ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ 100 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ ‘ਸ੍ਰੀ ਗੁਰੂ ਨਾਨਕ ਦੇਵ ਨਗਰ’ ਨਾਂ ਦਾ ਨਵਾਂ ਸ਼ਹਿਰ ਵਸਾਉਣ ਦੀ ਵੀ ਯੋਜਨਾ

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ 100 ਕਰੋੜ ਰੁਪਏ ਜਾਰੀ ਕਰਨ ਦੇ ਹੁਕਮ ‘ਸ੍ਰੀ ਗੁਰੂ ਨਾਨਕ ਦੇਵ ਨਗਰ’ ਨਾਂ ਦਾ ਨਵਾਂ ਸ਼ਹਿਰ ਵਸਾਉਣ ਦੀ ਵੀ ਯੋਜਨਾ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿੱਤ ਮੰਤਰੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਕੰਮਾਂ ਵਾਸਤੇ ਤੁਰੰਤ 100 ਕਰੋੜ ਰੁਪਏ ਜਾਰੀ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਗੁਰੂ ਨਾਨਕ ਜੀ ਦੇ ਚਰਨ ਛੋਹ ਪ੍ਰਾਪਤ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਦੇ ਵਿਕਾਸ ਲਈ ਅਗਲੇ ਵਿੱਤੀ ਸਾਲ ਦੇ ਬਜਟ ਵਿੱਚ ਹੋਰ 100 ਕਰੋੜ ਦਾ ਪ੍ਰਬੰਧ ਕਰਨ ਦਾ ਆਦੇਸ਼ ਵੀ ਦਿੱਤਾ ਹੈ।
ਪ੍ਰਕਾਸ਼ ਪੁਰਬ ਦੇ ਸਮਾਗਮ ਲਈ ਕਾਇਮ ਕੀਤੀ ਸੂਬਾ ਕਮੇਟੀ ਦੀ ਦੂਜੀ ਮੀਟਿੰਗ ਦੀ ਇਥੇ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਇਸ ਪਵਿੱਤਰ ਮੌਕੇ ਵੱਖ-ਵੱਖ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਸੂਬਾ ਸਰਕਾਰ ਵੱਲੋਂ ਕੇਂਦਰ ਨੂੰ ਸੌਂਪੀ 2145 ਕਰੋੜ ਰੁਪਏ ਦੀ ਤਜਵੀਜ਼ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਕੋਲ ਪੈਰਵੀ ਕਰਨ ਲਈ ਆਖਿਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਜਿੱਥੇ ਪਹਿਲੇ ਸਿੱਖ ਗੁਰੂ ਜੋਤੀ-ਜੋਤਿ ਸਮਾਏ ਸਨ, ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੂੰ ਮੁੱਖ ਸਮਾਗਮਾਂ ਦੌਰਾਨ ਘੱਟੋ-ਘੱਟ ਇਕ ਹਫ਼ਤਾ ਵਿਸ਼ੇਸ਼ ਲਾਂਘੇ ਰਾਹੀਂ ਖੁੱਲ੍ਹੇ ਤੌਰ ‘ਤੇ ਜਾਣ ਦੇਣ ਦੀ ਆਗਿਆ ਲਈ ਉਹ ਭਾਰਤੀ ਵਿਦੇਸ਼ੀ ਮੰਤਰਾਲੇ ਨੂੰ ਪੱਤਰ ਲਿਖਣਗੇ ਕਿ ਇਹ ਮਾਮਲਾ ਮੰਤਰਾਲੇ ਵੱਲੋਂ ਪਾਕਿਸਤਾਨੀ ਹਮਰੁਤਬਾ ਕੋਲ ਉਠਾਇਆ ਜਾਵੇ।
ਕਮੇਟੀ ਵੱਲੋਂ ਦਿੱਤੇ ਇਕ ਹੋਰ ਸੁਝਾਅ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸੱਭਿਆਚਾਰਕ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਨੂੰ ਧਾਰਮਿਕ ਸੈਰ ਸਪਾਟੇ ਵਜੋਂ ਪੰਜ ਤਖ਼ਤ ਸਾਹਿਬਾਨ ਨੂੰ ਜੋੜਦੀ ਇਕ ਵਿਸ਼ੇਸ਼ ਰੇਲਗੱਡੀ ਚਲਾਉਣ ਦੀ ਸੰਭਾਵਨਾ ਤਲਾਸ਼ਣ ਦੀ ਹਦਾਇਤ ਕੀਤੀ। ਪਹਿਲੇ ਸਿੱਖ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਮਹਾਨਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸਦਭਾਵਨਾ ਵਜੋਂ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ
