ਅਮਰੀਕੀ ਫੌਜ ਦੇ ਤਬਾਹ ਹੋਏ ਜਹਾਜ਼ ਦੇ ਸਾਰੇ 5 ਮ੍ਰਿਤਕਾਂ ਦੀ ਪਛਾਣ ਹੋਈ

ਅਮਰੀਕੀ ਫੌਜ ਦੇ ਤਬਾਹ ਹੋਏ ਜਹਾਜ਼ ਦੇ ਸਾਰੇ 5 ਮ੍ਰਿਤਕਾਂ ਦੀ ਪਛਾਣ ਹੋਈ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 12 ਜੂਨ (ਹੁਸਨ ਲੜੋਆ ਬੰਗਾ)-ਯੂ.ਐਸ ਮੈਰਾਈਨ ਕਾਰਪਸ ਨੇ ਕਿਹਾ ਹੈ ਕਿ ਬੀਤੇ ਦਿਨ ਸਿਖਲਾਈ ਦੌਰਾਨ ਫੌਜ ਦੇ ਤਬਾਹ ਹੋਏ ਜਹਾਜ਼ ਵਿਚ ਸਵਾਰ ਮਾਰੇ ਗਏ ਸਾਰੇ 5 ਜਵਾਨਾਂ ਦੀ ਪਛਾਣ ਹੋ ਗਈ ਹੈ। ਇਨਾਂ ਵਿਚ ਸਾਬਕਾ ਮੇਜਰ ਇਨਫੀਲਡਰ ਸਟੀਵ ਸੈਕਸ ਦਾ ਪੁੱਤਰ ਵੀ ਸ਼ਾਮਿਲ ਹੈ। ਕੈਪਟਨ ਜੌਹਨ ਜੇ ਸੈਕਸ (33) ਐਮ ਵੀ-22 ਓਸਪਰੇਅ ਜਹਾਜ਼ ਦਾ ਕੈਪਟਨ ਸੀ ਜੋ ਜਹਾਜ਼ ਗਲਾਮਿਸ (ਕੈਲੀਫੋਰਨੀਆ) ਨੇੜੇ ਤਬਾਹ ਹੋ ਗਿਆ ਸੀ।

ਸਟੀਵ ਸੈਕਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ''ਇਹ ਬਹੁਤ ਦੁੱਖਦਾਈ ਹੈ ਕਿ ਮੇਰਾ ਹੀਰਾ ਪੁੱਤਰ ਜੌਹਨੀ ਉਨਾਂ 5 ਜਵਾਨਾਂ ਵਿਚ ਸ਼ਾਮਿਲ ਸੀ ਜੋ ਫੌਜ ਦੇ ਓਸਪਰੇਅ ਜਹਾਜ਼ ਨੂੰ ਸੈਨ ਡਇਏਗੋ ਨੇੜੇ ਪੇਸ਼ ਆਏ ਹਾਦਸੇ ਵਿਚ ਮਾਰੇ ਗਏ ਸਨ। ਉਹ ਮੇਰਾ ਹੀਰੋ ਸੀ। ਉਸ ਦਾ ਆਪਣੇ ਪਰਿਵਾਰ ਤੇ ਫੌਜ ਨਾਲ ਪਿਆਰ ਤੇ ਜਹਾਜ਼ ਨੂੰ ਉਡਾਉਣ ਤੇ ਆਪਣੇ ਦੇਸ਼ ਦੀ ਰਖਿਆ ਕਰਨ ਪ੍ਰਤੀ ਸੰਕਲਪ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।'' ਮਾਰੇ ਗਏ ਬਾਕੀ ਅਮਲੇ ਦੇ ਮੈਂਬਰਾਂ ਵਿਚ ਵਿਨੇਬਾਗੋ,ਇਲੀਨੋਇਸ ਵਾਸੀ ਪਾਇਲਟ ਨਾਥਨ ਈ ਕਾਰਲਸਨ (21), ਕੈਪਟਨ ਨਿਕੋਲਸ ਪੀ ਲੋਸਾਪੀਓ (31) ਜੋ ਰੌਕਿੰਘਮ, ਨਿਊ ਹੈਮਸ਼ਾਇਰ ਦਾ ਰਹਿਣਾ ਵਾਲਾ ਸੀ,  ਪਾਇਲਟ ਸੇਠ ਡੀ ਰਸਮੂਸਨ (21) ਵਾਸੀ ਜੌਹਨਸਨ, ਵਾਇਓਮਿੰਗ ਤੇ ਪਾਇਲਟ ਈਵਾਨ ਏ ਸਟਰਿਕਲੈਂਡ (19) ਵਾਸੀ ਵਾਲੇਨਸੀਆ, ਨਿਊ ਮੈਕਸੀਕੋ ਸ਼ਾਮਿਲ ਹਨ।