ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਖਾਲਿਸਤਾਨੀ ਸਮਰਥਕ, ਉਨ੍ਹਾਂ ਨੂੰ ਨਹੀਂ ਮਿਲਾਂਗਾ : ਕੈਪਟਨ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਖਾਲਿਸਤਾਨੀ ਸਮਰਥਕ, ਉਨ੍ਹਾਂ ਨੂੰ ਨਹੀਂ ਮਿਲਾਂਗਾ : ਕੈਪਟਨ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸੇ ਮਹੀਨੇ ਭਾਰਤ ਆ ਰਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਨਹੀਂ ਮਿਲਣਗੇ। ਦਿੱਲੀ ਆਧਾਰਤ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕੈਪਟਨ ਨੇ ਸ੍ਰੀ ਸੱਜਣ ਨੂੰ ‘ਖ਼ਾਲਿਸਤਾਨੀਆਂ ਦਾ ਹਮਦਰਦ’ ਕਰਾਰ ਦਿੱਤਾ। ਸ੍ਰੀ ਸੱਜਣ ਇਸ ਮਹੀਨੇ ਦੇ ਅਖ਼ੀਰ ਵਿੱਚ ਇੰਡੋ-ਕੈਨੇਡੀਅਨ ਮੀਟ ਵਿਚ ਸ਼ਾਮਲ ਹੋਣ ਭਾਰਤ ਆ ਰਹੇ ਹਨ। ਕੈਪਟਨ ਨੇ ਦੋਸ਼ ਲਾਇਆ ਕਿ ਸ੍ਰੀ ਸੱਜਣ ਦੇ ਪਿਤਾ ਵੀ ਖ਼ਾਲਿਸਤਾਨੀਆਂ ਦੇ ਹਮਦਰਦ ਸਨ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵਿੱਚ ਪੰਜ ਖ਼ਾਲਿਸਤਾਨੀ ਹਮਦਰਦ ਹਨ, ਜਿਨ੍ਹਾਂ ਨਾਲ ਉਹ ਕੋਈ ਸਬੰਧ ਨਹੀਂ ਰੱਖਣਗੇ। ਉਨ੍ਹਾਂ ਕਿਹਾ, ”ਇਨ੍ਹਾਂ ਖ਼ਾਲਿਸਤਾਨੀ ਹਮਾਇਤੀਆਂ ਨੇ ਬੀਤੇ ਸਾਲ ਕੈਨੇਡਾ ਸਰਕਾਰ ਉਤੇ ਦਬਾਅ ਪਾ ਕੇ ਉਸ ਮੁਲਕ ਵਿੱਚ ਮੇਰਾ ਦਾਖ਼ਲਾ ਰੁਕਵਾਇਆ ਸੀ, ਜਿਥੇ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਮਿਲਣ ਜਾਣਾ ਚਾਹੁੰਦਾ ਸਾਂ, ਨਾ ਕਿ ਚੋਣ ਪ੍ਰਚਾਰ ਲਈ।”
ਕੈਪਟਨ ਨੇ ਬੀਤੇ ਸਾਲ ਇਸ ਖ਼ਿਲਾਫ਼ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਰੋਸ ਪੱਤਰ ਵੀ ਲਿਖਿਆ ਸੀ ਤੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਵੀ ਮਿਲਣ ਤੋਂ ਨਾਂਹ ਕਰ ਦਿੱਤੀ ਸੀ, ਜਦੋਂ ਉਨ੍ਹਾਂ ਨੂੰ ਕੈਨੇਡਾ ਵਿੱਚ ਪਰਵਾਸੀ ਪੰਜਾਬੀਆਂ ਨਾਲ ਜਨਤਕ ਮੀਟਿੰਗਾਂ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਗਈ। ਉਦੋਂ ਕੈਪਟਨ ਨੇ ਕੈਨੇਡਾ ਸਰਕਾਰ ਉਤੇ ‘ਪੱਖਪਾਤ’ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਤਾਂ ਮੁਲਕ ਵਿੱਚ ਜਨਤਕ ਮੀਟਿੰਗਾਂ ਕਰਨ ਤੋਂ ਰੋਕ ਦਿੱਤਾ ਗਿਆ, ਪਰ ਉਦੋਂ ਦੇ ਹਾਕਮ ਅਕਾਲੀ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ ਨੂੰ ਅਜਿਹੀਆਂ ਮੀਟਿੰਗਾਂ ਕਰਨ ਦਿੱਤੀਆਂ ਗਈਆਂ।
‘ਰਾਹੁਲ ਖ਼ਿਲਾਫ਼ ਹੋ ਰਹੀ ਹੈ ਸਾਜ਼ਿਸ਼’ :
ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਸਵਾਰਥੀ ਅਨਸਰਾਂ ਵੱਲੋਂ ਗਿਣ-ਮਿਥ ਕੇ ਹੇਠੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਗਾਂਧੀ ਨੂੰ ਇਕ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਖ਼ਿਲਾਫ਼ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਨਾਂ-ਕੁਨਾਂ ਰੱਖੇ ਜਾ ਰਹੇ ਹਨ।