਅਥਰੂ ਵਹਿ ਤੁਰੇ। ਉਸ ਦੀ ਪਤਨੀ ਸੁਖਦੀਪ ਕੌਰ ਸੀਆਰਪੀਐੱਫ ਕੈਂਪ ਜਲੰਧਰ ਵਿਖੇ ਆਪਣੇ ਵਿਆਹ ਤੋਂ 18 ਸਾਲ ਬਾਅਦ ਜਨਮੇ ਮਾਸੂਮ ਪੁੱਤ ਕੋਲ ਸੀ। ਗੁਰਦੁਆਰਾ ਸਾਹਿਬ 'ਚ ਗ੍ਰੰਥੀ ਦੀਆਂ ਸੇਵਾਵਾਂ ਨਿਭਾ ਰਹੇ ਸ਼ਹੀਦ ਜਵਾਨ ਜੈਮਲ ਸਿੰਘ ਦੇ ਬਜ਼ੁਰਗ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਬੁਢਾਪੇ 'ਚ ਸਹਾਰਾ ਬਣਨ ਦੀ ਥਾਂ ਉਨ੍ਹਾਂ ਦੀ ਬੁਢਾਪੇ ਦੀ ਜ਼ਿੰਦਗੀ ਦੁੱਖਾਂ 'ਚ ਡੋਬ ਗਿਆ। ਉਸ ਨੂੰ ਨੌਜਵਾਨ ਪੁੱਤਰ ਦੀ ਮੌਤ ਨੇ ਭੁੰਜੇ ਲਾ ਦਿੱਤਾ। ਉਸ ਦਾ ਛੋਟਾ ਪੁੱਤਰ ਨਸੀਬ ਸਿੰਘ ਰੋਜ਼ੀ-ਰੋਟੀ ਲਈ ਮਲੇਸ਼ੀਆ ਗਿਆ ਹੋਇਆ ਹੈ। ਸ਼ਹੀਦ ਜਵਾਨ 15 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਡਿਊਟੀ ਉੱਤੇ ਪਰਤਿਆ ਸੀ।
ਪੁਲਵਾਮਾ ਨੇੜੇ ਅਤਿਵਾਦੀ ਹਮਲੇ ਵਿੱਚ ਗੰਡੀਵਿੰਡ ਦੇ 29 ਸਾਲਾ ਵਸਨੀਕ ਸੀਆਰਪੀਐੱਫ ਦੇ ਜਵਾਨ ਸੁਖਜਿੰਦਰ ਸਿੰਘ ਦੇ ਸ਼ਹੀਦ ਹੋਣ ਨਾਲ ਇਲਾਕੇ 'ਚ ਸੋਗ ਹੈ। ਸੁਖਜਿੰਦਰ ਸਿੰਘ ਦੇ ਪਿਤਾ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਲੰਘੀ 28 ਜਨਵਰੀ ਨੂੰ 40 ਦਿਨ ਦੀ ਛੁੱਟੀ ਕੱਟਣ ਉਪਰੰਤ ਡਿਊਟੀ 'ਤੇ ਵਾਪਸ ਗਿਆ ਸੀ। ਸੁਖਜਿੰਦਰ ਸਿੰਘ ਦਾ ਵਿਆਹ ਸੱਤ ਸਾਲ ਪਹਿਲਾਂ ਸਰਬਜੀਤ ਕੌਰ ਵਾਸੀ ਸ਼ਕਰੀਨਲ ਹੋਇਆ ਸੀ। ਉਸ ਦੇ ਸੱਤ ਮਹੀਨੇ ਪਹਿਲਾਂ ਹੀ ਪੁੱਤਰ ਹੋਇਆ ਹੈ। ਸੁਖਜਿੰਦਰ ਸਿੰਘ ਨਾਲ ਘਟਨਾ ਵਾਲੇ ਦਿਨ ਉਸ ਦੇ ਵੱਡੇ ਭਰਾ ਗੁਰਜੰਟ ਸਿੰਘ ਨੇ ਮੋਬਾਈਲ 'ਤੇ ਸੰਪਰਕ ਕੀਤਾ ਸੀ। ਉਦੋਂ ਉਸ ਨੇ ਦੱਸਿਆ ਸੀ ਕਿ ਉਹ ਆਪਣੀ ਕੰਪਨੀ ਨਾਲ ਕਿਧਰੇ ਜਾ ਰਿਹਾ ਹੈ ਅਤੇ ਉਹ ਸ਼ਾਮ ਦੇ ਤਿੰਨ ਵਜੇ ਦੇ ਕਰੀਬ ਵਾਪਸੀ ਮਗਰੋਂ ਫੋਨ ਕਰੇਗਾ। ਇਸ ਤੋਂ ਬਾਅਦ ਪਤਨੀ ਸਰਬਜੀਤ ਕੌਰ ਨੇ ਵੀ ਉਸ ਨਾਲ ਸੰਪਰਕ ਕੀਤਾ ਸੀ, ਜਿਸ ਨੂੰ ਉਸ ਨੇ ਤਿੰਨ ਵਜੇ ਤੋਂ ਬਾਅਦ ਖੁਦ ਫੋਨ ਕਰਨ ਦਾ ਭਰੋਸਾ ਦਿੱਤਾ ਸੀ। ਕੁਝ ਘੰਟਿਆਂ ਵਿੱਚ ਹੀ ਪਰਿਵਾਰ ਨੂੰ ਉਸ ਦੇ ਸ਼ਹੀਦ ਹੋਣ ਦੀ ਖ਼ਬਰ ਮਿਲ ਜਾਵੇਗੀ, ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ। ਛੋਟੀ ਕਿਸਾਨੀ ਨਾਲ ਸਬੰਧਤ ਸੁਖਜਿੰਦਰ ਸਿੰਘ ਦੇ ਪਿਤਾ ਗੁਰਮੇਜ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਸਿੰਘ 2002 ਵਿੱਚ ਸੀਆਰਪੀਐੱਫ ਵਿੱਚ ਸਿਪਾਹੀ ਭਰਤੀ ਹੋਇਆ ਸੀ ਅਤੇ ਕੁਝ ਚਿਰ ਪਹਿਲਾਂ ਹੀ ਉਸ ਦੀ ਹੌਲਦਾਰ ਵਜੋਂ ਤਰੱਕੀ ਹੋਈ ਸੀ।