4 ਦਹਾਕਿਆਂ ਦਾ ਵਧ ਸਮਾਂ ਜੇਲ੍ਹ ਵਿਚ ਗੁਜਾਰਨ ਬਾਅਦ ਦੋਸ਼ੀ ਦੋਸ਼ ਮੁਕਤ ਕਰਾਰ

4 ਦਹਾਕਿਆਂ ਦਾ ਵਧ ਸਮਾਂ ਜੇਲ੍ਹ ਵਿਚ ਗੁਜਾਰਨ ਬਾਅਦ ਦੋਸ਼ੀ ਦੋਸ਼ ਮੁਕਤ ਕਰਾਰ
ਕੈਪਸ਼ਨ ਰਿਹਾਈ ਉਪਰੰਤ ਨਜਰ ਆ ਰਿਹਾ ਕੈਵਿਨ ਸਟਰਿਕਲੈਂਡ

* ਲੋਕਾਂ ਨੇ ਮੱਦਦ ਲਈ 10 ਲੱਖ ਡਾਲਰ ਤੋਂ ਵਧ ਇਕੱਠੀ ਕੀਤੀ ਰਾਸ਼ੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਸੌਰੀ ਰਾਜ ਦੇ ਵਸਨੀਕ 62 ਸਾਲਾ ਕੈਵਿਨ ਸਟਰਿਕਲੈਂਡ ਜੋ 3 ਹੱਤਿਆਵਾਂ ਕਰਨ ਦੇ ਦੋਸ਼ ਵਿਚ ਪਿਛਲੇ 43 ਸਾਲ ਤੋਂ ਜੇਲ੍ਹ ਵਿਚ ਬੰਦ ਸੀ,ਨੂੰ ਬੀਤੇ ਦਿਨ ਦੋਸ਼ ਮੁਕਤ ਕਰਾਰ ਦੇ ਕੇ ਰਿਹਾਆ ਕਰ ਦਿੱਤਾ ਗਿਆ। ਸਟਰਿਕਲੈਂਡ ਨੂੰ ਤਿੰਨ ਹੱਤਿਆਵਾਂ ਦੇ ਮਾਮਲੇ ਵਿਚ 1979 ਵਿਚ ਦੋਸ਼ੀ ਕਰਾਰ ਦੇ ਕੇ ਬਿਨਾਂ ਜ਼ਮਾਨਤ ਦੀ ਸੰਭਾਵਨਾ ਦੇ ਉਮਰ ਕੈਦ (50 ਸਾਲ) ਦੀ ਸਜ਼ਾ ਸੁਣਾਈ ਗਈ ਸੀ । ਉਹ ਪੱਛਮੀ ਮਿਸੌਰੀ ਵਿਚ ਕੈਮਰਨ ਦੀ ਜੇਲ੍ਹ ਵਿਚ ਬੰਦ ਸੀ। ਉਹ ਨਿਰੰਤਰ ਆਪਣੇ ਆਪ ਨੂੰ ਨਿਰਦੋਸ਼ ਹੋਣ ਦੀ ਦੁਹਾਈ ਪਾਉਂਦਾ ਰਿਹਾ। ਸੀਨੀਅਰ ਜੱਜ ਜੇਮ ਵੈਲਸ਼ ਨੇ ਸਟਰਿਕਲੈਂਡ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਉਸ ਨੇ ਤਕਰੀਬਨ 43 ਸਾਲ ਜੇਲ੍ਹ ਵਿਚ ਬਿਤਾਏ। ਮਿਸੌਰੀ ਦੇ  ਇਤਿਹਾਸ ਵਿਚ ਉਹ ਪਹਿਲਾ ਵਿਅਕਤੀ ਹੈ ਜਿਸ ਨੇ 43 ਸਾਲ ਉਸ ਜੁਰਮ ਤਹਿਤ ਜੇਲ੍ਹ ਵਿਚ ਬਿਤਾਏ ਜੋ ਉਸ ਨੇ ਕੀਤਾ ਹੀ ਨਹੀਂ ਸੀ। ''ਮਿਡਵੈਸਟ ਇਨੋਸੈਂਸ ਪ੍ਰਾਜਕੈਟ'' ਨੇ ਸਟਰਿਕਲੈਂਡ ਲਈ ਆਨ ਲਾਈਨ ਫੰਡ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਉਹ ਆਪਣੀ ਜਿੰਦਗੀ ਦੁਬਾਰਾ ਸ਼ੁਰੂ ਕਰ ਸਕੇ। ਹੁਣ ਤੱਕ 10 ਲੱਖ ਡਾਲਰ ਤੋਂ ਵਧ ਦੀ ਰਾਸ਼ੀ ਇਕੱਠੀ ਹੋ ਚੁੱਕੀ ਹੈ।