ਕੈਦੀਆਂ ਨੂੰ ਪਹਿਲਾਂ ਜਾਰੀ ਪ੍ਰਥਾ ਦੇ ਅਨੁਸਾਰ ਉਨ੍ਹਾਂ ਦੇ ਚੰਗੇ ਅਤੇ ਤਸੱਲੀਬਖਸ਼ ਆਚਰਣ ਦੇ ਮੱਦੇਨਜ਼ਰ ਰਿਹਾਅ ਕਰਨ ਦੀ ਤਜਵੀਜ਼ ਨਾਲ ਸਹਿਮਤੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ, 2019 ਨੂੰ ਮੁੱਖ ਸਮਾਗਮ ਕਰਵਾਉਣ ਲਈ ਰੂਪ-ਰੇਖਾ ਉਲੀਕਣ ਵਾਸਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਵਿਜੇਇੰਦਰ ਸਿੰਗਲਾ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ‘ਤੇ ਅਧਾਰਿਤ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ। ਇਹ ਕਮੇਟੀ ਮੁੱਖ ਸਮਾਗਮਾਂ ਦਾ ਸਮਾਂ, ਨਨਕਾਣਾ ਸਾਹਿਬ ਤੋਂ ਅਟਾਰੀ ਬਾਰਡਰ ਵਾਇਆ ਸੁਲਤਾਨਪੁਰ ਲੋਧੀ-ਬਟਾਲਾ ਅਤੇ ਡੇਰਾ ਬਾਬਾ ਨਾਨਕ,ਨਗਰ ਕੀਰਤਨ ਸਜਾਉਣ ਦੇ ਰੂਟ ਬਾਰੇ ਸੁਝਾਅ ਦੇਵੇਗੀ। ਮੁੱਖ ਮੰਤਰੀ ਨੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਹਰੇਕ ਮਹੀਨੇ ਜਾਇਜ਼ਾ ਲੈਣ ਦਾ ਵੀ ਐਲਾਨ ਕੀਤਾ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਬਿਆਸ ਦੇ ਆਸ-ਪਾਸ ਸ੍ਰੀ ਗੁਰੂ ਨਾਨਕ ਦੇਵ ਨਗਰ ਨਾਂ ‘ਤੇ ਇਕ ਨਵਾਂ ਸ਼ਹਿਰ ਵਿਕਸਤ ਦੀ ਸੰਭਾਵਨਾਵਾ ਦਾ ਪਤਾ ਲਾਉਣ ਸਬੰਧੀ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ। ਕੈਪਟਨ ਅਮਰਿੰਦਰ ਸਿੰਘ ਨੇ ਇਸ ਪਵਿੱਤਰ ਸਮਾਗਮ ਮੌਕੇ ਆਲਮੀ ਅੰਤਰ-ਧਰਮੀ ਸੰਮੇਲਨ ਕਰਵਾਉਣ ਦਾ ਸੁਝਾਅ ਵੀ ਦਿੱਤਾ ਜਿਸ ਲਈ ਵੱਖ-ਵੱਖ ਧਰਮਾਂ ਦੇ ਮੁਖੀਆਂ ਨੂੰ ਵੀ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇ। ਉਨ੍ਹਾਂ ਨੇ ਇਸ ਇਤਿਹਾਸਕ ਮੌਕੇ ‘ਤੇ ਦੇਸ਼ ਅਤੇ ਵਿਦੇਸ਼ ਦੇ ਉੱਘੇ ਸ਼ਾਸਤਰੀ ਸੰਗੀਤਕਾਰਾਂ ਵੱਲੋਂ ਗੁਰਬਾਣੀ ‘ਤੇ ਸੰਗੀਤਕ ਸਮਾਗਮ ਕਰਵਾਉਣ ਦਾ ਸੁਝਾਅ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਦਰਸ਼ਨ ਨੂੰ ਮੂਰਤੀਮਾਨ ਕਰਨ ਕਰਦੀ ਚਿੱਤਰਕਾਰੀ, ਦੁਰਲੱਭ ਹੱਥ ਲਿਖਤ ਖਰੜੇ ਅਤੇ ਪਵਿੱਤਰ ਨਿਸ਼ਾਨੀਆਂ ‘ਤੇ ਇੱਕ ਪ੍ਰਦਰਸ਼ਨੀ ਤੋਂ ਇਲਾਵਾ ਰਵਾਇਤੀ ਕੀਰਤਨ ਅਤੇ ਕਵੀ ਦਰਬਾਰ ਕਰਵਾਉਣ ਦੇ ਨਾਲ-ਨਾਲ ਦੇਸ਼ ਦੇ ਪ੍ਰਸਿੱਧ ਵਿਦਵਾਨਾਂ ਦੇ ਸੈਮੀਨਾਰ ਕਰਵਾਉਣ ਦਾ ਵੀ ਪ੍ਰਸਤਾਵ ਰੱਖਿਆ।
ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 80 ਕਰੋੜ ਰੁਪਏ ਦੀ ਲਾਗਤ ਨਾਲ ਲਗਪਗ 40 ਪਿੰਡਾਂ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਦਾ ਸੁਭਾਗ ਹਾਸਲ ਹੋਇਆ ਹੈ, ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਸੁੰਦਰੀਕਰਨ ਦੀ ਪੇਸ਼ਕਸ਼ ਕੀਤੀ। ਮੀਟਿੰਗ ਵਿਚ ਕਈ ਮੰਤਰੀ ਤੇ ਉਚ ਅਧਿਕਾਰੀ ਹਾਜ਼ਰ ਸਨ।