ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਦਾ 550ਵਾਂ ਪਰਕਾਸ਼ ਦਿਨ ਦੁਨੀਆ ਭਰ ‘ਚ ਮਨਾਏਗੀ ਭਾਰਤ ਸਰਕਾਰ

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਜੀ ਦਾ 550ਵਾਂ ਪਰਕਾਸ਼ ਦਿਨ ਦੁਨੀਆ ਭਰ ‘ਚ ਮਨਾਏਗੀ ਭਾਰਤ ਸਰਕਾਰ

ਭਾਰਤ ਦੇ ਵਿਦੇਸ਼ਾਂ ਵਿਚਲੇ ਸਾਰੇ ਦੂਤਘਰਾਂ ‘ਚ ਕੀਤੇ ਜਾਣਗੇ ਸਮਾਗਮ 
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਐਲਾਨ ਕੀਤਾ ਹੈ ਕਿ ਅਗਲੇ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ ‘ਚ ਭਾਰਤ ਦੇ ਸਾਰੇ ਦੂਤਘਰਾਂ ਅਤੇ ਮਿਸ਼ਨਾਂ ‘ਚ ਮਨਾਇਆ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਰਾਤਰੀ-ਭਾਵ ਅਤੇ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਲਈ ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ ‘ਚ ਮਨਾਉਣ ਦਾ ਫੈਸਲਾ ਲੈ ਲਿਆ ਗਿਆ ਹੈ। ਵਿਸ਼ਵ ਪੰਜਾਬੀ ਸੰਗਠਨ ਨਾਲ ਮਿਲ ਕੇ ਸਭਿਆਚਾਰਕ ਸਬੰਧਾਂ ਬਾਰੇ ਭਾਰਤੀ ਕੌਂਸਲ ਵਲੋਂ ਕਰਵਾਏ ‘ਗੁਰਬਾਣੀ ਕੀਰਤਨ’ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਸ ਸੁਰੱਖਿਆਵਾਦ ਦੇ ਯੁੱਗ ‘ਚ ਗੁਰੂ ਨਾਨਕ ਦੇ ਸਾਂਝੀਵਾਲਤਾ ਦੇ ਸੰਦੇਸ਼ ਤੋਂ ਕੁਝ ਵੀ ਬਿਹਤਰ ਨਹੀਂ। ਉਨ੍ਹਾਂ ਕਿਹਾ ਕਿ ਇਸ ਗੜਬੜ ਵਾਲੇ ਵਿਸ਼ਵ, ਜਿਥੇ ਹਿੰਸਾ ਤੇ ਮਾਰ ਧਾੜ ਚੱਲ ਰਹੀ ਹੈ ਅਤੇ ਜਿਥੇ ਧਰਮ ਦੇ ਨਾਂਅ ‘ਤੇ ਲੋਕਾਂ ਦਾ ਸਮੂਹਿਕ ਕਤਲੇਆਮ ਕੀਤਾ ਜਾ ਰਿਹਾ ਹੈ, ਵਿਚ ਅਸੀਂ ਪ੍ਰਕਾਸ਼ ਪੁਰਬ ਜਸ਼ਨਾਂ ਰਾਹੀਂ ਗੁਰੂ ਨਾਨਕ ਤੇ ਦੂਸਰੇ ਸਿੱਖ ਗੁਰੂਆਂ ਦਾ ਸੁਨੇਹਾ ਸੰਸਾਰ ‘ਚ  ਫੈਲਾਉਣਾ ਚਾਹੁੰਦੇ ਹਾਂ। ਸਵਰਾਜ ਨੇ ਕਿਹਾ ਕਿ ਇਹ ਸੰਦੇਸ਼ ਸੈਮੀਨਾਰਾਂ, ਗੁਰਬਾਣੀ ਕੀਰਤਨ ਅਤੇ ਇਸ ਤਰ੍ਹਾਂ ਦੇ ਦੂਸਰੇ ਪ੍ਰੋਗਰਾਮਾਂ ਰਾਹੀਂ ਫੈਲਾਇਆ ਜਾਵੇਗਾ।
ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਕੁਝ ਦਿਨਾਂ ਬਾਅਦ ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਜਸ਼ਨ ਸ਼ੁਰੂ ਕਰਾਂਗੇ। ਅਸੀਂ ਪੂਰੇ ਵਿਸ਼ਵ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ, ਹਰੇਕ ਦੂਤਘਰ, ਹਰੇਕ ਮਿਸ਼ਨ ਪ੍ਰਕਾਸ਼ ਪੁਰਬ ਮਨਾਵੇਗਾ। ਉਨ੍ਹਾਂ ਕਿਹਾ ਕਿ ਆਈਸੀਸੀਆਰ. ਵੀ ਪ੍ਰਕਾਸ਼ ਪੁਰਬ ਮਨਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ‘ਵਿਸ਼ਵਵਿਆਪੀ ਭਰਾਤਰੀਭਾਵ ਸਾਲ’ ਵਜੋਂ ਮਨਾਇਆ ਜਾਵੇਗਾ।